You’re viewing a text-only version of this website that uses less data. View the main version of the website including all images and videos.
ਮਾਰਵਾ ਐਲਸੇਲਦਰ: ਸਵੇਜ਼ ਨਹਿਰ 'ਚ ਜਹਾਜ਼ ਫਸਾਉਣ ਬਾਰੇ ਜਿਸ ਮਹਿਲਾ ਕਪਤਾਨ ਬਾਬਤ ਫੇਕ ਨਿਊਜ਼ ਚੱਲੀ ਉਹ ਆਖ਼ਰ ਹੈ ਕੌਣ
- ਲੇਖਕ, ਜੋਸ਼ੋਆ ਚੈਥਮ
- ਰੋਲ, ਬੀਬੀਸੀ ਨਿਊਜ਼
"ਮੈਂ ਆਪਣਾ ਧਿਆਨ ਉਸ ਸਾਰੀ ਹਮਾਇਤ ਅਤੇ ਪਿਆਰ 'ਤੇ ਕੇਂਦਰਿਤ ਕਰਨ ਦਾ ਫ਼ੈਸਲਾ ਲਿਆ, ਜੋ ਮੈਨੂੰ ਮਿਲ ਰਿਹਾ ਸੀ ਅਤੇ ਮੇਰਾ ਗੁੱਸਾ ਸ਼ੁਕਰਗੁਜ਼ਾਰੀ ਵਿੱਚ ਬਦਲ ਗਿਆ।" ਇਹ ਸ਼ਬਦ ਮਾਰਵ ਐਲਸੇਦਰ ਨੇ ਬੀਬੀਸੀ ਨੂੰ ਕਹੇ।
ਮਾਰਵ ਐਲਸੇਦਰ ਮਿਸਰ ਦੀ ਸਮੁੰਦਰੀ ਜਹਾਜ਼ ਪਹਿਲੀ ਮਹਿਲਾ ਕੈਪਟਨ ਹਨ। ਪਿਛਲੇ ਦਿਨੀਂ ਜਦੋਂ ਐਵਰ ਗਿਵਨ ਨਾਂ ਦਾ ਜਹਾਜ਼ ਸਵੇਜ਼ ਨਹਿਰ ਵਿੱਚ ਫ਼ਸ ਗਿਆ ਤਾਂ ਇਸ ਦਾ ਇਲਜ਼ਾਮ ਇੱਕ ਜਾਅਲੀ ਫੋਟੋ ਰਾਹੀਂ ਉਨ੍ਹਾਂ ਉੱਪਰ ਲਾਉਣ ਦਾ ਯਤਨ ਕੀਤਾ ਗਿਆ। ਪੜ੍ਹੋ ਇਸ ਦੌਰਾਨ ਉਨ੍ਹਾਂ ਉੱਪਰ ਕੀ ਗੁਜ਼ਰਿਆ-
ਪਿਛਲੇ ਮਹੀਨੇ ਮਾਰਵਾ ਐਲਸੇਲਦਰ ਦਾ ਧਿਆਨ ਕਿਸੇ ਅਜੀਬ ਚੀਜ਼ ਵੱਲ ਗਿਆ।
ਇਹ ਵੀ ਪੜ੍ਹੋ:
ਇੱਕ ਵਿਸ਼ਾਲ ਮਾਲ ਸਮੁੰਦਰੀ ਜਹਾਜ਼ ਐਵਰ ਗਿਵਨ ਬਾਰੇ ਖ਼ਬਰਾਂ ਸਨ ਕਿ ਉਹ ਸਵੇਜ਼ ਨਹਿਰ ਵਿੱਚ ਫਸ ਗਿਆ ਸੀ। ਇਸ ਤਰ੍ਹਾਂ ਦੁਨੀਆਂ ਦਾ ਇੱਕ ਸਭ ਤੋਂ ਪ੍ਰਮੁੱਖ ਸਮੁੰਦਰੀ ਮਾਰਗ ਬੰਦ ਹੋ ਗਿਆ ਸੀ।
ਜਦੋਂ ਮਾਰਵਾ ਐਲਸੇਲਦਰ ਨੇ ਆਪਣਾ ਫ਼ੋਨ ਦੇਖਿਆਂ ਤਾਂ ਇੰਟਰਨੈੱਟ ਉੱਪਰ ਅਫ਼ਵਾਹਾਂ ਗ਼ਰਮ ਸਨ ਕਿ ਇਸ ਲਈ ਉਹ ਜ਼ਿੰਮੇਵਾਰ ਹੈ।
ਸਮੁੰਦਰੀ ਜਹਾਜ਼ ਦੀ ਮਿਸਰ ਦੀ ਪਹਿਲੀ ਮਹਿਲਾ ਕਪਤਾਨ ਮਾਰਵਾ ਕਹਿੰਦੇ ਹਨ, "ਮੈਂ ਹੈਰਾਨ ਸੀ।"
ਜਦੋਂ ਸਵੇਜ਼ ਦੇ ਬੰਦ ਹੋਣ ਸਮੇ ਮਾਰਵਾ ਸੈਂਕੜੇ ਮੀਲ ਦੂਰ, ਐਡੀਆ- IV ਦੀ ਕਮਾਂਡ ਵਿੱਚ ਮਿਸਰ ਦੇ ਇੱਕ ਹੋਰ ਬੰਦਰਗਾਹ ਸ਼ਹਿਰ ਅਲੈਗਜ਼ੈਂਡਰੀਆ ਵਿੱਚ ਫਰਸਟ ਮੇਟ ਵਜੋਂ ਕੰਮ ਕਰ ਰਹੇ ਸਨ।
ਮਿਸਰ ਦੀ ਸਮੁੰਦਰੀ ਸੁਰੱਖਿਆ ਅਥਾਰਟੀ ਦਾ ਇਹ ਜਹਾਜ਼ ਲਾਲ ਸਾਗੜ ਵਿੱਚ ਇੱਕ ਲਾਈਟਹਾਊਸ ਨੂੰ ਬਿਜਲੀ ਸਪਲਾਈ ਪਹੁੰਚਾਉਂਦਾ ਹੈ।
ਇਸ ਦੀ ਵਰਤੋਂ ਅਰਬ ਲੀਗ ਦੁਆਰਾ ਚਲਾਈ ਜਾਂਦੀ ਇੱਕ ਖੇਤਰੀ ਯੂਨੀਵਰਸਿਟੀ, ਅਰਬ ਅਕੈਡਮੀ ਫ਼ਾਰ ਸਾਇੰਸ, ਟੈਰਨੋਲਾਜੀ ਐਂਡ ਮੈਰੀਟਾਈਮ ਟ੍ਰਾਂਸਪੋਰਟ (ਏਏਐੱਸਟੀਐੱਮਟੀ) ਦੇ ਕੈਡੇਟਸ ਨੂੰ ਸਿਖਲਾਈ ਦੇਣ ਲਈ ਵੀ ਕੀਤੀ ਜਾਂਦੀ ਹੈ।
ਝੂਠੀ ਖ਼ਬਰ 'ਤੇ ਆਧਾਰਤ ਅਫ਼ਵਾਹਾਂ
ਮਾਰਵਾ ਐਲਸੇਲਦਰ ਦੀ ਐਵਰ ਗਿਵਨ ਵਿਚਲੀ ਭੂਮਿਕਾ ਬਾਰੇ ਅਫ਼ਵਾਹਾਂ ਫ਼ੈਲਣ ਵਿੱਚ ਇੱਕ ਝੂਠੀ ਖ਼ਬਰ ਦੇ ਸਕਰੀਨਸ਼ਾਰਟ ਦੀ ਵੀ ਭੂਮਿਕਾ ਸੀ। ਖ਼ਬਰ ਬਾਰੇ ਦਾਅਵੇ ਸਨ ਕਿ ਉਹ ਅਰਬ ਨਿਊਜ਼ ਵੱਲੋਂ ਛਾਪੀ ਗਈ ਹੈ ਜਿਸ ਮੁਤਾਬਕ ਮਾਰਵਾ ਐਲਸੇਲਦਰ ਸਵੇਜ਼ ਮਾਮਲੇ ਵਿੱਚ ਸ਼ਾਮਲ ਸਨ।
ਸਕਰੀਨਸ਼ਾਟ ਵਿਚਲੀ ਤਸਵੀਰ ਅਰਬ ਨਿਊਜ਼ ਵਿੱਚ 22 ਮਾਰਚ ਨੂੰ ਛਪੀ ਸੀ। ਦੇਖਣ ਨੂੰ ਸੱਚੀ ਖ਼ਬਰ ਲੱਗਦੀ ਸੀ।
ਇਹ ਅਸਲ ਵਿੱਚ ਇਹ ਤਸਵੀਰ ਉਦੋਂ ਛਪੀ ਸੀ ਜਦੋਂ ਮਾਰਵਾ ਮਿਸਰ ਦੇ ਸਮੁੰਦਰੀ ਜਹਾਜ਼ ਦੀ ਪਹਿਲੀ ਮਹਿਲਾ ਕਪਤਾਨ ਬਣੀ ਸੀ। ਰਿਪੋਰਟ ਵਿੱਚ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਸੀ। ਤਸਵੀਰ ਨੂੰ ਦਰਜਨਾਂ ਵਾਰ ਟਵਿੱਟਰ ਅਤੇ ਫ਼ੇਸਬੁੱਕ 'ਤੇ ਸਾਂਝਾ ਕੀਤਾ ਗਿਆ।
ਉਨ੍ਹਾਂ ਦੇ ਨਾਮ 'ਤੇ ਬਣੇ ਕਈ ਟਵਿੱਟਰ ਅਕਾਉਂਟਸ ਤੋਂ ਵੀ ਉਨ੍ਹਾਂ ਦੇ ਏਵਰ ਗਿਵਨ ਮਾਮਲੇ ਨਾਲ ਸਬੰਧਿਤ ਹੋਣ ਬਾਰੇ ਝੂਠੇ ਦਾਅਵੇ ਫ਼ੈਲਾਏ ਗਏ।
ਉਣੱਤੀ ਸਾਲਾ ਮਾਰਵਾ ਨੇ ਬੀਬੀਸੀ ਨੂੰ ਦੱਸਿਆ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਸਭ ਤੋਂ ਪਹਿਲੀ ਵਾਰ ਇਹ ਅਫ਼ਵਾਹ ਕਿਸ ਨੇ ਫ਼ੈਲਾਈ ਜਾਂ ਅਜਿਹਾ ਕਿਉਂ ਕੀਤਾ ਗਿਆ।
ਉਹ ਕਹਿੰਦੇ ਹਨ, "ਸ਼ਾਇਦ ਮੈਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਮੈਂ ਇਸ ਖੇਤਰ ਵਿੱਚ ਇੱਕ ਕਾਮਯਾਬ ਔਰਤ ਹਾਂ ਜਾਂ ਕਿਉਂਕਿ ਮੈਂ ਮਿਸਰ ਤੋਂ ਹਾਂ ਪਰ ਮੈਨੂੰ ਪੱਕਾ ਨਹੀਂ ਪਤਾ।"
ਮਰਦਾਂ ਦੇ ਦਬਦਬੇ ਵਾਲਾ ਖੇਤਰ
ਇਹ ਪਹਿਲੀ ਵਾਰ ਨਹੀਂ ਜਦੋਂ ਉਨ੍ਹਾਂ ਨੂੰ ਇਸ ਮਰਦ ਪ੍ਰਧਾਨ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ ਹੋਵੇ। ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ ਮੁਤਾਬਕ ਮੌਜੂਦਾ ਸਮੇਂ ਵਿੱਚ ਦੁਨੀਆਂ ਭਰ ਦੇ ਸਮੁੰਦਰੀ ਜਹਾਜ਼ਰਾਨਾਂ ਵਿੱਚ ਮਹਿਜ਼ 2 ਫ਼ੀਸਦ ਔਰਤਾਂ ਹਨ।
ਮਾਰਵਾ ਕਹਿੰਦੇ ਸਨ ਉਹ ਹਮੇਸ਼ਾ ਹੀ ਸਮੁੰਦਰ ਨੂੰ ਪਿਆਰ ਕਰਦੇ ਸਨ, ਅਤੇ ਉਨ੍ਹਾਂ ਦੇ ਭਰਾ ਵਲੋਂ AASTMT ਵਿੱਚ ਦਾਖ਼ਲਾ ਲੈਣ ਤੋਂ ਬਾਅਦ, ਉਹ ਵੀ ਮਰਚੈਂਟ ਨੇਵੀ ਜੁਆਇਨ ਕਰਨ ਲਈ ਪ੍ਰੇਰਿਤ ਹੋਏ।
ਚਾਹੇ ਉਸ ਸਮੇਂ ਅਕੈਡਮੀ ਸਿਰਫ਼ ਮਰਦਾਂ ਨੂੰ ਹੀ ਦਾਖ਼ਲਾ ਦਿੰਦੀ ਸੀ, ਫਿਰ ਵੀ ਉਨ੍ਹਾਂ ਨੇ ਅਰਜ਼ੀ ਦੇ ਦਿੱਤੀ ਅਤੇ ਮਿਸਰ ਦੇ ਉਸ ਸਮੇਂ ਦੇ ਰਾਸ਼ਟਰਪਤੀ ਹੋਸਨੀ ਮੋਬਾਰਕ ਦੇ ਦਖ਼ਲ ਨਾਲ ਉਨ੍ਹਾਂ ਨੂੰ ਆਗਿਆ ਦੇ ਦਿੱਤੀ ਗਈ।
ਮਾਰਵਾ ਦੱਸਦੇ ਹਨ ਕਿ ਪੜਾਈ ਦੌਰਾਨ ਵੀ ਉਨ੍ਹਾਂ ਨੂੰ ਹਰ ਮੋੜ 'ਤੇ ਲਿੰਗਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ।
ਉਹ ਕਹਿੰਦੇ ਹਨ, "ਜਹਾਜ਼ ਤੇ ਵੱਖ-ਵੱਖ ਮਾਨਸਿਕਤਾ ਵਾਲੇ ਮੈਥੋਂ ਵੱਡੀ ਉਮਰ ਦੇ ਆਦਮੀ ਸਨ, ਇਸ ਲਈ ਉਨ੍ਹਾਂ ਨਾਲ ਗੱਲਬਾਤ ਕਰ ਸਕਣਾ ਬਹੁਤ ਔਖਾ ਸੀ।"
ਸਵੇਜ਼ ਨਹਿਰ ਵਿੱਚ ਫ਼ਸੇ ਜਹਾਜ਼ ਬਾਰੇ ਇਹ ਵੀ ਪੜ੍ਹੋ:
"ਇਸ ਸਭ ਵਿੱਚੋਂ ਇਕੱਲਿਆਂ ਆਪਣੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਹੋਣ ਦਿੱਤੇ ਬਿਨਾਂ ਗੁਜ਼ਰਨਾ, ਚੁਣੌਤੀਆਂ ਭਰਿਆ ਸੀ"
ਉਹ ਅੱਗੇ ਕਹਿੰਦੇ ਹਨ, "ਸਾਡੇ ਸਮਾਜ ਵਿੱਚ ਲੋਕ ਹਾਲੇ ਵੀ ਲੜਕੀ ਦੇ ਦੂਰ ਸਮੁੰਦਰ ਵਿੱਚ, ਲੰਬੇ ਸਮੇਂ ਲਈ ਪਰਿਵਾਰ ਤੋਂ ਦੂਰ ਰਹਿ ਕੇ ਕੰਮ ਕਰਨ ਦੇ ਵਿਚਾਰ ਨੂੰ ਪ੍ਰਵਾਨ ਨਹੀਂ ਕਰਦੇ।"
"ਪਰ ਜਦੋਂ ਤੁਸੀਂ ਆਪਣਾ ਪਸੰਦੀਦਾ ਕੰਮ ਕਰਦੇ ਹੋ, ਤੁਹਾਡੇ ਲਈ ਹਰ ਇੱਕ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਨਹੀਂ ਹੁੰਦੀ।"
ਗਰੈਜੁਏਸ਼ਨ ਕਰਨ ਤੋਂ ਬਾਅਦ ਮਾਰਵਾ ਨੂੰ ਫਰਸਟ ਮੇਟ ਦਾ ਰੈਂਕ ਹਾਸਲ ਹੋਇਆ।
ਫ਼ਿਰ ਸਾਲ 2015 ਵਿੱਚ ਜਦੋਂ ਸਵੇਜ਼ ਨਹਿਰ ਵਿੱਚ ਆਉਣ-ਜਾਣ ਲਈ ਨਵਾਂ ਰਾਹ ਵਧਾਇਆ ਗਿਆ ਤੇ ਐਡੀਆ-IV ਇਸ ਰਾਹ ਜਾਣ ਵਾਲਾ ਪਹਿਲਾ ਜਹਾਜ਼ ਬਣਿਆ, ਮਾਰਵਾ ਨੇ ਇਸ ਜਹਾਜ਼ ਦੀ ਕਪਤਾਨੀ ਕੀਤੀ।
ਉਸ ਸਮੇਂ ਉਹ ਸਮੁੰਦਰੀ ਜਹਾਜ਼ ਚਾਲਕਾਂ ਵਿੱਚ ਸਭ ਤੋਂ ਘੱਟ ਉਮਰ ਦੇ ਤੇ ਮਿਸਰ ਦੇ ਪਹਿਲੇ ਮਹਿਲਾ ਕਪਤਾਨ ਸਨ।
ਸਾਲ 2017 ਵਿੱਚ ਉਨ੍ਹਾਂ ਨੂੰ ਔਰਤ ਦਿਵਸ ਦੇ ਸਮਾਗਮਾਂ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦਲ ਫ਼ਤਿਹ ਐਲ-ਸੀਸੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ।
ਅਫ਼ਵਾਹਾਂ ਤੇ ਡਰ
ਜਦੋਂ ਸਵੇਜ਼ ਨਹਿਰ ਬੰਦ ਹੋਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਅਫ਼ਵਾਹਾਂ ਫ਼ੈਲੀਆਂ ਤਾਂ ਮਾਰਵਾ ਇਸ ਦੇ ਉਨ੍ਹਾਂ ਦੇ ਕੰਮ 'ਤੇ ਪੈਣ ਵਾਲੇ ਅਸਰ ਬਾਰੇ ਸੋਚ ਕੇ ਡਰ ਗਏ।
ਮਾਰਵਾ ਕਹਿੰਦੇ ਹਨ, "ਇਹ ਝੂਠਾ ਲੇਖ ਅੰਗਰੇਜ਼ੀ ਵਿੱਚ ਸੀ ਇਸ ਲਈ ਹੋਰ ਦੇਸਾਂ ਵਿੱਚ ਫ਼ੈਲ ਗਿਆ।"
"ਜੋ ਕੁਝ ਇਸ ਲੇਖ ਵਿੱਚ ਸੀ ਮੈਂ ਉਸ ਨੂੰ ਨਕਾਰਨ ਦੀ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਇਹ ਮੇਰੇ ਅਕਸ ਨੂੰ ਅਤੇ ਜਿਸ ਮੁਕਾਮ 'ਤੇ ਮੈਂ ਪਹੁੰਚਣ ਲਈ ਇੰਨੀਆਂ ਕੋਸ਼ਿਸ਼ਾਂ ਕੀਤੀਆਂ ਉਨ੍ਹਾਂ ਨੂੰ ਮਲੀਆਮੇਟ ਕਰ ਰਿਹਾ ਸੀ।"
ਪਰ ਉਹ ਕਹਿੰਦੇ ਹਨ ਕੁਝ ਇੱਕ ਪ੍ਰਤੀਕਿਰਿਆਵਾ ਨਾਲ ਉਨ੍ਹਾਂ ਨੇ ਉਤਸ਼ਾਹਿਤ ਮਹਿਸੂਸ ਕੀਤਾ।
ਉਨ੍ਹਾਂ ਕਿਹਾ, "ਲੇਖ ਦੇ ਦਿੱਤੇ ਗਏ ਕੰਮੈਂਟ ਬਹੁਤ ਹੀ ਨਾਂਹਪੱਖੀ 'ਤੇ ਰੁੱਖ਼ੇ ਸਨ ਪਰ ਉੱਥੇ ਕਈ ਹੋਰ ਆਮ ਲੋਕਾਂ ਵੱਲੋਂ ਅਤੇ ਮੇਰੀ ਸਹਿਕਰਮੀਆਂ ਨੇ ਮੇਰੇ ਪੱਖ ਵਿੱਚ ਵੀ ਲਿਖਿਆ ਸੀ।"
"ਮੈਂ ਆਪਣਾ ਧਿਆਨ ਉਸ ਸਾਰੀ ਹਮਾਇਤ ਅਤੇ ਪਿਆਰ 'ਤੇ ਕੇਂਦਰਿਤ ਕਰਨ ਦਾ ਫ਼ੈਸਲਾ ਲਿਆ ਜੋ ਮੈਨੂੰ ਮਿਲ ਰਿਹਾ ਸੀ ਅਤੇ ਮੇਰਾ ਗੁੱਸਾ ਸ਼ੁਕਰਗੁਜ਼ਾਰੀ ਵਿੱਚ ਬਦਲ ਗਿਆ।"
ਉਹ ਅੱਗੇ ਕਹਿੰਦੇ ਹਨ, "ਇਸ ਦੇ ਨਾਲ ਹੀ ਇਹ ਵੀ ਜ਼ਿਕਰਯੋਗ ਮੈਂ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਮਸ਼ਹੂਰ ਹੋ ਗਈ ਹਾਂ।"
ਅਗਲੇ ਮਹੀਨੇ ਮਾਰਵਾ ਕਪਤਾਨ ਬਣਨ ਦਾ ਪੂਰਾ ਰੈਂਕ ਹਾਸਿਲ ਕਰਨ ਲਈ ਇਮਤਿਹਾਨ ਦੇ ਰਹੇ ਹਨ, ਅਤੇ ਆਸਵੰਦ ਹਨ ਕਿ ਉਹ ਇਸ ਖੇਤਰ ਵਿੱਚ ਔਰਤਾਂ ਲਈ ਇੱਕ ਆਦਰਸ਼ ਬਣੇ ਰਹਿਣਗੇ।
ਮਾਰਵਾ ਕਹਿੰਦੇ ਹਨ, "ਉਹ ਔਰਤਾਂ ਜੋ ਸਮੁੰਦਰੀ ਖੇਤਰ ਵਿੱਚ ਆਉਣਾ ਚਾਹੁੰਦੀਆਂ ਹਨ, ਉਨ੍ਹਾਂ ਲਈ ਮੇਰਾ ਸੁਨੇਹਾ ਹੈ ਕਿ ਜੋ ਤੁਸੀਂ ਚਾਹੁੰਦੀਆਂ ਹੋ ਉਸ ਲਈ ਲੜਾਈ ਕਰੋ ਅਤੇ ਕਿਸੇ ਵੀ ਨਾਂਹਪੱਖੀ ਵਿਚਾਰ ਨੂੰ ਆਪਣੇ ਆਪ 'ਤੇ ਹਾਵੀ ਨਾ ਹੋਣ ਦਿਓ।"
ਇਹ ਵੀ ਪੜ੍ਹੋ: