ਕੁੰਵਰ ਵਿਜੇ ਪ੍ਰਤਾਪ ਦੇ 'ਆਪ' 'ਚ ਸ਼ਾਮਿਲ ਹੋਣ ’ਤੇ ਅਕਾਲੀ ਦਲ ਤੇ ਕਾਂਗਰਸ ਨੇ ਇਹ ਸਵਾਲ ਚੁੱਕੇ

ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੌਰੇ ਉੱਤੇ ਅੰਮ੍ਰਿਤਸਰ ਪਹੁੰਚ ਹੋਏ ਹਨ।

ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿਚ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਹਵਾਈ ਅੱਡੇ ਤੋਂ ਉਹ ਸਿੱਧੇ ਪ੍ਰੈਸ ਕਾਨਫਰੰਸ ਵਿਚ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ।

ਉਨ੍ਹਾਂ ਪੰਜਾਬ ਵਿੱਚ ਪਾਰਟੀ ਦੇ ਸੀਐੱਮ ਚਿਹਰੇ ਤੇ ਗਠਜੋੜ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਮੌਕਾ ਦੇਣ ਦੀ ਅਪੀਲ ਕੀਤੀ

ਇਹ ਵੀ ਪੜ੍ਹੋ-

ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਪਹੁੰਚੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਸਤਰ ਫੇਰੀ ਦੌਰਾਨ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵੀ ਪਹੁੰਚੇ ਜਿੱਥੇ ਉਨ੍ਹਾਂ ਮੱਥਾ ਟੇਕਿਆ।

ਕੁੰਵਰ ਵਿਜੇ ਪ੍ਰਤਾਪ ਆਪ ਵਿਚ ਸ਼ਾਮਲ

ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵੇਲੇ ਕਿਹਾ, “ਮੈਂ ਸਿਆਸਤ ਕਰਨ ਲਈ ਨਹੀਂ ਬਲਕਿ ਪੰਜਾਬ ਦੀ ਰਾਜਨੀਤੀ ਵਿਚ ਸੁਧਾਰ ਕਰਨ ਲਈ ਪਾਰਟੀ ਵਿਚ ਆ ਰਿਹਾ ਹਾਂ। ਪੰਜਾਬ ਵਿਚੋਂ ਨਵੀਂ ਸ਼ੁਰੂਆਤ ਕੀਤੀ ਹੈ।''

''ਪੰਜਾਬ ਵਿਚ ਮਾਫੀਆਂ ਦਾ ਰਾਜ ਹੋ ਗਿਆ, ਨਾ ਪਤਾ ਲੱਗਦਾ ਹੈ ਕੌਣ ਕਿਸ ਦੇ ਨਾਲ ਹੈ, ਇਹ ਸਭ ਰਲ਼ੇ ਹੋਏ ਹਨ।''

ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕਾਂ ਨੂੰ ਕਿਵੇਂ ਮਿਲੇਗਾ। ਮੈਂ ਢਾਈ ਸਾਲ ਮਿਹਨਤ ਕੀਤੀ ਪਰ ਸਰਕਾਰੀ ਵਕੀਲਾਂ ਨੇ ਆਪਣਾ ਰੋਲ ਨਹੀਂ ਨਿਭਾਇਆ।”

ਹਰਸਿਮਰਤ ਦਾ ਨਿਸ਼ਾਨਾ

ਕੁੰਵਰ ਵਿਜੇ ਪ੍ਰਤਾਪ ਦੇ ਆਪ ਵਿੱਚ ਸ਼ਾਮਿਲ ਹੁੰਦਿਆਂ ਹੀ ਹੁਣ ਵਿਰੋਧੀ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ, ''ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਇਹ ਹੁਣ ਸਾਫ਼ ਹੈ ਕਿ ਆਪ ਤੇ ਕਾਂਗਰਸ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਕਿਸ ਤਰ੍ਹਾਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਕਰ ਰਹੀਆਂ ਹਨ।''

''ਦੋਵੇਂ ਪਾਰਟੀਆਂ ਕਦੇ ਵੀ ਬੇਅਬਦੀ ਨਾਲ ਜੁੜੇ ਕੇਸਾਂ ਨੂੰ ਸੁਲਝਾਉਣਾ ਨਹੀਂ ਚਾਹੁੰਦੀਆਂ ਅਤੇ ਇਸ ਸੰਜੀਦਾ ਮਸਲੇ ਉੱਤੇ ਆਪਣੇ ਸਿਆਸੀ ਮੁਫ਼ਾਦ ਲਈ ਸਿਆਸਤ ਖੇਡ ਰਹੀਆਂ ਹਨ।''

ਸਿਆਸਤ ਵਿਚ ਕਿਉਂ ਆਏ ਕੁੰਵਰ

ਆਪਣੇ ਪਿਛੋਕੜਾ ਬਾਰੇ ਗੱਲ ਕਰਦਿਆਂ ਵਿਜੇ ਪ੍ਰਤਾਪ ਨੇ ਕਿਹਾ, “ਮੈਂ ਪਟਨਾ ਸਾਹਿਬ ਤੋਂ ਸਿੱਧਾ ਅੰਮ੍ਰਿਤਸਰ 2002 ਵਿਚ ਆਇਆ ਸੀ ਅਤੇ ਪੁਲਿਸ ਅਫ਼ਸਰ ਵਜੋਂ ਨਹੀਂ ਇੱਕ ਮੈਂਬਰ ਵਜੋਂ।”

“ਮੈਂ ਰਾਜਨੀਤੀ ਕਰਨ ਨਹੀਂ ਬਲਕਿ ਇਸ ਦੀ ਪਰਿਭਾਸ਼ਾ ਬਦਲਣ ਆਇਆ ਹਾਂ। ਦਿੱਲੀ ਵਿੱਚ ਜਿਵੇਂ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੇ ਕੰਮ ਕੀਤਾ ਹੈ, ਉਵੇਂ ਪੰਜਾਬ ਵਿਚ ਕਰਨਾ ਚਾਹੁੰਦਾ ਹਾਂ।”

ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲਾ ਖਿਲਾਫ਼ ਪੋਸਟਰ ਲਗਾਏ ਜਾਣ ਬਾਰੇ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ। ਇਸੇ ਲਈ ਉਨ੍ਹਾਂ ਖ਼ਿਲਾਫ਼ ਪੋਸਟਰਬਾਜ਼ੀ ਕੀਤੀ ਜਾ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਅਗਵਾਈ ਵਿਚ ਪੰਜਾਬ ਦੀ ਭਲਾਈ ਲਈ ਬਹੁਤ ਸਾਰੇ ਲੋਕ ਇਕਜੁਟ ਹੋ ਰਹੇ ਹਨ।

ਅਰਵਿੰਦ ਕੇਜਰੀਵਾਲ ਨੇ ਕੀ ਕਿਹਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ।

ਉਨ੍ਹਾਂ ਕਿਹਾ, “ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਪਾਰਟੀਆਂ ਨੂੰ ਅਣਗਿਣਤ ਮੌਕੇ ਦਿੱਤੇ ਹਨ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ।” ਅਰਵਿੰਦ ਕੇਜਰੀਵਾਲ ਨੇ ਕੁੰਵਰ ਵਿਜੈ ਪ੍ਰਤਾਪ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣਗੇ।

ਕੇਜਰੀਵਾਲ ਨੇ ਕੁੰਵਰ ਵਿਜੈ ਪ੍ਰਤਾਪ ਬਾਰੇ ਕਿਹਾ ਕਿ ਉਨ੍ਹਾਂ ਨੇ ਸਿਸਟਮ ਦੇ ਖ਼ਿਲਾਫ਼ ਸੰਘਰਸ਼ ਕੀਤਾ ਹੈ ਅਤੇ ਸਿਸਟਮ ਵਿੱਚ ਰਹਿ ਕੇ ਜਦੋਂ ਲੱਗਿਆ ਕਿ ਬਦਲਾਅ ਨਹੀਂ ਆਏਗਾ ਤਾਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕੁੰਵਰ ਵਿਜੇ ਪ੍ਰਤਾਪ ਨੇ ਸੰਘਰਸ਼ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਾ ਉਹ ਅਤੇ ਨਾ ਹੀ ਕੁੰਵਰ ਵਿਜੇ ਪ੍ਰਤਾਪ ਰਾਜਨੀਤਕ ਪਰਿਵਾਰਾਂ ਵਿੱਚੋਂ ਆਉਂਦੇ ਹਨ।

ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਕੌਣ

ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਸਵਾਲ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮਾਂ ਆਉਣ ਉੱਤੇ ਸੀਐੱਮ ਦਾ ਚਿਹਰਾ ਐਲਾਨਿਆ ਜਾਵੇਗਾ।

ਉਨ੍ਹਾਂ ਕਿਹਾ, “ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ਵਿਚੋਂ ਹੋਵੇਗਾ ਅਤੇ ਸਮਾਂ ਆਉਣ ਉੱਤੇ ਇਸ ਦਾ ਐਲਾਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਅਜਿਹਾ ਹੋਵੇਗਾ ਜਿਸ ਉੱਤੇ ਸਾਰੇ ਪੰਜਾਬ ਨੂੰ ਮਾਣ ਹੋਵੇਗਾ।”

ਨਵਜੋਤ ਸਿੰਘ ਸਿੱਧੂ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਹਨ। ਆਮ ਆਦਮੀ ਪਾਰਟੀ ਵਿੱਚ ਸਿੱਧੂ ਦੇ ਆਉਣ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਗਠਬੰਧਨ ਬਾਰੇ ਪੁੱਛੇ ਜਾਣ ਤੇ ਘੁਮਾ ਫਿਰਾ ਕੇ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਸਭ ਤੋਂ ਪਹਿਲਾਂ ਉਹ ਮੀਡੀਆ ਨੂੰ ਹੀ ਦੱਸਣਗੇ।

ਅਕਾਲੀ ਦਲ ਨੇ ਦਿਖਾਏ ਕਾਲੇ ਝੰਡੇ

ਇਸੇ ਦੌਰਾਨ ਅਕਾਲੀ ਦਲ ਦੇ ਕੁਝ ਵਰਕਰਾਂ ਨੇ ਕੇਜਰੀਵਾਲ ਦੇ ਕਾਫਲੇ ਵਾਲੇ ਰਾਹ ਉੱਤੇ ਖੜ੍ਹਕੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਅਤੇ ‘ਕੇਜਰੀਵਾਲ ਗੋ ਬੈਕ’ ਦੇ ਨਾਅਰੇ ਲਾਏ।

ਵਿਰੋਧ ਕਰਨ ਪਹੁੰਚੀ ਇੱਕ ਅਕਾਲੀ ਵਰਕਰ ਨੇ ਕਿਹਾ, “ਕੇਜਰੀਵਾਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਮਾਫ਼ੀ ਮੰਗ ਕੇ ਜਾ ਚੁੱਕੇ ਹਨ। ਅਸੀਂ ਉਸ ਨੂੰ ਪੰਜਾਬ ਵਿਚ ਨਹੀਂ ਵੜ੍ਹਨ ਦੇਣਾ।”

ਉਨ੍ਹਾਂ ਇਲਜ਼ਾਮ ਲਾਇਆ ਕਿ ਕੋਰੋਨਾ ਕਾਰਨ ਦਿੱਲੀ ਵਿਚ ਜੋ ਹਾਲਾਤ ਬਣੇ ਹਨ ਉਸ ਲ਼ਈ ਕੇਜਰੀਵਾਲ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)