ਨੂਰ ਦਾ ਕਤਲ, ਜਿਸ ਨਾਲ ਕੰਬ ਉੱਠਿਆ ਸਾਰਾ ਪਾਕਿਸਤਾਨ, ਜਾਣੋ ਪੂਰਾ ਮਾਮਲਾ

ਨੂਰ ਮੁਕੱਦਮ

ਤਸਵੀਰ ਸਰੋਤ, SM Viral Post

ਤਸਵੀਰ ਕੈਪਸ਼ਨ, ਨੂਰ ਮੁਕੱਦਮ ਦੀ ਦੋਸਤ ਨੇ ਉਨ੍ਹਾਂ ਨੇਕਦਿਲ ਕੁੜੀ ਵਜੋਂ ਯਾਦ ਕੀਤਾ
    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ

ਇੱਕ ਸਾਬਕਾ ਕੂਟਨੀਤਕ ਦੀ ਧੀ ਦੇ ਬੇਰਹਿਮੀ ਨਾਲ ਕਤਲ ਨੇ ਪਾਕਿਸਤਾਨ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਪਾਕਿਸਤਾਨ ਵਿੱਚ ਹਰ ਦਿਨ ਔਰਤਾਂ ਖ਼ਿਲਾਫ਼ ਅਪਰਾਧਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਨੂਰ ਮੁਕੱਦਮ ਦਾ ਜਿਸ ਤਰ੍ਹਾਂ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਸ ਨਾਲ ਪਾਕਿਸਤਾਨ ਸਮਾਜ ਦਾ ਦਿਲੋਂ-ਦਿਮਾਗ਼ ਹਿੱਲ ਗਿਆ ਹੈ।

ਕੀ ਹੈ ਮਾਮਲਾ?

27 ਸਾਲ ਦੀ ਨੂਰ ਪਾਕਿਸਤਾਨ ਦੇ ਇੱਕ ਸਾਬਕਾ ਕੂਟਨੀਤਕ ਸ਼ੌਕਤ ਮੁਕੱਦਮ ਦੀ ਧੀ ਸੀ।

20 ਜੁਲਾਈ ਨੂੰ ਰਾਜਧਾਨੀ ਇਸਲਾਮਾਬਾਦ ਦੇ ਪੌਸ਼ ਐੱਫ-7 ਇਲਾਕੇ ਵਿੱਚ ਕੋਹਸਾਰ ਪੁਲਿਸ ਥਾਣੇ ਵਿੱਚ ਇੱਕ ਸਥਾਨਕ ਸ਼ਖ਼ਸ ਦਾ ਫੋਨ ਆਇਆ ਸੀ।

ਇਸ ਸ਼ਖ਼ਸ ਨੇ ਪੁਲਿਸ ਨੂੰ ਵਾਰਦਾਤ ਅਤੇ ਘਟਨਾ ਵਾਲੀ ਥਾਂ ਬਾਰੇ ਦੱਸਿਆ।

ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਕੁਝ ਲੋਕਾਂ ਨੇ ਸ਼ੱਕੀ ਜ਼ਾਹਿਰ ਜ਼ਾਕਿਰ ਜਾਫ਼ਰ ਨੂੰ ਰੱਸੀਆਂ ਨਾਲ ਬੰਨ੍ਹ ਕੇ ਰੱਖਿਆ ਹੈ।

ਇਸ ਸ਼ੱਕੀ ਮੁਲਜ਼ਮ ਨੇ ਨੂਰ ਦਾ ਕਤਲ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ 'ਤੇ ਵੀ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ-

ਉਹ ਘਰ ਜਿੱਥੇ ਨੂਰ ਦਾ ਕਤਲ ਹੋਇਆ

ਨੂਰ ਦੇ ਪਿਤਾ ਸ਼ੌਕਤ ਮੁਕੱਦਮ ਅਤੇ ਉਨ੍ਹਾਂ ਦੀ ਪਤਨੀ ਦੀ ਸ਼ਿਕਾਇਤ 'ਤੇ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਐਫਆਈਆਰਜ਼ ਮੁਤਾਬਕ ਉਨ੍ਹਾਂ ਦੀ ਧੀ 19 ਜੁਲਾਈ ਦੀ ਸ਼ਾਮ ਤੋਂ ਹੀ ਗਾਇਬ ਸੀ।

ਈਦ ਦੀ ਖਰੀਦਦਾਰੀ ਕਰ ਕੇ ਜਦੋਂ ਘਰ ਆਏ ਤਾਂ ਉਨ੍ਹਾਂ ਨੇ ਦੇਖਿਆ ਕੇ ਨੂਰ ਕਿਤੇ ਨਹੀਂ ਹੈ।

ਮੁਕੱਦਮ ਅਤੇ ਉਨ੍ਹਾਂ ਦੀ ਪਤਨੀ ਨੇ ਨੂਰ ਨੂੰ ਫੋਨ ਮਿਲਾਇਆ ਪਰ ਉਹ ਫੋਨ ਬੰਦ ਆ ਰਿਹਾ ਸੀ। ਥੋੜ੍ਹੀ ਦੇਰ ਬਾਅਦ ਨੂਰ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਲਾਹੌਰ ਜਾ ਰਹੀ ਹੈ ਅਤੇ ਇੱਕ-ਦੋ ਦਿਨ ਵਿੱਚ ਵਾਪਸ ਆ ਜਾਵੇਗੀ।

ਨੂਰ ਦੇ ਪਿਤਾ ਮੁਤਾਬਕ ਅਗਲੇ ਦਿਨ ਦੁਪਹਿਰ ਵੇਲੇ ਉਨ੍ਹਾਂ ਨੂੰ ਸ਼ੱਕੀ ਜ਼ਾਹਿਰ ਜ਼ਾਕਿਰ ਜਾਫ਼ਰ ਦਾ ਫੋਨ ਆਇਆ। ਜ਼ਾਹਿਰ ਦੇ ਪਰਿਵਾਰ ਨੂੰ ਸ਼ੌਕਤ ਕਾਫੀ ਪਹਿਲਾਂ ਤੋਂ ਜਾਣਦੇ ਸਨ।

ਨੂਰ ਮੁਕੱਦਮ

ਤਸਵੀਰ ਸਰੋਤ, BBC URDU

ਤਸਵੀਰ ਕੈਪਸ਼ਨ, ਨੂਰ ਦਾ ਕਤਲ ਗਲਾ ਕੱਟ ਕੇ ਕੀਤਾ ਗਿਆ

ਜ਼ਾਹਿਰ ਨੇ ਨੂਰ ਦੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਦੀ ਧੀ ਉਸ ਦੇ ਨਾਲ ਨਹੀਂ ਹੈ।

ਕੁਝ ਘੰਟਿਆਂ ਬਾਅਦ ਸ਼ੌਕਤ ਮੁਕੱਦਮ ਕੋਲ ਕੋਹਸਾਰ ਥਾਣੇ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ।

ਪੁਲਿਸ ਉਨ੍ਹਾਂ ਨੂੰ ਉਸ ਥਾਂ 'ਤੇ ਲੈ ਗਈ ਜਿੱਥੇ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਸੀ।

ਉਨ੍ਹਾਂ ਦੇਖਿਆ ਕਿ ਨੂਰ ਦਾ ਗਲਾ ਬੜੀ ਬੇਰਹਿਮੀ ਨਾਲ ਵੱਢਿਆ ਗਿਆ ਸੀ। ਉਨ੍ਹਾਂ ਧੀ ਦਾ ਸਿਰ ਧੜ ਨਾਲੋਂ ਵੱਖ ਸੀ।

ਕਿਉਂ ਹੋਇਆ ਨੂਰ ਦਾ ਕਤਲ?

ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਸ਼ੱਕੀ ਕਾਤਲ ਨੇ ਨੂਰ ਦੇ ਮਾਤਾ-ਪਿਤਾ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਨੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।

ਪੁਲਿਸ ਇਹ ਪਤਾ ਕਰਨ ਵਿੱਚ ਲੱਗ ਗਈ ਹੈ ਕਿ ਨੂਰ ਐੱਫ-7 ਇਲਾਕੇ ਵਿੱਚ ਮੌਜੂਦ ਜ਼ਾਹਿਰ ਦੇ ਘਰ ਕਦੋਂ ਗਈ ਸੀ। ਉਹ ਕਿਹੜਾ ਵੇਲਾ ਸੀ ਜਦੋਂ ਨੂਰ ਉਨ੍ਹਾਂ ਦੇ ਘਰ ਸੀ।

ਇਸਮਾਬਾਦ
ਤਸਵੀਰ ਕੈਪਸ਼ਨ, ਪੁਲਿਸ ਨੇ ਪੂਰਾ ਭਰੋਸਾ ਦਿੱਤਾ ਕਿ ਉਹ ਦੋਸ਼ੀ ਨੂੰ ਜਲਦ ਇਨਸਾਫ਼ ਦਿਆਉਣਗੇ

ਮੁਲਜ਼ਮ ਦੇ ਘਰੋਂ ਪਿਲਤੌਲ ਮਿਲਣ ਕਾਰਨ ਸ਼ੁਰੂ ਵਿੱਚ ਪੁਲਿਸ ਨੇ ਇਹ ਮੰਨਿਆ ਕਿ ਸ਼ਾਇਦ ਨੂਰ ਨੂੰ ਪਹਿਲਾਂ ਗੋਲੀ ਮਾਰੀ ਗਈ ਅਤੇ ਫਿਰ ਉਸ ਦਾ ਗਲਾ ਕੱਟਿਆ ਗਿਆ।

ਪਰ ਘਟਨਾ ਦੀ ਜਾਂਚ ਕਰ ਰਹੇ ਇਸਲਾਮਾਬਾਦ ਦੇ ਐੱਸਐੱਸਪੀ ਅਤਾਉਰ ਰਹਿਮਾਨ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਮੈਡੀਕਲ ਰਿਪੋਰਟ ਵਿੱਚ ਨੂਰ ਦੇ ਸਰੀਰ 'ਤੇ ਕਿਸੇ ਪਿਸਤੌਲ ਦੀ ਗੋਲੀ ਦਾ ਜਖ਼ਮ ਨਹੀਂ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਪਿਸਤੌਲ ਤਾਂ ਮਿਲੀ ਹੈ ਪਰ ਇਸ ਦੇ ਚੈਂਬਰ ਵਿੱਚ ਗੋਲੀ ਫਸੀ ਹੋਈ ਸੀ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਨੂਰ ਨੇ ਖਿੜਕੀ ਤੋਂ ਛਾਲ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜ਼ਾਹਿਰ ਨੇ ਉਸ ਨੂੰ ਅੰਦਰ ਖਿੱਚ ਲਿਆ।

ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜ਼ਾਹਿਰ ਦੇ ਪਰਿਵਾਰ ਦੇ ਚੌਕੀਦਾਰ ਅਤੇ ਬਟਲਰ ਨੇ ਇਸ ਘਟਨਾ ਨੂੰ ਦੇਖਿਆ ਸੀ, ਪਰ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ।

ਮੁਲਜ਼ਮ ਜ਼ਾਹਿਰ ਜ਼ਾਕਿਰ ਦੇ ਪਿਤਾ

ਤਸਵੀਰ ਸਰੋਤ, BBC URDU

ਤਸਵੀਰ ਕੈਪਸ਼ਨ, ਮੁਲਜ਼ਮ ਜ਼ਾਹਿਰ ਜ਼ਾਕਿਰ ਦੇ ਮਾਤਾ-ਪਿਤਾ ਵੀ ਪੁਲਿਸ ਹਿਰਾਸਤ ਵਿੱਚ ਹਨ

ਪੁਲਿਸ ਉੱਥੇ ਇੱਕ ਗੁਆਂਢੀ ਦੀ ਸੂਚਨਾ 'ਤੇ ਪਹੁੰਚੀ। ਇਸ ਗੁਆਂਢੀ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ।

ਪੁਲਿਸ ਨੇ ਚੌਕੀਦਾਰ ਅਤੇ ਬਟਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ।

ਜ਼ਾਹਿਰ ਜਾਫ਼ਰ ਕੌਣ ਹੈ?

ਸ਼ੱਕੀ ਜ਼ਾਹਿਰ ਜ਼ਾਕਿਰ ਜਾਫ਼ਰ ਮਸ਼ਹੂਰ ਕਾਰੋਬਾਰੀ ਜ਼ਾਕਿਰ ਜਾਫ਼ਰ ਅਤੇ ਅਸਮਤ ਆਦਮਜੀ ਜਾਫ਼ਰ ਦਾ ਪੁੱਤਰ ਹੈ।

ਉਹ ਪਾਰਟੀਆਂ ਵਿੱਚ ਸ਼ਰੀਕ ਹੋਣ ਵਾਲੇ ਸੋਸ਼ਲਾਈਟ ਵਜੋਂ ਜਾਣਿਆ ਜਾਂਦਾ ਹੈ।

ਉਹ ਆਪਣੇ ਪਿਤਾ ਦੀ ਕੰਸਟ੍ਰਕਸ਼ਨ ਕੰਪਨੀ ਵਿੱਚ ਡਾਇਰੈਕਟਰ ਵਜੋਂ ਕੰਮ ਕਰਦਾ ਸੀ।

ਜ਼ਾਹਿਰ ਨਸ਼ੇ ਦਾ ਆਦੀ ਰਿਹਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਹ ਇਸਲਾਮਾਬਾਦ ਵਿੱਚ 'ਥੈਰੇਪੀ ਵਰਕਸ' ਨਾਮ ਦੇ ਇੱਕ ਥੈਰੇਪੀ ਅਤੇ ਡਰੱਗ ਰਿਹੈਬਲੀਟੇਸ਼ਨ ਸੈਂਟਰ (ਨਸ਼ਾ ਛਡਾਓ ਕੇਂਦਰ) ਵਿੱਚ ਥੈਰੇਪੀ ਲੈ ਰਿਹਾ ਸੀ।

ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮਾਨਸਿਕ ਤੌਰ 'ਤੇ ਬਿਲਕੁਲ ਠੀਕ ਹਾਲਤ ਵਿੱਚ ਹੈ। ਕਤਲ ਤੋਂ ਬਾਅਦ ਜਦੋਂ ਉਸ ਦੀ ਗ੍ਰਿਫ਼ਤਾਰੀ ਹੋਈ ਤਾਂ ਉਹ ਆਪਣੇ ਪੂਰੇ 'ਹੋਸ਼ੋ-ਹਵਾਸ' ਵਿੱਚ ਸੀ।

ਇਸਲਾਮਾਬਾਦ ਦੇ ਐੱਸਐੱਸਪੀ ਨੇ ਕਿਹਾ ਹੈ ਕਿ ਪੁਲਿਸ ਨੂੰ ਉਸ ਦੇ ਅਤੀਤ ਬਾਰੇ ਪਤਾ ਨਹੀਂ ਹੈ।

ਪੁਲਿਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਡਰੱਗ ਲੈਂਦਾ ਰਿਹਾ ਹੈ। ਪੁਲਿਸ ਹੁਣ ਇਸ ਗੱਲ 'ਤੇ ਫੋਕਸ ਕਰ ਰਹੀ ਹੈ ਕਿ ਅਪਰਾਧ ਨੂੰ ਅੰਜ਼ਾਮ ਦੇਣ ਵੇਲੇ ਉਹ ਕਿਸ ਮਾਨਸਿਕ ਹਾਲਤ ਵਿੱਚ ਸੀ।

ਮੁਲਜ਼ਮ ਜ਼ਾਹਿਰ ਜਾਫਰ

ਤਸਵੀਰ ਸਰੋਤ, BBC URDU

ਤਸਵੀਰ ਕੈਪਸ਼ਨ, ਮੁਲਜ਼ਮ ਜ਼ਾਹਿਰ ਉੱਤੇ ਸ਼ੱਕ ਹੈ ਉਨ੍ਹਾਂ ਨੂਰ ਦਾ ਕਤਲ ਕੀਤਾ ਹੈ

ਐੱਸਐੱਸਪੀ ਅਤਾਉਰ ਰਹਿਮਾਨ ਨੇ ਕਿਹਾ ਸੀ ਕਿ ਸ਼ੁਰੂਆਤੀ ਜਾਂਚ ਵਿੱਚ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਜ਼ਾਹਿਰ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰਨ ਜਾ ਰਿਹਾ ਹੈ।

ਜਦੋਂ ਉਸ ਨੇ ਕਥਿਤ ਤੌਰ 'ਤੇ ਇਹ ਕਤਲ ਕੀਤਾ ਤਾਂ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਨੇ ਕੀ ਕੀਤਾ ਹੈ।

ਸੋਸ਼ਲ ਮੀਡੀਆ ਵਿੱਚ ਜ਼ਾਹਿਰ ਜਾਫ਼ਰ ਦੀ ਇੱਕ ਤਸਵੀਰ ਵੀ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਰਾਜਧਾਨੀ ਵਿੱਚ ਇੱਕ ਮਸ਼ਹੂਰ ਸਕੂਲਿੰਗ ਫਰੈਂਚਾਇਜ਼ੀ ਲਈ ਵਰਕਸ਼ਾਪ ਕਰਨ ਤੋਂ ਬਾਅਦ 'ਥੈਰੇਪੀ ਵਰਕਸ' ਵਿੱਚ ਕਾਊਂਸਲਿੰਗ ਕਰਦਾ ਨਜ਼ਰ ਆ ਰਿਹਾ ਹੈ।

'ਥੈਰੇਪੀ ਵਰਕਸ' ਨੇ ਆਪਣੇ ਬਿਆਨ ਵਿੱਚ ਇਹ ਮੰਨਿਆ ਹੈ ਕਿ ਜ਼ਾਹਿਰ ਉਸ ਕੋਲ ਥੈਰੇਪੀ ਲੈਂਦਾ ਰਿਹਾ ਹੈ, ਪਰ ਉਹ ਕਦੇ ਕਾਊਂਸਲਰ ਨਹੀਂ ਰਿਹਾ।

ਥੈਰੇਪੀ ਵਰਕਸ ਨੇ ਕਿਹਾ ਹੈ ਕਿ ਉਸ ਨੂੰ ਕਦੇ ਵੀ ਕਾਊਂਸਲਰ ਵਜੋਂ ਸਰਟੀਫਿਕੇਟ ਨਹੀਂ ਕੀਤਾ ਸੀ। ਸਰਕਾਰ ਨੇ ਇਸ ਰੀ-ਹੈਬਿਲੀਟੇਸ਼ਨ ਸੈਂਟਰ ਨੂੰ ਸੀਲ ਕਰ ਦਿੱਤਾ ਹੈ।

ਪਾਕਿਸਤਾਨ ਵਿੱਚ ਲੋਕ ਜ਼ਾਹਿਰ ਜ਼ਾਕਿਰ ਨਾਲ ਜੁੜੀਆਂ ਸੂਚਨਾਵਾਂ ਅਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ, ਜਿਸ ਤੋਂ ਹਿੰਸਾ ਦੇ ਉਸ ਦੇ ਤਰੀਕੇ ਦਾ ਪਤਾ ਲਗਦਾ ਹੈ।

ਇਹ ਵੀ ਪੜ੍ਹੋ-

ਉਹ ਪਹਿਲਾਂ ਵੀ ਲੋਕਾਂ ਨੂੰ ਧਮਕਾਉਂਦਾ ਰਿਹਾ ਹੈ। ਇਨ੍ਹਾਂ ਸੂਚਨਾਵਾਂ ਅਤੇ ਤਸਵੀਰਾਂ ਰਾਹੀਂ ਲੋਕ ਦਾਅਵਾ ਕਰ ਰਹੇ ਹਨ ਇਹ ਯੋਜਨਾਬੱਧ ਕਤਲ ਹੈ।

ਹਾਲਾਂਕਿ, ਸੁਤੰਤਰ ਸੂਤਰਾਂ ਰਾਹੀਂ ਇਸ ਦੀ ਪੁਸ਼ਟੀ ਮੁਸ਼ਕਲ ਹੋ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜੇਕਰ ਲੋਕਾਂ ਕੋਲ ਇਸ ਕਤਲਕਾਂਡ ਬਾਰੇ ਕੋਈ ਪੁਖ਼ਤਾ ਸਬੂਤ ਅਤੇ ਰਿਪੋਰਟ ਹੈ ਤਾਂ ਉਸ ਨੂੰ ਲੈ ਕੇ ਸਾਹਮਣੇ ਆਉਣ।

ਜਾਂਚਕਰਤਾ ਇਹ ਰਿਪੋਰਟ ਵੀ ਮੰਗ ਰਹੇ ਹਨ ਕੀ ਮੁਲਜ਼ਮ ਨੇ ਅਮਰੀਕਾ ਅਤੇ ਬ੍ਰਿਟੇਨ ਵਿੱਚ ਰਹਿਣ ਦੌਰਾਨ ਵੀ ਕਿਸੇ ਅਪਰਾਧ ਨੂੰ ਅੰਜ਼ਾਮ ਦਿੱਤਾ ਸੀ।

ਸ਼ੱਕੀ ਦੇ ਮਾਤਾ-ਪਿਤਾ ਹਿਰਾਸਤ ਵਿੱਚ ਕਿਉਂ?

ਜ਼ਾਹਿਰ ਜ਼ਾਕਿਰ ਜਾਫ਼ਰ ਦੇ ਮਾਤਾ-ਪਿਤਾ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਤਲਕਾਂਡ ਵਿੱਚ ਮੁਲਜ਼ਮ ਦਾ ਸਾਥ ਦਿੱਤਾ ਹੈ।

ਦੋਵਾਂ ਨੂੰ ਪਹਿਲਾਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਥੋਂ ਉਨ੍ਹਾਂ ਨੂੰ ਦੋ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ।

ਜ਼ਾਕਿਰ ਦੇ ਮਾਂ-ਬਾਪ 'ਤੇ ਇਲਜ਼ਾਮ ਹੈ ਕਿ ਜਦੋਂ ਉਨ੍ਹਾਂ ਨੂੰ ਕਤਲ ਦਾ ਪਤਾ ਲੱਗਾ ਤਾਂ ਦੋਵਾਂ ਨੇ ਪੁਲਿਸ ਨੂੰ ਜਾਣਕਾਰੀ ਦੇਣ ਦੀ ਬਜਾਇ 'ਥੈਰੇਪੀ ਵਰਕਸ' ਨੂੰ ਫੋਨ ਕਰ ਕੇ ਇਸ ਜ਼ੁਰਮ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ।

ਪ੍ਰਦਰਸ਼ਨ

ਤਸਵੀਰ ਸਰੋਤ, BBC URDU

ਤਸਵੀਰ ਕੈਪਸ਼ਨ, ਨੂਰ ਮੁਕੱਦਮ ਦੇ ਕਤਲ ਖ਼ਿਲਾਫ਼ ਸੜਕਾਂ ਉੱਤੇ ਪ੍ਰਦਰਸ਼ਨ ਹੋ ਰਹੇ ਹਨ

ਲੋਕਾਂ ਦਾ ਇਲਜ਼ਾਮ ਹੈ ਕਿ ਮਾਂ-ਬਾਪ ਆਪਣੇ ਪੁੱਤਰ ਨੂੰ ਬਚਾਉਣ ਲਈ ਉਸ ਦੀ ਕਥਿਤ ਮਾਨਸਿਕ ਬਿਮਾਰੀ ਦੀ ਆੜ ਲੈ ਰਹੇ ਹਨ।

ਮਾਂ-ਬਾਪ ਦਾ ਕਹਿਣਾ ਹੈ ਕਿ ਮਾਨਸਿਕ ਸਥਿਤੀ ਖ਼ਰਾਬ ਹੋਣ ਕਾਰਨ ਜ਼ਾਹਿਰ ਦਾ ਰਵੱਈਆ ਅਪਰਾਧਿਕ ਹੋ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਪੁਲਿਸ ਜਦੋਂ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ 'ਥੈਰੇਪੀ ਵਰਕਸ' ਦੀ ਇੱਕ ਟੀਮ ਜ਼ਾਹਿਰ ਨੂੰ ਰੱਸੀ ਨਾਲ ਬੰਨ੍ਹ ਕੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਜ਼ਾਕਿਰ ਨੇ ਟੀਮ ਦੇ ਇੱਕ ਮੈਂਬਰ 'ਤੇ ਹਮਲਾ ਕਰ ਉਸ ਨੂੰ ਜਖ਼ਮੀ ਕਰ ਦਿੱਤਾ ਸੀ।

ਜ਼ਾਹਿਰ ਜ਼ਾਕਿਰ ਜਾਫ਼ਰ ਦੇ ਮਾਤਾ-ਪਿਤਾ ਨੇ ਅਦਾਲਤ ਨੂੰ ਕਿਹਾ ਹੈ ਕਿ ਉਹ ਦੋਸ਼ੀ ਨਹੀਂ ਹੈ। ਉਹ ਘਟਨਾ ਦੀ ਨਿੰਦਾ ਕਰਦੇ ਹਨ।

ਜ਼ਾਹਿਰ ਦੇ ਪਿਤਾ ਜ਼ਾਕਿਰ ਜਾਫ਼ਰ ਨੇ ਮੀਡੀਆ ਨੂੰ ਕਿਹਾ ਹੈ ਕਿ ਉਹ ਚਾਹੁਣਗੇ ਕਿ ਇਨਸਾਫ਼ ਦੀ ਜਿੱਤ ਹੋਵੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਦੇ ਮਾਤਾ-ਪਿਤਾ ਨਾਲ ਪੂਰੀ ਹਮਦਰਦੀ ਹੈ।

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜ਼ਾਹਿਰ ਦਾ ਇਸ ਘਟਨਾ ਨੂੰ ਅੰਜ਼ਾਮ ਦੇਣ ਦੇ ਅਗਲੇ ਦਿਨ ਵਿਦੇਸ਼ ਭੱਜਣ ਦਾ ਇਰਾਦਾ ਸੀ।

ਹੁਣ ਪੁਲਿਸ ਨੇ ਸਰਕਾਰ ਨੂੰ ਦਰਖ਼ਾਸਤ ਕੀਤੀ ਹੈ ਕਿ ਉਸ ਦਾ ਨਾਮ ਐਗਜ਼ਿਟ ਕੰਟ੍ਰੋਲ ਲਿਸਟ ਵਿੱਚ ਪਾ ਦਿੱਤਾ ਜਾਵੇ।

ਇਸ ਕਤਲਕਾਂਡ ਨੂੰ ਲੈ ਕੇ ਔਰਤਾਂ ਵਿੱਚ ਇੰਨਾ ਗੁੱਸਾ ਕਿਉਂ ਹੈ?

ਨੂਰ ਦੇ ਕਤਲ ਨੂੰ ਲੈ ਕੇ ਪਾਕਿਸਤਾਨ ਦੀਆਂ ਔਰਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਸੰਗਠਨ ਸੜਕਾਂ 'ਤੇ ਉਤਰ ਆਏ ਹਨ।

ਟਵਿੱਟਰ

ਤਸਵੀਰ ਸਰੋਤ, Twitter

ਉਨ੍ਹਾਂ ਵੱਲੋਂ ਵਿਰੋਧ ਦੀ ਇੱਕ ਨਵੀਂ ਲਹਿਰ ਦਿਖ ਰਹੀ ਹੈ। ਮੋਮਬੱਤੀ ਲੈ ਕੇ ਜਲੂਸ ਕੱਢਣ ਜਾ ਰਹੇ ਹਨ ਅਤੇ ਪ੍ਰਦਰਸ਼ਨ ਹੋ ਰਹੇ ਹਨ।

ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨਾ ਸਿਰਫ਼ ਇਨਸਾਫ਼ ਮੰਗ ਰਹੀਆਂ ਹਨ ਬਲਕਿ 'ਔਰਤ ਵਿਰੋਧੀ ਇਸ ਤਰ੍ਹਾਂ ਦੇ ਵਤੀਰੇ' 'ਤੇ ਸਵਾਲ ਚੁੱਕ ਰਹੀਆਂ ਹਨ। ਉਹ ਸਰਕਾਰ ਦੀਆਂ ਨੀਤੀਆ 'ਤੇ ਵੀ ਸਵਾਲ ਚੁੱਕ ਰਹੀ ਹੈ।

ਹਾਲ ਹੀ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਟਿੱਪਣੀਆਂ ਨੇ ਔਰਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਵਰਕਰਾਂ ਨੂੰ ਬੇਹੱਦ ਨਾਰਾਜ਼ ਕਰ ਦਿੱਤਾ ਹੈ।

ਇਮਰਾਨ ਖ਼ਾਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਔਰਤਾਂ ਦੇ ਖ਼ਿਲਾਫ਼ ਜਿਨਸੀ ਅਪਰਾਧਾਂ ਦਾ ਜ਼ਿੰਮੇਦਾਰ ਉਨ੍ਹਾਂ ਦਾ ਪਹਿਰਾਵਾ ਹੈ।

ਟਵਿੱਟਰ

ਤਸਵੀਰ ਸਰੋਤ, Twitter

ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਰਕਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਤਰ੍ਹਾਂ ਦੇ ਬਿਆਨ ਹਿੰਸਾ ਅਤੇ ਜਿਨਸੀ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀਆਂ ਨੂੰ ਉਤਸ਼ਾਹਿਤ ਕਰਦੇ ਹਨ।

ਉਨ੍ਹਾਂ ਨੇ 'ਰੇਪ ਤੋਂ ਬਾਅਦ ਮੁਆਫ਼ੀ ਮੰਗਣ ਵਾਲੇ' ਅਤੇ 'ਜਿਨਸੀ ਅਪਰਾਧ ਦੇ ਸ਼ਿਕਾਰ ਨੂੰ ਹੀ ਮੁਲਜ਼ਮ ਠਹਿਰਾਉਣ ਵਾਲਾ ਸ਼ਖ਼ਸ' ਕਰਾਰ ਦਿੱਤਾ ਜਾ ਰਿਹਾ ਹੈ।

ਔਰਤਾਂ ਦੇ ਖ਼ਿਲਾਫ਼ ਇਸ ਤਰ੍ਹਾਂ ਦੇ ਅਪਰਾਧਾਂ ਨੇ ਪਾਕਿਸਤਾਨ ਨੂੰ ਇੰਨਾ ਝੰਝੋੜ ਦਿੱਤਾ ਹੈ ਕਿ ਦੇਸ਼ ਵਿੱਚ ਈਦ ਦੌਰਾਨ ਵੀ "Justice for Noor" ਅਤੇ "End Femicide" ਵਰਗੇ ਹੈਸ਼ਟੈਗ ਕਈ ਦਿਨਾਂ ਤੱਕ ਟਰੈਂਡ ਹੁੰਦੇ ਰਹੇ ਹਨ।

ਪਾਕਿਸਤਾਨ ਦੇ ਲੋਕ ਖ਼ਾਸ ਕਰ ਕੇ ਔਰਤਾਂ ਹੁਣ ਸੁਰੱਖਿਆ ਮੰਗ ਰਹੀਆਂ ਹਨ। ਉਹ ਇਹ ਸਵਾਲ ਕਰ ਰਹੀਆਂ ਹਨ ਕਿ ਪਾਕਿਸਤਾਨ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇੰਨੀ ਖ਼ਰਾਬ ਹਾਲਤ ਕਿਉਂ ਹੈ?

ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਅਤੇ ਖ਼ਾਸ ਕਰ ਕੇ ਇਸਲਾਮਾਬਾਦ ਵਿੱਚ ਔਰਤਾਂ ਮਹਿਫ਼ੂਜ਼ ਕਿਉਂ ਨਹੀਂ ਹਨ। ਕਿਉਂ ਇਸਲਾਮਾਬਾਦ ਨੂੰ ਔਰਤਾਂ ਨੂੰ ਤਸੀਹੇ ਅਤੇ ਕਤਲ ਦਾ ਇੱਕ ਹੋਰ ਹਾਈ ਪ੍ਰੋਫਾਈਲ ਕੇਸ ਵੇਖਣਾ ਪਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਟਵਿੱਟਰ ਯੂਜ਼ਰ ਸ਼ਫ਼ਕ ਹਸਨੈਨ ਨੇ ਟਵਿੱਟਰ 'ਤੇ ਨੂਰ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਦਸ ਮਹੀਨੇ ਪਹਿਲਾਂ ਮੈਂ ਆਪਣੀ ਦੋਸਤ ਨੂਰ ਦੇ ਨਾਲ ਇਸਲਾਮਾਬਾਦ ਪ੍ਰੈੱਸ ਕਲੱਬ 'ਤੇ ਖੜ੍ਹੀ ਮੋਟਰਵੇਅ ਰੇਪ ਕੇਸ ਦੀ ਪੀੜਤ ਔਰਤ ਲਈ ਇਨਸਾਫ਼ ਮੰਗ ਰਹੀ ਸੀ ਅਤੇ ਅੱਜ ਮੈਨੂੰ ਇਸੇ ਥਾਂ 'ਤੇ ਨੂਰ ਲਈ ਨਿਆਂ ਮੰਗਣ ਲਈ ਖੜ੍ਹਾ ਹੋਣਾ ਪੈ ਰਿਹਾ ਹੈ।" #JusticeForNoor

ਪਾਕਿਸਤਾਨ ਵਿੱਚ ਇਸ ਕਤਲ ਕਾਂਡ 'ਤੇ ਭਾਰੀ ਰੋਸ ਵਿਚਾਲੇ ਪੁਲਿਸ ਨੇ ਕਿਹਾ ਹੈ ਕਿ ਉਹ ਪੀੜਤਾ ਦੇ ਨਾਲ ਖੜ੍ਹੀ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਵੀ ਹਾਲ ਵਿੱਚ ਨੂਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਐੱਸਐੱਸਪੀ ਅਤਾਉਰ ਰਹਿਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸ਼ੱਕੀ ਬੇਸ਼ੱਕ ਹੀ ਆਪਣਾ ਅਪਰਾਧ ਕਬੂਲ ਨਾ ਕਰੇ, ਪਰ ਪੱਕੇ ਸਬੂਤਾਂ ਦੇ ਆਧਾਰ 'ਤੇ ਪੁਲਿਸ ਦੋਸ਼ੀਆਂ ਨੂੰ ਸਜ਼ਾ ਦੁਆਵੇਗੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)