ਆਸਟਰੇਲੀਆ ’ਚ ਹੜ੍ਹ ਕਾਰਨ ਹਾਲਾਤ ਖ਼ਰਾਬ, 18,000 ਲੋਕਾਂ ਨੂੰ ਕੱਢਿਆ ਬਾਹਰ

ਆਸਟਰੇਲੀਆ ਦੇ ਪੂਰਬੀ ਤੱਟ 'ਤੇ ਭਾਰੀ ਬਰਸਾਤ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ, ਨਿਊ ਸਾਊਥ ਵੇਲਸ ਵਿੱਚ ਹੜ੍ਹ ਵਿੱਚ ਫਸੇ ਕਰੀਬ 18 ਹਜ਼ਾਰ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਰਾਜਧਾਨੀ ਸਿਡਨੀ ਅਤੇ ਦੱਖਣੀ-ਪੂਰਬੀ ਕੁਈਨਸਲੈਂਡ ਵਿੱਚ ਨਦੀਆਂ ਅਤੇ ਬੰਨ੍ਹਾਂ 'ਤੇ ਪਾਣੀ ਦਾ ਪੱਧਰ ਵਧ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਹੈ, "50 ਸਾਲ ਵਿੱਚ ਪਹਿਲੀ ਵਾਰ ਇਹ ਹਾਲਾਤ" ਕਈ ਹਫ਼ਤਿਆਂ ਤੱਕ ਬਣੀ ਰਹਿ ਸਕਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ-

ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਘਰ ਛੱਡਣ 'ਤੇ ਮਜਬੂਰ ਹੋਏ ਲੋਕਾਂ ਲਈ ਆਰਥਿਕ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡੀ ਬੈਰੇਂਜੀਕਲੀਅਨ ਨੇ ਦੱਸਿਆ ਹੈ ਕਿ ਸੋਮਵਾਰ ਦੇਰ ਰਾਤ ਤੱਕ ਕਿਸੇ ਦੀ ਜਾਨ ਨਹੀਂ ਗਈ ਹੈ। ਉਨ੍ਹਾਂ ਕਿਹਾ, "ਜਿਵੇਂ ਹਾਲਾਤ ਹਨ, ਉਨ੍ਹਾਂ ਵਿੱਚ ਇਹ ਕਿਸੇ ਚਮਤਕਾਰ ਵਾਂਗ ਹੈ।"

ਪ੍ਰਭਾਵਿਤ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿੱਚ ਢਾਈ ਕਰੋੜ ਆਸਟੇਰਲੀਆਈ ਰਹਿੰਦੇ ਹਨ।

ਬੈਰੇਜੀਕਲੀਅਨ ਨੇ ਦੱਸਿਆ ਹੈ ਕਿ ਹੜ੍ਹ ਦੀ ਚਪੇਟ ਵਿੱਚ ਆਏ ਕਈ ਭਾਈਚਾਰੇ ਪਿਛਲੀਆਂ ਗਰਮੀਆਂ ਵਿੱਚ ਜੰਗਲ ਦੀ ਅੱਗ ਅਤੇ ਸੋਕੇ ਨਾਲ ਪ੍ਰਭਾਵਿਤ ਰਹੇ ਹਨ।

ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਇਤਿਹਾਸ ਵਿੱਚ ਇੱਕ ਮਹਾਂਮਾਰੀ ਵਿਚਾਲੇ ਇੰਨੇ ਘੱਟ ਸਮੇਂ ਵਿੱਚ ਇੰਨੇ ਖ਼ਰਾਬ ਮੌਸਮ ਦੇ ਹਾਲਾਤ ਬਣੇ ਹੋਣ।"

ਐਮਰਜੈਂਸੀ ਸੇਵਾਵਾਂ ਨੇ ਘੱਟੋ-ਘੱਟ 750 ਬਚਾਅ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਵਿੱਚ ਕਾਰਾਂ ਵਿੱਚ ਫਸੇ ਲੋਕਾਂ ਨੂੰ ਕੱਢਣਾ ਵੀ ਸ਼ਾਮਿਲ ਹੈ। ਹੜ੍ਹ ਵਿੱਚ ਫਸੇ ਪਰਿਵਾਰ ਨੂੰ ਹੈਲੀਕਾਪਟਰ ਦੀ ਮਦਦ ਨਾਲ ਕੱਢਿਆ ਗਿਆ।

ਬਚਾਅ ਕਰਮੀਆਂ ਨੇ ਸਿਡਨੀ ਦੇ ਪੱਛਮੀ ਇਲਾਕੇ ਤੋਂ ਇੱਕ ਘਰ ਵਿੱਚ ਨਵਜਾਤ ਬੱਚੇ ਨਾਲ ਫਸੇ ਪਰਿਵਾਰ ਨੂੰ ਵੀ ਬਚਾਇਆ।

ਆਸਟਰੇਲੀਆ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ਵਿੱਚ 900 ਮਿ.ਮੀ ਤੱਕ ਹੋਈ ਬਰਸਾਤ 'ਆਸਾਧਰਨ' ਹੈ।

ਸਭ ਤੋਂ ਜ਼ਿਆਦਾ ਚਿੰਤਾ ਉੱਤਰੀ ਅਤੇ ਪੱਛਮੀ ਸਿਡਨੀ ਦੇ ਨਿਚਲੇ ਇਲਾਕਿਆਂ, ਐੱਨਐੱਸਡਬਲਿਊ ਸੈਂਟ੍ਰਲ ਕੋਸਟ ਅਤੇ ਹਾਕਸਬਰੀ ਘਾਟੀ ਦੇ ਲੋਕਾਂ ਲਈ ਜਤਾਈ ਗਈ ਹੈ।

ਹੁਣ ਤੱਕ ਕੀ ਹੋਇਆ?

ਹੜ੍ਹ ਕਾਰਨ ਨਿਊ ਸਾਊਥ ਵੇਲਸ ਵਿੱਚ ਤਬਾਹੀ ਵਰਗਾ ਮੰਜ਼ਰ ਹੈ। ਸੂਬੇ ਵਿੱਚ ਮਿਡ-ਨਾਰਥ ਕੋਸਟ ਤੋਂ 15 ਹਜ਼ਾਰ ਅਤੇ ਸਿਡਨੀ ਤੋਂ 3 ਹਜ਼ਾਰ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਨਦੀਂ ਵਿੱਚ ਪਾਣੀ ਵਧਣ ਕਰਕੇ ਸੜਕਾਂ ਟੁੱਟ ਗਈਆਂ ਹਨ ਅਤੇ ਸੋਮਵਾਰ ਨੂੰ ਕਰੀਬ 150 ਸਕੂਲ ਬੰਦ ਕਰਨੇ ਪਏ।

ਕਈ ਜਾਨਵਰ ਮਰੇ ਹਨ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਨਵਰ ਪਾਣੀ ਵਿੱਚ ਤੈਰਦੇ ਦਿਖੇ ਅਤੇ ਘਰਾਂ ਦੀਆਂ ਖਿੜਕੀਆਂ ਤੱਕ ਪਾਣੀ ਭਰਿਆ ਹੈ।

ਐਤਵਾਰ ਨੂੰ ਇੱਕ ਨੌਜਵਾਨ ਜੋੜੇ ਦਾ ਵਿਆਹ ਸੀ, ਪਰ ਉਨ੍ਹਾਂ ਨੇ ਇਸੇ ਦਿਨ ਸਿਡਨੀ ਦੇ ਉੱਤਰ ਵਿੱਚ ਸਥਿਤ ਆਪਣੇ ਘਰ ਨੂੰ ਹੜ੍ਹ ਵਿੱਚ ਵਗਦੇ ਦੇਖਿਆ।

ਸਿਡਨੀ ਤੋਂ ਕਰੀਬ 17 ਕਿਲੋਮੀਟਰ ਦੂਰ ਏਅਰਪੋਰਟ ਦੇ ਰਨਵੇ 'ਤੇ ਪਾਣੀ ਭਰ ਜਾਣ ਕਾਰਨ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ।

ਅਧਿਕਾਰੀਆਂ ਮੁਤਾਬਕ, ਸ਼ਨੀਵਾਰ ਨੂੰ ਸਿਡਨੀ ਦੇ ਪੱਛਮੀ ਹਿੱਸੇ ਵਿੱਚ ਇੱਕ ਛੋਟਾ ਬਵੰਡਰ ਆਇਆ, ਜਿਸ ਕਾਰਨ ਜ਼ਮੀਨ ਖਿਸਕ ਗਈ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)