China: ਚੀਨ ਨੇ ਕਿਉਂ ਬਦਲ ਦਿੱਤੀ 2 ਬੱਚਿਆਂ ਦੀ ਨੀਤੀ ਤੇ ਕਿਉਂ ਦਿੱਤੀ 3 ਬੱਚੇ ਜੰਮਣ ਦੀ ਖੁੱਲ

ਚੀਨ ਨੇ ਐਲਾਨ ਕੀਤਾ ਹੈ ਕਿ ਹੁਣ ਉੱਥੇ ਜੋੜਿਆਂ ਨੂੰ ਤਿੰਨ ਬੱਚਿਆਂ ਤੱਕ ਨੂੰ ਜਨਮ ਦੇਣ ਦੀ ਇਜਾਜ਼ਤ ਹੋਵੇਗੀ, ਇਸ ਦੇ ਨਾਲ ਹੀ ਚੀਨ 'ਚ 2 ਬੱਚਿਆਂ ਦੀ ਸਖ਼ਤ ਨੀਤੀ ਸਮਾਪਤ ਹੋ ਗਈ ਹੈ।

ਚੀਨ ਦੀ ਸਰਕਾਰੀ ਏਜੰਸੀ ਸ਼ਿਨਹੁਆ ਮੁਤਾਬਕ ਇਸ ਬਦਲਾਅ ਉੱਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਨੇ ਮੋਹਰ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਚੀਨ ਨੇ ਇੱਕ ਦਹਾਕੇ 'ਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਦੇਖਿਆ ਕਿ ਉੱਥੇ ਆਬਾਦੀ ਲੰਘੇ ਕਈ ਦਹਾਕਿਆਂ 'ਚ ਪਹਿਲੀ ਵਾਰ ਸਭ ਤੋਂ ਸੁਸਤ ਰਫ਼ਤਾਰ ਨਾਲ ਵਧੀ ਹੈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਚੀਨ ਉੱਤੇ ਦਬਾਅ ਵਧਿਆ ਕਿ ਉਹ ਜੋੜਿਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰੇ ਅਤੇ ਆਬਾਦੀ ਦੀ ਗਿਰਾਵਟ ਨੂੰ ਰੋਕੇ।

ਚੀਨ ਨੇ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਆਬਾਦੀ ਦੇ ਅੰਕੜਿਆਂ ਵਿੱਚ ਦੱਸਿਆ ਸੀ ਕਿ ਲੰਘੇ ਸਾਲ ਦੇਸ਼ ਵਿੱਚ 1.2 ਕਰੋੜ ਬੱਚੇ ਪੈਦਾ ਹੋਏ ਹਨ ਜੋ ਕਿ 2016 ਤੋਂ ਬਾਅਦ ਹੋਈ ਵੱਡੀ ਗਿਰਾਵਟ ਹੈ ਅਤੇ 1960 ਤੋਂ ਬਾਅਦ ਸਭ ਤੋਂ ਘੱਟ ਬੱਚੇ ਪੈਦਾ ਹੋਏ ਹਨ।

2016 ਵਿੱਚ ਚੀਨ 'ਚ 1.8 ਕਰੋੜ ਬੱਚੇ ਪੈਦਾ ਹੋਏ ਸਨ।

ਆਬਾਦੀ ਦੇ ਇਨ੍ਹਾਂ ਅੰਕੜਿਆਂ ਤੋਂ ਬਾਅਦ ਇਹ ਮੰਨਿਆ ਜਾਣ ਲੱਗਿਆ ਸੀ ਕਿ ਚੀਨ ਬੱਚੇ ਪੈਦਾ ਕਰਨ ਦੀ ਪਰਿਵਾਰਿਕ ਨੀਤੀਆਂ ਵਿੱਚ ਜ਼ਰੂਰ ਢਿੱਲ ਦੇਵੇਗਾ।

ਪਰਿਵਾਰ ਭਲਾਈ ਤੇ ਜਬਰਨ ਗਰਭਪਾਤ

2016 ਵਿੱਚ ਚੀਨ ਦੀ ਸਰਕਾਰ ਨੇ ਵਿਵਾਦਤ ਵਨ-ਚਾਈਲਡ ਪੌਲਿਸੀ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਲੋਕਾਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਪਰ ਇਸ ਨਿਯਮ ਵਿੱਚ ਢਿੱਲ ਦੇਣ ਤੋਂ ਬਾਅਦ ਵੀ ਦੇਸ਼ 'ਚ ਜਨਮ ਦਰ ਸ਼ੁਰੂਆਤੀ ਦੋ ਸਾਲਾਂ ਵਿੱਚ ਵਧੀ ਪਰ ਫ਼ਿਰ ਡਿੱਗਣ ਲੱਗੀ।

ਦਿ ਇਕੋਨੌਮਿਸਟ ਇੰਟੈਲੀਜੈਂਸ ਯੂਨਿਟ ਦੀ ਮੁਖੀ ਅਰਥਸ਼ਾਸਤਰੀ ਯੂ ਸੂ ਕਹਿੰਦੇ ਹਨ, ''ਦੂਜੇ ਬੱਚੇ ਦੀ ਨੀਤੀ ਦੇ ਸਕਾਰਾਤਮਕ ਅਸਰ ਜਨਮ ਦਰ ਉੱਤੇ ਪਏ ਪਰ ਇਹ ਬੇਹੱਦ ਘੱਟ ਸਮੇਂ ਲਈ ਸਾਬਤ ਹੋਏ।''

1979 'ਚ ਆਬਾਦੀ ਵਿੱਚ ਵਾਧੇ ਨੂੰ ਸੀਮਤ ਕਰਨ ਦੇ ਮਕਸਦ ਨਾਲ ਚੀਨ ਨੇ ਵਨ-ਚਾਈਲਡ ਪੌਲਿਸੀ ਲਾਗੂ ਕੀਤੀ ਸੀ ਜਿਸ ਕਾਰਨ ਆਬਾਦੀ ਦੇ ਅੰਕੜੇ ਉਸੇ ਹਿਸਾਬ ਨਾਲ ਸਾਹਮਣੇ ਆਉਂਦੇ ਰਹੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੋ ਵੀ ਪਰਿਵਾਰ ਇਸ ਨਿਯਮ ਦੀ ਉਲੰਘਣਾ ਕਰਦੇ ਸਨ ਉਨ੍ਹਾਂ ਉੱਤੇ ਜੁਰਮਾਨਾ, ਰੋਜ਼ਗਾਰ ਜਾਣ ਦਾ ਡਰ ਜਾਂ ਕਦੇ-ਕਦੇ ਜਬਰਨ ਗਰਭਪਾਤ ਦਾ ਸਾਹਮਣਾ ਕਰਨਾ ਪੈਂਦਾ ਸੀ।

ਲਿੰਗ ਅਨਪੁਾਤ 'ਚ ਕਾਫ਼ੀ ਫ਼ਰਕ

ਵਨ-ਚਾਈਲਡ ਪੌਲਿਸੀ ਕਾਰਨ ਦੇਸ਼ ਵਿੱਚ ਭਿਆਨਕ ਰੂਪ ਨਾਲ ਲਿੰਗ ਅਨੁਪਾਤ ਵੀ ਸਾਹਮਣੇ ਆਇਆ ਹੈ। ਇਸ 'ਚ ਉਹ ਇਤਿਹਾਸਿਕ ਸੰਸਕ੍ਰਿਤੀ ਵੀ ਜ਼ਿੰਮੇਵਾਰੀ ਹੈ ਜਿਸ ਤਹਿਤ ਮੁੰਡੇ ਨੂੰ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।

ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਸੋਸ਼ਿਓਲੌਜੀ ਡਿਪਾਰਟਮੈਂਟ ਦੇ ਡਾਕਟਰ ਮੂ ਜੇਂਗ ਕਹਿੰਦੇ ਹਨ, ''ਇਸ ਦੇ ਕਾਰਨ ਵਿਆਹ ਦੇ ਬਾਜ਼ਾਰ ਦੇ ਸਾਹਮਣੇ ਵੀ ਦਿੱਕਤਾਂ ਖੜ੍ਹੀਆਂ ਹੋਈਆਂ। ਖ਼ਾਸ ਤੌਰ 'ਤੇ ਉਨ੍ਹਾਂ ਮਰਦਾਂ ਦੇ ਲਈ ਜਿਨ੍ਹਾਂ ਕੋਲ ਘੱਟ ਸਮਾਜਿਕ-ਆਰਥਿਕ ਸੰਸਾਧਨ ਸਨ।''

ਮਾਹਰਾਂ ਦਾ ਅੰਦਾਜ਼ਾ ਸੀ ਕਿ ਚੀਨ ਦੇ ਨਵੇਂ ਅੰਕੜਿਆਂ ਤੋਂ ਬਾਅਦ ਬੱਚਿਆਂ ਦੇ ਜਨਮ ਉੱਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਲਿਆ ਜਾਵੇਗਾ ਪਰ ਹੁਣ ਲੱਗ ਰਿਹਾ ਹੈ ਕਿ ਚੀਨ ਇਸ 'ਤੇ ਸਾਵਧਾਨੀ ਨਾਲ ਕਦਮ ਅੱਗੇ ਵਧਾ ਰਿਹਾ ਹੈ।

ਕੁਝ ਮਾਹਰਾਂ ਨੇ ਇਸ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਇਸ ਕਦਮ ਕਾਰਨ 'ਹੋਰ ਪਰੇਸ਼ਾਨੀਆਂ' ਦੀ ਵੀ ਸੰਭਾਵਨਾਵਾਂ ਹਨ ਜਿਨ੍ਹਾਂ 'ਚ ਉਨ੍ਹਾਂ ਨੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵਿਚਾਲੇ ਵੱਡੀ ਅਸਾਮਨਤਾ ਵੱਲ ਧਿਆਨ ਦਿਵਾਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬੀਜਿੰਗ ਅਤੇ ਸ਼ੰਘਾਈ ਵਰਗੇ ਮਹਿੰਗੇ ਸ਼ਹਿਰਾਂ ਵਿੱਚ ਰਹਿ ਰਹੀਆਂ ਔਰਤਾਂ ਬੱਚੇ ਪੈਦਾ ਕਰਨ ਵਿੱਚ ਦੇਰੀ ਕਰ ਸਕਦੀਆਂ ਹਨ ਪਰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਰਹਿ ਰਹੇ ਲੋਕ ਪਰੰਪਰਾ ਦਾ ਅਜੇ ਵੀ ਪਾਲਣ ਕਰਨਾ ਚਾਹੁੰਦੇ ਹਨ ਅਤੇ ਵੱਡੇ ਪਰਿਵਾਰ ਚਾਹੁੰਦੇ ਹਨ।

ਨੀਤੀਆਂ ਉੱਤੇ ਨਜ਼ਰ ਰੱਖਣ ਵਾਲੀ ਇੱਕ ਵਿਸ਼ਲੇਸ਼ਕ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਕਿਹਾ, ''ਜੇ ਨੀਤੀ ਵਿੱਚ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਜਾਵੇ ਤਾਂ ਦੇਸ਼ ਦੇ ਪੇਂਡੂ ਹਿੱਸਿਆਂ ਦੇ ਲੋਕ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਬੱਚੇ ਪੈਦਾ ਕਰਨਗੇ ਅਤੇ ਇਸ ਨਾਲ ਹੋਰ ਕਈ ਦਿੱਕਤਾਂ ਪੈਦਾ ਹੋ ਸਕਦੀਆਂ ਹਨ।''

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਨਾਲ ਪਿੰਡਾਂ ਦੇ ਪਰਿਵਾਰਾਂ ਉੱਤੇ ਗ਼ਰੀਬੀ ਅਤੇ ਰੋਜ਼ਗਾਰ ਦਾ ਦਬਾਅ ਵਧੇਗਾ।

ਮਾਹਰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਸਨ ਕਿ ਚੀਨ ਦੀ ਆਬਾਦੀ ਦੀ ਗਿਰਾਵਟ ਦਾ ਅਸਰ ਦੁਨੀਆਂ ਦੇ ਦੂਜੇ ਹਿੱਸਿਆਂ ਉੱਤੇ ਬੁਰੀ ਤਰ੍ਹਾਂ ਪੈ ਸਕਦਾ ਹੈ।

ਵਿਸਕੌਨਸਿਨ-ਮੈਡੀਸਨ ਯੂਨੀਵਰਸਿਟੀ ਦੇ ਵਿਗਿਆਨੀ ਡਾਕਟਰ ਯੀ ਫ਼ੁਕਸਿਯਾਨ ਕਹਿੰਦੇ ਹਨ, ''ਚੀਨ ਦੀ ਅਰਥਵਿਵਸ਼ਥਾ ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਦੁਨੀਆਂ ਦੇ ਜ਼ਿਆਦਾਤਰ ਉਦਯੋਗ ਚੀਨ ਉੱਤੇ ਨਿਰਭਰ ਹੈ। ਆਬਾਦੀ ਵਿੱਚ ਗਿਰਾਵਟ ਦਾ ਅਸਰ ਇਸ ਮਾਮਲੇ ਵਿੱਚ ਬਹੁਤ ਵੱਡਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)