ਨਾ ਅਯੋਗ, ਨਾ ਜ਼ਖ਼ਮੀ ਫਿਰ 4 ਸੋਨ ਤਮਗੇ ਜਿੱਤ ਚੁੱਕੀ ਖਿਡਾਰਨ ਨੇ ਕਿਉਂ ਛੱਡੀ ਓਲੰਪਿਕਸ ਵਿਚਕਾਰ

ਟੋਕੀਓ ਓਲੰਪਿਕਸ ਵਿੱਚ ਰਿਕਾਰਡ ਬਣ ਰਹੇ ਹਨ ਅਤੇ ਰਿਕਾਰਡ ਟੁੱਟ ਵੀ ਰਹੇ ਹਨ। ਬਹੁਤ ਸਾਰੇ ਖਿਡਾਰੀਆਂ ਤੋਂ ਵੱਡੀਆਂ ਉਮੀਦਾਂ ਹਨ।

ਜੇਕਰ ਕੋਈ ਵਿਸ਼ਵ ਚੈਂਪੀਅਨ ਖਿਡਾਰੀ ਅਤੇ ਆਪਣੀ ਖੇਡ ਵਿੱਚ ਤਮਗੇ ਦਾ ਸਭ ਤੋਂ ਵੱਡਾ ਦਾਅਵੇਦਾਰ ਪ੍ਰਤੀਯੋਗਤਾ ਤੋਂ ਪਹਿਲਾਂ ਆਪਣਾ ਨਾਮ ਵਾਪਸ ਲੈ ਲਏ ਤਾਂ ਦੁਨੀਆ ਲਈ ਇਹ ਫ਼ੈਸਲਾ ਹੈਰਾਨੀਜਨਕ ਹੀ ਹੋਵੇਗਾ।

ਅਮਰੀਕਾ ਦੀ ਸਟਾਰ ਜਿਮਨਾਸਟ ਸਿਮੋਨ ਬਾਈਲਜ਼ ਨੇ ਅਜਿਹਾ ਹੀ ਕਰਦਿਆਂ ਟੋਕੀਓ ਓਲੰਪਿਕਸ ਦੌਰਾਨ ਆਪਣਾ ਨਾਮ ਵਾਪਸ ਲੈ ਲਿਆ। ਟੋਕੀਓ ਵਿੱਚ ਸਿਮੋਨ ਨੇ ਪੰਜ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ।

2016 ਰੀਓ ਓਲੰਪਿਕਸ ਵਿੱਚ ਸਿਮੋਨ ਨੇ ਚਾਰ ਸੋਨ ਤਮਗੇ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਸੀ।

ਸਿਮੋਨ ਨੇ ਕੁੱਲ 30 ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਤਮਗੇ ਜਿੱਤੇ ਹਨ। ਜਿਮਨਾਸਟਿਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਮਗੇ ਹਾਸਿਲ ਕਰਨ ਵਾਲੀ ਖਿਡਾਰਨ ਬਣਨ ਲਈ ਉਨ੍ਹਾਂ ਨੂੰ ਟੋਕੀਓ ਵਿੱਚ ਚਾਰ ਤਮਗੇ ਜਿੱਤਣ ਦੀ ਜ਼ਰੂਰਤ ਸੀ।

ਇਹ ਵੀ ਪੜ੍ਹੋ:

ਸਿਮੋਨ ਨੇ ਇਹ ਫ਼ੈਸਲਾ ਕਿਉਂ ਲਿਆ?

ਸਿਮੋਨ ਦੇ ਇਸ ਫ਼ੈਸਲੇ ਨੇ ਅਮਰੀਕਾ ਅਤੇ ਪੂਰੇ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ। ਸਿਮੋਨ ਅਨੁਸਾਰ ਉਨ੍ਹਾਂ ਨੇ ਇਹ ਫੈਸਲਾ ਆਪਣੀ ਮਾਨਸਿਕ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਲਿਆ ਹੈ ਅਤੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਆਖਿਰਕਾਰ, ‘ਅਸੀਂ ਵੀ ਇਨਸਾਨ ਹਾਂ’।

ਪਹਿਲੇ ਵਾਲਟ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਿਮੋਨ ਨੇ ਆਪਣੇ ਤਣਾਅ ਦੀ ਗੱਲ ਵੀ ਆਖੀ।

ਨਾ ਸਿਰਫ਼ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਲਈ ਸਗੋਂ ਸਰੀਰਕ ਸ਼ੋਸ਼ਣ ਅਤੇ ਨਸਲਵਾਦ ਖ਼ਿਲਾਫ਼ ਵੀ ਸਿਮੋਨ ਨੇ ਪਹਿਲਾਂ ਆਵਾਜ਼ ਚੁੱਕੀ ਸੀ।

ਸਿਮੋਨ ਦੇ ਇਸ ਫ਼ੈਸਲੇ ਤੋਂ ਬਾਅਦ ਖੇਡ ਜਗਤ ਦੇ ਵੱਡੇ ਸਿਤਾਰਿਆਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

'ਓਲੰਪਿਕਸ ਦੇ ਖਿਡਾਰੀ ਵੀ ਇਨਸਾਨ ਹਨ'

ਅਮਰੀਕਾ ਦੀ ਓਲੰਪਿਕ ਕਮੇਟੀ ਦੀ ਚੀਫ ਐਗਜ਼ੈਕੇਟਿਵ ਸਾਰਾ ਹਿੰਸਲੈਂਡ ਨੇ ਸਿਮੋਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਅਤੇ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ।

ਬਰਤਾਨਵੀ ਜਿਮਨਾਸਟ ਬੈਥ ਟਰੈੱਡਲ ਜਿਨ੍ਹਾਂ ਨੇ 2012 ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਨੁਸਾਰ,"2013 ਤੋਂ ਬਾਅਦ ਸਿਮੋਨ ਨੇ ਲਗਭਗ ਸਾਰੇ ਮੁਕਾਬਲੇ ਜਿੱਤੇ ਹਨ ਅਤੇ ਲੋਕਾਂ ਦੀਆਂ ਉਨ੍ਹਾਂ ਤੋਂ ਉਮੀਦਾਂ ਬਹੁਤ ਵੱਧ ਗਈਆਂ ਹਨ। ਉਹ ਹਮੇਸ਼ਾਂ 'ਪਰਫੈਕਟ' ਹੋਣ ਇਹ ਮੁਮਕਿਨ ਨਹੀਂ।"

"ਸਾਨੂੰ ਸਭ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਖਿਡਾਰੀ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਹੋਵੇ।"

ਓਲੰਪਿਕ ਚੈਂਪੀਅਨ ਅਤੇ ਅਮਰੀਕਾ ਦੇ ਰਿਟਾਇਰਡ ਜਿਮਨਾਸਟ ਐਲੀ ਰੀਜ਼ਮੈਨ ਅਨੁਸਾਰ,"ਇਹ ਕਾਫ਼ੀ ਭਿਆਨਕ ਹੈ। ਮੈਨੂੰ ਪਤਾ ਹੈ ਕਿ ਖਿਡਾਰੀ ਆਪਣੀ ਸਾਰੀ ਉਮਰ ਇਨ੍ਹਾਂ ਪਲਾਂ ਦਾ ਇੰਤਜ਼ਾਰ ਕਰਦੇ ਹਨ ਅਤੇ ਮੈਂ ਆਸ ਕਰਦਾ ਹਾਂ ਕਿ ਸਿਮੋਨ ਠੀਕ ਹੋਵੇ"

"ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਓਲੰਪਿਕਸ ਦੇ ਖਿਡਾਰੀ ਵੀ ਇਨਸਾਨ ਹਨ ਅਤੇ ਉਹ ਆਪਣੇ ਵੱਲੋਂ ਆਪਣਾ ਵਧੀਆ ਪ੍ਰਦਰਸ਼ਨ ਕਰ ਰਹੇ ਹਨ।"

2016 ਓਲੰਪਿਕਸ ਵਿੱਚ ਹਾਕੀ ਦੀ ਜੇਤੂ ਟੀਮ ਦੇ ਸੈਮ ਕੁਆਰਕ ਨੇ ਬੀਬੀਸੀ ਟੀਵੀ ਨੂੰ ਕਿਹਾ," ਸੀਮੋਨ ਬਾਰੇ ਸੁਰਖੀਆਂ ਦੇਖ ਕੇ ਉਨ੍ਹਾਂ ਨੂੰ ਨਿਰਾਸ਼ਾ ਹੋ ਰਹੀ ਸੀ। ਇਹ ਆਖਿਆ ਜਾ ਰਿਹਾ ਸੀ ਕਿ ਉਹ ਮਾਨਸਿਕ ਤੌਰ ’ਤੇ ਕਮਜ਼ੋਰ ਹਨ ਅਤੇ ਇਸ ਲਈ ਖੇਡ ਨੂੰ ਵਿਚਾਲੇ ਛੱਡ ਦਿੱਤਾ।"

"ਸੋਸ਼ਲ ਮੀਡੀਆ ਉੱਪਰ ਵੀ ਲੋਕ ਇਸ ਨੂੰ ਬਹਾਨਾ ਦੱਸ ਰਹੇ ਸਨ। ਇਹ ਗਲਤ ਹੈ। ਮੈਨੂੰ ਲੱਗਦਾ ਹੈ ਕਿ ਸਿਮੋਨ ਨੇ ਖਿਡਾਰੀਆਂ ਅਤੇ ਦੁਨੀਆਂ ਭਰ ਵਿੱਚ ਲੋਕਾਂ ਵਾਸਤੇ ਨੀਂਹ ਰੱਖ ਦਿੱਤੀ ਹੈ। ਜੇ ਤੁਸੀਂ ਕਿਸੇ ਮੌਕੇ ਅੰਦਰੋਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਤੁਸੀਂ ਦੱਸ ਸਕਦੇ ਹੋ। ਸਿਮੋਨ ਬਹਾਦੁਰ ਹੈ।"

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਸਿਮੋਨ ਦੀ ਟੀਮ ਵਿੱਚ ਸ਼ਾਮਲ ਸੁਨੀਸਾ ਲੀ ਨੇ ਇਸ ਫੈਸਲੇ ਤੋਂ ਬਾਅਦ ਕਿਹਾ," ਅਸੀਂ ਕਾਫ਼ੀ ਪਰੇਸ਼ਾਨ ਹੋ ਗਏ ਸੀ ਅਤੇ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੀਏ। ਸਿਮੋਨ ਬਾਈਲਜ਼ ਹੈ ਅਤੇ ਉਹੀ ਸਾਡੀ ਟੀਮ ਨੂੰ ਚਲਾਉਂਦੀ ਹੈ। ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ਅਤੇ ਸਾਨੂੰ ਇਸ ਉੱਪਰ ਮਾਣ ਹੈ।"

ਸਿਮੋਨ ਦੇ ਪਿੱਛੇ ਹਟਣ ਦੇ ਬਾਅਦ ਅਮਰੀਕਾ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ।

ਇਹ ਵੀ ਪੜ੍ਹੋ:

ਬਾਕਸਰ ਮੈਨੀ ਪੈਕੀਓ ਨੇ ਕਿਹਾ ਕਿ ਸਿਮੋਨ ਹਮੇਸ਼ਾਂ ਚੈਂਪੀਅਨ ਹੈ ਅਤੇ ਸਕੇਟਰ ਐਡਮ ਰਿਪਨ ਨੇ ਆਖਿਆ,"ਮੈਂ ਸੋਚ ਵੀ ਨਹੀਂ ਸਕਦਾ ਉਹ ਕਿੰਨੇ ਦਬਾਅ ਹੇਠਾਂ ਹੋਵੇਗੀ। ਸਿਮੋਨ ਲਈ ਪਿਆਰ ਅਤੇ ਦੁਆਵਾਂ। ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ ਕਿ ਉਹ ਵੀ ਇਨਸਾਨ ਹੈ।"

ਬਰਤਾਨੀਆ ਲਈ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਚੁੱਕੇ ਕ੍ਰਿਸ ਮੇਅਰਜ਼ ਨੇ ਬੀਬੀਸੀ ਟੀਵੀ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰੀਓ ਓਲੰਪਿਕਸ ਵਿੱਚ ਸੋਨ ਤਮਗਾ ਹਾਸਲ ਕਰਨ ਤੋਂ ਬਾਅਦ ਲੱਗ ਰਿਹਾ ਸੀ ਕਿ ਜਿਵੇਂ ਸਭ ਸੁਪਨੇ ਪੂਰੇ ਹੋ ਗਏ ਪਰ ਫਿਰ ਲੱਗਿਆ ਜਿਵੇਂ ਸਭ ਖ਼ਤਮ ਹੋ ਗਿਆ ਅਤੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ।

"ਕੋਈ ਤੁਹਾਨੂੰ ਨਹੀਂ ਦੱਸਦਾ ਕਿ ਓਲੰਪਿਕ ਚੈਂਪੀਅਨ ਬਣਨ ਤੋਂ ਬਾਅਦ ਦਬਾਅ ਨਾਲ ਕਿਵੇਂ ਨਜਿੱਠਣਾ ਹੈ। ਮੈਨੂੰ ਡਿਪਰੈਸ਼ਨ ਹੋ ਗਿਆ ਸੀ ਅਤੇ ਮਨੋਚਿਕਿਤਸਕ ਨੇ ਮੇਰੀ ਸਹਾਇਤਾ ਕੀਤੀ।"

"ਮੈਂ ਸਿਮੋਨ ਦੇ ਹਾਲਾਤਾਂ ਨੂੰ ਸਮਝ ਸਕਦਾ ਹਾਂ।"

ਖਿਡਾਰੀਆਂ ਉੱਪਰ ਉਮੀਦਾਂ ਦਾ ਬੋਝ

ਸਿਮੋਨ ਬਾਈਲਜ਼ ਦੇ ਫੈਸਲੇ ਨੇ ਦੁਨੀਆਂ ਭਰ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਚਰਚਾ ਛੇੜ ਦਿੱਤੀ ਹੈ। ਖਿਡਾਰੀਆਂ ਉਪਰ ਚੰਗੇ ਪ੍ਰਦਰਸ਼ਨ ਦੀ ਉਮੀਦ ਦਾ ਬੋਝ ਕਈ ਵਾਰ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਸੰਘਰਸ਼ ਦਾ ਕਾਰਨ ਬਣ ਜਾਂਦਾ ਹੈ।

ਕ੍ਰਿਕਟ ਵਿੱਚ ਭਾਰਤ ਦੇ ਵੱਡੇ ਖਿਡਾਰੀਆਂ ਵਿੱਚ ਸ਼ਾਮਿਲ ਵਿਰਾਟ ਕੋਹਲੀ ਨੇ ਵੀ ਆਪਣੇ ਸੰਘਰਸ਼ ਬਾਰੇ ਸਾਬਕਾ ਕ੍ਰਿਕਟਰ ਮਾਰਕ ਨਿਕੋਲਸ ਨਾਲ ਪੌਡਕਾਸਟ ਵਿੱਚ ਗੱਲ ਕੀਤੀ ਸੀ। ਇਸ ਗੱਲਬਾਤ ਦੌਰਾਨ ਕੋਹਲੀ ਨੇ 2014 ਦੇ ਇੰਗਲੈਂਡ ਦੌਰੇ ਦੌਰਾਨ ਹੋਏ ਮਾਨਸਿਕ ਤਣਾਅ ਬਾਰੇ ਆਖਿਆ ਸੀ।

ਇਸੇ ਸਾਲ ਵਿਰਾਟ ਕੋਹਲੀ ਨੇ ਆਖਿਆ ਸੀ," ਜਦੋਂ ਉਮੀਦਾਂ ਦੇ ਬਾਰੇ ਅਸੀਂ ਬਹੁਤ ਜ਼ਿਆਦਾ ਸੋਚਣ ਲੱਗਦੇ ਹਾਂ ਤਾਂ ਉਹ ਬੋਝ ਬਣ ਜਾਂਦੀਆਂ ਹਨ।"

ਟੈਨਿਸ ਖਿਡਾਰਨ ਨਾਓਮੀ ਓਸਾਕਾ ਨੇ ਵੀ ਇਸ ਸਾਲ ਫਰੈਂਚ ਓਪਨ ਟੈਨਿਸ ਮੁਕਾਬਲੇ ਵਿੱਚੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਦਾ ਕਾਰਨ ਵੀ ਉਨ੍ਹਾਂ ਨੇ ਆਪਣੀ ਮਾਨਸਿਕ ਸਿਹਤ ਦੱਸਿਆ ਸੀ। ਨਾਓਮੀ ਨੇ ਟਵੀਟ ਕਰਦਿਆਂ ਆਖਿਆ ਸੀ ਕਿ 2018 ਵਿੱਚ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਣ ਤੋਂ ਬਾਅਦ ਉਹ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ।

2008 ਬੀਜਿੰਗ ਓਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਵਾਲੇ ਅਭਿਨਵ ਬਿੰਦਰਾ ਵੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੇ ਹਨ।

ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਛਪੀ ਖ਼ਬਰ ਵਿੱਚ ਬਿੰਦਰਾ ਨੇ ਆਖਿਆ ਸੀ ਕਿ ਓਲੰਪਿਕ ਵਿੱਚ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਖਾਲੀਪਣ ਮਹਿਸੂਸ ਹੁਣ ਲੱਗਿਆ ਸੀ।

"ਬਹੁਤ ਸਾਰੇ ਲੋਕ ਆਪਣੀ ਅਸਫਲਤਾ ਬਾਰੇ ਗੱਲ ਕਰਦੇ ਹਨ ਪਰ ਮੇਰੀ ਜ਼ਿੰਦਗੀ ਵਿੱਚ ਸਫ਼ਲਤਾ ਤੋਂ ਬਾਅਦ ਸਭ ਤੋਂ ਮੁਸ਼ਕਿਲ ਸਮਾਂ ਆਇਆ। 16 ਸਾਲ ਦੇ ਆਪਣੇ ਕਰੀਅਰ ਵਿੱਚ ਮੈਂ ਬਹੁਤ ਕੁਝ ਦੇਖਿਆ ਅਤੇ ਇੱਕ ਦਿਨ ਓਲੰਪਿਕਸ ਦਾ ਸਪਨਾ ਪੂਰਾ ਹੋ ਗਿਆ ਉਸ ਤੋਂ ਬਾਅਦ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਜ਼ਿੰਦਗੀ ਵਿੱਚ ਕੀ ਕਰਾਂ।"

ਉਨ੍ਹਾਂ ਨੇ ਜਿੱਤਣ ਤੋਂ ਬਾਅਦ ਸ਼ੂਟਿੰਗ ਛੱਡਣ ਬਾਰੇ ਵੀ ਸੋਚਿਆ ਸੀ।

ਬੀਬੀਸੀ ਪੱਤਰਕਾਰ ਜਾਨ੍ਹਵੀ ਮੂਲੇ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਇੱਕ ਸਾਬਕਾ ਕ੍ਰਿਕਟ ਖਿਡਾਰੀ ਨੇ ਟਿੱਪਣੀ ਕਰਦਿਆਂ ਆਖਿਆ ਸੀ ,"ਸਾਧਾਰਨ ਇਨਸਾਨ ਆਪਣੀ ਜ਼ਿੰਦਗੀ ਵਿੱਚ ਜਿੰਨੇ ਤਜਰਬੇ ਹਾਸਿਲ ਕਰਦਾ ਹੈ ਕਈ ਵਾਰ ਖਿਡਾਰੀ ਉਸ ਤੋਂ ਜ਼ਿਆਦਾ ਇੱਕ ਦਿਨ ਵਿੱਚ ਹੀ ਮਹਿਸੂਸ ਕਰ ਲੈਂਦੇ ਹਨ।"

ਸੀਮੋਨ ਬਾਇਲਸ ਦੇ ਫ਼ੈਸਲੇ 'ਤੇ ਲੋਕ ਧਿਆਨ ਦੇ ਰਹੇ ਹਨ ਅਤੇ ਇਸ ਬਾਰੇ ਚਰਚਾ ਵੀ ਕਰ ਰਹੇ ਹਨ। ਇਹ ਬਹਾਦਰੀ ਭਰਿਆ ਫੈਸਲਾ ਹੈ ਕਿਉਂਕਿ ਓਲੰਪਿਕ ਦੇ ਮੈਡਲ ਤੋਂ ਜ਼ਿਆਦਾ ਉਨ੍ਹਾਂ ਨੇ ਆਪਣੀ ਮਾਨਸਿਕ ਸਿਹਤ ਨੂੰ ਤਰਜੀਹ ਦਿੱਤੀ ਹੈ।

ਸਿਮੋਨ ਨੂੰ ਪਤਾ ਹੈ ਕਿ ਉਨ੍ਹਾਂ ਲਈ ਕਿਹੜਾ ਫ਼ੈਸਲਾ ਠੀਕ ਹੈ। ਜੇਕਰ ਸਰੀਰਕ ਰੂਪ ਵਿੱਚ ਠੀਕ ਨਾ ਹੋਣ ਉੱਪਰ ਖਿਡਾਰੀ ਮੈਦਾਨ ਤੋਂ ਬਾਹਰ ਬੈਠਣ ਦਾ ਫ਼ੈਸਲਾ ਕਰ ਸਕਦਾ ਹੈ ਤਾਂ ਬਾਈਲਜ਼ ਨੇ ਮਾਨਸਿਕ ਸਿਹਤ ਨੂੰ ਤਰਜੀਹ ਦੇ ਕੇ ਇਸ ਫ਼ੈਸਲੇ ਨੂੰ ਬਾਕੀ ਖਿਡਾਰੀਆਂ ਲਈ ਸੌਖਾ ਕਰ ਦਿੱਤਾ ਹੈ।

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਵੀ ਇਸ ਫੈਸਲੇ ਨੂੰ ਇਸ ਨਜ਼ਰੀਏ ਨਾਲ ਹੀ ਵੇਖਣਾ ਚਾਹੀਦਾ ਹੈ। ਕਦੇ- ਕਦੇ ਠੀਕ ਨਾ ਹੋਣਾ ਵੀ ਕਈ ਵਾਰ ਠੀਕ ਹੁੰਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)