ਪਾਕਿਸਤਾਨ ਰੇਲ ਹਾਦਸਾ: ‘ਮੰਜ਼ਰ ਦਿਲ ਦਹਿਲਾ ਦੇਣ ਵਾਲਾ ਸੀ, ਲੋਕ ਚੀਖ ਰਹੇ ਸਨ’

    • ਲੇਖਕ, ਸ਼ੁਮਾਈਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ, ਪਾਕਿਸਤਾਨ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਢਰਕੀ ਨੇੜੇ ਸਰ ਸਈਅਦ ਐਕਸਪ੍ਰੈੱਸ ਅਤੇ ਮਿੱਲਤ ਐਕਸਪ੍ਰੈਸ ਵਿੱਚ ਟੱਕਰ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਅਤੇ ਸੈਂਕੜੇ ਦੇ ਕਰੀਬ ਯਾਤਰੀ ਜਖ਼ਮੀ ਹੋ ਗਏ ਹਨ।

ਰੇਡੀਓ ਪਾਕਿਸਤਾਨ ਮੁਤਾਬਕ, ਇਹ ਹਾਦਸਾ ਸੋਮਵਾਰ ਦੀ ਸਵੇਰੇ-ਸਵੇਰੇ ਵਾਪਰਿਆਂ ਅਤੇ ਮਰਨ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ।

ਇਹ ਵੀ ਪੜ੍ਹੋ-

'ਮੰਜ਼ਰ ਦਿਲ ਦਹਿਲਾ ਦੇਣ ਵਾਲਾ ਸੀ'

ਅਬਦੁਰ ਰਹਿਮਾਨ ਫ਼ੈਸਲਾਬਾਦ ਤੋਂ ਰਾਤ 8 ਵਜੇ ਸਰ ਸਈਅਦ ਅਹਿਮਦ ਐਕਸਪ੍ਰੈੱਸ ਵਿੱਚ ਸਵਾਰ ਹੋਏ ਸਨ।

ਉਨ੍ਹਾਂ ਨੇ ਬੀਬੀਸੀ ਪੱਤਰਕਾਰ ਰਿਆਜ਼ ਸੁਹੈਲ ਨੂੰ ਦੱਸਿਆ ਕਿ ਟਰੇਨ 100 ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਉਹ ਜਾਗ ਰਹੇ ਸਨ। ਤਕਰੀਬਨ 3 ਵੱਜ ਕੇ 40 ਮਿੰਟ 'ਤੇ ਜ਼ੋਰਦਾਰ ਝਟਕੇ ਲੱਗੇ, ਡਰਾਈਵਰ ਨੇ ਟਰੇਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਟਕਰਾ ਗਈ।

ਉਨ੍ਹਾਂ ਨੇ ਦੱਸਿਆ ਕਿ ਮਿੱਲਤ ਐਕਸਪ੍ਰੈੱਸ ਦੇ ਕੁਝ ਡੱਬੇ ਟ੍ਰੈਕ ਤੋਂ ਉਤਰ ਗਏ ਅਤੇ ਦੂਜੇ ਟ੍ਰੈਕ ਉੱਤੇ ਆ ਗਏ ਸਨ ਅਤੇ ਟਰੇਨ ਖ਼ੁਦ ਅੱਗੇ ਚਲੀ ਗਈ ਸੀ।

''ਉਸ ਵੇਲੇ ਬਹੁਤ ਹਨੇਰਾ ਸੀ। ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਮੋਟਰ ਸਾਈਕਲਾਂ 'ਤੇ ਪਹੁੰਚਣੇ ਸ਼ੁਰੂ ਹੋਏ। ਉਨ੍ਹਾਂ ਨੇ ਮੋਟਰ ਸਾਈਕਲਾਂ ਅਤੇ ਮੋਬਾਈਲ ਦੀ ਰੌਸ਼ਨੀ ਸਹਾਰੇ ਲੋਕਾਂ ਨੂੰ ਬਾਹਰ ਕੱਢਿਆ। ਪੰਜ ਵਜੇ ਕੇ ਕਰੀਬ ਸੂਰਜ ਦੀ ਰੌਸ਼ਨੀ ਹੋਈ ਤਾਂ ਉਦੋਂ ਤੱਕ ਉੱਥੇ ਐਂਬੂਲੈਂਸ ਅਤੇ ਪੁਲਿਸ ਵੀ ਪਹੁੰਚ ਗਈ ਸੀ।''

ਅਬਦੁਰ ਰਹਿਮਾਨ ਮੁਤਾਬਕ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਸੀ, ਜ਼ਖਮੀਂ ਚੀਖ ਰਹੇ ਸਨ ਅਤੇ ਉਨ੍ਹਾਂ 'ਚ ਇਹ ਸਭ ਦੇਖਣ ਦੀ ਹਿੰਮਤ ਨਹੀਂ ਸੀ।

ਉਨ੍ਹਾਂ ਨੇ ਦੱਸਿਆ, ''ਸਥਾਨਕ ਲੋਕਾਂ ਨੇ ਬਹੁਤ ਮਦਦ ਕੀਤੀ, ਜਿਹੜੇ ਮੁਸਾਫ਼ਰ ਸੁਰੱਖਿਅਤ ਸੀ ਉਨ੍ਹਾਂ ਨੂੰ ਟਰੈਕਟਰ ਟਰਾਲੀਆਂ ਅਤੇ ਮੋਟਰ ਸਾਈਕਲਾਂ 'ਤੇ ਲੈ ਕੇ ਢਰਕੀ ਪਹੁੰਚਾਇਆ।''

ਇਮਰਾਨ ਖ਼ਾਨ ਦਾ ਟਵੀਟ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ, "ਅੱਜ ਸਵੇਰੇ ਘੋਟਕੀ ਵਿੱਚ ਭਿਆਨਕ ਟਰੇਨ ਹਾਦਸਾ ਨਾਲ ਮੈਂ ਦੁਖੀ ਹਾਂ, ਜਿਸ ਵਿੱਚ 30 ਯਾਤਰੀਆਂ ਦੀਆਂ ਮੌਤ ਹੋ ਗਈ।"

"ਰੇਲ ਮੰਤਰੀ ਘਟਨਾ ਵਾਲੀ ਥਾਂ ਨੂੰ ਪਹੁੰਚਣ ਅਤੇ ਜਖ਼ਮੀਆਂ ਨੂੰ ਮੈਡੀਕਲ ਸਹਾਇਤਾ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ ਸਹਾਇਤਾ ਯਕੀਨੀ ਬਣਾਉਣ ਲਈ ਕਿਹਾ ਹੈ। ਰੇਲਵੇ ਸੁਰੱਖਿਆ ਵਿੱਚ ਖ਼ਰਾਬੀ ਦੇ ਵਿਆਪਕ ਜਾਂਚ ਦੇ ਆਦੇਸ਼ ਦਿੱਤੇ ਹਨ।"

ਰਿਪੋਰਟਾਂ ਮੁਤਾਬਕ ਗੰਭੀਰ ਤੌਰ 'ਤੇ ਜਖ਼ਮੀ ਯਾਤਰੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦ ਕਿ ਬੋਗੀਆਂ 'ਚ ਫਸੇ ਹੋਏ ਯਾਤਰੀਆਂ ਨੂੰ ਕੱਢਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਰੇਲਵੇ ਮੁਤਾਬਕ, ਮਿੱਲਤ ਐਕਸਪ੍ਰੈਸ ਕਰਾਚੀ ਤੋਂ ਸਰਗੋਧਾ ਜਾ ਰਹੀ ਸੀ ਅਤੇ ਸੈਯੱਦ ਐਕਸਪ੍ਰੈਸ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸੀ।

ਹਾਦਸੇ ਤੋਂ ਬਾਅਦ ਮਿੱਲਤ ਐਕਸਪ੍ਰੈਸ ਦੀਆਂ 8 ਅਤੇ ਸਰ ਸੈਯਦ ਐਕਸਪ੍ਰੈਸ ਦੇ ਇੰਜਨ ਸਣੇ ਤਿੰਨ ਬੋਗੀਆਂ ਪਟੜੀ ਤੋਂ ਹੇਠਾਂ ਉਤਰ ਗਈਆਂ, ਜਦ ਕਿ ਕੁਝ ਬੋਗੀਆਂ ਖਾਈ ਵਿੱਚ ਡਿੱਗੀਆਂ।

ਇਹ ਹਾਦਸਾ ਘੋਟਕੀ ਦੇ ਨੇੜੇ ਟਹਰਕੀ ਅਤੇ ਰੇਤੀ ਦੇ ਰੇਲਵੇ ਸਟੇਸ਼ਨ ਵਿਚਾਲੇ ਹੋਇਆ ਹੈ। ਇਸ ਘਟਨਾ ਤੋਂ ਬਾਅਦ ਇਸ ਟ੍ਰੈਕ 'ਤੇ ਟਰੇਨਾ ਦੀ ਆਵਾਜਾਈ ਰੋਕ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਘੋਟਕੀ ਉਸਮਾਨ ਅਬਦੁੱਲਾਹ ਨੇ ਜਿਓ ਨਿਊਜ਼ ਨੂੰ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਘੱਟੋ-ਘੱਟੋ 40 ਲੋਕ ਜਖ਼ਮੀ ਹੋਏ ਹਨ, ਜਦ ਕਿ ਐੱਸਐੱਸਪੀ ਘੋਟਕੀ ਮੁਤਾਬਕ ਹੁਣ ਤੱਕ ਘੱਟੋ-ਘੱਟ 30 ਯਾਤਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਹੈ ਕਿ ਰਾਹਤ ਕਾਰਜ ਲਈ ਵੱਡੀ ਮਸ਼ੀਨਰੀ ਦੀ ਲੋੜ ਹੈ ਜੋ ਕਿ ਘਟਨਾ ਸਥਾਨ ਲਈ ਰਵਾਨਾ ਹੋ ਚੁੱਕੀ ਹੈ ਅਤੇ ਛੇਤੀ ਪਹੁੰਚ ਜਾਵੇਗੀ।

ਰਾਹਤ ਅਤੇ ਬਚਾਅ ਕਾਰਜ ਜਾਰੀ

ਆਰਮੀ ਅਤੇ ਰੇਂਜਰ ਟਰੂਪ ਹਾਦਸੇ ਵਾਲੀ ਥਾਂ ਪਹੁੰਚ ਗਏ ਹਨ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਹੋ ਗਿਆ ਹੈ।

ਪੰਨੂ ਅਕੀਲ ਤੋਂ ਚੱਲੀਆਂ ਐਂਬੂੀਲੈਂਸਾਂ ਮਿਲਟਰੀ ਡਾਕਟਰ ਅਤੇ ਪੈਰਾਮੈਡਿਕਸ ਦੇ ਨਾਲ ਹਾਦਸੇ ਵਾਲੀ ਥਾਂ ਪਹੁੰਚ ਗਈਆਂ ਹਨ।

ਰਾਹਤ ਕਾਰਜ ਲਈ ਇੰਜੀਨੀਅਰ ਆਦਿ ਲੋੜੀਂਦਾ ਸਾਮਾਨ ਲੈ ਕੇ ਪਹੁੰਚ ਗਏ ਹਨ। ਆਰਮੀ ਸਪੈਸ਼ਲ ਇੰਜੀਨੀਅਰ ਟੀਮ ਨੂੰ ਰਾਹਤ ਅਤੇ ਬਚਾਅ ਦੇ ਯਤਨਾਂ ਵਿੱਚ ਤੇਜ਼ੀ ਲੈ ਕੇ ਆਉਣ ਲਈ ਰਾਵਲਪਿੰਡੀ ਤੋਂ ਘਟਨਾ ਤੱਕ ਪਹੁੰਚਾਇਆ ਗਿਆ।

2 ਹੈਲੀਕਾਪਟਰ ਮੁਲਤਾਨ ਤੋਂ ਉਡਾਣ ਭਰ ਚੁੱਕੇ ਹਨ ਅਤੇ ਰਾਹਤ ਸਮੱਗਰੀ ਦੀ ਤਿਆਰੀ ਕੀਤੀ ਗਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪਾਕਿਸਤਾਨ ਵਿੱਚ ਹੋਏ ਰੇਲ ਹਾਦਸੇ

ਪਾਕਿਸਤਾਨ ਵਿੱਚ ਪਿਛਲੇ ਸਾਲਾਂ ਵਿੱਚ ਕਈ ਰੇਲ ਹਾਦਸੇ ਹੋਏ ਹਨ ਅਤੇ ਉਨ੍ਹਾਂ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਹਨ।

ਇਸ ਸਾਲ ਮਾਰਚ ਵਿੱਚ ਕਰਾਚੀ ਤੋਂ ਲਾਹੌਰ ਜਾਣ ਵਾਲੀ ਕਰਾਚੀ ਐਕਸਪ੍ਰੈਸ ਰੋਹੜੀ ਦੇ ਨਜ਼ਦੀਕ ਡਿੱਗੀ, 30 ਵਿਅਕਤੀ ਜ਼ਖਮੀ ਹੋ ਗਏ ਅਤੇ ਘੱਟੋ ਘੱਟ ਇਕ ਦੀ ਮੌਤ ਹੋ ਗਈ।

ਪਿਛਲੇ ਸਾਲ ਫਰਵਰੀ ਵਿੱਚ, ਪਾਕਿਸਤਾਨ ਦੇ ਸਿੰਧ ਸੂਬੇ, ਰੋਹੜੀ ਵਿਚ ਪਾਕਿਸਤਾਨ ਐਕਸਪ੍ਰੈਸ ਅਤੇ ਕਰਾਚੀ ਤੋਂ ਲਾਹੌਰ ਜਾ ਰਹੀ ਇਕ ਬੱਸ ਵਿਚਾਲੇ ਹੋਈ ਟੱਕਰ ਵਿਚ ਕਰੀਬ 22 ਲੋਕ ਮਾਰੇ ਗਏ ਸਨ।

ਇਸ ਤੋਂ ਪਹਿਲਾਂ, ਨਵੰਬਰ 2019 ਵਿਚ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ਵਿਚ ਕਰਾਚੀ ਤੋਂ ਰਾਵਲਪਿੰਡੀ ਜਾਣ ਵਾਲੀ ਤੇਜਗਮ ਐਕਸਪ੍ਰੈਸ ਨੂੰ ਲੱਗੀ ਅੱਗ ਵਿਚ ਕਰੀਬ 74 ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)