You’re viewing a text-only version of this website that uses less data. View the main version of the website including all images and videos.
ਆਸਟ੍ਰੇਲੀਆ: ਸੰਸਦ ਵਿਚ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਦਾ ਹੜ੍ਹ
ਸਿਰਫ਼ 15 ਦਿਨ ਪਹਿਲਾਂ ਆਸਟ੍ਰੇਲੀਆ ਦਾ ਅਵਾਮ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਇੱਕ ਸਾਬਕਾ ਸਿਆਸੀ ਸਲਾਹਕਾਰ ਨੇ ਇਲਜ਼ਾਮ ਲਗਾਇਆ ਕਿ ਸੰਸਦ ਭਵਨ ਵਿੱਚ ਉਸ ਨਾਲ ਬਲਾਤਕਾਰ ਹੋਇਆ ਸੀ।
ਬ੍ਰਿਟਨੀ ਹਿਗਿੰਸ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਇੱਕ ਮਰਦ ਸਹਿਯੋਗੀ ਨੇ ਜਿਨਸੀ ਹਮਲਾ ਕੀਤਾ ਸੀ ਜੋ ਹਾਕਮਧਿਰ ਲਿਬਰਲ ਪਾਰਟੀ ਦੀ ਸਰਕਾਰ ਵਿੱਚ ਸਾਲ 2019 ਵਿੱਚ ਮੰਤਰੀ ਦੇ ਦਫ਼ਤਰ ਵਿੱਚ ਸਲਾਹਕਾਰ ਸਨ।
ਬ੍ਰਿਟਨੀ ਹਿਗਿੰਸ ਦੀ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਕਈ ਔਰਤਾਂ ਸਾਹਮਣੇ ਆਈਆਂ ਅਤੇ ਆਸਟਰੇਲੀਆ ਦੀ ਸਿਆਸਤ ਵਿੱਚ ਜਿਨਸੀ ਸ਼ੋਸ਼ਣ ਦੇ ਆਪਣੇ-ਆਪਣੇ ਤਜ਼ਰਬੇ ਸਾਂਝੇ ਕੀਤੇ।
ਇਨ੍ਹਾਂ ਵਿੱਚੋਂ ਸਭ ਤੋਂ ਭਿਆਨਕ 1988 ਵਿਚ ਹੋਏ ਬਲਾਤਕਾਰ ਦਾ ਇਲਜ਼ਾਮ ਹੈ। ਇਹ ਮਾਮਲਾ ਕਿਸੇ ਅਣਜਾਣ ਕੈਬਨਿਟ ਮੰਤਰੀ ਦਾ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸੋਮਵਾਰ ਨੂੰ ਕਿਹਾ ਕਿ ਮੰਤਰੀ ਨੇ ਬਲਾਤਕਾਰ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ।
ਪੁਲਿਸ ਕੋਲ ਇੱਕ ਵਿਰੋਧੀ ਧਿਰ ਦੇ ਸੰਸਦ ਮੈਂਬਰ 'ਤੇ ਰੇਪ ਦਾ ਕੇਸ ਵੀ ਸਾਹਮਣੇ ਆਇਆ ਹੈ। ਅਜਿਹੇ ਇਲਜ਼ਾਮਾਂ ਦੇ ਹੜ੍ਹ ਕਾਰਨ ਆਸਟ੍ਰੇਲੀਆ ਦੀ ਮੌਰਿਸਨ ਸਰਕਾਰ 'ਤੇ ਜਵਾਬ ਦੇਣ ਲਈ ਦਬਾਅ ਹੈ।
ਇਹ ਵੀ ਪੜ੍ਹੋ
ਬ੍ਰਿਟਨੀ ਹਿਗਿੰਸ ਦਾ ਸਾਹਮਣੇ ਆਉਣਾ
ਬ੍ਰਿਟਨੀ ਹਿਗਿੰਸ ਕਹਿੰਦੀ ਹੈ ਕਿ ਉਸ ਸਮੇਂ ਉਹ 24 ਸਾਲਾਂ ਦੀ ਸੀ ਅਤੇ ਇਹ ਉਨ੍ਹਾਂ ਦੀ ਨਵੀਂ ਡ੍ਰੀਮ ਜੌਬ ਸੀ, ਜਿਸ ਨੂੰ ਜੁਆਇਨ ਕੀਤੇ ਕੁਝ ਹੀ ਹਫ਼ਤੇ ਹੋਏ ਸਨ।
ਮਾਰਚ 2019 ਵਿੱਚ ਇੱਕ ਸੀਨੀਅਰ ਸਹਿਯੋਗੀ ਉਨ੍ਹਾਂ ਨੂੰ ਨਾਈਟ ਆਊਟ ਤੋਂ ਬਾਅਦ ਸੰਸਦ ਵਿੱਚ ਲੈ ਕੇ ਗਿਆ।
ਜ਼ਿਆਦਾ ਸ਼ਰਾਬ ਪੀਣ ਕਾਰਨ ਬ੍ਰਿਟਨੀ ਨੂੰ ਮੰਤਰੀ ਦੇ ਦਫ਼ਤਰ ਵਿੱਚ ਹੀ ਨੀਂਦ ਆ ਗਈ। ਬ੍ਰਿਟਨੀ ਕਹਿੰਦੀ ਹੈ ਕਿ ਜਦੋਂ ਉਹ ਜਾਗੀ ਤਾਂ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।
ਉਸ ਵਿਅਕਤੀ ਨੂੰ ਕੁਝ ਹੀ ਦਿਨਾਂ ਵਿੱਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਸ ਦੀ ਬਰਖ਼ਾਸਤਗੀ ਨਾ ਸਿਰਫ਼ ਕਥਿਤ ਸਰੀਰਕ ਸ਼ੋਸ਼ਣ ਲਈ ਸੀ ਸਗੋਂ ਉਸ ਨੇ ਦਫ਼ਤਰ ਦੇ ਸੁਰੱਖਿਆ ਨਿਯਮਾਂ ਨੂੰ ਵੀ ਤੋੜਿਆ ਸੀ ਕਿਉਂਕਿ ਰਾਤ ਨੂੰ ਸੰਸਦ ਵਿੱਚ ਨਹੀਂ ਜਾਇਆ ਜਾ ਸਕਦਾ ਸੀ।
ਇਸ ਦੌਰਾਨ ਬ੍ਰਿਟਨੀ ਨੇ ਆਪਣੇ ਬੌਸ ਅਤੇ ਉਸ ਸਮੇਂ ਸੁਰੱਖਿਆ ਉਦਯੋਗ ਮੰਤਰੀ ਲਿੰਡਾ ਰੀਨੋਲਡਜ਼ ਨੂੰ ਦੱਸਿਆ ਕਿ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਲਿੰਡਾ ਨਾਲ ਉਨ੍ਹਾਂ ਦੀ ਗੱਲਬਾਤ ਉਸੇ ਕਮਰੇ ਵਿੱਚ ਹੋਈ ਜਿਸ ਵਿੱਚ ਬ੍ਰਿਟਨੀ ਨੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।
ਲਿੰਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬ੍ਰਿਟਨੀ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ।
ਬ੍ਰਿਟਨੀ ਨੇ ਕਿਹਾ ਕਿ ਉਹ ਦਬਾਅ ਵਿੱਚ ਸਨ ਕਿ ਇਸ ਨਾਲ ਕਿਤੇ ਉਨ੍ਹਾਂ ਦੀ ਨੌਕਰੀ ਨਾ ਚਲੀ ਜਾਏ। ਬ੍ਰਿਟਨੀ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਸੀ।
ਪਰ ਬ੍ਰਿਟਨੀ ਨੇ ਉਦੋਂ ਬੋਲਣ ਦਾ ਫ਼ੈਸਲਾ ਕੀਤਾ ਜਦੋਂ ਜਨਵਰੀ ਮਹੀਨੇ ਵਿੱਚ ਇੱਕ ਤਸਵੀਰ ਦੇਖੀ, ਜਿਸ ਵਿੱਚ ਮੌਰਿਸਨ ਜਿਨਸੀ ਸ਼ੋਸ਼ਣ ਵਿਰੁੱਧ ਬੋਲ ਰਹੇ ਹਨ।
ਬ੍ਰਿਟਨੀ ਨੇ ਨਿਊਜ਼ ਡਾਟ ਕਾਮ ਏਯੂ ਨੂੰ ਦੱਸਿਆ, "ਮੌਰੀਸਨ ਦੇ ਨਾਲ ਇੱਕ ਔਰਤ ਖੜ੍ਹੀ ਸੀ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਹੱਕਾਂ ਲਈ ਮੁਹਿੰਮ ਚਲਾ ਰਹੀ ਸੀ। ਮੈਂ ਸੋਚਿਆ ਕਿ ਇੱਕ ਪਾਸੇ ਇਹ ਤਸਵੀਰ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੀ ਸਰਕਾਰ ਮੈਨੂੰ ਚੁੱਪ ਕਰਾਉਣ ਵਿੱਚ ਲੱਗੀ ਹੋਈ ਹੈ। ਇਹ ਇੱਕ ਧੋਖਾ ਹੈ। ਇਹ ਝੂਠ ਹੈ।"
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੇ ਰੁਖ ਦੀ ਅਲੋਚਨਾ
ਬ੍ਰਿਟਨੀ ਦੇ ਸਾਹਮਣੇ ਆਉਣ ਤੋਂ ਬਾਅਦ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ।
ਦੋ ਸਾਲ ਪਹਿਲਾਂ ਜਿਸ ਤਰ੍ਹਾਂ ਬ੍ਰਿਟਨੀ ਦੀ ਸ਼ਿਕਾਇਤ ਨੂੰ ਹੈਂਡਲ ਕੀਤਾ ਗਿਆ ਉਸ ਨੂੰ ਲੈ ਕੇ ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਕਾਰਜ-ਸਭਿਆਚਾਰ ਅਤੇ ਸਿਆਸੀ ਅਮਲੇ ਦੀ ਮਦਦ ਨੂੰ ਲੈ ਕੇ ਜਾਂਚ ਕਰਵਾਉਣ ਦਾ ਵਾਅਦਾ ਕੀਤਾ।
ਇਸ ਮਾਮਲੇ ਵਿੱਚ ਮੌਰਿਸਨ ਦੀ ਕੀਤੀ ਗਈ ਟਿੱਪਣੀ ਬਾਰੇ ਵੀ ਕਾਫ਼ੀ ਚਰਚਾ ਹੋਈ। ਮੌਰਿਸਨ ਨੇ ਕਿਹਾ ਕਿ ਉਹ ਬ੍ਰਿਟਨੀ ਦੇ ਮਾਮਲੇ ਨੂੰ ਹੋਰ ਚੰਗੀ ਤਰ੍ਹਾਂ ਉਦੋਂ ਸਮਝੇ ਜਦੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਮਾਮਲੇ ਨੂੰ ਦੇਖਣ ਲਈ ਕਿਹਾ।
ਮੌਰਿਸਨ ਨੇ ਪੱਤਰਕਾਰਾਂ ਨੂੰ ਕਿਹਾ, "ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਇਸ ਮਾਮਲੇ ਨੂੰ ਪਿਤਾ ਦੀ ਤਰ੍ਹਾਂ ਦੇਖਣਾ ਚਾਹੀਦਾ ਹੈ। ਜੇ ਤੁਹਾਡੀਆਂ ਆਪਣੀਆਂ ਧੀਆਂ ਨਾਲ ਅਜਿਹਾ ਹੁੰਦਾ ਤਾਂ ਤੁਸੀਂ ਕੀ ਕਰਦੇ?"
ਮੌਰੀਸਨ ਦੀ ਇਸ ਗੱਲ ਲਈ ਅਲੋਚਨਾ ਹੋ ਰਹੀ ਹੈ ਕਿ ਨਿਆਂ ਦਿਵਾਉਣ ਲਈ ਪਿਤਾ ਹੋਣਾ ਜ਼ਰੂਰੀ ਨਹੀਂ ਹੈ ਸਗੋਂ ਉਹ ਪ੍ਰਧਾਨ ਮੰਤਰੀ ਹੁੰਦਿਆਂ ਅਜਿਹਾ ਕਰ ਸਕਦੇ ਸਨ। ਕਈ ਔਰਤਾਂ ਨੇ ਲਿਖਿਆ ਕਿ ਆਸਟ੍ਰੇਲੀਆ ਨੂੰ ਪਿਤਾ ਦੀ ਨਹੀਂ ਇੱਕ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੀ ਅਲੋਚਨਾ ਹੋ ਰਹੀ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੌਰਿਸਨ ਅਤੇ ਉਨ੍ਹਾਂ ਦੇ ਮੰਤਰੀਆਂ 'ਤੇ ਇਹ ਇਲਜ਼ਾਮ ਵੀ ਲੱਗੇ ਕਿ ਉਹ ਸਵਾਲਾਂ ਤੋਂ ਬਚੇ ਰਹੇ ਹਨ।
ਉਨ੍ਹਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਸਰਕਾਰ ਦੇ ਅੰਦਰ ਇਸ ਮਾਮਲੇ ਬਾਰੇ ਕਿਸ ਨੂੰ ਪਤਾ ਸੀ ਅਤੇ ਇਹ ਕਦੋਂ ਪਤਾ ਚੱਲਿਆ? ਜੇ ਪਤਾ ਚੱਲਿਆ ਤਾਂ ਨਿਆਂ ਦਿਵਾਉਣ ਲਈ ਕੀ ਕੁਝ ਕੀਤਾ ਗਿਆ?
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਮਾਮਲੇ ਬਾਰੇ ਮੌਰਿਸਨ ਦੇ ਘੱਟੋ-ਘੱਟ ਤਿੰਨ ਮੰਤਰੀਆਂ ਨੂੰ ਪਤਾ ਸੀ। ਮੌਰਿਸਨ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੇ ਬਾਕੀ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਵੀ ਜਾਣਕਾਰੀ ਮਿਲੀ।
ਹਾਲਾਂਕਿ ਬ੍ਰਿਟਨੀ ਹਿਗਿੰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਪੀੜਤਾ 'ਤੇ ਹੀ ਇਲਜ਼ਾਮ ਲਗਾਉਣ ਦੀ ਮਾਨਸਿਕਤਾ ਪ੍ਰੇਸ਼ਾਨ ਕਰਦੀ ਹੈ।
ਉਹ ਕਹਿੰਦੀ ਹੈ, "ਇਹ ਸਿਰਫ਼ ਮੇਰੇ ਲਈ ਹੀ ਨਹੀਂ ਸਗੋਂ ਹੋਰ ਅਣਗਿਣਤ ਪੀੜਤਾਂ ਲਈ ਵੀ ਹੈ।"
ਇਹ ਵੀ ਪੜ੍ਹੋ
ਹੋਰ ਔਰਤਾਂ ਵੀ ਸਾਹਮਣੇ ਆਈਆਂ
ਬ੍ਰਿਟਨੀ ਹਿਗਿੰਸ ਤੋਂ ਬਾਅਦ ਚਾਰ ਹੋਰ ਔਰਤਾਂ ਵੀ ਸਥਾਨਕ ਮੀਡੀਆ ਸਾਹਮਣੇ ਆਈਆਂ ਅਤੇ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਅਤੇ ਤਸ਼ਦੱਦ ਦੇ ਇਲਜ਼ਾਮ ਲਗਾਏ।
ਇੱਕ ਔਰਤ ਨੇ ਦਿ ਆਸਟਰੇਲੀਆਨ ਨੂੰ ਕਿਹਾ, "ਇੱਕ ਵਿਅਕਤੀ ਨੇ 2020 ਵਿੱਚ ਮੇਰੇ ਨਾਲ ਬਲਾਤਕਾਰ ਕੀਤਾ। ਮੈਂ ਉਸ ਨਾਲ ਡ੍ਰਿੰਕ ਅਤੇ ਡਿਨਰ ਕੀਤਾ ਸੀ। ਜੇ ਸਰਕਾਰ ਨੇ ਸਾਲ 2019 ਵਿੱਚ ਬ੍ਰਿਟਨੀ ਮਾਮਲੇ ਨੂੰ ਸਹੀ ਢੰਗ ਨਾਲ ਸੰਭਾਲਿਆ ਹੁੰਦਾ ਤਾਂ ਇਹ ਮੇਰੇ ਨਾਲ 2020 ਵਿੱਚ ਨਾ ਹੁੰਦਾ।"
ਇੱਕ ਹੋਰ ਔਰਤ ਨੇ ਕਿਹਾ ਕਿ 2017 ਵਿੱਚ ਇੱਕ ਨਾਈਟ ਆਉਟ ਤੋਂ ਬਾਅਦ ਉਸ ਨਾਲ ਬਲਾਤਕਾਰ ਹੋਇਆ ਸੀ। ਏਬੀਸੀ ਦੀ ਰਿਪੋਰਟ ਅਨੁਸਾਰ ਇੱਕ ਤੀਜੀ ਔਰਤ ਨੇ ਬ੍ਰਿਟਨੀ ਹਿਗਿੰਸ ਦੇ ਬੋਲਣ ਤੋਂ ਬਾਅਦ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਈ ਹੈ। ਉਸ ਔਰਤ ਦਾ ਇਲਜ਼ਾਮ ਹੈ ਕਿ ਉਹ 2017 ਵਿੱਚ ਆਪਣੇ ਸਾਥੀਆਂ ਨਾਲ ਡਿਨਰ 'ਤੇ ਗਈ ਸੀ ਉਦੋਂ ਇੱਕ ਆਦਮੀ ਨੇ ਉਸਦੇ ਪੱਟ 'ਤੇ ਹੱਥ ਫੇਰਿਆ।
ਪਿਛਲੇ ਬੁੱਧਵਾਰ ਨੂੰ ਇੱਕ ਚੌਥੀ ਔਰਤ ਨੇ news.com.au ਨੂੰ ਕਿਹਾ ਕਿ ਇੱਕ ਵਿਅਕਤੀ ਨੇ ਸੈਕਸ ਲਈ ਦਬਾਅ ਬਣਾਇਆ ਸੀ।
ਕਿਹਾ ਜਾ ਰਿਹਾ ਹੈ ਕਿ ਬ੍ਰਿਟਨੀ ਹਿਗਿੰਸ ਦੇ ਮਾਮਲੇ ਵਿੱਚ ਆਸਟਰੇਲੀਆ ਦੇ ਕੁਝ ਸੰਸਦ ਮੈਂਬਰਾਂ ਨੇ ਚੁੱਪੀ ਧਾਰ ਰੱਖੀ ਸੀ।
ਕੈਬਨਿਟ ਮੰਤਰੀ 'ਤੇ ਰੇਪ ਦਾ ਇਲਜ਼ਾਮ
ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਦੋ ਸੰਸਦ ਮੈਂਬਰਾਂ-ਲੇਬਰ ਪਾਰਟੀ ਦੀ ਸੰਸਦ ਮੈਂਬਰ ਪੈਨੀ ਵੋਂਗ ਅਤੇ ਗ੍ਰੀਨਸ ਸੀਨੇਟਰ ਸਾਰਾ ਹੈਂਸੋਨ-ਯੰਗ ਨੇ ਖ਼ਬਰ ਏਜੰਸੀ ਏਐੱਫ਼ਪੀ ਤੋਂ ਮਿਲੇ ਇੱਕ ਪੱਤਰ ਦਾ ਜ਼ਿਕਰ ਕੀਤਾ।
ਇਲਜ਼ਾਮ ਹੈ ਕਿ ਇੱਕ ਵਿਅਕਤੀ ਜੋ ਹਾਲੇ ਕੈਬਨਿਟ ਮੰਤਰੀ ਹੈ, ਉਨ੍ਹਾਂ ਨੇ 1988 ਵਿੱਚ 16 ਸਾਲਾ ਇੱਕ ਕੁੜੀ ਨਾਲ ਬਲਾਤਕਾਰ ਕੀਤਾ ਸੀ। ਆਸਟਰੇਲੀਆਈ ਮੀਡੀਆ ਨੇ ਮੰਤਰੀ ਅਤੇ ਕਥਿਤ ਪੀੜਤਾ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਉਸ ਔਰਤ ਨੇ 49 ਸਾਲ ਦੀ ਉਮਰ ਵਿੱਚ ਪਿਛਲੇ ਸਾਲ ਜੂਨ ਵਿੱਚ ਆਪਣੀ ਜਾਨ ਲੈ ਲਈ ਸੀ। ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਔਰਤ ਨੇ ਨਿਊ ਸਾਊਥ ਵੇਲਜ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸ ਦੀ ਮੌਤ ਤੋਂ ਬਾਅਦ ਜਾਂਚ ਰੋਕ ਦਿੱਤੀ ਗਈ।
ਪਿਛਲੇ ਹਫ਼ਤੇ ਉਸ ਔਰਤ ਦੇ ਦੋਸਤਾਂ ਨੇ ਪ੍ਰਧਾਨ ਮੰਤਰੀ ਮੌਰਿਸਨ ਅਤੇ ਹੋਰਨਾ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ।
ਮੌਰਿਸਨ ਨੇ ਮੰਗ ਨੂੰ ਨਕਾਰਦਿਆਂ ਕਿਹਾ ਕਿ ਮਾਮਲਾ ਪੁਲਿਸ ਕੋਲ ਹੈ। ਸੋਮਵਾਰ ਨੂੰ ਮੌਰਿਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਵਿਅਕਤੀ 'ਤੇ ਇਲਜ਼ਾਮ ਲਗਾਇਆ ਗਿਆ ਸੀ, ਉਸ ਨੇ ਸਖ਼ਤੀ ਨਾਲ ਖਾਰਜ ਕਰ ਦਿੱਤਾ ਹੈ।
ਜਿਨ੍ਹਾਂ ਨੇ ਪੱਤਰ ਲਿਖ ਕੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਕਥਿਤ ਪੀੜਤ ਦੀ ਮੌਤ ਹੋ ਗਈ ਹੈ। ਅਜਿਹੇ ਵਿੱਚ ਪੁਲਿਸ ਸ਼ਾਇਦ ਹੀ ਆਪਣੀ ਜਾਂਚ ਨੂੰ ਅੱਗੇ ਵਧਾ ਸਕੇਗੀ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਤੋਂ ਪੁੱਛਗਿੱਛ ਕਰਨ ਦੀ ਜ਼ਰੂਰਤ ਹੁੰਦੀ ਹੈ।
"ਅਤੇ ਇਸ ਤਰ੍ਹਾਂ ਇਹ ਪੁਲਿਸ ਦਾ ਮਾਮਲਾ ਹੈ। ਕੁਝ ਵੀ ਅਜਿਹਾ ਨਹੀਂ ਹੈ ਕਿ ਮੈਨੂੰ ਤੁਰੰਤ ਕੋਈ ਕਾਰਵਾਈ ਕਰਨ ਦੀ ਲੋੜ ਸੀ।"
ਮੰਗਲਵਾਰ ਨੂੰ ਪੁਲਿਸ ਨੇ ਪੁਸ਼ਟੀ ਕੀਤੀ ਕਿ ਕੇਸ ਵਿੱਚ "ਅੱਗੇ ਵਧਣ ਲਈ ਨਾਕਾਫੀ ਸਬੂਤ ਸਨ।"
ਇਸ ਵਿੱਚ ਕਿਹਾ ਹੈ, "ਜਿਵੇਂ ਕਿ ਐੱਨਐੱਸਡਬਲਯੂ ਪੁਲਿਸ ਫੋਰਸ ਨੇ ਤੈਅ ਕੀਤਾ ਹੈ ਕਿ ਮਾਮਲਾ ਹੁਣ ਬੰਦ ਕਰ ਦਿੱਤਾ ਗਿਆ ਹੈ।"
ਹੋਰਨਾਂ ਲੋਕ ਕਹਿ ਰਹੇ ਹਨ ਕਿ ਜੇ ਮਾਮਲਾ ਖ਼ਤਮ ਨਹੀਂ ਹੋਇਆ ਹੈ, ਭਾਵੇਂ ਕਿ ਪੁਲਿਸ ਇਸ ਦੀ ਜਾਂਚ ਨਹੀਂ ਕਰ ਰਹੀ।
ਮੌਰਿਸਨ ਦੇ ਪੂਰਵਗਾਮੀ ਮੈਲਕਮ ਟਰਨਬੁੱਲ ਨੇ ਮੰਤਰੀ ਨੂੰ ਖੁਦ ਦੀ ਪਛਾਣ ਕਰਨ ਅਤੇ ਇਲਜ਼ਾਮਾਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੰਤਰੀ ਕੈਨਬਰਾ ਵਿੱਚ ਇੰਨੇ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ ਕਿ ਚੁੱਪ ਰਹਿਣਾ ਉਨ੍ਹਾਂ ਲਈ ਅਸਮਰੱਥ ਸੀ।
ਐਤਵਾਰ ਨੂੰ ਇੱਕ ਸਰਕਾਰੀ ਸੰਸਦ ਮੈਂਬਰ ਨੇ ਲੇਬਰ ਪਾਰਟੀ ਦੇ ਇੱਕ ਸੰਸਦ ਮੈਂਬਰ ਖਿਲਾਫ਼ ਬਲਾਤਕਾਰ ਦੇ ਇੱਕ ਮਾਮਲੇ ਨੂੰ ਪੁਲਿਸ ਕੋਲ ਭੇਜਿਆ। ਉਸ ਇਲਜ਼ਾਮ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
ਜਨਤਾ ਦਾ ਦਬਾਅ
ਪਿਛਲੇ 15 ਦਿਨਾਂ ਵਿੱਚ ਆਸਟਰੇਲੀਆ ਦੇ ਸਿਆਸੀ ਸਭਿਆਚਾਰ ਅਤੇ ਲਿੰਗ ਭੇਦਭਾਵ ਨੂੰ ਲੈ ਕੇ ਕਈ ਗੰਭੀਰ ਸਵਾਲ ਉੱਠ ਰਹੇ ਹਨ।
ਇੱਕ ਔਰਤ ਜਿਸ ਨੇ ਸਿਆਸੀ ਸਲਾਹਕਾਰ 'ਤੇ ਰੇਪ ਦਾ ਇਲਜ਼ਾਮ ਲਗਾਇਆ ਹੈ, ਉਸ ਨੇ ਕਿਹਾ ਕਿ ਉਸ ਨੇ ਡਰਾਉਣੀ ਸਿਆਸਤ ਦੇ ਹਨੇਰੇ ਨੂੰ ਘਟਾਉਣ ਲਈ ਸਾਹਮਣੇ ਆਉਣ ਦਾ ਫ਼ੈਸਲਾ ਕੀਤਾ ਸੀ।
ਪਿਛਲੇ ਹਫ਼ਤੇ ਮੌਰਿਸਨ ਨੇ ਮੰਨਿਆ ਸੀ ਕਿ ਸਿਸਟਮ ਵਿੱਚ ਕਮੀਆਂ ਹਨ ਅਤੇ ਕੰਮ ਵਾਲੀ ਥਾਂ ਦੇ ਕਲਚਰ ਨੂੰ ਠੀਕ ਕਰਨ ਦੀ ਲੋੜ ਹੈ।
ਪਰ ਲੋਕਾਂ ਦਾ ਦਬਾਅ ਹੈ ਕਿ ਸਰਕਾਰ ਨੂੰ ਕੁਝ ਠੋਸ ਕੰਮ ਕਰਨਾ ਚਾਹੀਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਜੇ ਕਿਸੇ ਕੈਬਨਿਟ ਮੰਤਰੀ 'ਤੇ ਗੰਭੀਰ ਅਪਰਾਧ ਦੇ ਇਲਜ਼ਾਮ ਹਨ ਤਾਂ ਉਸ ਖਿਲਾਫ਼ ਸਹੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਸਰਕਾਰ ਨੇ ਅਜਿਹੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ।
ਉੱਥੇ ਹੀ ਬ੍ਰਿਟਨੀ ਹਿਗਿੰਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹ ਸਿਸਟਮ ਵਿੱਚ ਠੋਸ ਸੁਧਾਰ ਚਾਹੁੰਦੇ ਹਨ ਤਾਂ ਕਿ ਜੋ ਸੰਸਦ ਅਜਿਹੇ ਮਾਮਲਿਆਂ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੇ।
ਇਹ ਵੀ ਪੜ੍ਹੋ: