ਨੈੱਟਫਲਿਕਸ ਦਾ ਪਾਸਵਰਡ ਜੇ ਤੁਸੀਂ ਹੋਰ ਲੋਕਾਂ ਨਾਲ ਸ਼ੇਅਰ ਕਰਦੇ ਹੋ ਤਾਂ ਇਹ ਜ਼ਰੂਰ ਪੜ੍ਹੋ

    • ਲੇਖਕ, ਕੋਡੀ ਗੋਡਵਿਨ
    • ਰੋਲ, ਬੀਬੀਸੀ ਨਿਊਜ਼, ਸੈਨ ਫਰਾਂਸਿਸਕੋ

ਨੈੱਟਫਲਿਕਸ ਪਾਸਵਰਡ ਸ਼ੇਅਰ ਕਰਨ 'ਤੇ ਪਾਬੰਦੀ ਲਗਾਉਣ ਲਈ ਟ੍ਰਾਇਲ ਕਰ ਰਿਹਾ ਹੈ।

ਕਈ ਯੂਜ਼ਰਸ ਨੂੰ ਸਕਰੀਨ 'ਤੇ ਲਿਖਿਆ ਨਜ਼ਰ ਆ ਰਿਹਾ ਹੈ, "ਜੇਕਰ ਤੁਸੀਂ ਇਸ ਅਕਾਊਂਟ ਦੇ ਮਾਲਕ ਨਾਲ ਨਹੀਂ ਰਹਿੰਦੇ ਤਾਂ ਤੁਹਾਨੂੰ ਪ੍ਰੋਗਰਾਮ ਦੇਖਣੇ ਜਾਰੀ ਰੱਖਣ ਲਈ ਆਪਣਾ ਅਕਾਊਂਟ ਬਣਾਉਣ ਦੀ ਲੋੜ ਹੈ।"

ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਇਹ ਟੈਸਟ ਇਹ ਸੁਨਿਸ਼ਚਿਤ ਕਰਨ ਲਈ ਬਣਾਇਆ ਗਿਆ ਹੈ ਕਿ ਨੈਟਫਲਿਕਸ ਅਕਾਊਂਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਅਜਿਹਾ ਕਰਨ ਲਈ ਅਧਿਕਾਰ ਹੈ।"

ਹਾਲਾਂਕਿ ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਕਿ ਕੰਪਨੀ ਇਸ ਨੂੰ ਆਪਣੇ ਪੂਰੇ ਨੈੱਟਵਰਕ 'ਤੇ ਲਾਗੂ ਕਰੇਗੀ ਜਾਂ ਨਹੀਂ।

ਇਹ ਵੀ ਪੜ੍ਹੋ-

ਟ੍ਰਾਇਲ ਵਿੱਚ ਇਹ ਤਸਦੀਕ ਕੀਤੀ ਜਾਵੇਗੀ ਕਿ ਯੂਜ਼ਰਸ ਟੈਕਸਟ ਮੈਸਜ ਜਾਂ ਈਮੇਲ ਰਾਹੀਂ ਭੇਜੇ ਕੋਡ ਨਾਲ ਹੀ ਅਕਾਊਂਟ ਚਲਾ ਸਕਣ।

ਨੈੱਟਫਲਿਕਸ ਅਯੋਗ ਯੂਜ਼ਰਸ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਫਿਲਹਾਲ ਇਹ ਅਜੇ ਤੱਕ ਸਾਫ ਨਹੀਂ ਹੈ ਕਿੰਨੇ ਲੋਕ ਉਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਵਿਰੋਧ ਵਿੱਚ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ।

ਨੈੱਟਫਲਿਕਸ, ਐੱਚਬੀਓ ਗੋ, ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ ਪਲੱਸ ਸਣੇ ਕਈ ਸਟ੍ਰੀਮਿੰਗ ਪਲੇਟਫਾਰਮ ਆਪਣੇ ਯੂਜ਼ਰਸ ਨੂੰ ਇੱਕ ਅਕਾਊਂਟ ਰਾਹੀਂ ਕਈ ਪ੍ਰੋਫਾਈਲ ਬਣਾਉਣ ਦੀ ਮਨਜ਼ੂਰੀ ਦਿੰਦੇ ਹਨ ਪਰ ਨਿਯਮ ਅਤੇ ਸ਼ਰਤਾਂ ਮੁਤਾਬਕ ਇਸ ਦਾ ਮਤਲਬ ਇਹ ਹੈ ਕਿ ਇੱਕ ਘਰ ਵਿੱਚ ਰਹਿਣ ਵਾਲੇ ਲੋਕ ਇਸ ਦੀ ਵਰਤੋਂ ਕਰਨ।

2016 ਦੀ ਵੈਬਕਾਸਟ ਦੌਰਾਨ, ਨੈੱਟਫਲਿਕਸ ਦੇ ਸਹਿ-ਸੰਸਥਾਪਕ ਅਤੇ ਚੀਫ ਐਗਜ਼ੈਕੇਟਿਵ ਰੀਡ ਹਾਸਟਿੰਗ ਨੇ ਕਿਹਾ ਸੀ, "ਪਾਸਵਰਡ ਸ਼ੇਅਰ ਕਰਨ ਦਾ ਮਤਲਬ ਹੈ ਤੁਸੀਂ ਇਕੱਠੇ ਰਹਿੰਦੇ ਹੋਵੋ ਕਿਉਂਕਿ ਪਾਸਵਰਡ ਸ਼ੇਅਰ ਕਰਨ ਦੇ ਕਈ ਤਰਕ ਹਨ, ਜਿਵੇਂ ਪਤੀ ਜਾਂ ਪਤਨੀ ਦਾ ਸ਼ੇਅਰ ਕਰਨਾ, ਆਪਣੇ ਬੱਚਿਆਂ ਨਾਲ ਸ਼ੇਅਰ ਕਰਨਾ, ਇਸ ਲਈ ਇੱਥੇ ਕੋਈ ਖ਼ਾਸ ਦਿਸ਼ਾ-ਨਿਰਦੇਸ਼ ਨਹੀਂ ਹਨ, ਅਸੀਂ ਜੋ ਵੀ ਕਰ ਰਹੇ ਹਾਂ ਠੀਕ ਕਰ ਰਹੇ ਹਾਂ।"

ਅਕਤੂਬਰ 2019, ਚੀਫ ਪ੍ਰੋਡਕਟ ਅਫ਼ਸਰ ਗ੍ਰੈਗ ਪੀਟਰਸ ਨੇ ਕਿਹਾ ਸੀ ਕਿ ਕੰਪਨੀ ਪਾਸਵਰਡ ਸ਼ੇਅਰ ਕਰਨ ਦੇ ਮੁੱਦੇ 'ਤੇ ਵਿਚਾਰ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ, "ਪਰ ਉੱਥੇ ਕੁਝ ਵੱਖਰਾ ਕਰਨ ਲਈ ਇਸ ਵੇਲੇ ਐਲਾਨ ਦੀ ਕੋਈ ਵੱਡੀ ਯੋਜਨਾ ਨਹੀਂ ਹੈ।"

ਸਾਲ 2020 ਵਿੱਚ ਨੈੱਟਫਲਿਕਸ ਨੇ ਕਰੀਬ 37 ਮਿਲੀਅਨ ਨਵੇਂ ਸਬਸਕ੍ਰਾਈਬਰ ਹਾਸਲ ਕੀਤੇ ਅਤੇ ਇਸ ਵੇਲੇ ਉਸ ਦੇ ਪੂਰੀ ਦੁਨੀਆਂ ਵਿੱਚ 200 ਮਿਲੀਅਨ ਤੋਂ ਵੀ ਵੱਧ ਸਬਸਕ੍ਰਾਈਬਰ ਹਨ।

ਲੌਕਡਾਊਨ ਦੌਰਾਨ ਕੀਮਤ ਵਧਾਉਣੀ ਅਤੇ ਪ੍ਰੋਗਰਾਮ ਜਿਵੇਂ 'ਟਾਈਗਰ ਕਿੰਗ' ਅਤੇ 'ਦਿ ਕੁਈਨਸ ਗੈਮਬਿਟ' ਤੋਂ ਨੈੱਟਫਲਿਕਸ ਦੇ ਮਾਲੀਏ ਵਿੱਚ ਕਰੀਬ 25 ਬਿਲੀਅਨ ਡਾਲਰ ਆਏ ਅਤੇ ਲਗਭਗ 2.8 ਬਿਲੀਅਨ ਡਾਲਰ ਮੁਨਾਫ਼ਾ ਦਰਜ ਹੋਇਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)