ਯੂਕੇ ਵਿੱਚ ਕੁਝ ਲੋਕ ਰਾਜਸ਼ਾਹੀ ਉੱਤੇ ਸਵਾਲ ਕਿਉਂ ਖੜ੍ਹੇ ਕਰਦੇ ਹਨ

ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੇਥ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੈਥ
    • ਲੇਖਕ, ਹੈਰੀਏਟ ਓਰੈਲ
    • ਰੋਲ, ਬੀਬੀਸੀ ਵਰਲਡ ਸਰਵਿਸ

ਪ੍ਰਿੰਸ ਫ਼ਿਲਿਪ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਾਹੀ ਪਰਿਵਾਰ ਪ੍ਰਤੀ ਹਮਦਰਦੀ ਵੀ ਜ਼ਾਹਰ ਕੀਤੀ ਗਈ।

ਪ੍ਰਿੰਸ ਫ਼ਿਲਿਪ ਦਾ 9 ਅਪ੍ਰੈਲ, 2021 ਨੂੰ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਯੂਕੇ ਦੇ ਕਈ ਲੋਕਾਂ ਨੂੰ ਇਸ ਸੋਗ ਵਿੱਚ ਡੁੱਬੇ ਪਰਿਵਾਰ ਨਾਲ ਹਮਦਰਦੀ ਹੈ ਪਰ ਉੱਥੇ ਅਜਿਹੇ ਲੋਕ ਵੀ ਹਨ ਜੋ ਯੂਕੇ ਵਿੱਚ ਰਾਜਾਸ਼ਾਹੀ ਨੂੰ ਪਸੰਦ ਨਹੀਂ ਕਰਦੇ।

ਇਹ ਬਾਰੇ ਪੁੱਛੇ ਜਾਣ 'ਤੇ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹ ਸ਼ਾਹੀ ਪਰਿਵਾਰ ਦੀਆਂ ਰਵਾਇਤਾਂ ਅਤੇ ਪ੍ਰਤੀਕਵਾਦ ਨੂੰ ਹੁਣ ਵੀ ਅਹਿਮੀਅਤ ਦਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਜਾਣ ਦਾ ਦੁੱਖ ਹੋਵੇਗਾ।

ਪਰ ਅਜਿਹੇ ਲੋਕਾਂ ਦਾ ਵੀ ਚੰਗਾ ਅਨੁਪਾਤ ਸੀ ਜਿਨ੍ਹਾਂ ਨੇ ਦੱਸਿਆ ਕਿ ਉਹ ਸੰਵਿਧਾਨਕ ਸੁਧਾਰ ਦੇਖਣਾ ਪਸੰਦ ਕਰਨਗੇ ਜਿਸ ਵਿੱਚ ਦੇਸ ਦਾ ਮੁਖੀ ਚੁਣਿਆ ਜਾਵੇ।

ਇਹ ਵੀ ਪੜ੍ਹੋ:

ਪਿਛਲੇ ਮਹੀਨੇ YouGov ਵੱਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਯੂਕੇ ਦੇ 63 ਫ਼ੀਸਦ ਲੋਕਾਂ ਨੇ ਮੰਨਿਆ ਸੀ ਕਿ ਭਵਿੱਖ ਵਿੱਚ ਵੀ ਰਾਜਾਸ਼ਾਹੀ ਬਣੀ ਰਹਿਣੀ ਚਾਹੀਦੀ ਹੈ। ਜਦੋਂਕਿ ਚਾਰ ਵਿੱਚੋਂ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਉਹ ਦੇਸ ਵਿੱਚ ਚੁਣਿਆ ਹੋਇਆ ਮੁਖੀ ਦੇਖਣਾ ਪਸੰਦ ਕਰਨਗੇ ਅਤੇ 10 ਫ਼ੀਸਦ ਲੋਕ ਕੋਈ ਫ਼ੈਸਲਾ ਨਾ ਲੈ ਸਕੇ।

ਸ਼ਾਹੀ ਪਰਿਵਾਰ

ਤਸਵੀਰ ਸਰੋਤ, PA Media

ਮੌਜੂਦਾ ਦੌਰ ਵਿੱਚ 94 ਸਾਲਾ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਅਗਵਾਈ ਵਿੱਚ ਬਰਤਾਨਵੀ ਰਾਜਸ਼ਾਹੀ ਤਕਰੀਬਨ 1,000 ਸਾਲਾਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਸਨ ਕਰ ਰਹੀ ਹੈ। (ਇੰਗਲੈਂਡ ਵਿੱਚ ਹੋਏ ਗ੍ਰਹਿਯੁੱਧ ਤੋਂ ਬਾਅਦ 1600 ਦੇ ਦਹਾਕੇ ਵਿੱਚ ਪੰਜ ਸਾਲ ਦੇ ਸਮੇਂ ਨੂੰ ਛੱਡ ਕੇ)।

ਮਹਾਰਾਣੀ ਦੇ ਕਈ ਸੰਵਿਧਾਨਿਕ ਫ਼ਰਜ ਹਨ, ਜਿੰਨਾਂ ਵਿੱਚ ਕਾਨੂੰਨਾਂ 'ਤੇ ਦਸਤਖ਼ਤ ਕਰਨਾ, ਪ੍ਰਧਾਨ ਮੰਤਰੀ ਨਿਯੁਕਤ ਕਰਨਾ ਅਤੇ ਸੰਸਦ ਦਾ ਸੈਸ਼ਨ ਸ਼ੁਰੂ ਕਰਨਾ ਸ਼ਾਮਿਲ ਹੈ। ਸਮੇਂ ਦੇ ਨਾਲ ਬਹੁਤ ਸਾਰੀਆਂ ਤਾਕਤਾਂ ਸੌਂਪ ਦਿੱਤੀਆਂ ਗਈਆਂ ਹਨ।

'ਸਮਾਂ ਬਦਲ ਗਿਆ ਹੈ'

ਡਰਬੀ ਤੋਂ ਇੱਕ ਯੂਨੀਵਰਸਿਟੀ ਐਡਮਨਿਸਟ੍ਰੇਟਰ ਕਸਰਟਨ ਜੌਨਸਨ ਕਹਿੰਦੇ ਹਨ, "ਮੈਨੂੰ ਨਿੱਜੀ ਤੌਰ 'ਤੇ ਲੱਗਦਾ ਹੈ ਕਿ ਹੁਣ ਸਾਨੂੰ ਰਾਜਾਸ਼ਾਹੀ ਦੀ ਲੋੜ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਰਾਜਾਸ਼ਾਹੀ ਹੋਣ ਦਾ ਮੰਤਵ ਕੀ ਹੈ। ਇਹ ਬਸਤੀਵਾਦ ਦਾ ਬਚਿਆ ਹੋਇਆ ਹਿੱਸਾ ਹੈ ਅਤੇ ਹੁਣ ਸਮਾਂ ਬਹੁਤ ਬਦਲ ਗਿਆ ਹੈ।"

"ਜੇ ਤੁਸੀਂ ਉਸ ਸਮੇਂ ਬਾਰੇ ਸੋਚੋ ਜਦੋਂ ਰਾਜਕੁਮਾਰੀ ਐਲਿਜ਼ਾਬੈਥ ਮਹਾਰਾਣੀ ਬਣੀ ਸੀ ਤੇ ਦੂਜਾ ਮਹਾਂਯੁੱਧ ਖ਼ਤਮ ਹੋਏ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਤੇ ਕਾਮਨੈਲਥ ਦੀ ਉਸ ਸਮੇਂ ਬਹੁਤ ਵੱਖਰੀ ਸਥਿਤੀ ਸੀ। ਉਸ ਸਮੇਂ ਸਾਮਰਾਜ ਅੱਜ ਨਾਲੋਂ ਕਿਤੇ ਵੱਖਰਾ ਸੀ।"

"ਹੁਣ ਸਾਡੇ ਕੋਲ ਚੁਣੇ ਹੋਏ ਅਧਿਕਾਰੀ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਰਾਜਾਸ਼ਾਹੀ ਦੀ ਲੋੜ ਹੈ। ਸਿਧਾਂਤਿਕ ਤੌਰ 'ਤੇ ਹਰ ਚੀਜ਼ 'ਤੇ ਮਹਾਰਾਣੀ ਦੇ ਦਸਤਾਖ਼ਤ ਹੁੰਦੇ ਹਨ ਪਰ ਅਸਲ ਵਿੱਚ ਉਹ ਸ਼ਕਤੀਹੀਣ ਅਧਿਕਾਰੀ ਹੈ ਜੋ ਬਹੁਤ ਮਹਿੰਗਾ ਪੈਂਦਾ ਹੈ।"

ਕਰਸਸਟਨ ਜੌਨਸਨ

ਤਸਵੀਰ ਸਰੋਤ, Kirsten Johnson

ਤਸਵੀਰ ਕੈਪਸ਼ਨ, ਕਰਸਟਨ ਜੌਨਸਨ

ਰਾਇਲ ਹਾਊਸਹੋਲਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2020 ਵਿੱਚ ਯੂਕੇ ਦੇ ਕਰ ਭੁਗਤਾਨ ਕਰਨ ਵਾਲਿਆਂ 'ਤੇ ਸ਼ਾਹੀ ਪਰਿਵਾਰ ਦੀ ਲਾਗਤ 6 ਕਰੋੜ 99 ਲੱਖ ਯੂਰੋ (6 ਅਰਬ, 28 ਕਰੋੜ ਰੁਪਏ) ਆਈ ਸੀ। ਰਿਕਾਰਡ ਵਿੱਚ ਮੌਜੂਦ ਇਹ ਸਭ ਤੋਂ ਵੱਡੇ ਅੰਕੜੇ ਹਨ।

ਇਸ ਪੈਸੇ ਨੂੰ ਸੋਵਰੇਨ ਗ੍ਰਾਂਟ (ਸਮਪ੍ਰਭੂਤਾ ਅਨੁਦਾਨ) ਕਿਹਾ ਜਾਂਦਾ ਹੈ ਅਤੇ ਇਸਦਾ ਇਸਤੇਮਾਲ ਮਹਾਰਾਣੀ ਅਤੇ ਉਨ੍ਹਾਂ ਦੇ ਘਰ ਦੇ ਕੰਮਾਂ, ਅਧਿਕਾਰਿਤ ਸ਼ਾਹੀ ਯਾਤਰਾਵਾਂ ਅਤੇ ਸ਼ਾਹੀ ਮਹਿਲਾਂ ਦੀ ਦੇਖਭਾਲ ਵਰਗੇ ਕੰਮਾਂ ਲਈ ਕੀਤਾ ਜਾਂਦਾ ਹੈ।

ਇਸ ਵਿੱਚ ਹਾਲ ਹੀ ਬਕਿੰਘਮ ਪੈਲੇਸ ਵਿੱਚ ਹੋਏ ਬਦਲਾਅ ਅਤੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਦੇ ਪੁਰਾਣੇ ਘਰ ਫਰੌਗ ਕੌਟੇਜ ਦੀ ਮੁਰੰਮਤ ਵੀ ਸ਼ਾਮਲ ਹੈ।

ਕਸਰਟਨ ਕਹਿੰਦੇ ਹਨ, "ਕਰ ਅਦਾ ਕਰਨ ਵਾਲਿਆਂ ਦੇ ਪੈਸੇ ਦਾ ਇਸਤੇਮਾਲ ਰਾਜਘਰਾਣੇ ਨਾਲ ਜੁੜੇ ਦੂਰ ਦੇ ਲੋਕਾਂ ਲਈ ਵੀ ਕੀਤਾ ਜਾਂਦਾ ਹੈ ਕਿਉਂਕਿ ਅਹੁਦੇ ਨਾਲ ਜੁੜੇ ਕੰਮ ਹਨ ਅਤੇ ਸੁਰੱਖਿਆ ਦਾ ਖ਼ਰਚ ਹੈ, ਪਰ ਉਹ ਅਸਲ ਵਿੱਚ ਦੇਸ ਲਈ ਕੀ ਕਰਦੇ ਹਨ? ਮੈਂ ਇਹ ਨਹੀਂ ਕਹਿ ਰਹੀ ਕਿ ਉਹ ਕੁਝ ਨਹੀਂ ਕਰਦੇ ਪਰ ਉਹ ਕੀ ਕਰਦੇ ਹਨ ਜੋ ਇੰਨਾਂ ਖ਼ਾਸ ਹੈ ਅਤੇ ਰਾਜਾਸ਼ਾਹੀ ਨਾਲ ਜੁੜਿਆ ਹੈ ਕਿ ਕੋਈ ਹੋਰ ਉਹ ਨਹੀਂ ਕਰ ਸਕਦਾ।"

ਇਹ ਵੀ ਪੜ੍ਹੋ:

"ਮਹਾਰਾਣੀ ਐਲਿਜ਼ਾਬੈਥ ਨੇ ਬਹੁਤ ਲੰਬੇ ਸਮੇਂ ਤੱਕ ਅਤੇ ਮਾਣਮੱਤੇ ਤਰੀਕੇ ਨਾਲ ਸ਼ਾਸਨ ਕੀਤਾ ਹੈ। ਉਹ ਇੱਕ ਚੰਗੀ ਔਰਤ ਹਨ। ਪਰ ਮੈਨੂੰ ਸੈਰ-ਸਪਾਟੇ ਤੋਂ ਇਲਾਵਾ ਹੁਣ ਰਾਜਾਸ਼ਾਹੀ ਦੀ ਲੋੜ ਨਹੀਂ ਨਜ਼ਰ ਆਉਂਦੀ। ਜੋ ਲੋਕ ਆਉਣਾ ਚਾਹੁੰਦੇ ਹਨ ਅਤੇ ਬਕਿੰਘਮ ਪੈਲੇਸ ਦੇਖਣਾ ਚਾਹੁੰਦੇ ਹਨ ਉਹ ਰਾਜਾਸ਼ਾਹੀ ਨਾ ਹੋਣ 'ਤੇ ਵੀ ਅਜਿਹਾ ਕਰ ਸਕਦੇ ਹਨ।"

ਮਹਾਰਾਣੀ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ 'ਵਰਕਿੰਗ ਰਾਇਲਜ਼' ਦੇ ਤੌਰ 'ਤੇ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਯੂਕੇ ਅਤੇ ਵਿਦੇਸ਼ਾਂ ਵਿੱਚ ਦੋ ਹਜ਼ਾਰ ਤੋਂ ਵੱਧ ਅਧਿਕਾਰਿਤ ਸ਼ਾਹੀ ਜ਼ਿੰਮੇਵਾਰੀਆਂ ਹੁੰਦੀਆਂ ਹਨ।

ਉਨ੍ਹਾਂ ਨੇ ਜਨਤਕ ਤੇ ਧਾਰਮਿਕ ਸੇਵਾਵਾਂ ਜ਼ਰੀਏ ਕੌਮੀ ਏਕਤਾ ਨੂੰ ਮਜਬੂਤ ਕਰਨ ਅਤੇ ਸਥਿਰਤਾ ਬਣਾਈ ਰੱਖਣ ਲਈ ਭੂਮਿਕਾ ਨਿਭਾਉਣੀ ਹੁੰਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਹਾਰਾਣੀ ਅਤੇ ਪ੍ਰਿੰਸ ਫ਼ਿਲਿਪ ਦੀ ਸ਼ਲਾਘਾ

ਸੇਮੀ ਨਾਈਟ ਕਹਿੰਦੇ ਹਨ, ''ਮੈਂ ਸ਼ਾਹੀ ਪਰਿਵਾਰ ਨੂੰ ਜਨਤਾ ਦੇ ਬਹੁਤ ਖ਼ਾਸ ਅਧਿਕਾਰ ਹਾਸਲ ਸੇਵਕ ਵਜੋਂ ਦੇਖਦਾ ਹਾਂ ਜੋ ਆਪਣੇ ਪੇਸ਼ੇ ਦੇ ਨਾਲ ਪੈਦਾ ਹੋਏ ਅਤੇ ਉਹ ਉਸ ਨੂੰ ਬਦਲ ਨਹੀਂ ਸਕਦੇ।''

ਕੈਨੇਡਾ ਵਿੱਚ ਪਲੇ ਸੈਮੀ ਹੁਣ ਬਰਤਾਨਵੀ ਨਾਗਰਿਕ ਹਨ। ਉਹ ਮੰਨਦੇ ਹਨ ਕਿ ਬਰਤਾਨੀਆ ਜਾਂ ਰਾਸ਼ਟਰਮੰਡਲ ਦੇ ਭਵਿੱਖ ਵਿੱਚ ਰਾਜਾਸ਼ਾਹੀ ਦੀ ਕੋਈ ਜਗ੍ਹਾ ਨਹੀਂ ਹੈ।

ਸਾ 2006 ਵਿੱਚ ਆਸਟਰੇਲੀਆ ਵਿੱਚ ਮਹਾਰਾਣੀ ਐਲੀਜ਼ਾਬੇਥ -2

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, ''ਮੇਰਾ ਮੰਨਣਾ ਹੈ ਕਿ ਰਾਣੀ ਦੇ ਨਾਲ ਹੀ ਇੱਕ ਸੰਸਥਾ ਦੇ ਰੂਪ ਵਿੱਚ ਰਾਜਾਸ਼ਾਹੀ ਦਾ ਅੰਤ ਹੋ ਜਾਵੇਗਾ। ਮੈਨੂੰ ਤਾਜ ਦੀ ਫ਼ਿਕਰ ਨਹੀਂ ਪਰ ਵਿਅਕਤੀਗਤ ਤੌਰ 'ਤੇ ਉਹ ਇੱਕ ਅਦਭੁੱਤ ਔਰਤ ਹੈ। ਮੈਨੂੰ ਪ੍ਰਿੰਸ ਫ਼ਿਲਿਪ ਦੇ ਜਾਣ ਦਾ ਦੁੱਖ ਹੈ।''

''ਮੈਂ ਮਹਾਰਾਣੀ ਅਤੇ ਡਿਊਕ ਆਫ਼ ਐਡਿਨਬਰਾ ਦੀਆਂ ਸੇਵਾਵਾਂ ਦੀ ਤਾਰੀਫ਼ ਕਰਦਾ ਹਾਂ। ਉਨ੍ਹਾਂ ਨੇ ਬਹੁਤ ਹੀ ਅਸਧਾਰਨ ਜ਼ਿੰਦਗੀ ਜਿਉਂਦੀ ਅਤੇ ਮੈਨੂੰ ਲਗਦਾ ਹੈ ਕਿ ਉਹ ਆਪਣੀ ਉਮਰ ਦੇ ਬਾਵਜੂਦ ਵੀ ਲੋਕਾਂ ਦੀ ਸੇਵਾ ਦੇ ਪ੍ਰਤੀ ਇਸ ਤਰ੍ਹਾਂ ਸਮਰਪਿਤ ਰਹੇ ਹਨ ਕਿ ਯਕੀਨ ਨਹੀਂ ਕੀਤਾ ਜਾ ਸਕਦਾ।''

"ਮੈਨੂੰ ਸ਼ਾਹੀ ਪਰਿਵਾਰ ਦੇ ਨੌਜਵਾਨ ਪਸੰਦ ਨਹੀਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਬਰਤਾਨੀਆ ਵਿੱਚ ਚੁਣੇ ਹੋਏ ਮੁਖੀ ਚੁਣਨ ਦਾ ਸਮਾਂ ਆ ਗਿਆ ਹੈ।"

ਪੀੜੀਆਂ ਵਿੱਚ ਬਦਲਦੀ ਸੋਚ

ਜੇ ਇਸ ਸਰਵੇਖਣ ਵਿੱਚ ਸ਼ਾਮਿਲ ਲੋਕਾਂ ਦੀ ਉਮਰ ਦੇ ਹਿਸਾਬ ਨਾਲ ਵੰਡਦੇ ਹਾਂ ਤਾਂ ਪੀੜੀਆਂ ਵਿੱਚ ਵਿਚਾਰਾਂ ਦਾ ਫ਼ਰਕ ਹੈ।

18 ਤੋਂ 24 ਸਾਲ ਦੀ ਉਮਰ ਦੇ ਲੋਕਾਂ ਦਾ ਸਭ ਤੋਂ ਘੱਟ ਮੰਨਣਾ ਹੈ ਕਿ ਯੂਕੇ ਵਿੱਚ ਰਾਜਾਸ਼ਾਹੀ ਬਣੀ ਰਹਿਣੀ ਚਾਹੀਦੀ ਹੈ ਜਦੋਂਕਿ 65 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਹੀ ਪਰਿਵਾਰ ਨੂੰ ਬਣਾਈ ਰੱਖਣਾ ਚਾਹੁੰਦੇ ਹਨ।

ਮੈਥਿਊ ਬਰਟਨ

ਤਸਵੀਰ ਸਰੋਤ, Mathew Burton-Webster

ਤਸਵੀਰ ਕੈਪਸ਼ਨ, ਮੈਥਿਊ ਬਰਟਨ

ਯੂਕੇ ਦੇ ਵੱਖ-ਵੱਖ ਇਲਾਕਿਆਂ ਨੂੰ ਦੇਖਣ 'ਤੇ ਵੀ ਮਤਦਾਨ ਦੇ ਨਤੀਜਿਆਂ ਵਿੱਚ ਅਸੰਤੁਲਨ ਹੈ। ਸਕਾਟਲੈਂਡ ਵਿੱਚ ਸਿਰਫ਼ ਅੱਧੇ ਲੋਕਾਂ ਨੇ ਰਾਜਾਸ਼ਾਹੀ ਦੇ ਭਵਿੱਖ ਦੇ ਅਨੁਕੂਲ ਦ੍ਰਿਸ਼ਟੀਕੋਣ ਦਿਖਾਇਆ ਹੈ, ਇਹ ਕਿਸੇ ਵੀ ਇਲਾਕੇ ਦੀ ਆਬਾਦੀ ਦਾ ਸਭ ਤੋਂ ਛੋਟਾ ਅਨੁਪਾਤ ਹੈ।

ਮੈਥਿਊ ਕਹਿੰਦੇ ਹਨ, "ਸਕਾਟਲੈਂਡ ਦਾ ਹੋਣ ਦੇ ਨਾਤੇ ਮੇਰੇ ਲਈ ਰਾਜਾਸ਼ਾਹੀ ਕੋਈ ਦੂਰ ਦੀ ਗੱਲ ਜਾਂ ਵਿਦੇਸ਼ੀ ਚੀਜ਼ ਨਹੀਂ ਹੈ। ਸਾਨੂੰ ਬਸ ਉਹ ਇਸ ਲਈ ਯਾਦ ਆਉਂਦੇ ਹਨ ਕਿ ਉਨ੍ਹਾਂ 'ਤੇ ਸਾਡਾ ਪੈਸਾ ਖ਼ਰਚ ਹੁੰਦਾ ਹੈ ਜਾਂ ਜਦੋਂ ਉਨ੍ਹਾਂ ਵਿੱਚੋਂ ਕਿਸੇ ਦੀ ਮੌਤ ਹੋ ਜਾਂਦੀ ਹੈ।"

ਮੈਥਿਊ ਸਕਾਟਲੈਂਡ ਦੇ ਕਿਰਕੌਡੀ ਸ਼ਹਿਰ ਵਿੱਚ ਇੱਕ ਚਾਈਲਡਕੇਅਰ ਵਰਕਰ ਹਨ।

ਉਹ ਕਹਿੰਦੇ ਹਨ, "ਉਹ ਖ਼ੁਦ ਨੂੰ ਸਕਾਟਲੈਂਡ ਦੀਆਂ ਅਲੱਗ ਅਲੱਗ ਥਾਵਾਂ ਦੀ ਮਾਲਕ ਹੋਣ ਦਾ ਖ਼ਿਤਾਬ ਦਿੰਦੇ ਹਨ ਅਤੇ ਆਪਣੀ ਨਿੱਜੀ ਰਿਆਸਤ ਵਿੱਚ ਇੱਥੇ ਛੁੱਟੀਆਂ ਮਨਾਉਂਦੇ ਹਨ ਪਰ ਅਜਿਹਾ ਲਗਦਾ ਹੈ ਕਿ ਜਿਵੇਂ ਉਹ ਬਦਲੇ ਵਿੱਚ ਕੁਝ ਨਹੀਂ ਦਿੰਦੇ। ਯੂਕੇ ਵਿੱਚ ਇਹ ਸੰਸਥਾ ਅਤੇ ਰਵਾਇਤ ਬੇਅਰਥ ਹੈ ਜੋ ਮਹਿਜ਼ ਉਨ੍ਹਾਂ ਨੂੰ ਹੀ ਫ਼ਾਇਦਾ ਪਹੁੰਚਾਉਂਦੀ ਹੈ।"

ਹਾਲਾਂਕਿ ਹਰ ਕੋਈ ਰਾਜਾਸ਼ਾਹੀ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਨਾ ਚਾਹੁੰਦਾ।

'ਸ਼ਾਹੀ ਮੈਂਬਰ ਸੀਮਤ ਹੋਣ'

ਇੱਕ ਸੇਵਾਮੁਕਤ ਸਿਆਸੀ ਸਲਾਹਕਾਰ ਸਟੀਫ਼ਨ ਐਲਿਸਨ ਕਹਿੰਦੇ ਹਨ, "ਮੈਂ ਸੀਨੀਅਰ ਸ਼ਾਹੀ ਮੈਂਬਰਾਂ ਦੀ ਬਣਾਈ ਗਈ ਰਵਾਇਤ ਅਤੇ ਨਿਰੰਤਰਤਾ ਨੂੰ ਅਸਲ 'ਚ ਪਸੰਦ ਕਰਦਾ ਹਾਂ ਪਰ ਛੋਟੇ ਸ਼ਾਹੀ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਾਨੂੰ ਮਹਾਰਾਣੀ ਅਤੇ ਪ੍ਰਿੰਸ ਆਫ਼ ਵੇਲਜ਼ ਦੀ ਲੋੜ ਹੈ।"

ਉਹ ਕਹਿੰਦੇ ਹਨ, "ਮੈਂ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੇ ਬੇਟੇ ਪ੍ਰਿੰਸ ਜੌਰਜ ਨੂੰ ਵੀ ਚਾਹੁੰਦਾ ਹਾਂ ਕਿਉਂਕਿ ਉਹ ਆਉਣ ਵਾਲੇ ਉਤਰਾਧਿਕਾਰੀ ਹਨ। ਪਰ ਸਾਨੂੰ ਦਰਜਨਾਂ ਰਾਜਕੁਮਾਰਾਂ ਅਤੇ ਰਾਜਕੁਮਾਰੀਆਂ ਦੀ ਲੋੜ ਨਹੀਂ ਹੈ।"

ਮਹਾਰਾਣੀ ਐਲੀਜ਼ਾਬੇਥ ਤੇ ਪ੍ਰਿੰਸ ਚਾਰਲਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਣੀ ਐਲੀਜ਼ਾਬੇਤ ਤੇ ਪ੍ਰਿੰਸ ਚਾਰਲਸ

"ਇਸ ਲਈ ਮੈਂ ਕੁਝ ਸ਼ਾਹੀ ਮੈਂਬਰਾਂ ਦੇ ਵਿਚਾਰਾਂ ਨੂੰ ਪਸੰਦ ਕਰਦਾ ਹਾਂ ਪਰ ਬਹੁਤ ਸਾਰੇ ਸ਼ਾਹੀ ਮੈਂਬਰਾਂ ਦੇ ਵਿਚਾਰਾਂ ਨੂੰ ਨਹੀਂ।"

ਯੂਕੇ ਵਿੱਚ ਲੋਕਾਂ ਦੀ ਸਹਿਮਤੀ ਵਿੱਚ ਬਣੇ ਸਰਬਸੱਤਾ ਦੇ ਨਿਯਮ ਅਤੇ ਬਰਤਾਨਵੀ ਰਾਜਤੰਤਰ ਹਾਲ ਦੇ ਸਾਲਾਂ ਵਿੱਚ ਬਹਿਸ ਦਾ ਵਿਸ਼ਾ ਰਿਹਾ ਹੈ।

ਪਰ ਹਾਲ ਦੀ ਘੜੀ, ਜਿਹੜੇ ਲੋਕ ਰਾਜਾਸ਼ਾਹੀ ਦਾ ਅੰਤ ਦੇਖਣਾ ਚਾਹੁੰਦੇ ਹਨ, ਉਹ ਵੱਡੇ ਪੱਧਰ 'ਤੇ ਘੱਟ ਗਿਣਤੀ ਬਣੇ ਹੋਏ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)