You’re viewing a text-only version of this website that uses less data. View the main version of the website including all images and videos.
ਚੀਨ ਕੀ ਸੁਪਰ ਸੈਨਿਕ ਬਣਾ ਰਿਹਾ ਹੈ? ਅਜਿਹਾ ਹੋਇਆ ਤਾਂ ਕੀ ਹੋਵੇਗਾ
- ਲੇਖਕ, ਥੌਮ ਪੂਲ
- ਰੋਲ, ਬੀਬੀਸੀ ਨਿਊਜ਼
ਕੀ ਚੀਨ 'ਕੈਪਟਨ ਅਮਰੀਕਾ' ਦਾ ਆਪਣਾ ਵੱਖਰਾ ਵਰਜ਼ਨ ਬਣਾ ਰਿਹਾ ਹੈ? ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਅਜਿਹੇ ਕਈ ਸੰਕੇਤ ਦਿੱਤੇ ਹਨ। ਪਰ ਪ੍ਰਚਾਰ ਤੋਂ ਪਰੇ ਇੱਕ ਸੁਪਰ ਸੈਨਿਕ ਦੀ ਸੰਭਾਵਨਾ ਮਹਿਜ਼ ਕਲਪਨਾ ਨਹੀਂ ਹੈ ਅਤੇ ਸਿਰਫ਼ ਚੀਨ ਹੀ ਨਹੀਂ ਸਗੋਂ ਕਈ ਹੋਰ ਦੇਸ ਵੀ ਇਸ ਵਿੱਚ ਦਿਲਚਸਪੀ ਲੈ ਰਹੇ ਹਨ।
ਭਾਰੀ ਨਿਵੇਸ਼ ਅਤੇ ਮੋਹਰੀ ਰਹਿਣ ਦੀ ਇੱਛਾ ਕਾਰਨ ਦੁਨੀਆਂ ਦੀਆਂ ਸੈਨਾਵਾਂ ਤਕਨੀਕੀ ਨਵੇਂਪਣ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ। ਇਸ ਇੱਛਾ ਨੇ ਸਿਰਫ਼ ਬੇਹੱਦ ਉੱਨਤ ਹੀ ਨਹੀਂ ਸਗੋਂ ਮਾਮੂਲੀ ਚੀਜ਼ਾਂ ਨੂੰ ਵੀ ਜਨਮ ਦਿੱਤਾ ਹੈ।
ਡਕਟ ਟੇਪ ਨੂੰ ਹੀ ਲੈ ਲਓ। ਇਲੇਨੋਏ ਦੀ ਇੱਕ ਹਥਿਆਰ ਬਣਾਉਣ ਵਾਲੀ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਕਮਰਚਾਰੀ ਦੇ ਸੁਝਾਅ 'ਤੇ ਇਸ ਦੀ ਖੋਜ ਸ਼ੁਰੂ ਹੋਈ ਸੀ। ਦੂਸਰੇ ਵਿਸ਼ਵ ਯੁੱਧ ਦੌਰਾਨ ਇਸ ਕਰਮਚਾਰੀ ਦੇ ਬੇਟੇ ਜਲ ਸੈਨਾ ਵਿੱਚ ਕੰਮ ਕਰਦੇ ਹਨ।
ਇਸ ਦੌਰ ਵਿੱਚ ਗੋਲਾ ਬਰੂਦ ਦੇ ਡੱਬਿਆਂ ਨੂੰ ਪੇਪਰ ਟੇਪ ਨਾਲ ਚਿਪਕਾਇਆ ਜਾਂਦਾ ਸੀ। ਇਸ ਨੂੰ ਇਸਤੇਮਾਲ ਕਰਨਾ ਸੌਖਾ ਨਹੀਂ ਸੀ।
ਇਹ ਵੀ ਪੜ੍ਹੋ:
ਵੇਸਤਾ ਸਟਾਉਟ ਨੇ ਵਾਟਰਪਰੂਫ਼ ਕੱਪੜੇ ਦੀ ਟੇਪ ਦਾ ਸੁਝਾਅ ਦਿੱਤਾ। ਪਰ ਸੀਨੀਅਰ ਕਰਮਚਾਰੀਆਂ ਨੇ ਉਨ੍ਹਾਂ ਦੇ ਵਿਚਾਰ ਨੂੰ ਨਾਕਾਰ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਰੂਜ਼ਵੇਲਟ ਨੂੰ ਇੱਕ ਪੱਤਰ ਲਿਖਿਆ ਅਤੇ ਫ਼ਿਰ ਉਨ੍ਹਾਂ ਦੇ ਇਸ ਵਿਚਾਰ ਨੂੰ ਹਕੀਕਤ ਵਿੱਚ ਬਦਲਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ।
ਜੇ ਸੈਨਾ ਦੀ ਲੋੜ ਸਾਨੂੰ ਚੰਗੀ ਤਰ੍ਹਾਂ ਚਿਪਕਾਉਣ ਵਾਲੇ ਟੇਪ ਦੇ ਸਕਦੀ ਹੈ, ਤਾਂ ਹੋਰ ਕੀ ਨਹੀਂ ਦੇ ਸਕਦੀ।
ਸਾਲ 2014 ਵਿੱਚ ਇੱਕ ਨਵੀਂ ਕੋਸ਼ਿਸ਼ ਦਾ ਐਲਾਨ ਕਰਦਿਆਂ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਬਾਰਕ ਓਬਾਮਾ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ 'ਮੈਂ ਇਥੇ ਇਹ ਐਲਾਨ ਕਰਨ ਲਈ ਆਇਆ ਹਾਂ ਕਿ ਅਸੀਂ 'ਆਇਰਨ ਮੈਨ' ਬਣਾਉਣ ਲੱਗੇ ਹਾਂ।'
ਉਸ ਸਮੇਂ ਉਨ੍ਹਾਂ ਦੀ ਇਸ ਗੱਲ 'ਤੇ ਚਾਹੇ ਹਾਸਾ ਛਿੜਿਆ ਹੋਵੇ, ਪਰ ਉਹ ਸੰਜ਼ੀਦਾ ਸਨ। ਅਮਰੀਕੀ ਫੌਜ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਚੁੱਕੀ ਸੀ। ਫੌਜ ਇੱਕ ਸੁਰੱਖਿਆ ਭਰਪੂਰ ਸੂਟ ਬਣਾ ਰਹੀ ਹੈ, ਇਸ ਨੂੰ 'ਟੇਕਟੀਕਲ ਅਸਾਲਟ ਲਾਈਫ਼ ਆਪਰੇਸ਼ਨ ਸੂਟ' (ਟਾਲੋਸ) ਨਾਮ ਦਿੱਤਾ ਗਿਆ ਹੈ।
ਵੀਡੀਓ ਗ਼ੇਮ ਵਰਗੇ ਲੱਗਣ ਵਾਲੇ ਇਸ ਦੇ ਵਿਗਿਆਪਨ ਵੀਡੀਓ ਵਿੱਚ ਇੱਕ ਸੈਨਿਕ ਦੁਸ਼ਮਣ ਦੇ ਸੈੱਲ ਵਿੱਚ ਦਾਖ਼ਲ ਹੁੰਦਾ ਨਜ਼ਰ ਆਉਂਦਾ ਹੈ ਅਤੇ ਗੋਲੀਆਂ ਉਸਦੇ ਸਰੀਰ ਨਾਲ ਟਕਰਾਕੇ ਇੱਧਰ ਉੱਧਰ ਖਿੱਲਰ ਜਾਂਦੀਆਂ ਹਨ।
ਪਰ ਅਮਰੀਕੀ ਫੌਜ ਦਾ 'ਆਇਰਨ ਮੈਨ' ਨਾ ਬਣ ਸਕਿਆ। ਪੰਜ ਸਾਲ ਬਾਅਦ ਇਹ ਕੋਸ਼ਿਸ਼ ਰੋਕ ਦਿੱਤੀ ਗਈ। ਪਰ ਇਸ ਨੂੰ ਬਣਾਉਣ ਵਾਲਿਆਂ ਨੂੰ ਆਸ ਹੈ ਕਿ ਇਸ ਦੇ ਵੱਖ ਵੱਖ ਹਿੱਸਿਆਂ ਨੂੰ ਕਿਤੇ ਹੋਰ ਇਸਤੇਮਾਲ ਕੀਤਾ ਜਾ ਸਕਦਾ ਹੈ।
ਐਕਸੋਸਕੇਲੇਟਨ (ਸਰੀਰ ਦੇ ਬਾਹਰ ਪਹਿਨਿਆ ਜਾਣ ਵਾਲਾ ਢਾਂਚਾ) ਉਨ੍ਹਾਂ ਕਈ ਤਕਨੀਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਫ਼ੌਜਾਂ ਆਪਣੇ ਸੈਨਿਕਾ ਨੂੰ ਹੋਰ ਤਾਕਤਵਰ ਬਣਾਉਣ ਲਈ ਅਜ਼ਮਾ ਰਹੀਆਂ ਹਨ।
ਪੁਰਾਣੇ ਸਮੇਂ ਤੋਂ ਹੀ ਤਰੱਕੀ (ਸਮਰੱਥਾ ਵਧਾਉਣਾ) ਕੋਈ ਨਵੀਂ ਗੱਲ ਨਹੀਂ ਹੈ। ਫੌਜਾਂ ਆਪਣੇ ਸੈਨਿਕਾਂ ਨੂੰ ਤਾਕਤਵਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਹਥਿਆਰਾਂ, ਉਪਕਰਣਾਂ ਅਤੇ ਉਨ੍ਹਾਂ ਦੀ ਟਰੇਨਿੰਗ 'ਤੇ ਨਿਵੇਸ਼ ਕਰਦੀਆਂ ਹਨ।
ਪਰ ਅੱਜ ਦੇ ਦੌਰ ਵਿੱਚ ਤਰੱਕੀ ਦਾ ਅਰਥ ਸਿਰਫ਼ ਸੈਨਿਕਾਂ ਨੂੰ ਬਿਹਤਰੀਨ ਬੰਦੂਕ ਫੜਾ ਦੇਣਾ ਨਹੀਂ ਹੈ। ਇਸ ਦਾ ਅਰਥ ਸੈਨਿਕ ਨੂੰ ਹੀ ਬਦਲ ਦੇਣਾ ਵੀ ਹੋ ਸਕਦਾ ਹੈ।
ਸਾਲ 2017 ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਇਨਸਾਨ ਬਹੁਤ ਹੀ ਛੇਤੀ ਪਰਮਾਣੂ ਬੰਬ ਤੋਂ ਵੀ ਖ਼ਤਰਨਾਕ ਕੋਈ ਚੀਜ਼ ਬਣਾ ਸਕਦਾ ਹੈ।
'ਅਸੀਂ ਕਪਲਨਾ ਕਰ ਸਕਦੇ ਹਾਂ ਕਿ ਮਨੁੱਖ ਇੱਕ ਅਜਿਹਾ ਮਨੁੱਖ ਬਣਾ ਸਕਦਾ ਹੈ ਜਿਸ ਵਿੱਚ ਇੱਛਾ ਮੁਤਾਬਕ ਗੁਣ ਹੋਣ। ਇਹ ਸਿਰਫ਼ ਥਿਊਰੀ ਵਿੱਚ ਨਹੀਂ, ਸਗੋਂ ਅਜਿਹਾ ਕਰਨਾ ਸੰਭਵ ਹੋਵੇਗਾ। ਉਹ ਇੱਕ ਪ੍ਰਤਿਭਾਵਾਨ ਗਣਿਤ-ਵਿਗਿਆਨੀ ਹੋ ਸਕਦਾ ਹੈ, ਇੱਕ ਸ਼ਾਨਦਾਰ ਸੰਗੀਤਕਾਰ ਹੋ ਸਕਦਾ ਹੈ ਜਾਂ ਫ਼ਿਰ ਇੱਕ ਅਜਿਹਾ ਸੈਨਿਕ ਜੋ ਡਰ, ਤਰਸ, ਦੁੱਖ, ਪਛਤਾਵੇ ਅਤੇ ਦਰਦ ਤੋਂ ਬਿਨਾਂ ਲੜ ਸਕੇ।'
ਪਿਛਲੇ ਸਾਲ ਅਮਰੀਕਾ ਦੀ ਨੈਸ਼ਨਲ ਇੰਟੇਲੀਜੈਂਸ ਦੇ ਸਾਬਕਾ ਨਿਰਦੇਸ਼ਕ ਜੌਨ ਰੇਟਕਲਿਫ਼ ਨੇ ਇਸ ਤੋਂ ਵੀ ਅੱਗੇ ਵੱਧਕੇ ਚੀਨ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ 'ਚੀਨ ਪੀਪਲਸ ਲਿਬਰੇਸ਼ਨ ਆਰਮੀ ਦੇ ਸੈਨਿਕਾਂ ਦੇ ਸਰੀਰਾਂ ਦੀ ਸਮਰੱਥਾ ਵਧਾਉਣ ਲਈ ਉਨ੍ਹਾਂ 'ਤੇ ਇੱਕ ਟੈਸਟ ਕਰ ਰਿਹਾ ਹੈ ਕਿਉਂਕਿ ਚੀਨ ਦੀ ਸੱਤਾ ਦੀ ਭੁੱਖ ਦੇ ਸਾਹਮਣੇ ਕੋਈ ਨੈਤਿਕ ਹੱਦ ਬੰਦੀ ਨਹੀਂ ਹੈ।'
ਚੀਨ ਨੇ ਇਸ ਲੇਖ ਨੂੰ ਝੂਠ ਦਾ ਪੁਲੰਦਾ ਕਿਹਾ ਸੀ।
ਜਦੋਂ ਅਮਰੀਕਾ ਦੇ ਮੌਜੂਦਾ ਨੈਸ਼ਨਲ ਇੰਟੈਲੀਜੈਂਸ ਨਿਰਦੇਸ਼ਕ ਏਵਰਿਲ ਹੇਂਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਦਫ਼ਤਰ ਵਲੋਂ ਜਵਾਬ ਦਿੱਤਾ ਗਿਆ ਕਿ ਉਨ੍ਹਾਂ ਨੇ ਇਸ 'ਤੇ ਟਿੱਪਣੀ ਨਹੀਂ ਕੀਤੀ ਹੈ। ਏਵਰਿਲ ਨੇ ਚੀਨ ਵਲੋਂ ਦਰਪੇਸ਼ ਖ਼ਤਰਿਆਂ ਬਾਰੇ ਕਈ ਵਾਰ ਬਿਆਨ ਦਿੱਤਾ ਹੈ।
ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਚਾਹੇ ਹੀ ਟਰੰਪ ਦੇ ਏਜੰਡੇ ਤੋਂ ਪਿੱਛਾ ਛੱਡਾ ਰਿਹਾ ਹੋਵੇ, ਪਰ ਚੀਨ ਦੇ ਨਾਲ ਤਣਾਅ ਅਮਰੀਕੀ ਵਿਦੇਸ਼ ਨੀਤੀ ਲਈ ਚੁਣੌਤੀ ਬਣਿਆ ਰਹੇਗਾ।
ਤਾਂਘ ਤੇ ਅਸਲੀਅਤ
ਸੁਰੱਖਿਆ ਬਲਾਂ ਵਿੱਚ ਸੁਪਰ ਸੈਨਿਕ ਦਾ ਹੋਣਾ ਫ਼ੌਜ ਨੂੰ ਰੋਮਾਂਚਿਤ ਕਰਦਾ ਰਿਹਾ ਹੈ। ਅਜਿਹੇ ਸੈਨਿਕ ਦੀ ਕਲਪਨਾ ਕਰੋ ਜਿਸ ਨੂੰ ਦਰਦ ਨਾ ਹੋਵੇ, ਜਿਸ 'ਤੇ ਬੇਹੱਦ ਠੰਡੇ ਤਾਪਮਾਨ ਜਾਂ ਨੀਂਦ ਦਾ ਅਸਰ ਨਾ ਹੋਵੇ। ਪਰ ਅਮਰੀਕਾ ਦੀ 'ਆਇਰਨ ਮੈਨ' ਬਣਾਉਣ ਦੀ ਕੋਸ਼ਿਸ਼ ਦਰਸਾਉਂਦੀ ਹੈ ਕਿ ਤਾਂਗ ਦੀ ਵੀ ਕੋਈ ਤਕਨੀਕੀ ਹੱਦ ਹੈ।
ਅਮਰੀਕਾ ਦੇ ਦੋ ਖੋਜਕਾਰਤਾਵਾਂ ਨੇ ਸਾਲ 2019 ਵਿੱਚ ਪ੍ਰਕਾਸ਼ਿਤ ਇੱਕ ਖੋਜ ਅਧਿਐਨ ਵਿੱਚ ਇਹ ਦਾਅਵਾ ਕੀਤਾ ਸੀ ਕਿ ਚੀਨ ਦੀ ਫੌਜ ਜੀਨ ਐਡੀਟਿੰਗ ਅਤੇ ਏਕਸੋਸਕੇਲੇਟਨ ਅਤੇ ਮਨੁੱਖੀ-ਮਸ਼ੀਨ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੈ। ਚੀਨ ਦੀ ਫੌਜ ਦੇ ਰਣਨੀਤੀ ਘਾੜਿਆਂ ਦੇ ਬਿਆਨਾਂ ਨੂੰ ਇਸ ਖੋਜ ਅਧਿਐਨ ਦਾ ਆਧਾਰ ਬਣਾਇਆ ਗਿਆ ਸੀ।
ਇਸ ਖੋਜ ਅਧਿਐਨ ਦੇ ਸਹਿ-ਲੇਖਕ ਏਲਸਾ ਕਾਨੀਆ ਰੈਟਕਲਿਫ਼ ਦੀ ਟਿੱਪਣੀ 'ਤੇ ਸ਼ੱਕ ਕਰਦੇ ਹਨ। ਸੈਂਟਰ ਫ਼ਾਰ ਨਿਊ ਅਮੈਰੀਕਨ ਸਕਿਊਰਿਟੀ ਦੇ ਫ਼ੈਲੋ ਏਲਸਾ ਕਾਨੀਆ ਕਹਿੰਦੇ ਹਨ, ''ਚੀਨ ਦੀ ਸੈਨਾ ਕਿਹੜੀਆਂ ਚੀਜ਼ਾਂ 'ਤੇ ਚਰਚਾ ਕਰ ਰਹੀ ਹੈ ਅਤੇ ਕਿੰਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੀ ਹੈ ਉਸ ਨੂੰ ਸਮਝਣਾ ਮਹੱਤਵਪੂਰਨ ਹੈ।''
''ਪਰ ਇੱਛਾਵਾਂ ਅਤੇ ਅੱਜ ਦੀ ਤਕਨੀਕ ਕਿੱਥੇ ਖੜ੍ਹੀ ਹੈ, ਉਸ ਦੇ ਫ਼ਾਸਲੇ ਨੂੰ ਸਮਝਣਾ ਵੀ ਜ਼ਰੂਰੀ ਹੈ।'
ਉਹ ਕਹਿੰਦੇ ਹਨ ਕਿ ''ਦੁਨੀਆਂ ਭਰ ਦੀਆਂ ਫੌਜਾਂ ਸੁਪਰ ਸੈਨਿਕ ਦੀ ਸੰਭਾਵਨਾਂ ਨੂੰ ਸਾਕਾਰ ਕਰਨਾ ਚਾਹੁੰਦੀਆਂ ਹਨ, ਪਰ ਅੰਤ ਵਿੱਚ ਵਿਗਿਆਨਿਕ ਤੌਰ 'ਤੇ ਕੀ ਕਰਨਾ ਸੰਭਵ ਹੈ, ਜਾਂ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ 'ਤੇ ਰੋਕ ਜ਼ਰੂਰ ਲਗਾਉਂਦਾ ਹੈ ਜੋ ਹੱਦਾਂ ਨੂੰ ਪਾਰ ਕਰ ਦੇਣਾ ਚਾਹੁੰਦੇ ਹਨ।''
ਰੈਟਕਲਿਫ਼ ਨੇ ਆਪਣੇ ਲੇਖ ਵਿੱਚ ਬਾਲਗ ਸਿਪਾਹੀਆਂ ਦੇ ਜੀਨ ਐਡੀਟਿੰਗ ਦਾ ਜ਼ਿਕਰ ਕੀਤਾ ਸੀ, ਪਰ ਜੇ ਗਰਭ ਵਿੱਚ ਹੀ ਕਿਸੇ ਭਰੂਣ ਦਾ ਜੀਨ ਸੋਧਿਆ ਜਾਵੇ ਤਾਂ ਉਸ ਨਾਲ ਸੁਪਰ ਸੈਨਿਕ ਦੇ ਨਿਰਮਾਣ ਦੀ ਸਭ ਤੋਂ ਪੱਕੀ ਸੰਭਾਵਨਾਂ ਪੈਦਾ ਹੋਵੇਗੀ।
ਯੂਨੀਵਰਸਿਟੀ ਕਾਲਜ ਲੰਡਨ ਵਿੱਚ ਮੋਲੀਕਿਊਲਰ ਜੇਨੇਟੀਸਿਸਟ ਡਾ. ਹੇਲੇਨ ਓ ਨੀਲ ਕਹਿੰਦੇ ਹਨ ਕਿ ਸਵਾਲ ਇਹ ਹੈ ਕਿ ਕੀ ਵਿਗਿਆਨੀ ਇਸ ਤਕਨੀਕ ਦਾ ਇਸਤੇਮਾਲ ਕਰਨ ਲਈ ਤਿਆਰ ਹਨ? ਸਵਾਲ ਇਹ ਨਹੀਂ ਹੈ ਕਿ ਇਹ ਤਕਨੀਕ ਸੰਭਵ ਹੈ ਜਾਂ ਨਹੀਂ।
ਉਹ ਕਹਿੰਦੇ ਹਨ, 'ਜੀਨਜ਼ ਸੋਧਣ ਅਤੇ ਪ੍ਰਜਨਨ ਵਿੱਚ ਸਹਾਇਤਾ ਦੀ ਤਕਨੀਕ ਟ੍ਰਾਂਸਜੇਨਿਕਸ ਅਤੇ ਖੇਤੀ ਖੇਤਰ ਵਿੱਚ ਬਹੁਤ ਇਸਤੇਮਾਲ ਹੋ ਰਹੀ ਹੈ। ਹਾਲ ਦੀ ਘੜੀ ਇਨਸਾਨਾਂ ਵਿੱਚ ਇਨ੍ਹਾਂ ਦੋਵਾਂ ਦਾ ਇਸਤੇਮਾਲ ਅਨੈਤਿਕ ਮੰਨਿਆ ਗਿਆ ਹੈ।'
ਜੈਨੇਟਿਕ ਤਕਨੀਕ ਦਾ ਇਸਤੇਮਾਲ
ਸਾਲ 2018 ਵਿੱਚ ਚੀਨ ਦੇ ਵਿਗਿਆਨਿਕ ਹੇ ਜਿਆਨਕੁਈ ਨੇ ਇੱਕ ਹੈਰਾਨ ਕਰਨ ਵਾਲਾ ਐਲਾਨ ਕੀਤਾ ਸੀ। ਉਨ੍ਹਾਂ ਨੇ ਗਰਭ ਵਿੱਚ ਭਰੂਣ ਦਾ ਡੀਐੱਨਏ ਸੋਧ ਕੇ ਜੌੜੀਆਂ ਭੈਣਾ ਨੂੰ ਐੱਚਆਈਵੀ ਲਾਗ਼ ਤੋਂ ਬਚਾ ਦਿੱਤਾ ਸੀ।
ਉਨ੍ਹਾਂ ਦੇ ਇਸ ਕਾਰਨਾਮੇ 'ਤੇ ਦੁਨੀਆ ਭਰ ਵਿੱਚ ਗੁੱਸਾ ਜ਼ਾਹਿਰ ਕੀਤਾ ਗਿਆ ਸੀ। ਚੀਨ ਸਮੇਤ ਦੁਨੀਆ ਦੇ ਬਹੁਤ ਦੇਸਾਂ ਵਿੱਚ ਇਸ ਤਰ੍ਹਾਂ ਜੀਨ ਸੋਧਣ 'ਤੇ ਰੋਕ ਹੈ।
ਹਾਲੇ ਤੱਕ ਇਸ ਤਕਨੀਕ ਦਾ ਇਸਤੇਮਾਲ ਅਜਿਹੇ ਭਰੂਣ 'ਤੇ ਹੀ ਕੀਤਾ ਗਿਆ ਹੈ, ਜਿਸ ਨੂੰ ਤੁਰੰਤ ਮਾਰ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਦਾ ਇਸਤੇਮਾਲ ਬੱਚਾ ਪੈਦਾ ਕਰਨ ਲਈ ਨਹੀਂ ਕੀਤਾ ਜਾਂਦਾ।
ਇਸ ਲੇਖ ਲਈ ਜਿਨ੍ਹਾਂ ਲੋਕਾਂ ਦੀ ਇੰਟਰਵਿਊ ਲਈ ਗਈ ਉਨ੍ਹਾਂ ਵਿੱਚੋਂ ਕਈਆਂ ਦਾ ਕਹਿਣਾ ਸੀ ਕਿ ਹੇ ਜਿਆਨਕੁਈ ਦਾ ਮਾਮਲਾ ਬਾਇਓਏਥਿਕਸ (ਵਿਗਿਆਨਿਕ ਨੈਤਿਕਤਾ) ਨਾਲ ਜੁੜਿਆ ਅਹਿਮ ਪੜਾਅ ਹੈ।
ਵਿਗਿਆਨਿਕਾਂ ਦਾ ਕਹਿਣਾ ਹੈ ਕਿ ਭਰੂਣ ਨੂੰ ਸਿਰਫ਼ ਐੱਚਆਈਵੀ ਤੋਂ ਹੀ ਨਹੀਂ ਬਚਾਇਆ ਗਿਆ ਸੀ ਬਲਕਿ ਉਸਦੀਆਂ ਸਮਰੱਥਾਵਾਂ ਵੀ ਵਧਾਈਆਂ ਗਈਆਂ ਹਨ।
ਹੇ ਜਿਆਨਕੁਈ ਨੇ ਜੌੜੇ ਭਰੂਣ ਬਣਾਉਣ ਲਈ ਕ੍ਰਿਸਪਰ ਤਕਨੀਕ ਦਾ ਇਸਤੇਮਾਲ ਕੀਤਾ ਸੀ।
ਇਹ ਵੀ ਪੜ੍ਹੋ:
ਇਸ ਤਕਨੀਕ ਦੇ ਜ਼ਰੀਏ ਜੀਵਤ ਨਸਾਂ ਦਾ ਡੀਐੱਨਏ ਬਦਲ ਦਿੱਤਾ ਜਾਂਦਾ ਹੈ। ਇਸ ਲਈ ਉਨ੍ਹਾਂ ਦੇ ਕਿਰਦਾਰ ਤੋਂ ਕੁਝ ਚੀਜ਼ਾਂ ਨੂੰ ਮਿਟਾਇਆ ਜਾ ਸਕਦਾ ਹੈ ਅਤੇ ਕੁਝ ਹੋਰ ਨੂੰ ਜੋੜਿਆ ਜਾ ਸਕਦਾ ਹੈ।
ਇਹ ਤਕਨੀਕ ਬਹੁਤ ਸਾਰੀਆਂ ਆਸਾਂ ਜੋੜਦੀ ਹੈ, ਸੰਭਾਵਨਾ ਵਜੋਂ, ਇਸ ਦਾ ਇਸਤੇਮਾਲ ਪੀੜ੍ਹੀ ਦਰ ਪੀੜ੍ਹੀ ਬੀਮਾਰੀਆਂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਪਰ ਫੌਜ ਲਈ ਇਹ ਕੀ ਕਰ ਸਕਦੀ ਹੈ?
ਫ਼ਰਾਂਸਿਸ ਕ੍ਰਿਕ ਇੰਸਟੀਚਿਊਟ ਲੰਡਨ ਵਿੱਚ ਸੀਨੀਅਰ ਰਿਸਰਚ ਵਿਗਿਆਨੀ ਕ੍ਰਿਸਟੋਫ਼ੋ ਗੋਲੀਸ਼ੋ ਕ੍ਰਿਸਪਰ ਇਸ ਤਕਨੀਕ ਨੂੰ ਕ੍ਰਾਂਤੀ ਕਹਿੰਦੇ ਹਨ।
ਪਰ ਉਹ ਕਹਿੰਦੇ ਹਨ ਕਿ ਇਸ ਦੀਆਂ ਵੀ ਸੀਮਾਵਾਂ ਹਨ। ਉਹ ਇਸ ਦੀ ਤੁਲਨਾ ਟੇਕਸਟ ਵਿੱਚ 'ਫ਼ਾਈਂਡ ਐਂਡ ਰੀਪਲੇਸ' ਟੂਲ ਨਾਲ ਕਰਦਿਆਂ ਕਹਿੰਦੇ ਹਨ ਕਿ ''ਤੁਸੀਂ ਸਟੀਕ ਤਰੀਕੇ ਨਾਲ ਸ਼ਬਦ ਤਾਂ ਬਦਲ ਸਕਦੇ ਹੋ, ਪਰ ਇੱਕ ਜਗ੍ਹਾ ਜਿੱਥੇ ਇਸ ਦੇ ਸਹੀ ਅਰਥ ਨਿਕਲ ਸਕਦੇ ਹਨ, ਇਹ ਉੱਥੇ ਹੋ ਸਕਦਾ ਹੈ। ਉੱਥੇ ਨਹੀਂ, ਜਿਥੇ ਇਸ ਦਾ ਕੋਈ ਅਰਥ ਨਾ ਨਿਕਲੇ।'
ਉਹ ਕਹਿੰਦੇ ਹਨ ''ਇਹ ਸੋਚਣਾ ਗ਼ਲਤ ਹੈ ਕਿ ਇੱਕ ਜੀਨ ਬਦਲਣ ਨਾਲ ਕੋਈ ਇੱਕ ਖ਼ਾਸ ਪ੍ਰਭਾਵ ਪਵੇਗਾ। ਹੋ ਸਕਦਾ ਹੈ ਇੱਕ ਜੀਨ ਕੱਢ ਲੈਣ ਨਾਲ ਤੁਸੀਂ ਇੱਕ ਅਜਿਹੇ ਵਿਅਕਤੀ ਦਾ ਨਿਰਮਾਣ ਕਰ ਲਵੋ ਜਿਸਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਅਤੇ ਜੋ ਉੱਚਾਈ 'ਤੇ ਵੀ ਸੌਖਿਆਂ ਸਾਹ ਲੈ ਸਕੇ, ਪਰ ਅਜਿਹਾ ਵੀ ਹੋ ਸਕਦਾ ਹੈ ਕਿ ਉਹ ਅੱਗੇ ਜਾ ਕੇ ਕੈਂਸਰ ਤੋਂ ਪੀੜਤ ਹੋ ਜਾਵੇ।''
'ਅਤੇ ਕੁਝ ਖ਼ਾਸੀਅਤਾਂ ਨੂੰ ਵੱਖ ਕਰਨਾ ਵੀ ਔਖਾ ਹੈ, ਉਦਾਹਰਣ ਵਜੋਂ ਕਈ ਜੀਨ ਲੰਬਾਈ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਜੇ ਕਿਸੇ ਗੁਣ ਨੂੰ ਬਦਲਿਆ ਜਾਂਦਾ ਹੈ ਤਾਂ ਉਹ ਅਗ਼ਲੀਆਂ ਪੀੜੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।'
ਨੈਤਿਕਤਾ ਦਾ ਸਵਾਲ
ਕੁਝ ਸਮੀਖਿਅਕਾਂ ਦਾ ਮੰਨਣਾ ਹੈ ਕਿ ਚੀਨ ਅਮਰੀਕਾ ਦੇ ਜਵਾਬ ਵਿੱਚ ਕੋਸ਼ਿਸ਼ ਕਰ ਰਿਹਾ ਹੈ। ਦਿ ਗਾਰਡੀਅਨ ਅਖ਼ਬਾਰ ਵਿੱਚ 2017 ਵਿੱਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਸੈਨਾ ਜੇਨੇਟਿਕ ਐਕਸਟਿੰਕਸ਼ਨ ਤਕਨੀਕ ਵਿੱਚ ਕਰੋੜਾਂ ਡਾਲਰ ਨਿਵੇਸ਼ ਕਰ ਰਹੀ ਹੈ।
ਇਹ ਤਕਨੀਕ ਹਮਲਾਵਰ ਪ੍ਰਜਾਤੀਆਂ ਦਾ ਖ਼ਾਤਮਾ ਕਰ ਸਕਦੀ ਹੈ, ਪਰ ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੇ ਸੈਨਿਕ ਇਸਤੇਮਾਲ ਵੀ ਹੋ ਸਕਦੇ ਹਨ।
ਇਸ ਦਿਸ਼ਾ ਵਿੱਚ ਸਿਰਫ਼ ਚੀਨ ਅਤੇ ਅਮਰੀਕਾ ਹੀ ਅੱਗੇ ਵੱਧਣਾ ਨਹੀਂ ਚਾਹੁੰਦੇ। ਫ਼ਰਾਂਸ ਵਿੱਚ ਵੀ ਫੌਜ ਨੂੰ ਉੱਨਤ ਸੈਨਿਕਾਂ ਦੇ ਵਿਕਾਸ ਲਈ ਪ੍ਰਵਾਨਗੀ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਨੂੰ ਨੈਤਿਕ ਸੀਮਾਵਾਂ ਵਿੱਚ ਰਹਿਣ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਰੱਖਿਆ ਮੰਤਰੀ ਫ਼ਲੋਰੇਂਸ ਪਾਰਲੇ ਨੇ ਕਿਹਾ ਸੀ ਕਿ ''ਸਾਨੂੰ ਤੱਥਾਂ ਦਾ ਸਾਹਮਣਾ ਕਰਨਾ ਹੀ ਪਵੇਗਾ। ਹਰ ਕਿਸੇ ਵਿੱਚ ਸਾਡੇ ਵਰਗੀ ਨੈਤਿਕਤਾ ਦੀ ਭਾਵਨਾ ਨਹੀਂ ਹੈ, ਪਰ ਭਵਿੱਖ ਦੀਆਂ ਚੁਣੌਤੀਆਂ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।''
ਚਾਹੇ ਵਿਗਿਆਨਿਕ ਸੁਰੱਖਿਅਤ ਤਰੀਕੇ ਨਾਲ ਕਿਸੇ ਵਿਅਕਤੀ ਦੇ ਗੁਣਾ ਵਿੱਚ ਬਦਲਾਅ ਕਰ ਲੈਣ, ਪਰ ਇਸ ਤਕਨੀਕ ਦੇ ਸੈਨਿਕ ਇਸਤੇਮਾਲ ਦੀਆਂ ਆਪਣੀਆਂ ਚੁਣੌਤੀਆਂ ਹੋਣਗੀਆਂ।
ਉਦਾਹਰਣ ਦੇ ਤੌਰ 'ਤੇ ਕੀ ਸੈਨਾ ਦੇ ਕਮਾਂਡ ਢਾਂਚੇ ਦੇ ਅਧੀਨ ਕੰਮ ਕਰਨ ਵਾਲਾ ਕੋਈ ਸੈਨਿਕ ਕਿਸੇ ਖ਼ਤਰਨਾਕ ਟਰੀਟਮੈਂਟ ਲਈ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਆਪਣੀ ਰਜ਼ਾਮੰਦੀ ਦੇ ਸਕੇਗਾ? ਪੱਤਰਕਾਰਾਂ ਦੇ ਮੁਤਾਬਕ, ਚੀਨ ਅਤੇ ਰੂਸ ਨੇ ਕੋਵਿਡ-19 ਮਹਾਂਮਾਰੀ ਦੀ ਵੈਕਸੀਨ ਦਾ ਟੈਸਟ ਆਪਣੇ ਸੈਨਿਕਾਂ 'ਤੇ ਕੀਤਾ ਹੈ।
ਆਕਸਫੋਰਡ ਯੂਨੀਵਰਸਿਟੀ ਵਿੱਚ ਨੈਤਿਕ ਮਾਮਲਿਆਂ ਦੇ ਮਾਹਰ ਪ੍ਰੋਫ਼ੈਸਰ ਜੂਲੀਅਨ ਸਾਵੂਲੇਸਕੂ ਕਹਿੰਦੇ ਹਨ ਕਿ 'ਫੌਜਾਂ ਵਿਅਕਤੀਗਤ ਸੈਨਿਕਾਂ ਦੇ ਹਿੱਤਾਂ ਨੂੰ ਵਧਾਉਣ ਲਈ ਨਹੀਂ ਹੁੰਦੀਆਂ, ਉਨ੍ਹਾਂ ਦੀ ਹੋਂਦ ਹੀ ਰਣਨੀਤਿਕ ਉਚਾਈ ਹਾਸਿਲ ਕਰਨ ਜਾਂ ਜੰਗ ਜਿੱਤਣ ਲਈ ਹੁੰਦੀ ਹੈ।
''ਸੈਨਿਕਾਂ ਨੂੰ ਤੁਸੀਂ ਕਿਸ ਪੱਧਰ ਦੇ ਖ਼ਤਰੇ ਵਿੱਚ ਪਾ ਸਕਦੇ ਹੋ, ਇਸ ਬਾਰੇ ਸੀਮਾਵਾਂ ਨਿਰਧਾਰਿਤ ਹਨ, ਪਰ ਉਨ੍ਹਾਂ ਨੂੰ ਆਮ ਜਨਤਾ ਤੋਂ ਵੱਧ ਖ਼ਤਰੇ ਵਿੱਚ ਤਾਂ ਪਾਇਆ ਹੀ ਜਾਂਦਾ ਹੈ।''
ਪ੍ਰੋਫ਼ੈਸਰ ਸਾਵੂਲੇਕਸੂ ਕਹਿੰਦੇ ਹਨ ਕਿ ਕਿਸੇ ਲਈ ਵੀ ਸਮਰੱਥਾ ਵਧਾਉਣ ਦੇ ਖ਼ਤਰਿਆਂ ਦਾ ਉਸ ਤੋਂ ਹੋਣ ਵਾਲੇ ਫ਼ਾਇਦਿਆਂ ਨਾਲ ਤੁਲਨਾ ਕਰਨਾ ਅਹਿਮ ਹੈ।
''ਪਰ ਸਪੱਸ਼ਟ ਤੌਰ 'ਤੇ, ਸੇਨਾਵਾਂ ਦੇ ਸਮੀਕਰਨ ਵੱਖਰੇ ਹਨ, ਜਿੱਥੇ ਵਿਅਕਤੀ (ਸੈਨਿਕ) ਨੂੰ ਖ਼ਤਰਾ ਤਾਂ ਚੁੱਕਣਾ ਪੈਂਦਾ ਹੈ ਪਰ ਫ਼ਾਇਦਾ ਉਸ ਨੂੰ ਨਹੀਂ ਮਿਲਦਾ।''
ਸੈਨਿਕਾਂ ਦੇ ਸਾਹਮਣੇ ਜਿਊਣ-ਮਰਨ ਦੀ ਸਥਿਤੀ ਹੁੰਦੀ ਹੈ, ਅਤੇ ਅਜਿਹਾ ਸੋਚਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਸਮਰੱਥਾ ਵਧਾਉਣ ਨਾਲ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾਂ ਨੂੰ ਵਧਾਇਆ ਜਾ ਸਕੇ।
ਪਰ ਕੈਲੇਫ਼ੋਰਨੀਆਂ ਪੋਲੀਟੈਕਨਿਕ ਸਟੇਟ ਯੂਨਵਰਸਿਟੀ ਦੇ ਦਾਰਸ਼ਨਿਕ ਪ੍ਰੋਫ਼ੈਸਰ ਪੈਟਰਿਕ ਲਿਨ ਕਹਿੰਦੇ ਹਨ ਕਿ ਇਹ ਇੰਨਾਂ ਸੌਖਾ ਵੀ ਨਹੀਂ ਹੈ।
''ਮਿਲਟਰੀ ਏਨਹਾਂਸਮੈਂਟ ਦਾ ਅਰਥ ਹੈ ਪ੍ਰਯੋਗ ਕਰਨਾ ਅਤੇ ਆਪਣੇ ਨਾਗਰਿਕਾਂ ਨੂੰ ਖ਼ਤਰੇ ਵਿੱਚ ਪਾਉਣਾ। ਅਜਿਹੇ ਵਿੱਚ ਇਹ ਵੀ ਸਪੱਸ਼ਟ ਨਹੀਂ ਹੈ ਕਿ ਵਧੇਰੇ ਸੁਰੱਖਿਅਤ ਅਤੇ ਸਮਰੱਥਾ ਵਾਲੇ ਸੈਨਿਕ ਕਿਸ ਤਰ੍ਹਾਂ ਦੇ ਹੋਣਗੇ। ਇਸਦੇ ਠੀਕ ਉਲਟ ਉਨ੍ਹਾਂ ਨੂੰ ਹੋਰ ਵਧੇਰੇ ਖ਼ਤਰਨਾਕ ਮਿਸ਼ਨ 'ਤੇ ਭੇਜਿਆ ਜਾ ਸਕੇਗਾ ਜਾਂ ਆਮ ਸੈਨਿਕਾਂ ਦੇ ਮੁਕਾਬਲੇ ਉਨ੍ਹਾਂ ਨੂੰ ਲੜਨ ਦੇ ਵਧੇਰੇ ਮੌਕੇ ਦਿੱਤੇ ਜਾ ਸਕਣਗੇ।''
'ਕੈਪਟਨ ਅਮੈਰੀਕਾ' ਦਾ ਅਸਲ ਰੂਪ ਹੋ ਸਕਦਾ ਹੈ ਨੇੜਲੇ ਭਵਿੱਖ ਵਿੱਚ ਨਾ ਹੋਵੇ, ਪਰ ਹੈਰਾਨ ਕਰਨਾ ਵਾਲੇ ਵਿਕਾਸ ਦੀਆਂ ਸੰਭਾਵਨਾਂ ਹਮੇਸ਼ਾਂ ਬਣੀਆਂ ਹੀ ਰਹਿੰਦੀਆਂ ਹਨ।
ਪ੍ਰੋਫ਼ੈਸਰ ਸਾਵੂਲੇਸਕੂ ਕਹਿੰਦੇ ਹਨ ਕਿ ''ਸੈਨਾ ਵਿੱਚ ਚੀਜ਼ਾਂ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ, ਉਸ 'ਤੇ ਨੈਤਿਕ ਜਾਂ ਲੋਕਤੰਤਰਿਕ ਨਿਯੰਤਰਣ ਰੱਖਣਾ ਬਹੁਤ ਔਖਾ ਹੈ, ਕਿਉਂਕਿ ਰਾਸ਼ਟਰੀ ਹਿੱਤ ਦੀ ਸੁਰੱਖਿਆ ਦਾ ਧਿਆਨ ਰਖਦਿਆਂ ਅਜਿਹੇ ਤਕਨੀਕੀ ਵਿਕਾਸ ਹਮੇਸ਼ਾ ਗੁਪਤ ਹੀ ਰੱਖੇ ਜਾਂਦੇ ਹਨ।''
ਅਜਿਹੇ ਵਿੱਚ ਇਸ ਖੇਤਰ ਨੂੰ ਕਾਬੂ ਵਿੱਚ ਰੱਖਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਜਾਂ ਕੀ ਕੀਤਾ ਜਾ ਸਕਦਾ ਹੈ?
ਇਸ 'ਤੇ ਪ੍ਰੋਫ਼ੈਸਰ ਲਿਨ ਕਹਿੰਦੇ ਹਨ ਕਿ ''ਇਸ ਦੀ ਮੁੱਖ ਚੁਣੌਤੀ ਇਹ ਹੈ ਕਿ ਇਹ ਇੱਕ ਦੋਹਰੇ ਇਸਤੇਮਾਲ ਵਾਲੀ ਰਿਸਰਚ ਹੈ। ਉਦਾਹਰਣ ਵਜੋਂ ਏਕਸੋਸਕੇਲੇਟਨ ਖੋਜ ਦਾ ਸ਼ੁਰੂਆਤੀ ਮੰਤਵ ਲੋਕਾਂ ਨੂੰ ਬੀਮਾਰੀ ਤੋਂ ਨਿਜਾਤ ਦਿਵਾਉਣਾ ਸੀ, ਜਿਵੇਂ ਕਿ ਕਿਸੇ ਨੂੰ ਅਧਰੰਗ ਹੋ ਗਿਆ ਹੋਵੇ ਤਾਂ ਵਿਅਕਤੀ ਦੀ ਤੁਰਨ ਵਿੱਚ ਮਦਦ ਕਰਨ ਲਈ।''
ਇਹ ਵੀ ਪੜ੍ਹੋ:
ਡਾ. ਓ ਨੀਲ ਮੁਤਾਬਕ, ਜੇਨੇਟਿਕ ਰਿਸਚਰ ਵਿੱਚ ਚੀਨ ਪਹਿਲਾਂ ਹੀ ਅੱਗੇ ਵੱਧ ਚੁੱਕਿਆ ਹੈ ਅਤੇ ਬਾਕੀ ਦੇਸ ਇਸ ਮਾਮਲੇ ਵਿੱਚ ਚੀਨ ਤੋਂ ਪਿੱਛੇ ਹਨ।
ਉਹ ਕਹਿੰਦੇ ਹਨ ''ਮੈਨੂੰ ਲੱਗਦਾ ਹੈ ਕਿ ਅਸੀਂ ਅੱਜ ਦੀ ਲੋੜ ਵੱਲ ਧਿਆਨ ਦੇਣ ਦੀ ਬਜਾਇ ਨੈਤਿਕ ਸਵਾਲਾਂ ਵਿੱਚ ਆਪਣਾ ਸਮਾਂ ਬਰਬਾਦ ਕਰ ਦਿੱਤਾ ਹੈ।''
''ਅੰਦਾਜ਼ਿਆਂ ਅਤੇ ਆਪਸੀ ਟਕਰਾਅ ਵਿੱਚ ਬਹੁਤ ਜ਼ਿਆਦਾ ਊਰਜਾ ਖਰਚ ਕੀਤੀ ਜਾ ਚੁੱਕੀ ਹੈ, ਜਦਕਿ ਊਰਜਾ ਅਸਲ ਖ਼ਤਰਿਆਂ ਅਤੇ ਤਕਨੀਕ ਦਾ ਕਿਸ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ 'ਤੇ ਖ਼ਰਚ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਅਸੀਂ ਉਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੀਏ ਕਿਉਂਕਿ ਕਿਤੇ ਹੋਰ ਤਾਂ ਇਹ ਹੋਵੇਗਾ ਹੀ ਅਤੇ ਹੋ ਵੀ ਰਿਹਾ ਹੈ।''
''ਅਤੇ ਸਿਰਫ਼ ਖੋਜ ਕਰਦੇ ਰਹਿਣ ਨਾਲ ਹੀ ਸਾਨੂੰ ਇਹ ਪਤਾ ਲੱਗੇਗਾ ਕਿ ਇਹ ਕਿਥੇ ਗ਼ਲਤ ਹੋ ਸਕਦਾ ਹੈ।'