You’re viewing a text-only version of this website that uses less data. View the main version of the website including all images and videos.
ਭਾਰਤ ਵਿੱਚ ਅਰਬਾਂ ਦੇ ਨਿਵੇਸ਼ ਕਰਨ ਦਾ ਇਸ਼ਤਿਹਾਰ ਦੇਣ ਵਾਲੀ ਕੰਪਨੀ ਬਾਰੇ ਬੀਬੀਸੀ ਦੀ ਪੜਤਾਲ ’ਚ ਇਹ ਪਤਾ ਲਗਿਆ
- ਲੇਖਕ, ਕੀਰਤੀ ਦੂਬੇ
- ਰੋਲ, ਬੀਬੀਸੀ ਪੱਤਰਕਾਰ
ਆਰਥਿਕ ਮਾਮਲਿਆਂ 'ਤੇ ਜਾਣਕਾਰੀ ਦੇਣ ਵਾਲੇ ਭਾਰਤ ਦੇ ਸਭ ਤੋਂ ਵੱਡੇ ਅਖ਼ਬਾਰ 'ਦਿ ਇਕੋਨੌਮਿਕ ਟਾਈਮਜ਼' ਅਤੇ ਉੱਘੇ ਅਖ਼ਬਾਰ 'ਟਾਈਮਜ਼ ਆਫ ਇੰਡੀਆ' ਵਿੱਚ ਪਿਛਲੇ ਸੋਮਵਾਰ ਨੂੰ ਪਹਿਲੇ ਪੰਨੇ 'ਤੇ ਛਪਿਆ ਇੱਕ ਗ਼ੈਰ-ਮਾਮੂਲੀ ਇਸ਼ਤਿਹਾਰ ਕਈ ਤਰ੍ਹਾਂ ਨਾਲ ਸਨਸਨੀਖੇਜ਼ ਅਤੇ ਹੈਰਾਨ ਕਰਨ ਵਾਲਾ ਸੀ।
ਇਸ਼ਤਿਹਾਰ ਸਿੱਧੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਸੀ ਜਿਸ ਵਿਚ ਇਸ਼ਤਿਹਾਰ ਦੇਣ ਵਾਲੀ ਕੰਪਨੀ ਨੇ ਕਿਹਾ ਕਿ ਉਹ ਭਾਰਤ ਵਿੱਚ 500 ਅਰਬ ਡਾਲਰ ਦਾ ਨਿਵੇਸ਼ ਕਰਨਾ ਚਾਹੁੰਦੀ ਹੈ। 500 ਅਰਬ ਡਾਲਰ ਯਾਨੀ ਲਗਭਗ 36 ਲੱਖ ਕਰੋੜ ਰੁਪਏ।
ਇਹ ਵੀ ਪੜ੍ਹੋ:
ਇਹ ਰਕਮ ਕਿੰਨੀ ਵੱਡੀ ਹੈ, ਇਸ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਭਾਰਤ ਵਿੱਚ ਪਿਛਲੇ ਸਾਲ ਅਮਰੀਕਾ ਤੋਂ ਕੁੱਲ ਪੂੰਜੀ ਨਿਵੇਸ਼ ਸੱਤ ਅਰਬ ਡਾਲਰ ਸੀ, ਯਾਨੀ ਇੱਕ ਕੰਪਨੀ ਜਿਸ ਦਾ ਨਾਂ ਪਹਿਲਾਂ ਕਦੇ ਨਹੀਂ ਸੁਣਿਆ ਗਿਆ, ਉਹ ਭਾਰਤ ਵਿੱਚ ਕੁੱਲ ਅਮਰੀਕੀ ਨਿਵੇਸ਼ ਤੋਂ 71 ਗੁਣਾ ਵੱਧ ਨਿਵੇਸ਼ ਇਕੱਲੀ ਕਰਨ ਦੀ ਗੱਲ ਕਰ ਰਹੀ ਸੀ।
ਪਹਿਲੇ ਪੰਨੇ 'ਤੇ ਲੱਖਾਂ ਰੁਪਏ ਖ਼ਰਚ ਕਰਕੇ ਇਸ਼ਤਿਹਾਰ ਦੇਣ ਵਾਲੀ ਕੰਪਨੀ ਦਾ ਨਾਂ ਸੀ- 'ਲੈਂਡਮਸ ਰਿਐਲਿਟੀ ਵੈਂਚਰ ਇੰਕ।' ਇਸ ਇਸ਼ਤਿਹਾਰ ਨਾਲ ਲੈਂਡਮਸ ਗਰੁੱਪ ਦੇ ਚੇਅਰਮੈਨ ਪ੍ਰਦੀਪ ਕੁਮਾਰ ਐੱਸ ਦਾ ਨਾਂ ਦਿੱਤਾ ਗਿਆ ਸੀ।
ਬਹੁਤ ਵੱਡੀ ਰਕਮ, ਸਿੱਧੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਅਤੇ ਇਸ਼ਤਿਹਾਰ ਜ਼ਰੀਏ ਨਿਵੇਸ਼ ਦਾ ਪ੍ਰਸਤਾਵ, ਸਭ ਕੁਝ ਅਸਾਧਾਰਨ ਸੀ, ਇਸ ਲਈ ਬੀਬੀਸੀ ਨੇ ਇਸ ਇਸ਼ਤਿਹਾਰ ਨੂੰ ਜਾਰੀ ਕਰਨ ਵਾਲੀ ਕੰਪਨੀ ਬਾਰੇ ਪੜਤਾਲ ਕੀਤੀ।
ਪੜਤਾਲ ਵਿੱਚ ਕੀ ਪਤਾ ਲੱਗਿਆ?
ਬੀਬੀਸੀ ਨੇ ਸਭ ਤੋਂ ਪਹਿਲਾਂ ਕੰਪਨੀ ਦੀ ਵੈੱਬਸਾਈਟ https://landomus.com ਨੂੰ ਚੈੱਕ ਕੀਤਾ। ਸੈਂਕੜੇ ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਦਾਅਵਾ ਕਰਨ ਵਾਲੀ ਇਸ ਇੱਕ ਪੰਨੇ ਦੀ ਵੈੱਬਸਾਈਟ 'ਤੇ ਉਹੀ ਗੱਲਾਂ ਲਿਖੀਆਂ ਹੋਈਆਂ ਸਨ ਜੋ ਕੰਪਨੀ ਨੇ ਆਪਣੇ ਇਸ਼ਤਿਹਾਰ ਵਿੱਚ ਲਿਖੀਆਂ ਸਨ।
ਆਮ ਤੌਰ 'ਤੇ ਮਾਮੂਲੀ ਕੰਪਨੀਆਂ ਦੀਆਂ ਵੈੱਬਸਾਈਟਾਂ 'ਤੇ ਵੀ 'ਅਬਾਊਟ ਅਸ' ਅਤੇ ਕੰਪਨੀ ਦੇ ਕੰਮਕਾਜ ਦਾ ਪੂਰਾ ਬਿਓਰਾ ਹੁੰਦਾ ਹੈ, ਨਾਲ ਹੀ ਕੰਪਨੀ ਕਿਹੜੇ ਖੇਤਰਾਂ ਵਿੱਚ ਸਰਗਰਮ ਹੈ, ਉਸ ਦਾ ਪਿਛਲੇ ਸਾਲਾਂ ਦਾ ਪ੍ਰਦਰਸ਼ਨ ਕਿਵੇਂ ਦਾ ਰਿਹਾ ਹੈ, ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ।
ਨਿਊ ਜਰਸੀ ਦੀਆਂ ਗਗਨਚੁੰਬੀ ਇਮਾਰਤਾਂ ਦੀ ਤਸਵੀਰ ਨੂੰ ਆਪਣਾ ਕਵਰ ਇਮੇਜ ਬਣਾਉਣ ਵਾਲੀ ਇਸ ਵੈੱਬਸਾਈਟ 'ਤੇ ਟੀਮ ਦੇ ਨਾਂ 'ਤੇ ਕੁੱਲ 10 ਲੋਕਾਂ ਦੀ ਤਸਵੀਰ, ਨਾਂ ਅਤੇ ਪਤੇ ਤਾਂ ਲਿਖੇ ਹਨ, ਪਰ ਉਨ੍ਹਾਂ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸਾਈਟ ਮੁਤਾਬਿਕ ਕੰਪਨੀ ਦੇ ਡਾਇਰੈਕਟਰ ਅਤੇ ਐਡਵਾਈਜ਼ਰ ਦੇ ਨਾਂ ਹਨ-ਪ੍ਰਦੀਪ ਕੁਮਾਰ ਸੱਤਪ੍ਰਕਾਸ਼ (ਚੇਅਰਮੈਨ, ਸੀਈਓ), ਮਮਤਾ ਐੱਚਐੱਨ (ਡਾਇਰੈਕਟਰ), ਯਸ਼ਹਾਸ ਪ੍ਰਦੀਪ (ਡਾਇਰੈਕਟਰ), ਰਕਸ਼ਿਤ ਗੰਗਾਧਰ (ਡਾਇਰੈਕਟਰ) ਅਤੇ ਗੁਨਾਸ਼੍ਰੀ ਪ੍ਰਦੀਪ ਕੁਮਾਰ।
ਐਡਵਾਈਜ਼ਰਾਂ ਦੇ ਨਾਂ ਹਨ ਪਾਮੇਲਾ ਕਿਓ, ਪ੍ਰਵੀਣ ਆਸਕਰ ਸ਼੍ਰੀ, ਪ੍ਰਵੀਨ ਮੁਰਲੀਧਰਨ, ਏਵੀਵੀ ਭਾਸਕਰ ਅਤੇ ਨਵੀਨ ਸੱਜਨ।
ਕੰਪਨੀ ਦੀ ਵੈੱਬਸਾਈਟ 'ਤੇ ਨਿਊ ਜਰਸੀ, ਅਮਰੀਕਾ ਦਾ ਇੱਕ ਪਤਾ ਦਿੱਤਾ ਗਿਆ ਹੈ, ਪਰ ਕੋਈ ਫੋਨ ਨੰਬਰ ਨਹੀਂ ਦਿੱਤਾ ਗਿਆ ।
ਇੱਕ ਅਜੀਬ ਗੱਲ ਇਹ ਵੀ ਹੈ ਕਿ ਇਸ ਦੀ ਵੈੱਬਸਾਈਟ 'ਤੇ ਕੰਪਨੀ ਦੇ ਕਿਸੇ ਪੁਰਾਣੇ ਪ੍ਰੋਜੈਕਟ ਜਾਂ ਵਿਜ਼ਨ, ਜੋ ਆਮ ਤੌਰ 'ਤੇ ਕੰਪਨੀਆਂ ਦੀ ਵੈੱਬਸਾਈਟ 'ਤੇ ਦਿਖਦਾ ਹੈ, ਅਜਿਹੀ ਕੋਈ ਜਾਣਕਾਰੀ ਨਹੀਂ ਹੈ।
ਪਤਾ ਤਾਂ ਹੈ, ਪਰ ਦਫ਼ਤਰ ਨਹੀਂ
ਇਕਲੌਤੀ ਅਹਿਮ ਜਾਣਕਾਰੀ ਜੋ ਇਸ ਵੈੱਬਸਾਈਟ 'ਤੇ ਦਿੱਤੀ ਗਈ ਹੈ, ਉਹ ਸੀ ਅਮਰੀਕਾ ਦੇ ਨਿਊ ਜਰਸੀ ਸੂਬੇ ਦਾ ਪਤਾ-ਲੈਂਡਮਸ ਰਿਐਲਿਟੀ ਵੈਂਚਰ ਇੰਕ, 6453, ਰਿਵਰਸਾਈਡ ਸਟੇਸ਼ਨ ਬੁਲੇਵਰਡ, ਸਕਾਕਸ, ਨਿਊ ਜਰਸੀ 07094,ਅਮਰੀਕਾ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਲੀਮ ਰਿਜ਼ਵੀ ਇਸ ਪਤੇ 'ਤੇ ਪਹੁੰਚੇ ਅਤੇ ਦੇਖਿਆ ਕਿ ਇਸ ਪਤੇ 'ਤੇ ਇੱਕ ਰਿਹਾਇਸ਼ੀ ਬਿਲਡਿੰਗ ਸੀ, ਇੱਥੇਂ ਲੈਂਡਮਸ ਰਿਐਲਿਟੀ ਜਾਂ ਕਿਸੇ ਵੀ ਕੰਪਨੀ ਦਾ ਕੋਈ ਦਫ਼ਤਰ ਨਹੀਂ ਸੀ।
ਬੀਬੀਸੀ ਨੇ ਇਸ ਬਿਲਡਿੰਗ ਦਾ ਡੇਟਾ ਰੱਖਣ ਵਾਲੀ ਮਹਿਲਾ ਕਰਮਚਾਰੀ ਨੂੰ ਵੀ ਪੁੱਛਿਆ ਕਿ ਕੀ ਇਸ ਪਤੇ 'ਤੇ ਲੈਂਡਮਸ ਰਿਐਲਿਟੀ ਨਾਂ ਦਾ ਕੋਈ ਦਫ਼ਤਰ ਰਜਿਸਟਰਡ ਹੈ ਜਾਂ ਅਤੀਤ ਵਿੱਚ ਕਦੇ ਵੀ ਰਿਹਾ ਹੈ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਕਿ ਇੱਥੇ ਕੋਈ ਦਫ਼ਤਰ ਕਦੇ ਨਹੀਂ ਰਿਹਾ ਹੈ।
ਹਾਲਾਂਕਿ ਪ੍ਰਾਈਵੇਸੀ ਕਾਰਨਾਂ ਕਰਕੇ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਪਤੇ 'ਤੇ ਕੌਣ ਰਹਿ ਰਿਹਾ ਹੈ ਅਤੇ ਉਨ੍ਹਾਂ ਦਾ ਨਾਂ ਕੀ ਹੈ।
ਇੱਥੇ ਇੱਕ ਗੱਲ ਜੋ ਸਾਫ਼ ਹੋ ਗਈ ਕਿ ਨਿਊ ਜਰਸੀ ਦੇ ਜਿਸ ਪਤੇ ਦਾ ਲੈਂਡਮਸ ਰਿਐਲਿਟੀ ਵੈਂਚਰ ਨੇ ਆਪਣੀ ਵੈੱਬਸਾਈਟ 'ਤੇ ਇਸਤੇਮਾਲ ਕੀਤਾ ਹੈ, ਉੱਥੇ ਉਸ ਦਾ ਕੋਈ ਦਫ਼ਤਰ ਨਹੀਂ ਹੈ।
ਬੀਬੀਸੀ ਨੇ ਵੈੱਬਸਾਈਟ 'ਤੇ ਦਿੱਤੇ ਗਏ ਈਮੇਲ ਅਡਰੈੱਸ 'ਤੇ ਸਵਾਲਾਂ ਦੀ ਇੱਕ ਲਿਸਟ ਲੈਂਡਮਸ ਰਿਐਲਿਟੀ ਵੈਂਬਰ ਦੇ ਨਾਂ ਨਾਲ ਭੇਜੀ ਸੀ, ਜਿਸ ਦਾ ਕੰਪਨੀ ਦੇ ਸੀਈਓ ਪ੍ਰਦੀਪ ਕੁਮਾਰ ਸੱਤਪ੍ਰਕਾਸ਼ ਨੇ ਇੱਕ ਬਹੁਤ ਛੋਟਾ ਜਿਹਾ ਜਵਾਬ ਦਿੱਤਾ ਹੈ।
ਆਪਣੇ ਜਵਾਬ ਵਿੱਚ ਪ੍ਰਦੀਪ ਕੁਮਾਰ ਸੱਤਪ੍ਰਕਾਸ਼ ਨੇ ਲਿਖਿਆ ਹੈ, ''ਅਸੀਂ ਭਾਰਤ ਸਰਕਾਰ ਨੂੰ ਆਪਣੇ ਵਿਵਰਣ ਭੇਜੇ ਹਨ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ। ਜਦੋਂ ਸਾਨੂੰ ਜਵਾਬ ਮਿਲੇਗਾ ਤਾਂ ਅਸੀਂ ਪੂਰਾ ਵਿਵਰਣ ਤੁਹਾਨੂੰ ਫਾਰਵਰਡ ਕਰਾਂਗੇ ਅਤੇ ਸਾਰੀ ਜਾਣਕਾਰੀ ਵੀ ਜਨਤਕ ਕਰਾਂਗੇ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਭਾਰਤ ਸਰਕਾਰ ਨੇ ਇੰਨੇ ਵੱਡੇ ਪੂੰਜੀ ਨਿਵੇਸ਼ ਦੇ ਇਸ ਜਨਤਕ ਪ੍ਰਸਤਾਵ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰੀ ਐਲਾਨ ਜਾਂ ਟਿੱਪਣੀ ਆਈ ਹੈ।
ਕੰਪਨੀ ਦੇ ਦਫ਼ਤਰ ਦੇ ਪਤੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੰਪਨੀ ਦੇ ਸੀਈਓ ਨੇ ਲਿਖਿਆ ਹੈ, ''ਤੁਹਾਡੀ ਜਾਣਕਾਰੀ ਲਈ, ਮੈਂ ਅਮਰੀਕਾ ਦੇ ਨਿਊ ਜਰਸੀ ਵਿੱਚ ਕਿਰਾਏ 'ਤੇ ਇੱਕ ਘਰ ਲਿਆ ਹੈ।''
ਸੈਂਕੜੇ ਅਰਬ ਡਾਲਰ ਦਾ ਪੂੰਜੀ ਨਿਵੇਸ਼ ਕਰਨ ਦਾ ਪ੍ਰਸਤਾਵ ਰੱਖਣ ਵਾਲੀ ਕੰਪਨੀ ਦਾ ਆਪਣਾ ਕੋਈ ਦਫ਼ਤਰ ਨਹੀਂ ਹੈ ਅਤੇ ਉਹ ਇੱਕ ਰਿਹਾਇਸ਼ੀ ਪਤੇ ਨੂੰ ਆਪਣੇ ਕੰਪਨੀ ਦੇ ਦਫ਼ਤਰ ਦਾ ਪਤਾ ਦੱਸ ਰਹੀ ਹੈ, ਇਹ ਕਾਫ਼ੀ ਅਸਾਧਾਰਨ ਗੱਲ ਹੈ।
ਬੈਲੇਂਸ ਸ਼ੀਟ ਅਪਡੇਟ ਨਹੀਂ
ਕੰਪਨੀ ਦੀ ਵੈੱਬਸਾਈਟ ਬਾਰੇ ਜਦੋਂ ਅਸੀਂ ਹੋਰ ਖੰਗਾਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਇਸ ਵੈੱਬਸਾਈਟ ਨੂੰ ਸਤੰਬਰ 2015 ਨੂੰ ਕਰਨਾਟਕ ਵਿੱਚ ਬਣਾਇਆ ਗਿਆ ਹੈ ਅਤੇ ਆਰਗੇਨਾਈਜੇਸ਼ਨ ਦੇ ਨਾਂ 'ਤੇ ਯੂਨਾਈਟਿਡ ਲੈਂਡ ਬੈਂਕ ਦਾ ਨਾਂ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਲੈਂਡਮਸ ਰਿਐਲਿਟੀ ਵੈਂਚਰ ਬਾਰੇ ਹੋਰ ਖੋਜਣਾ ਸ਼ੁਰੂ ਕੀਤਾ ਤਾਂ ਕਾਰਪੋਰੇਟ ਮੰਤਰਾਲੇ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਕਿ ਜੁਲਾਈ 2015 ਵਿੱਚ ਲੈਂਡਮਸ ਰਿਐਲਿਟੀ ਵੈਂਚਰ ਪ੍ਰਾਈਵੇਟ ਲਿਮਟਿਡ ਨਾਂ ਤੋਂ ਇੱਕ ਕੰਪਨੀ ਬੰਗਲੁਰੂ ਵਿੱਚ ਰਜਿਸਟਰ ਕੀਤੀ ਗਈ ਸੀ।
ਇਸ ਦਾ ਪੇਡਅਪ ਕੈਪੀਟਲ ਇੱਕ ਲੱਖ ਰੁਪਏ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਕਿੰਨੀ ਵੱਡੀ ਹੈ ਅਤੇ ਉਸ ਕੋਲ ਕਿੰਨੇ ਸਰੋਤ ਹਨ।
ਸਤੰਬਰ 2018 ਵਿੱਚ ਕੰਪਨੀ ਦੀ ਆਖਰੀ ਸਾਲਾਨਾ ਆਮ ਮੀਟਿੰਗ ਹੋਈ ਸੀ ਅਤੇ ਕਾਰਪੋਰੇਟ ਕਾਰਜ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ 31 ਮਾਰਚ, 2018 ਤੋਂ ਬਾਅਦ ਇਸ ਕੰਪਨੀ ਨੇ ਆਪਣੀ ਬੈਲੇਂਸ ਸ਼ੀਟ ਅਪਡੇਟ ਨਹੀਂ ਕੀਤੀ ਹੈ।
ਭਾਰਤ ਵਿੱਚ ਵੀ ਦਫ਼ਤਰ ਨਹੀਂ
ਕੰਪਨੀ ਦੇ ਕਾਗਜ਼ਾਂ ਤੋਂ ਬੰਗਲੁਰੂ ਦਾ ਇੱਕ ਪਤਾ ਮਿਲਿਆ ਜਿਸ ਨੂੰ ਲੈਂਡਮਸ ਰਿਐਲਿਟੀ ਵੈਂਚਰ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਪਤਾ ਦੱਸਿਆ ਗਿਆ ਸੀ।
ਇਹ ਪਤਾ ਸੀ ਐੱਸ-415, ਚੌਥੀ ਮੰਜ਼ਿਲ, ਮਨੀਪਾਲ ਸੈਂਟਰ, ਡਿਕਸਨ ਰੋਡ, ਬੰਗਲੁਰੂ।
ਇਸ ਪਤੇ 'ਤੇ ਪਹੁੰਚੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਨੇ ਦੇਖਿਆ ਕਿ ਚੌਥੀ ਮੰਜ਼ਿਲ 'ਤੇ ਐੱਸ-415 ਵਿੱਚ ਲੈਂਡਮਸ ਰਿਐਲਿਟੀ ਵੈਂਚਰ ਦਾ ਦਫ਼ਤਰ ਨਹੀਂ ਹੈ ਅਤੇ ਇਸ ਦੀ ਜਗ੍ਹਾ ਉੱਥੇ ਇੱਕ ਟੈੱਕ ਕੰਪਨੀ ਦਾ ਦਫ਼ਤਰ ਹੈ। ਇੱਥੋਂ ਤੱਕ ਕਿ ਪੂਰੀ ਚੌਥੀ ਮੰਜ਼ਿਲ 'ਤੇ ਕਿਧਰੇ ਵੀ ਸਾਨੂੰ ਲੈਂਡਮਸ ਰਿਐਲਿਟੀ ਦਾ ਦਫ਼ਤਰ ਨਹੀਂ ਮਿਲਿਆ।
ਯਾਨੀ ਦੋਵੇਂ ਹੀ ਲੋਕੇਸ਼ਨ ਬੰਗਲੁਰੂ ਅਤੇ ਨਿਊ ਜਰਸੀ ਵਿੱਚੋਂ ਕਿਧਰੇ ਵੀ ਲੈਂਡਮਸ ਰਿਐਲਿਟੀ ਵੈਂਚਰ ਦਾ ਦਫ਼ਤਰ ਹੈ ਹੀ ਨਹੀਂ। ਇਸ ਦੇ ਬਾਅਦ ਅਸੀਂ ਕੰਪਨੀ ਦੀ ਵੈੱਬਸਾਈਟ 'ਤੇ ਜਿਨ੍ਹਾਂ ਲੋਕਾਂ ਦੇ ਨਾਂ ਦਰਜ ਸਨ, ਉਨ੍ਹਾਂ ਬਾਰੇ ਖੋਜ ਸ਼ੁਰੂ ਕੀਤੀ।
ਜਿਨ੍ਹਾਂ 10 ਮੈਂਬਰਾਂ ਦੇ ਨਾਂ ਅਤੇ ਤਸਵੀਰਾਂ ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਇੱਕ ਗੈਰ ਭਾਰਤੀ ਔਰਤ ਨੂੰ ਕੰਪਨੀ ਦਾ ਐਡਵਾਈਜ਼ਰ ਦੱਸਿਆ ਗਿਆ ਹੈ ਜਿਸ ਦਾ ਨਾਂ ਹੈ ਪਾਮੇਲਾ ਕਿਓ।
ਇਸ ਨਾਂ ਨੂੰ ਸਰਚ ਕਰਦੇ ਹੋਏ ਅਸੀਂ ਇੱਕ ਲਿੰਕਡਇਨ ਪ੍ਰੋਫਾਇਲ 'ਤੇ ਪਹੁੰਚੇ। ਇਹ ਪ੍ਰੋਫਾਇਲ ਪਾਮ ਕਿਓ ਨਾਂ ਦੀ ਔਰਤ ਦੀ ਹੈ ਜੋ ਅਮਰੀਕਾ ਦੇ ਕਨੈਕਿਟਕਟ ਸਥਿਤ 'ਮੇਕ ਏ ਵਿਸ਼ ਫਾਊਂਡੇਸ਼ਨ'ਦੀ ਚੇਅਰਪਰਸਨ ਅਤੇ ਸੀਈਓ ਹੈ। ਇਸ ਔਰਤ ਦਾ ਨਾਂ ਅਤੇ ਤਸਵੀਰ ਲਗਭਗ ਹੂਬਹੂ ਲੈਂਡਮਸ ਰਿਐਲਿਟੀ ਦੀ ਵੈੱਬਸਾਈਟ 'ਤੇ ਬਤੌਰ ਐਡਵਾਈਜ਼ਰ ਲਿਸਟੇਡ ਪਾਮੇਲਾ ਕਿਓ ਨਾਲ ਮਿਲਦੀ ਹੈ।
ਅਸੀਂ ਪਾਮ ਕਿਓ ਨੂੰ ਇਸ ਸਬੰਧੀ ਇੱਕ ਮੇਲ ਜ਼ਰੀਏ ਸੰਪਰਕ ਕੀਤਾ, ਪਰ ਹੁਣ ਤੱਕ ਸਾਨੂੰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਜਵਾਬ ਮਿਲਦੇ ਹੀ ਇਸ ਰਿਪੋਰਟ ਨੂੰ ਅਪਡੇਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਾਨੂੰ ਕੁੱਲ 10 ਲੋਕਾਂ ਵਿੱਚੋਂ ਲੈਂਡਸਮ ਰਿਐਲਿਟੀ ਦੇ ਦੋ ਡਾਇਰੈਕਟਰ ਰਕਸ਼ਿਤ ਗੰਗਾਧਰ ਅਤੇ ਗੁਨਾਸ਼੍ਰੀ ਪ੍ਰਦੀਪ ਦਾ ਲਿੰਕਡਇਨ ਪ੍ਰੋਫਾਇਲ ਮਿਲਿਆ, ਪਰ ਇਸ ਪ੍ਰੋਫਾਇਲ 'ਤੇ ਲੰਬੇ ਸਮੇਂ ਤੋਂ ਕੁਝ ਵੀ ਪੋਸਟ ਨਹੀਂ ਹੋਇਆ ਹੈ। ਅਜਿਹਾ ਲੱਗਦਾ ਹੈ ਜਿਵੇਂ ਇਸ ਪ੍ਰੋਫਾਇਲ ਨੂੰ ਕਦੇ ਵਰਤਿਆ ਹੀ ਨਹੀਂ ਗਿਆ।
ਟਵਿੱਟਰ 'ਤੇ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਨੇ ਇਸ ਇਸ਼ਤਿਹਾਰ ਨੂੰ 'ਮਜ਼ਾਕ'ਅਤੇ 'ਸ਼ਰਾਰਤ' ਦੱਸਿਆ ਹੈ, ਕੁਝ ਲੋਕਾਂ ਨੇ ਇਸ਼ਤਿਹਾਰ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: