ਓਬਾਮਾ ਨੇ ਕਿਸ ਅਧਾਰ ’ਤੇ ਕਿਹਾ, ‘ਅਮਰੀਕਾ ਵੰਡਿਆ ਗਿਆ’ -ਅਹਿਮ ਖ਼ਬਰਾਂ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਵਿੱਚ ਵਧੇ ਆਪਸੀ ਪਾੜੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਵਿੱਚ ਕੋਰਨਾਵਾਇਰਸ ਦੇ ਮਾਮਲੇ 1.1 ਕਰੋੜ ਤੋਂ ਪਾਰ ਹੋ ਗਏ ਹਨ।

1. ਅਮਰੀਕਾ ਵਿੱਚ ਪਹਿਲਾਂ ਤੋਂ ਵੱਧ ਪਾੜਾ ਵਧਿਆ - ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਡੇਮੋਕਰੇਟ ਨੇਤਾ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਅੱਜ ਚਾਰ ਸਾਲ ਪਹਿਲਾਂ ਤੋਂ ਵੀ ਵੱਧ ਪਾੜਾ ਪੈ ਗਿਆ ਹੈ, ਜਿਸ ਵੇਲੇ ਟਰੰਪ ਰਾਸ਼ਟਰਪਤੀ ਬਣੇ ਸੀ।

ਓਬਾਮਾ ਦਾ ਕਹਿਣਾ ਹੈ ਕਿ ਜੋਅ ਬਾਇਡਨ ਦੀ ਜਿੱਤ ਇਸ ਵੰਡ ਨੂੰ ਘੱਟ ਕਰਨ ਦੀ ਸ਼ੁਰੂਆਤ ਹੈ।

ਪਰ ਕੇਵਲ ਇੱਕ ਚੋਣ ਨਾਲ ਇਸ ਵਧਦੇ ਟਰੈਂਡ ਨੂੰ ਦੂਰ ਨਹੀਂ ਕੀਤਾ ਜਾ ਸਕੇਗਾ।

ਓਬਾਮ ਦਾ ਇਸ਼ਾਰਾ 'ਕਾਂਸਪੇਰੈਂਸੀ ਥਿਓਰੀ' ਦੇ ਬਦਲਣ ਵੱਲ ਸੀ ਜਿਨ੍ਹਾਂ ਕਾਰਨ ਦੇਸ ਵਿੱਚ ਵੰਡ ਡੂੰਘੀ ਹੋਈ ਹੈ। ਬਰਾਕ ਓਬਾਮਾ ਨੇ ਕਿਹਾ ਕਿ ਪਾੜਾ ਵਧਣ ਪਿੱਛੇ ਇੰਟਰਨੈੱਟ ’ਤੇ ਫੈਲਾਈ ਜਾਣ ਵਾਲੀ ਫੇਕ ਨਿਊਜ਼ ਸਭ ਤੋਂ ਵੱਧ ਜ਼ਿੰਮੇਵਾਰ ਹੈ।

ਓਬਾਮਾ ਨੇ ਬੀਬੀਸੀ ਆਰਟਸ ਲਈ ਇਤਿਹਾਸਕਾਰ ਡੇਵਿਡ ਓਲੁਸੋਗਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਅਮਰੀਕਾ ਵਿਚਾਲੇ ਗੁੱਸਾ, ਨਾਰਾਜ਼ਗੀ, ਗ਼ੈਰ-ਬਰਾਬਰਤਾ ਤੇ ਸ਼ਾਜ਼ਿਸਾਂ ਦੇ ਸਿਧਾਂਤ ਨੂੰ ਅਮਰੀਕੀ ਮੀਡੀਆ ਸੰਸਥਾਨਾਂ ਨੇ ਵਧਾ-ਚੜ੍ਹਾ ਦੇ ਦਿਖਾਇਆ ਹੈ ਅਤੇ ਇਸ ਵਿੱਚ ਸੋਸ਼ਲ ਮੀਡੀਆ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

2. ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ 1.1 ਕਰੋੜ ਤੋਂ ਪਾਰ, ਸਖ਼ਤ ਹੋਈਆਂ ਪਾਬੰਦੀਆਂ

ਮਿਸ਼ੀਗਨ ਅਤੇ ਵਾਸ਼ਿੰਗਟਨ ਅਮਰੀਕਾ ਦੇ ਨਵੇਂ ਸੂਬੇ ਹਨ ਜਿੱਥੇ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ।

ਬੁੱਧਵਾਰ ਤੋਂ ਹਾਈ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਾਈ ਨਹੀਂ ਕਰਵਾਈ ਜਾ ਸਕਦੀ ਅਤੇ ਮਿਸ਼ੀਗਨ ਵਿਚ ਰੈਸਟੋਰੈਂਟਾਂ ਵਿੱਚ ਅੰਦਰ ਬੈਠ ਕੇ ਖਾਣਾ-ਖਾਣ ਦੀ ਮਨਾਹੀ ਹੋਵੇਗੀ।

ਵਾਸ਼ਿੰਗਟਨ ਵਿੱਚ ਰੈਸਟੋਰੈਂਟ ਅੰਦਰ ਖਾਣੇ ਉੱਤੇ ਪਾਬੰਦੀ ਹੈ ਅਤੇ ਜਿੰਮ, ਸਿਨੇਮਾਘਰ, ਥੀਏਟਰ ਅਤੇ ਅਜਾਇਬ ਘਰ ਵੀ ਬੰਦ ਹੋ ਜਾਣਗੇ।

ਕੋਵਿਡ 19 ਦੇ ਮਾਮਲੇ ਹੁਣ ਅਮਰੀਕਾ ਵਿੱਚ 11 ਮਿਲੀਅਨ ਤੋਂ ਪਾਰ ਗਏ ਹਨ। ਰੋਜ਼ਾਨਾ ਕੋਵਿਡ ਦੇ ਮਾਮਲੇ 100,000 ਤੋਂ ਵੱਧ ਸਾਹਮਣੇ ਆ ਰਹੇ ਹੈ।

ਰੋਜ਼ਾਨਾ ਔਸਤਨ 900 ਤੋਂ ਵੱਧ ਲੋਕ ਵਾਇਰਸ ਕਾਰਨ ਮਰ ਰਹੇ ਹਨ ਅਤੇ ਕੋਰੋਨਾ ਕਾਰਨ ਕੁੱਲ 2,46,210 ਮੌਤਾਂ ਹੋ ਚੁੱਕੀਆਂ ਹਨ।

ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦਸੰਬਰ ਵਿੱਚ ਇੱਕ ਕਾਰਗਰ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਵੰਡਣ ਦੀ ਉਮੀਦ ਕਰਦੇ ਹਨ।

ਹਾਲਾਂਕਿ ਅਜੇ ਟੀਕਿਆਂ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)