You’re viewing a text-only version of this website that uses less data. View the main version of the website including all images and videos.
ਟੋਕੀਓ ਓਲੰਪਿਕ ਫਾਈਨਲ 'ਚ ਪਹੁੰਚੀ ਮੁਕਤਸਰ ਦੀ ਕਮਲਪ੍ਰੀਤ ਦੀ ਜਦੋਂ ਸਾਰੀ ਤਨਖ਼ਾਹ ਸਪੋਰਟਸ ਸ਼ੂਅਜ਼ ’ਚ ਹੀ ਖਰਚ ਹੋ ਜਾਂਦੀ ਸੀ
ਸ਼ਨੀਵਾਰ ਸਵੇਰੇ ਭਾਰਤ ਦੀ ਟੋਕੀਓ ਓਲੰਪਿਕਸ ਵਿੱਚ ਮੈਡਲ ਲਈ ਇੱਕ ਹੋਰ ਆਸ ਬੱਝ ਗਈ ਜਦੋਂ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਵਿੱਚ ਫਾਈਨਲ ਲਈ ਆਪਣੀ ਥਾਂ ਪੱਕੀ ਕਰ ਲਈ।
ਪਹਿਲੀ ਵਾਰ ਓਲੰਪਿਕਸ ਵਿੱਚ ਹਿੱਸਾ ਲੈ ਰਹੀ ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਰਾਊਂਡ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।
25 ਸਾਲਾ ਕਮਲਪ੍ਰੀਤ ਦਾ ਸਬੰਧ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਕਬਰਵਾਲਾ ਪਿੰਡ ਨਾਲ ਹੈ ਅਤੇ ਕੁਆਲੀਫਾਇੰਗ ਰਾਊਂਡ ਵਿੱਚ ਕਮਲਪ੍ਰੀਤ ਦੇ ਅੰਕ ਮੌਜੂਦਾ ਵਿਸ਼ਵ ਚੈਂਪੀਅਨ ਯੇਮੀ ਪਰਜ਼ ਅਤੇ ਪਿਛਲੇ ਓਲੰਪਿਕਸ ਵਿੱਚ ਗੋਲਡ ਮੈਡਲ ਜੇਤੂ ਸਾਂਡਰਾ ਪਰਵੋਕ ਤੋ ਵੀ ਜ਼ਿਆਦਾ ਸਨ।ਔਰਤਾਂ ਦੇ ਡਿਸਕਸ ਥ੍ਰੋਅ ਦਾ ਫਾਈਨਲ ਮੁਕਾਬਲਾ ਸੋਮਵਾਰ 2 ਅਗਸਤ ਨੂੰ ਹੋਵੇਗਾ।
ਇਹ ਵੀ ਪੜ੍ਹੋ:
ਭਾਰਤ ਦੇ ਹੀ ਸੀਮਾ ਪੂਨੀਆ ਇਸ ਵਿੱਚ ਕੁਆਲੀਫਾਈ ਨਹੀਂ ਕਰ ਸਕੇ।
ਇਤਿਹਾਸ ਬਣਾਉਣ ਦੀ ਕਗਾਰ 'ਤੇ ਕਮਲਪ੍ਰੀਤ
ਭਾਰਤ ਦੇ ਸਾਬਕਾ ਕੇਂਦਰੀ ਖੇਡ ਮੰਤਰੀ ਕਿਰਨ ਰਿਜਜੂ ਨੇ ਕਮਲਪ੍ਰੀਤ ਕੌਰ ਦੇ ਫਾਈਨਲ ਵਿੱਚ ਕੁਆਲੀਫਾਈ ਕਰਨ ਬਾਰੇ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਨੇ ਅਥਲੈਟਿਕਸ ਵਿੱਚ ਕਦੇ ਮੈਡਲ ਨਹੀਂ ਜਿੱਤਿਆ। ਮੈਨੂੰ ਆਸ ਹੈ ਕਿ ਤਿੰਨ ਐਥਲੀਟ ਇਤਿਹਾਸ ਬਣਾਉਣਗੇ।
ਓਲੰਪਿਕਸ ਵਿੱਚ ਜਾਣ ਤੋਂ ਪਹਿਲਾਂ ਕਮਲਪ੍ਰੀਤ ਨੇ ਬੀਬੀਸੀ ਪੱਤਰਕਾਰ ਵੰਦਨਾਨੂੰ ਦਿੱਤੇ ਇੰਟਰਵਿਊ ਵਿੱਚ ਚੁਣੌਤੀਆਂ ਅਤੇ ਉਮੀਦਾਂ ਬਾਰੇ ਗੱਲ ਵੀ ਕੀਤੀ ਸੀ।
ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਬਹੁਤ ਲਗਾਅ ਸੀ। ਸ਼ੁਰੂਆਤ ਵਿੱਚ ਪਰਿਵਾਰ ਵੱਲੋਂ ਥੋੜ੍ਹਾ ਵਿਰੋਧ ਕੀਤਾ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਸਾਥ ਦਿੱਤਾ। ਆਪਣੇ ਖੇਡ ਜੀਵਨ ਵਿੱਚ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਬੋਲਦਿਆਂ ਕਮਲਪ੍ਰੀਤ ਨੇ ਦੱਸਿਆ ਸੀ ਕਿ 2019 ਤੋਂ ਪਹਿਲਾਂ ਉਨ੍ਹਾਂ ਨੂੰ ਡਿਸਕਸ ਥਰੋਅ ਲਈ ਲੋੜੀਂਦੇ ਖਾਣ ਪੀਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਇਸ ਖੇਡ ਬਾਰੇ ਵੀ ਜ਼ਿਆਦਾ ਨਹੀਂ ਪਤਾ ਸੀ।
'ਮਾਨਸਿਕ ਰੂਪ ਵਿੱਚ ਵੀ ਮਜ਼ਬੂਤ ਹੋਣਾ ਜ਼ਰੂਰੀ'
ਕੁੜੀਆਂ ਪ੍ਰਤੀ ਸਮਾਜ ਦੀ ਸੋਚ ਬਾਰੇ ਵੀ ਉਨ੍ਹਾਂ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਅਕਸਰ ਪਰਿਵਾਰ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਨ੍ਹਾਂ ਦੇ ਵਿਆਹ ਬਾਰੇ ਹੀ ਸੋਚਦੇ ਹਨ। ਡਿਸਕਸ ਥ੍ਰੋਅ ਤੋਂ ਇਲਾਵਾ ਕਮਲਪ੍ਰੀਤ ਨੂੰ ਕ੍ਰਿਕਟ ਦਾ ਵੀ ਸ਼ੌਂਕ ਹੈ। ਓਲੰਪਿਕ ਦੀ ਤਿਆਰੀ ਬਾਰੇ ਪੁੱਛੇ ਜਾਣ 'ਤੇ ਕਮਲਪ੍ਰੀਤ ਨੇ ਅਭਿਆਸ ਦੀ ਮਹੱਤਤਾ ਦਾ ਜ਼ਿਕਰ ਕੀਤਾ ਸੀ।
ਆਪਣੇ ਕੱਦ, ਸਰੀਰਕ ਸ਼ਕਤੀ ਅਤੇ ਕੁਝ ਵੀ ਕਰ ਸਕਣ ਦੀ ਦ੍ਰਿੜ੍ਹ ਇੱਛਾ ਨੂੰ ਕਮਲਪ੍ਰੀਤ ਨੇ ਆਪਣੀਆਂ ਤਿੰਨ ਤਾਕਤਾਂ ਦੱਸੀਆਂ ਸਨ।
ਕਮਲਪ੍ਰੀਤ ਕੌਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਸੀ ਕਿ ਅਹਿਮ ਮੁਕਾਬਲਿਆਂ ਤੋਂ ਪਹਿਲਾਂ ਖਿਡਾਰੀਆਂ ਦਾ ਮਾਨਸਿਕ ਰੂਪ ਵਿੱਚ ਸ਼ਾਂਤ ਰਹਿਣਾ ਵੀ ਬੇਹੱਦ ਜ਼ਰੂਰੀ ਹੈ। ਸ਼ੁੱਕਰਵਾਰ ਨੂੰ ਕੁਆਲੀਫਾਈਂਗ ਰਾਊਂਡ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਦਿਆਂ ਕਮਲਪ੍ਰੀਤ ਕੌਰ ਨੇ ਕੁਆਲੀਫਾਈਂਗ ਰਾਊਂਡ ਅਤੇ ਆਪਣੀ ਤਿਆਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਪਰਿਵਾਰ ਦਾ ਪਿਛੋਕੜ
ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਖੇਤੀਬਾੜੀ ਕਰਦੇ ਹਨ।
ਕਮਲਪ੍ਰੀਤ ਕੌਰ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡ ਕਬਰਵਾਲਾ ਦੇ ਸਰਕਾਰੀ ਹਾਈ ਸਕੂਲ ਵਿੱਚੋਂ ਕੀਤੀ ਹੈ ਅਤੇ ਦਸਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਤੋਂ ਗਰੈਜੂਏਸ਼ਨ ਕੀਤੀ ਹੈ।
ਪਰਿਵਾਰ ਸਮੇਤ ਉਹ ਪਿੰਡ ਕਬਰਵਾਲਾ ਦੇ ਬਾਹਰਵਾਰ ਬਣੀ ਢਾਣੀ ਵਿੱਚ ਰਹਿੰਦੇ ਹਨ।
ਉਨ੍ਹਾਂ ਦੇ ਮਾਤਾ ਪਿਤਾ ਅਤੇ ਦਾਦਾ- ਦਾਦੀ ਇੱਕੋ ਘਰ ਵਿੱਚ ਰਹਿੰਦੇ ਹਨ ਅਤੇ ਕਮਲਪ੍ਰੀਤ ਕੌਰ ਹੁਣ ਰੇਲਵੇ ਵਿੱਚ ਨੌਕਰੀ ਕਰਦੇ ਹਨ।
9 ਸਾਲ ਪਹਿਲਾਂ ਕਮਲਪ੍ਰੀਤ ਕੌਰ ਨੇ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ। ਲਗਾਤਾਰ ਮਿਹਨਤ ਕਰਕੇ ਕਮਲਪ੍ਰੀਤ ਕੌਰ ਅੱਜ ਓਲੰਪਿਕ ਵਿੱਚ ਇਸ ਮੁਕਾਮ 'ਤੇ ਹੈ।ਕਮਲਪ੍ਰੀਤ ਕੌਰ ਦਾ ਖੇਡਾਂ ਦਾ ਸਫ਼ਰ ਕੋਈ ਸੁਖਾਲਾ ਨਹੀਂ ਰਿਹਾ। ਸਾਲ 2017 ਵਿੱਚ ਖੇਡਣ ਸਮੇਂ ਸੱਟ ਲੱਗ ਗਈ ਜਿਸ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ:
ਜਦੋਂ ਖੇਡਾਂ ਨੂੰ ਅਲਵਿਦਾ ਕਹਿਣ ਦਾ ਬਣਾਇਆ ਸੀ ਮਨ
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਅਨੁਸਾਰ ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਦੱਸਦੇ ਹਨ ਕਿ ਪਿੱਠ ਵਿੱਚ ਤਿੱਖੇ ਦਰਦ ਕਾਰਨ ਇੱਕ ਵਾਰ ਤਾਂ ਉਸ ਨੇ ਮਨ ਬਣਾ ਲਿਆ ਸੀ ਕਿ ਉਹ ਖੇਡਾਂ ਛੱਡ ਦੇਵੇ ਪਰ ਉਸ ਨੇ ਆਪਣੇ ਮਨ ਅਤੇ ਜਜ਼ਬੇ ਨੂੰ ਡੋਲਣ ਨਹੀਂ ਦਿੱਤਾ ਅਤੇ ਮਿਹਨਤ ਜਾਰੀ ਰੱਖੀ।
ਕਮਲਪ੍ਰੀਤ ਕੌਰ ਨੇ 2014 ਵਿੱਚ ਜੂਨੀਅਰ ਨੈਸ਼ਨਲ ਡਿਸਕਸ ਥ੍ਰੋਅ ਵਿੱਚ 39 ਮੀਟਰ ਸਕੋਰ ਨਾਲ ਸੋਨ ਤਮਗਾ ਜਿੱਤ ਕੇ ਆਪਣੀ ਜੇਤੂ ਸ਼ੁਰੂਆਤ ਕੀਤੀ ਸੀ।ਇਸੇ ਹੀ ਸਾਲ ਕਮਲਪ੍ਰੀਤ ਕੌਰ ਨੇ ਸਕੂਲ ਪੱਧਰ ਦੀਆਂ ਖੇਡਾਂ ਵਿੱਚ 42 ਮੀਟਰ ਸਕੋਰ ਕਰਕੇ ਮੁੜ ਸੋਨ ਤਮਗਾ ਜਿੱਤਿਆ ਅਤੇ 2016 ਵਿੱਚ ਓਪਨ ਨੈਸ਼ਨਲ ਵਿੱਚ ਵੀ ਸੋਨੇ ਦਾ ਮੈਡਲ ਜਿੱਤਿਆ।ਇਸੇ ਤਰ੍ਹਾਂ ਕਮਲਪ੍ਰੀਤ ਕੌਰ ਨੇ ਆਪਣੇ ਜੇਤੂ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਸੀਨੀਅਰ ਨੈਸ਼ਨਲ ਫੈੱਡਰੇਸ਼ਨ ਮੁਕਾਬਲਿਆਂ ਵਿੱਚ ਸਾਲ 2018-19 ਅਤੇ 2021 ਵਿੱਚ ਲਗਾਤਾਰ ਸੋਨੇ ਦੇ ਤਮਗੇ ਜਿੱਤ ਕੇ ਸਾਬਤ ਕੀਤਾ ਕਿ ਉਹ ਇੱਕ ਮਿਹਨਤ ਕਰਨ ਵਾਲੀ ਖਿਡਾਰਨ ਹੈ।
ਜਦੋਂ ਸਾਰੀ ਤਨਖ਼ਾਹ ਜੁੱਤੇ ਖਰੀਦਣ ’ਚ ਖਰਚ ਹੁੰਦੀ ਸੀ
ਕਮਲਪ੍ਰੀਤ ਕੌਰ ਨੇ ਖੇਡ ਪੱਤਰਕਾਰ ਸੌਰਭ ਦੁੱਗਲ ਨਾਲ ਓਲੰਪਿਕਸ ਤੋਂ ਕੁਝ ਮਹੀਨੇ ਪਹਿਲਾਂ ਗੱਲ ਕਰਦਿਆਂ ਦੱਸਿਆ ਸੀ ਕਿ 2011 ਵਿੱਚ ਉਨ੍ਹਾਂ ਨੇ ਸ਼ਾਟਪੁੱਟ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਡਿਸਕਸ ਥ੍ਰੋ ਲਈ ਪ੍ਰੇਰਿਆ।
ਸ਼ੁਰੂਆਤ ਵਿੱਚ ਟੀਚਾ ਕੇਵਲ ਨੈਸ਼ਨਲ ਲੈਵਲ ਖੇਡਾਂ ਸਨ ਅਤੇ ਫਿਰ ਇਹ ਟੀਚਾ ਕੌਮਾਂਤਰੀ ਹੋਇਆ। 2013 ਵਿੱਚ ਕਮਲਪ੍ਰੀਤ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿੱਚ ਜਗ੍ਹਾ ਮਿਲੀ।
ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਿੰਡ ਕਬਰਵਾਲ ਮਸ਼ਹੂਰ ਨਹੀਂ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੇ ਪਿਤਾ ਕਿਸਾਨ ਹਨ ਅਤੇ ਮਾਤਾ ਘਰੇਲੂ ਔਰਤ ।
2017 ਵਿੱਚ ਕਮਲਪ੍ਰੀਤ ਦੀ ਰੇਲਵੇ ਵਿਚ ਨੌਕਰੀ ਲੱਗੀ। ਪਹਿਲਾਂ ਉਹ ਜੂਨੀਅਰ ਕਲਰਕ ਸਨ ਅਤੇ ਹੁਣ ਸੀਨੀਅਰ ਕਲਰਕ।
ਸੌਰਭ ਦੁੱਗਲ ਨੂੰ ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਤਨਖ਼ਾਹ 20-21 ਹਜ਼ਾਰ ਸੀ ਅਤੇ ਤਨਖ਼ਾਹ ਦਾ ਜ਼ਿਆਦਾਤਰ ਹਿੱਸਾ ਖੇਡਾਂ ਲਈ ਸਪੋਰਟਸ ਸ਼ੂ ਖ਼ਰੀਦਣ ਵਿੱਚ ਨਿਕਲ ਜਾਂਦਾ ਸੀ। ਕਮਲਪ੍ਰੀਤ ਨੂੰ 10 ਨੰਬਰ ਦੇ ਜੁੱਤੇ ਆਉਂਦੇ ਹਨ ਅਤੇ ਬਾਅਦ ਵਿੱਚ ਇੱਕ ਸਪੋਰਟਸ ਫਾਊਂਡੇਸ਼ਨ ਨੇ ਆਰਥਿਕ ਮਦਦ ਕੀਤੀ ਜਿਸ ਨਾਲ ਕਾਫੀ ਸਹਾਇਤਾ ਮਿਲੀ।
2017 ਵਿੱਚ ਵਰਲਡ ਯੂਨੀਵਰਸਿਟੀ ਗੇਮਜ਼ ਉਨ੍ਹਾਂ ਦੀਆਂ ਪਹਿਲੀਆਂ ਅੰਤਰਰਾਸ਼ਟਰੀ ਖੇਡਾਂ ਸਨ। ਦੋਹਾ ਕਤਰ ਅਤੇ ਭੁਵਨੇਸ਼ਵਰ ਦੀਆਂ ਏਸ਼ੀਅਨ ਚੈਂਪੀਅਨਸ਼ਿਪ ਗੇਮਜ਼ ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ ਹੈ।
ਕਮਲਪ੍ਰੀਤ ਨੇ ਪਹਿਲਾਂ ਕ੍ਰਿਸ਼ਨਾ ਪੂਨੀਆ ਦਾ ਇੰਟ ਰੇਲਵੇ ਅਤੇ ਫਿਰ ਨੈਸ਼ਨਲ ਰਿਕਾਰਡ ਤੋੜਿਆ ਹੈ।
ਇਹ ਵੀ ਪੜ੍ਹੋ:
ਇਹ ਵੀ ਵੇਖੋ: