ਇਥੋਪੀਆ ਵਿੱਚ ਬੀਬੀਸੀ ਰਿਪੋਰਟਰ ਨੂੰ ਫੌਜ ਨੇ ਹਿਰਾਸਤ ਵਿੱਚ ਲਿਆ

ਇਥੋਪੀਆ ਦੇ ਟਕਰਾਅ ਪ੍ਰਭਾਵਿਤ ਖੇਤਰ ਟਿਗਰਾਏ 'ਚ ਫੌਜ ਨੇ ਬੀਬੀਸੀ ਦੇ ਰਿਪੋਰਟਰ ਨੂੰ ਹਿਰਾਸਤ ਵਿੱਚ ਲਿਆ ਹੈ।

ਚਸ਼ਮਦੀਦਾਂ ਦੇ ਮੁਤਾਬਕ, ਬੀਬੀਸੀ ਟਿਗਰੀਨੀਆ ਲਈ ਕੰਮ ਕਰਨ ਵਾਲੇ ਗਿਰਮੇ ਜੈਬਰੂ ਨੂੰ ਕੈਫ਼ੇ ਤੋਂ ਚਾਰ ਹੋਰ ਲੋਕਾਂ ਸਣੇ ਲੈ ਕੇ ਚਲੇ ਗਏ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਗਿਰਮੇ ਨੂੰ ਮੈਕੇਲੇ ਦੇ ਮਿਲਟ੍ਰੀ ਕੈਂਪ ਲਿਜਾਇਆ ਗਿਆ ਹੈ।

ਬੀਬੀਸੀ ਨੂੰ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ ਕਿ ਉਸ ਦੇ ਰਿਪੋਰਟਰ ਨੂੰ ਇਵੇਂ ਕਿਉਂ ਨਜ਼ਰਬੰਦ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਇਸ ਮੁੱਦੇ ਨੂੰ ਇਥੋਪਿਅਨ ਅਥਾਰਿਟੀ ਸਾਹਮਣੇ ਚੁੱਕਿਆ ਹੈ।

ਇਹ ਵੀ ਪੜ੍ਹੋ

ਇੱਕ ਸਥਾਨਕ ਪੱਤਰਕਾਰ ਤਮਿਰਾਤ ਯੈਮੇਨੇ, ਦੋ ਟ੍ਰਾਂਸਲੇਟਰ ਅਲੂਲਾ ਅਕਾਲੂ ਅਤੇ ਫਿਤਸਮ ਬੈਰਹੇਨ ਜੋ ਕਿ ਫਾਈਨੇਂਸ਼ਲ ਟਾਈਮਜ਼ ਅਤੇ ਏਐੱਫਪੀ ਲਈ ਕੰਮ ਕਰ ਰਹੇ ਸੀ, ਉਨ੍ਹਾਂ ਨੂੰ ਵੀ ਹਾਲ ਹੀ 'ਚ ਹਿਰਾਸਤ ਵਿੱਚ ਲਿਆ ਗਿਆ ਸੀ।

ਨਵੰਬਰ ਤੋਂ ਇਥੋਪੀਆ ਦੀ ਸਰਕਾਰ ਨੂੰ ਟਿਗਰਾਏ 'ਚ ਬਗਾਵਤੀ ਧੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਿਗਰਾਏ 'ਚ ਇਸ ਟਕਰਾਅ ਦੇ ਸ਼ੁਰੂ ਹੁੰਦਿਆਂ ਹੀ, ਸਰਕਾਰ ਨੇ ਮੀਡੀਆ ਦਾ ਪੂਰਨ ਤੌਰ 'ਤੇ ਬਲੈਕ ਆਉਟ ਕਰ ਦਿੱਤਾ ਸੀ। ਪਿਛਲੇ ਮਹੀਨੇ ਹੀ ਕੁਝ ਕੌਮਾਂਤਰੀ ਮੀਡੀਆ ਅਦਾਰਿਆਂ ਨੂੰ ਉੱਥੇ ਜਾਣ ਦੀ ਇਜਾਜ਼ਤ ਮਿਲੀ ਸੀ।

ਏਐੱਫਪੀ ਅਤੇ ਫਾਈਨੇਂਸ਼ਲ ਟਾਈਮਜ਼, ਦੋਹਾਂ ਨੂੰ ਸਾਰੇ ਵਿਵਾਦ ਦੀ ਕਵਰੇਜ ਕਰਨ ਦੀ ਇਜਾਜ਼ਤ ਮਿਲੀ ਸੀ।

ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਫੌਜ ਦੇ ਜਵਾਨਾਂ ਵਲੋਂ ਵਰਦੀ ਵਿੱਚ ਗਿਰਮੇ ਨੂੰ ਲਿਜਾਇਆ ਗਿਆ ਸੀ।

ਬੀਬੀਸੀ ਦੇ ਬੁਲਾਰੇ ਨੇ ਕਿਹਾ, "ਅਸੀਂ ਕਾਫ਼ੀ ਚਿੰਤਤ ਹਾਂ ਅਤੇ ਅਸੀਂ ਇਸ ਬਾਰੇ ਇਥੋਪਿਅਨ ਅਥਾਰਿਟੀ ਨਾਲ ਵੀ ਗੱਲਬਾਤ ਕੀਤੀ ਹੈ।"

ਟਿਗਰੇ ਪੀਪਲਜ਼ ਲੀਬਰੇਸ਼ਨ ਫਰੰਟ ਉੱਤੇ ਸਰਕਾਰ ਵੱਲੋਂ ਜਿੱਤ ਹਾਸਲ ਕਰਨ ਦੇ ਦਾਅਵੇ ਦੇ ਬਾਵਜੂਦ ਟਿਗਰਾਏ 'ਚ ਜੰਗ ਜਾਰੀ ਹੈ। ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ।

ਇਥੋਪੀਆ ਦੀ ਸੱਤਾਧਾਰੀ ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਕੌਮਾਂਤਰੀ ਮੀਡੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)