ਉਹ ਪੁਲਿਸਵਾਲੇ ਜਿਨ੍ਹਾਂ ਨੇ ਲੋਕਾਂ ਨੂੰ ਭੁੱਖ ਤੋਂ ਬਚਾਉਣ ਲਈ ਨਾਜ਼ੀਆਂ ਤੋਂ ਰੋਟੀ ਚੋਰੀ ਕੀਤੀ

    • ਲੇਖਕ, ਪੈਟਰਿਕ ਕਲਾਹੇਨ
    • ਰੋਲ, ਬੀਬੀਸੀ ਪੱਤਰਕਾਰ

ਜਰਮਨੀ ਵਲੋਂ ਉਨ੍ਹਾਂ ਦੇ ਟਾਪੂ 'ਤੇ ਕਬਜ਼ਾ ਕਰਨ ਦੌਰਾਨ, ਗਰਨਜ਼ੀ ਪੁਲਿਸ ਅਧਿਕਾਰੀਆਂ ਨੂੰ ਬਰਤਾਨਵੀ ਅਦਾਲਤ 'ਚ ਪੇਸ਼ੀ ਤੋਂ ਬਾਅਦ ਨਾਜ਼ੀ ਕਬਜ਼ੇ ਹੇਠਲੇ, ਖ਼ੌਫ਼ਨਾਕ ਮਜ਼ਦੂਰ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਦਾ ਜੁਰਮ ਕੀ ਸੀ? ਆਮ ਲੋਕਾਂ ਨੂੰ ਭੁੱਖ ਨਾਲ ਮਰਨ ਤੋਂ ਬਚਾਉਣ ਲਈ ਜਰਮਨੀ ਦਾ ਭੋਜਨ ਚੋਰੀ ਕਰਨਾ।

ਅਸਲ ਵਿੱਚ ਗਰਨਜ਼ੀ ਇੰਗਲਿਸ਼ ਚੈਨਲ ਵਿੱਚ ਕੁਝ ਟਾਪੂ ਹਨ ਜੋ ਹੁਣ ਸਵੈ-ਰਾਜ ਨਾਲ ਚੱਲਦੇ ਹਨ ਪਰ ਬ੍ਰਿਟਿਸ਼ ਕਰਾਊਨ ਦੇ ਅਧੀਨ ਹਨ। ਦੂਜੀ ਵਿਸ਼ਵ ਜੰਗ ਦੌਰਾਨ ਇਨ੍ਹਾਂ ਟਾਪੂਆਂ ’ਤੇ ਜਰਮਨੀ ਦਾ ਕਬਜ਼ਾ ਹੋ ਗਿਆ ਸੀ।

ਉਨ੍ਹਾਂ ਵਿੱਚੋ, ਸਾਰੇ ਜਿਉਂਦੇ ਨਹੀਂ ਬਚੇ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਨ੍ਹਾਂ ਵਿੱਚੋਂ ਜਿਹੜੇ ਘਰ ਵਾਪਸ ਆਏ ਉਹ ਬਿਮਾਰੀਆਂ ਦੇ ਮਾਰੇ ਸਨ ਅਤੇ ਉਨ੍ਹਾਂ ਸੱਟਾਂ ਤੋਂ ਪ੍ਰਭਾਵਿਤ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਫ਼ਿਰ ਵੀ ਉਨ੍ਹਾਂ ਨਾਲ ਅਪਰਾਧੀਆਂ ਵਾਲਾ ਸਲੂਕ ਕੀਤਾ ਗਿਆ, ਉਨ੍ਹਾਂ ਨੂੰ ਪੈਨਸ਼ਨ ਦੇ ਹੱਕ ਤੋਂ ਵੀ ਵਾਂਝਾ ਰੱਖਿਆ ਗਿਆ।

ਇਹ ਸਭ ਵਾਪਰਨ ਦੇ ਦਹਾਕਿਆਂ ਬਾਅਦ ਇਨ੍ਹਾਂ ਵਿਅਕਤੀਆਂ ਦੇ ਪਰਿਵਾਰ ਮੰਨਦੇ ਹਨ ਕਿ ਇਹ ਘੋਰ ਅਨਿਆਂ ਸੀ, ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਪਿਤਾ ਦੇ ਨਾਵਾਂ ਤੋਂ ਧੱਬਾ ਮਿਟਾਉਣ ਦੀ ਆਖ਼ਰੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ

ਕੈਂਬਰਿਜ ਯੂਨੀਵਰਸਿਟੀ ਦੇ ਡਾ. ਜਿਲੀ ਕਾਰ, ਜਿਨ੍ਹਾਂ ਨੇ ਚੈਨਲ ਆਈਲੈਂਡਜ਼ ਦੇ ਪੰਜ ਸਾਲਾ ਕਬਜ਼ੇ ਸੰਬੰਧੀ ਕਈ ਸਾਲਾਂ ਤੱਕ ਖੋਜ ਕੀਤੀ।

ਉਹ ਦੱਸਦੇ ਹਨ ਕਿ ਅਨਾਦਰ ਭਰਿਆ ਇਹ ਸਮਾਂ ਕਈ ਤਰੀਕਿਆਂ ਨਾਲ ਆਮ ਨਾਗਰਿਕਾਂ ਦੇ ਮੁਕਾਬਲੇ ਪੁਲਿਸ ਵਾਲਿਆਂ ਲਈ ਵਧੇਰੇ ਬੁਰਾ ਸੀ।

ਉਨ੍ਹਾਂ ਕਿਹਾ, "ਪੁਲਿਸ ਅਧਿਕਾਰੀਆਂ ਨੂੰ ਨੇੜਿਓਂ ਲੰਘਦੇ ਜਰਮਨ ਅਫ਼ਸਰਾਂ ਨੂੰ ਸਲੂਟ ਮਾਰਨਾ ਪੈਂਦਾ ਸੀ, ਜਿਸ ਨੂੰ ਹਜ਼ਮ ਕਰਨਾ ਉਨ੍ਹਾਂ ਲਈ ਔਖਾ ਸੀ।"

ਵਿਰੋਧ ਦੀ ਕਾਰਵਾਈ ਸ਼ੁਰੂ

ਕਾਂਸਟੇਬਲ ਕਿੰਗਸਟਨ ਬੈਲੇ ਅਤੇ ਫ੍ਰੈਂਕ ਟੱਕ ਨੇ ਟਾਪੂਆਂ ਦੁਆਲੇ "V ਭਾਵ ਜਿੱਤ" ਦੇ ਚਿੰਨ੍ਹ ਪੇਂਟ ਕਰਕੇ ਅਤੇ ਉਨ੍ਹਾਂ ਦੀਆਂ ਕਾਰਾਂ ਦੀਆਂ ਪੈਟਰੋਲ ਟੈਂਕੀਆਂ ਵਿੱਚ ਰੇਤ ਭਰ ਕੇ, ਕਬਜ਼ਾ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਵਿਰੋਧ ਜਤਾਉਣ ਦੀਆਂ ਮੁੱਢਲੀਆਂ ਕਾਰਵਾਈਆਂ ਸ਼ੁਰੂ ਕੀਤੀਆਂ।

ਪੁਲਿਸ ਅਧਿਕਾਰੀ ਬੀਬੀਸੀ ਪ੍ਰਸਾਰਣ ਤੋਂ ਪ੍ਰੇਰਿਤ ਸਨ ਜਿਸ ਨੂੰ ਉਹ ਗੁਪਤ ਤੌਰ 'ਤੇ ਸੁਣ ਸਕਦੇ ਸਨ ਜਿਹੜਾ ਸੁਝਾਅ ਦਿੰਦਾ ਸੀ ਕਿ ਕਬਜ਼ਾ ਕਰਨ ਵਾਲਿਆਂ ਦੇ ਅਸਰ ਨੂੰ ਕਿਵੇਂ ਘਟਾਇਆ ਜਾਵੇ।

ਡਾ. ਕਾਰ ਕਹਿੰਦੇ ਹਨ, "ਉਨ੍ਹਾਂ ਨੌਜਵਾਨ ਮੁੰਡਿਆਂ ਨੂੰ ਜਿਨ੍ਹਾਂ ਨੂੰ ਹਥਿਆਰਬੰਦ ਸੇਵਾਵਾਂ ਨਿਭਾਉਣ ਦਾ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਅਜਿਹੇ ਪ੍ਰਸਾਰਣ ਬਹੁਤ ਪ੍ਰਭਾਵਿਤ ਕਰਦੇ ਸਨ ਅਤੇ ਪੁਲਿਸ ਅਧਿਕਾਰੀ ਵਜੋਂ ਭੂਮਿਕਾ ਨੇ ਉਨਾਂ ਨੂੰ ਅਜਿਹੇ ਮੌਕੇ ਦਿੱਤੇ ਜਿੰਨ੍ਹਾਂ ਤੋਂ ਬਹੁਤਿਆਂ ਨੂੰ ਮਨ੍ਹਾ ਕੀਤਾ ਗਿਆ ਸੀ।"

ਭੋਜਨ ਦੀ ਕਮੀ

ਸਾਲ 1941-42, ਦੀ ਸਰਦ ਰੁੱਤੇ ਆਮ ਜਨਤਾ ਭੋਜਨ ਦੀ ਕਮੀ ਨਾਲ ਜੂਝ ਰਹੀ ਸੀ। ਜਰਮਨਾਂ ਕੋਲ ਭੋਜਨ ਦੀ ਭਰਪੂਰ ਸਪਲਾਈ ਸੀ।

ਅਤੇ ਇਸ ਲਈ ਬੈਲੇ ਅਤੇ ਟੱਕ ਰਾਤ ਵੇਲੇ ਕਬਜ਼ਾ ਕਰਨ ਵਾਲਿਆਂ ਦੇ ਸਟੋਰ ਵਿੱਚ ਦਾਖ਼ਲ ਹੋ ਗਏ ਅਤੇ ਲੋੜਵੰਦਾਂ ਵਿੱਚ ਵੰਡਣ ਲਈ ਡੱਬਾ ਬੰਦ ਭੋਜਨ ਚੁੱਕ ਲਿਆਏ।

ਬੈਲੇ ਵਾਪਸ ਯਾਦ ਕਰਦਾ ਹੈ ਕਿ ਫ਼ਰਵਰੀ 1942 ਵਿੱਚ ਇਹ ਛਾਪਾ ਮਾਰ ਅਪਰੇਸ਼ਨ ''ਹੱਥਾਂ ਵਿੱਚੋਂ ਖੋਹਣ…'' ਵਿੱਚ ਬਦਲ ਗਿਆ, ਖ਼ਾਸਕਰ ਹੁਣ ਸਾਰੀ ਪੁਲਿਸ ਫ਼ੋਰਸ ਇਸ ਵਿੱਚ ਹਿੱਸਾ ਲੈ ਰਹੀ ਸੀ।

ਇਸ ਵਿੱਚ ਬਹੁਤਾ ਸਮਾਂ ਨਾ ਲੱਗਿਆ ਜਦੋਂ ਬੈਲੇ ਅਤੇ ਟੱਕ ਦੀ ਉਡੀਕ ਵਿੱਚ ਬੈਠੇ ਜਰਮਨ ਸੈਨਿਕਾਂ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫ਼ੜ੍ਹ ਲਿਆ।

ਨਤੀਜੇ ਵਜੋਂ 17 ਪੁਲਿਸ ਅਧਿਕਾਰੀਆਂ ਨੂੰ ਗਰਨਜ਼ੀ ਦੀ ਸ਼ਾਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕਈਆਂ 'ਤੇ ਟਾਪੂ ਵਾਲਿਆਂ ਦੀ ਮਲਕੀਅਤ ਵਾਲੇ ਸਟੋਰਾਂ ਤੋਂ ਸ਼ਰਾਬ ਅਤੇ ਸਪਿਰਟ ਦੀਆਂ ਬੋਤਲਾਂ ਚੋਰੀ ਕਰਨ ਦੇ ਇਲਜ਼ਾਮ ਸਨ।

ਜਰਮਨਾਂ 'ਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਆਪਣੀ ਪੁੱਛ-ਗਿੱਛ ਦੌਰਾਨ ਕਈ ਵਿਅਕਤੀਆਂ 'ਤੇ ਤਸ਼ੱਦਦ ਕੀਤੇ ਹਨ।

ਇੱਕ ਪੁਲਿਸ ਅਧਿਕਾਰੀ, ਆਰਚੀਬਲਡ ਟਾਰਡਿਫ਼, ਯਾਦ ਕਰਦੇ ਹਨ ਕਿਵੇਂ ਉਨ੍ਹਾਂ ਨੂੰ ਹੋਰ ਵਿਅਕਤੀਆਂ ਵਲੋਂ ਹਸਾਤਖ਼ਰ ਕੀਤਾ ਬਿਆਨ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਜੇ ਉਹ ਦਸਤਖ਼ਤ ਨਹੀਂ ਕਰਦੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ।

"ਇਸ ਲਈ ਮੈਂ ਆਖ਼ੀਰ ਦਸਤਖ਼ਤ ਕਰ ਦਿੱਤੇ। ਉਹ ਸਾਰੇ ਬਿਆਨ ਜਰਮਨਾਂ ਵਲੋਂ ਟਾਈਪ ਕੀਤੇ ਗਏ ਸਨ।"

ਇਨ੍ਹਾਂ ਵਿਅਕਤੀਆਂ 'ਤੇ ਜਰਮਨ ਮਿਲਟਰੀ ਕੋਰਟ ਅਤੇ ਗਰਨਜ਼ੀ ਦੀ ਸ਼ਾਹੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ। ਹਾਲੇ ਵੀ ਇਹ ਇੱਕ ਬਰਤਾਨਵੀਂ ਅਦਾਲਤ ਹੈ। ਇਸ ਦੌਰਾਨ ਉਨ੍ਹਾਂ ਨੂੰ ਸਾਢੇ ਚਾਰ ਸਾਲ ਦੀ ਸਖ਼ਤ ਮਜ਼ਦੂਰੀ ਦੀ ਸਜ਼ਾ ਸੁਣਾਈ ਗਈ।

ਇਤਿਹਾਸਕਾਰ ਡਾਕਟਰ ਪੌਲ ਸੈਨਡਰਸ ਨੇ ਇਨ੍ਹਾਂ ਵਿਅਕਤੀਆਂ ਜੋ ਕਿ ਹੁਣ ਸਾਰੇ ਹੀ ਮਰ ਚੁੱਕੇ ਹਨ ਦੇ ਨਾਂਵਾਂ ’ਤੇ ਲੱਗੇ ਇਲਜ਼ਾਮਾਂ ਨੂੰ ਦੂਰ ਕਰਨ ਸਬੰਧੀ ਕੰਮ ਕੀਤਾ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੇ ਮੁਕੱਦਮੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ, 1942 ਵਿੱਚ ਬਰਤਾਨਵੀਂ ਸਿਵਲ ਕੋਰਟ ਨੇ ਇੱਕ ਬਹੁਤ ਹੀ ਬੁਰੇ ਤਾਨਾਸ਼ਾਹ ਵਜੋਂ ਕੰਗਾਰੂ ਅਦਾਲਤ ਵਰਗਾ ਵਿਵਹਾਰ ਕੀਤਾ।"

ਉਨ੍ਹਾਂ ਦੱਸਿਆ ਕਿ ਵਿਅਕਤੀਆਂ ਨੂੰ ਗਰਨਜ਼ੀ ਅਧਿਕਾਰੀਆਂ ਵਲੋਂ ਦੋਸ਼ੀ ਮੰਨਣ ਲਈ ਕਿਹਾ ਗਿਆ ਸੀ ਤਾਂ ਜੋ ਜਰਮਨ ਉਨ੍ਹਾਂ ਨੂੰ ਸਥਾਨਕ ਅਦਾਲਤ ਵਿੱਚ ਵੀ ਮਾਮਲੇ ਦੀ ਸੁਣਵਾਈ ਕਰਨ ਦੇਣ, ਜਿੱਥੇ ਜੰਗ ਤੋਂ ਬਾਅਦ ਕਿਸੇ ਵੀ ਸਜ਼ਾ ਦਾ ਕੋਈ ਅਰਥ ਨਹੀਂ ਸੀ।

ਜੇਲ੍ਹਾਂ ਵਿੱਚ ਬੇਰਹਿਮ ਵਿਵਹਾਰ

16 ਪੁਲਿਸ ਅਧਿਕਾਰੀਆਂ ਨੂੰ ਜੇਲ੍ਹਾਂ 'ਚ ਲਿਜਾਇਆ ਗਿਆ ਅਤੇ ਯੂਰਪ ਦੇ ਮਜ਼ਦੂਰ ਕੈਂਪਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਗਿਆ। ਜਿੱਥੇ ਬਹੁਤ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ।

ਟੱਕ ਨੇ ਰੱਖਿਅਕਾਂ ਦੀ ਜਿਹੜੀ ਬੇਰਹਿਮੀ ਦਾ ਤਜ਼ਰਬਾ ਕੀਤਾ ਉਸ ਬਾਰੇ ਉਨ੍ਹਾਂ ਦੱਸਿਆ, "ਮੈਨੂੰ ਲੱਤ ਮਾਰੀ ਗਈ ਅਤੇ ਹੇਠਾਂ ਸੁੱਟਿਆ ਅਤੇ ਇੱਕ ਪਿਕ ਹੈਂਡਲ ਨਾਲ ਕੁੱਟਿਆ ਅਤੇ ਰਾਈਫ਼ਲ ਦੇ ਬੱਟ ਨਾਲ ਮਾਰਿਆ।"

ਹਰਬਰਟ ਸਮਿਥ ਇਕਲੌਤੇ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਦੀ ਮੌਤ ਸਮੰਦਰੋਂ ਪਾਰ ਹੋਈ।

ਟੱਕ ਯਾਦ ਕਰਦੇ ਹਨ, ਭਿਆਨਕ ਠੰਡ ਵਿੱਚ ਸਮਿਥ ਕੋਲ ਭੋਜਨ ਅਤੇ ਕੱਪੜਿਆਂ ਦੀ ਕਮੀ ਸੀ ਅਤੇ ਉਨ੍ਹਾਂ ਨੂੰ ਇੱਕ ਬੇਲਚੇ ਨਾਲ ਕੁੱਟਿਆ ਗਿਆ ਅਤੇ ਇੱਕ ਕੁਲਹਾੜੀ ਨਾਲ ਪੇਟ ਵਿੱਚ ਮਾਰਿਆ ਗਿਆ ਸੀ ਅਤੇ ਇੱਕ ਗੈਸਟਾਪੋ ਜੇਲ੍ਹ ਵਿੱਚ ਮਰਨ ਲਈ ਛੱਡ ਦਿੱਤਾ ਗਿਆ।

ਜਦੋਂ ਚਾਰਲਸ ਫ਼ਰੈਂਡ ਨੂੰ ਅਮਰੀਕੀ ਫ਼ੌਜਾਂ ਵਲੋਂ ਆਜ਼ਾਦ ਕੀਤਾ ਗਿਆ ਉਨ੍ਹਾਂ ਦਾ ਭਾਰ ਮਹਿਜ਼ 45 ਕਿੱਲੋ ਦੇ ਬਰਾਬਰ ਸੀ ਅਤੇ ਉਹ ਆਪਣੀ ਲੱਤਾਂ ਨਾਲ ਨਹੀਂ ਸਨ ਚੱਲ ਸਕਦੇ।

''ਇੰਨੇ ਮੁਸ਼ਕਿਲ ਭਰੇ'' ਦਿਨਾਂ ਬਦਲੇ ਉਹ ਸਾਰੀ ਉਮਰ ਤਕਲੀਫ਼ ਝੱਲਦੇ ਰਹੇ ਅਤੇ 1986 ਵਿੱਚ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਕੀ ਵਾਪਰਿਆ ਸੀ, ਇਸ ਸਬੰਧੀ ਲੱਗੀ ਇੱਕ ਪ੍ਰਦਰਸ਼ਨੀ ਦੇਖਣ ਜਾਂਦਿਆਂ ਰਾਹ ਵਿੱਚ ਦਿਲ ਦੇ ਦੌਰੇ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੇ ਬੇਟੇ ਕੈਥ ਨੇ ਕਿਹਾ, "ਉਹ ਸਰੀਰਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਹੀ ਆਪਣੇ ਤਜ਼ਰਬਿਆਂ ਤੋਂ ਡਰੇ ਹੋਏ ਸਨ ਅਤੇ ਇਸ 'ਚੋਂ ਕਦੇ ਵੀ ਉੱਭਰ ਨਾ ਸਕੇ।"

'ਰੌਬਿਨ ਹੁੱਡ' ਵਰਗਾ ਕੰਮ

ਉਨ੍ਹਾਂ 'ਤੇ ਅਪਰਾਧਿਕ ਮਾਮਲਿਆਂ ਦੇ ਚਲਦਿਆਂ, ਇਹ ਵਿਅਕਤੀ ਕਦੇ ਵੀ ਆਪਣੀ ਪੁਲਿਸ ਦੀ ਨੌਕਰੀ ਮੁੜ ਹਾਸਿਲ ਨਾ ਕਰ ਸਕੇ ਨਾ ਹੀ ਆਪਣਾ ਪੈਨਸ਼ਨ ਦਾ ਹੱਕ ਲੈ ਸਕੇ।

ਫ਼ਰੈਂਡ ਯਾਦ ਕਰਦੇ ਹਨ ਕਿ ਉਨ੍ਹਾਂ ਦੇ ਪਿਤਾ ਨੂੰ ਗਰਨਜ਼ੀ ਅਧਿਕਾਰੀਆਂ ਨਾਲ ਨਰਾਜ਼ਗੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ "ਉਨ੍ਹਾਂ ਦੇ ਜੇਲ੍ਹ ਵਿੱਚੋਂ ਵਾਪਸ ਆਉਣ ਤੋਂ ਬਾਅਦ ਸਭ ਕੁਝ ਠੀਕ ਕਰ ਦੇਣਗੇ।"

"ਉਹ ਗੁੱਸੇ ਵਿੱਚ ਸਨ ਅਤੇ ਮਹਿਸੂਸ ਕਰਦੇ ਸਨ ਕਿ ਸਥਾਨਕ ਅਧਿਕਾਰੀ ਜਿਨ੍ਹਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।"

"ਮੈਂ ਉਹ ਦੇਖਿਆ ਜਿਸਨੂੰ ਕਹਿੰਦੇ ਨੇ, ਰੌਬਿਨ ਹੁੱਡ ਵਰਗਾ ਕੰਮ। ਇਹ ਨਿੱਜੀ ਫ਼ਾਇਦੇ ਲਈ ਕੀਤਾ ਗਿਆ ਜ਼ੁਰਮ ਨਹੀਂ ਸੀ, ਇਹ ਭੁੱਖੇ ਲੋਕਾਂ ਦਾ ਢਿੱਡ ਭਰਨ ਲਈ ਸੀ ਅਤੇ ਇੱਕ ਪੁਲਿਸ ਅਧਿਕਾਰੀ ਵਜੋਂ ਉਹ ਇਸ ਬਾਰੇ ਕੁਝ ਕਰਨ ਦੀ ਸਥਿਤੀ ਵਿੱਚ ਸਨ।"

ਜੰਗ ਤੋਂ ਬਾਅਦ ਬਹੁਤ ਸਾਰੇ ਵਿਅਕਤੀਆਂ ਨੇ ਪੱਛਮੀ ਜਰਮਨ ਸਰਕਾਰ ਕੋਲ ਆਪਣੇ ਵਲੋਂ ਝੱਲੀਆਂ ਮੁਸ਼ਕਿਲਾਂ ਬਦਲੇ ਮੁਆਵਜ਼ੇ ਲਈ ਅਪਲਾਈ ਕੀਤਾ।

ਦੋਸ਼ਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼

ਸਾਲ 1955, ਇਨ੍ਹਾਂ ਵਿੱਚੋਂ ਅੱਠ ਵਿਅਕਤੀਆਂ ਨੇ ਲੱਗੇ ਇਲਜ਼ਾਮਾਂ ਵਿਰੁੱਧ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤੀ ਵਾਰ ਨਾਕਾਮ ਰਹੇ, ਯਾਨਿ ਕਿ ਜਦੋਂ ਉਨ੍ਹਾਂ ਦੀ ਮੌਤ ਹੋਈ ਉਨ੍ਹਾਂ ਸਾਰਿਆਂ ਨੂੰ ਅਪਰਾਧਿਕ ਦੋਸ਼ੀ ਠਹਿਰਾਇਆ ਹੋਇਆ ਸੀ।

ਮਾਮਲੇ ਦੀ ਸੁਣਵਾਈ ਪ੍ਰੀਵੀ ਕਾਉਂਸਲ ਦੀ ਜੁਡੀਸ਼ੀਅਲ ਕਮੇਟੀ ਵਲੋਂ ਕੀਤੀ ਗਈ, ਜਿਹੜੀ ਕਿ ਗਰਨਜ਼ੀ ਸਮੇਤ ਕਈ ਬਰਤਾਨਵੀਂ ਪ੍ਰਾਂਤਾਂ ਵਿੱਚ ਅਪੀਲ ਲਈ ਸਰਬਉੱਚ ਅਦਾਲਤ ਹੈ।

ਡਾਕਟਰ ਸੈਂਡਰਸ ਨੇ ਕਿਹਾ, "1950ਵਿਆਂ ਵਿੱਚ ਇਹ ਭਰਮ ਬਰਕਰਾਰ ਸੀ ਕਿ ਬਰਤਾਨਵੀ ਪ੍ਰਸ਼ਾਸਨ ਅਤੇ ਗਰਨਜ਼ੀ ਨਿਆਂ ਪ੍ਰਣਾਲੀ ਨਾਜ਼ੀ ਕਬਜ਼ੇ ਦੇ ਪ੍ਰਭਾਵ ਤੋਂ ਬਿਨਾਂ ਕੰਮ ਕਰਦੇ ਹਨ। ਇਹ ਬਿਰਤਾਂਤ ਹੁਣ ਤੱਕ ਇਸੇ ਤਰ੍ਹਾਂ ਜਾਰੀ ਹੈ।"

ਸਾਲ 2018 ਵਿੱਚ,ਪ੍ਰੀਵੀ ਕਾਉਂਸਿਲ ਕੋਲ ਉਨ੍ਹਾਂ ਵਿੱਚ ਤਿੰਨ ਵਿਅਕਤੀਆਂ ਦੀ ਅਪੀਲ ਦੀ ਮੁੜ-ਜਾਂਚ ਦੀ ਮੰਗ ਕੀਤੀ ਗਈ।

ਬੈਰਿਸਟਰ ਪੈਟਰਿਕ ਓ'ਕੋਨਰ ਕਿਊਸੀ, ਜਿਨ੍ਹਾਂ ਨੇ ਮਾਮਲੇ ਦਾ ਪੱਖ ਪੂਰਿਆ ਨੇ ਕਿਹਾ, "ਇਹ ਇੱਕ ਲੰਬੇ ਸਮੇਂ ਤੋਂ ਲਟਕਿਆ ਹੋਇਆ ਅਨਿਆਂ ਸੀ ਜਿਸ ਲਈ ਅਦਾਲਤਾਂ ਜ਼ਿੰਮੇਵਾਰ ਸਨ ਅਤੇ ਇਸ ਲਈ ਅਦਾਲਤਾਂ ਨੂੰ ਇਸ ਨੂੰ ਠੀਕ ਕਰਨ ਚਾਹੀਦਾ ਹੈ।"

ਨਿਆਂ ਪ੍ਰਣਾਲੀ ਦੀਆਂ ਹੱਦਾਂ

ਅਪੀਲ ਨੂੰ ਇਸ ਸਾਲ ਮਾਰਚ ਵਿੱਚ ਰੱਦ ਕਰ ਦਿੱਤਾ ਗਿਆ।

ਪ੍ਰਈਵੇ ਕਾਉਂਸਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ, "ਇਸ ਅਰਜ਼ੀ ਨਾਲ ਕਈ ਦਿੱਕਤਾਂ ਹਨ, ਇਸ ਤੱਥ ਸਮੇਤ ਕਿ ਇਕਬਾਲੀਆ ਬਿਆਨ ਸਬੰਧੀ ਦੁਰਵਿਵਹਾਰ ਦੀ ਸ਼ਿਕਾਇਤ ਪ੍ਰੀਵੀ ਕਾਉਂਸਲ ਕੋਲ 1955 ਵਿੱਚ ਦਰਜ ਕਰਵਾਈ ਜਾ ਸਕਦੀ ਸੀ ਪਰ ਨਹੀਂ ਹੋਈ।"

ਓ'ਕੋਨਰ ਨੇ ਕਿਹਾ, "ਇਨ੍ਹਾਂ ਸਜ਼ਾਵਾਂ ਨੂੰ ਬਦਲਣ ਦਾ ਹੋਰ ਕੋਈ ਤਰੀਕਾ ਨਹੀਂ ਹੈ।”

ਫਰੈਡ ਲਈ ਇਹ ਇੱਕ ਝਟਕਾ ਸੀ ਜਿਸ ਨੂੰ ਝੱਲਣਾ ਔਖਾ ਸੀ। ਬਦਕਿਸਮਤੀ ਨਾਲ ਇਸ ਸਭ ਕਾਰਵਾਈ ਨੂੰ ਗਰਨਜ਼ੀ ਨਿਆਂ ਪ੍ਰਣਾਲੀ ਵਿਰੁੱਧ ਇੱਕ ਧੱਬੇ ਵਜੋਂ ਦੇਖਿਆ ਜਾਵੇਗਾ, ਜਿਸਦਾ ਵਜੂਦ ਚੰਗਿਆਈ ਲਈ ਰਹੇਗਾ।"

ਉਨ੍ਹਾਂ ਕਿਹਾ, "ਮੈਂ ਸੱਚੀਂ ਨਿਰਾਸ਼ ਹੋਇਆ। ਇਹ ਨਾਇਨਸਾਫ਼ੀ ਲਗਦੀ ਹੈ ਅਤੇ ਮੇਰੇ ਪਰਿਵਾਰ ਦੇ ਕਿਰਦਾਰ 'ਤੇ ਹਾਲੇ ਵੀ ਧੱਬਾ ਹੈ ਜੋ ਨਹੀਂ ਹੋਣਾ ਚਾਹੀਦਾ।"

"ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਸਭ ਮਰ ਚੁੱਕੇ ਹਨ, ਰਿਕਾਰਡ ਹਾਲੇ ਵੀ ਉੱਥੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)