ਕੰਗਨਾ ਰਣੌਤ 'ਤੇ ਫ਼ਿਰਕੂ ਨਫ਼ਰਤ ਫ਼ੈਲਾਉਣ ਦਾ ਇਲਜ਼ਾਮ, FIR ਦਰਜ ਕਰਨ ਦੇ ਹੁਕਮ - ਅੱਜ ਦੀਆਂ ਅਹਿਮ ਖ਼ਬਰਾਂ

ਮੁੰਬਈ ਦੀ ਇੱਕ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਉੱਤੇ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮ 'ਚ FIR ਦਰਜ ਕਰਨ ਦਾ ਹੁਕਮ ਦਿੱਤਾ ਹੈ।

ਕੰਗਨਾ ਨੇ ਇਸ ਬਾਰੇ ਟਵੀਟ ਕੀਤਾ ਤੇ ਲਿਖਿਆ, ''ਇਸੇ ਦਰਮਿਆਨ ਮੇਰੇ ਖ਼ਿਲਾਫ਼ ਇੱਕ ਹੋਰ ਐੱਫ਼ਆਈਆਰ ਦਰਜ, ਲਗਦਾ ਹੈ ਮਹਾਰਾਸ਼ਟਰ ਵਿੱਚ ਪੱਪੂ ਸੈਨਾ ਮੇਰੇ ਪਿੱਛੇ ਪਾਗਲ ਹੋ ਗਈ ਹੈ, ਮੈਨੂੰ ਇੰਨਾ ਮਿਸ ਨਾ ਕਰੋ, ਮੈਂ ਛੇਤੀ ਹੀ ਉੱਥੇ ਆਵਾਂਗੀ।''

ਮੁਨੱਵਰ ਅਲੀ ਨਾਮ ਦੇ ਇੱਕ ਸ਼ਿਕਾਇਤ ਕਰਤਾ ਨੇ ਕੰਗਨਾ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਉੱਤੇ ਸਮਾਜ ਵਿੱਚ ਫ਼ਿਰਕੂ ਨਫ਼ਰਤ ਫ਼ੈਲਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਉੱਤੇ FIR ਦਰਜ ਕਰਨ ਦੀ ਮੰਗ ਕੀਤੀ ਸੀ।

ਬਾਂਦਰਾ ਦੀ ਇੱਕ ਮਜਿਸਟ੍ਰੇਟ ਕੋਰਟ ਨੇ ਕੰਗਨਾ ਤੇ ਉਨ੍ਹਾਂ ਦੀ ਭੈਣ ਉੱਤੇ ਲਗਾਏ ਇਲਜ਼ਾਮਾਂ ਨੂੰ ਪਹਿਲੀ ਨਜ਼ਰ ਵਿੱਚ ਸਹੀ ਪਾਉਦੇ ਹੋਇਆਂ ਉਨ੍ਹਾਂ ਉੱਤੇ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ।

ਕੇਂਦਰ ਸਰਕਾਰ ਹਿੰਦੁਸਤਾਨ ਦੀ ਨੀਂਹ ਨੂੰ ਕਮਜ਼ੋਰ ਕਰ ਰਹੀ ਹੈ - ਰਾਹੁਲ ਗਾਂਧੀ

ਸ਼ਨਿੱਚਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ।

ਇਸ ਮੁਹਿੰਮ ਨੂੰ ਲਾਂਚ ਕਰਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵਰਚੂਅਲੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕਾਂਗਰਸੀ ਵਿਧਾਇਕਾਂ ਨੂੰ ਵੀ ਵਰਚੂਅਲ ਤਰੀਕੇ ਨਾਲ ਸ਼ਾਮਲ ਹੋਣ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ:

ਇਸ ਮੌਕੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ-

  • ਯੋਜਨਾ ਦੇ ਪਹਿਲੇ ਪੜਾਅ ਵਿੱਚ 835 ਕਰੋੜ ਖ਼ਰਚ ਕੀਤੇ ਗਏ। ਜਿਸ ਤਹਿਤ ਪਿੰਡਾਂ ਵਿੱਚ ਲਾਈਟਾਂ ਲਾਈਆਂ ਗਈਆ, ਟੋਭਿਆਂ ਦੀ ਸਫ਼ਾਈ, ਪਾਰਕ, ਜਿਮਨੇਜ਼ੀਅਮ ਆਦਿ ਬਣਾਏ ਗਏ।
  • ਦੂਜੇ ਪੜਾਅ ਵਿੱਚ 2775 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਅਤੇ 48910 ਸਕੀਮਾਂ ਇਸ ਤਹਿਤ ਚੱਲਣਗੀਆਂ।
  • 13264 ਗਰਾਮ ਪੰਚਾਇਤਾਂ ਕੋਲ ਪੈਸੇ ਪਹੁੰਚ ਗਏ ਹਨ ਤਾਂ ਜੋ ਉਹ ਅੱਗੇ ਕੰਮ ਸ਼ੁਰੂ ਕਰ ਸਕਣ।
  • 750 ਸਟੇਡੀਅਮ, ਪੰਜ ਸਟੇਡੀਅਮ ਹਰੇਕ ਬਲਾਕ ਵਿੱਚ ਬਣਾਏ ਜਾਣਗੇ। ਬੱਚਿਆਂ ਲਈ ਪਲੇਗਰਾਊਂਡ ਵੀ ਬਣਾਏ ਜਾਣਗੇ ਤਾਂ ਜੋ ਨੌਜਵਾਨ ਨਸ਼ਿਆਂ ਤੋ ਦੂਰ ਰਹਿਣ ਅਤੇ ਬੱਚੇ ਸ਼ੁਰੂ ਤੋਂ ਹੀ ਖੇਡਾਂ ਵਾਲੇ ਪਾਸੇ ਲੱਗਣ।
  • ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਹਰ ਪਿੰਡ ਵਿੱਚ 500 ਦਰਖ਼ਤ ਲਾਉਣ ਦੀ ਯੋਜਨਾ ਬਣਾਈ ਗਈ ਸੀ। ਉਸ ਤਹਿਤ 11,363 ਹੈਕਟਰ ਫੌਰਿਸਟ ਕਵਰ ਵਧਿਆ ਹੈ।
  • ਘਰ ਘਰ ਰੋਜ਼ਗਾਰ ਯੋਜਨਾ ਤਹਿਤ ਹੁਣ ਤੱਕ 15 ਲੱਖ 72 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁਕੀਆਂ ਹਨ।
  • ਇਸ ਤੋਂ ਇਲਾਵਾ 50 ਹਜ਼ਾਰ ਨੌਕਰੀਆਂ ਇਸ ਸਾਲ ਅਤੇ 50 ਹਜ਼ਾਰ ਨੌਕਰੀਆਂ ਅਗਲੇ ਸਾਲ ਕੱਢੀਆਂ ਜਾਣਗੀਆਂ।
  • ਹਰ ਘਰ ਵਿੱਚ ਇੱਕ ਪੱਕੀ ਛੱਤ ਸਕੀਮ ਸ਼ੁਰੂ ਕੀਤੀ ਜਾਵੇਗੀ।
  • ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਵਿਧਾਨ ਸਭਾ ਦੇ ਖ਼ਾਸ ਇਜਲਾਸ ਸੱਦਿਆ ਜਾ ਰਿਹਾ ਹੈ।
  • ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾਂ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਪਰ ਉਹ ਆਪਣੇ ਜੀਵਨ ਦਾ ਰਹਿੰਦਾ ਸਮਾਂ ਪੰਜਾਬ ਲਈ ਲਗਾਉਣਗੇ।

ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ-

  • ਉਨ੍ਹਾਂ ਕਿਹਾ ਕਿ ਜੇ ਸ਼ਹਿਰ ਜਾਂ ਪੰਜਾਬ ਇਮਾਰਤ ਹਨ ਤਾਂ ਪਿੰਡ ਉਸ ਦੀ ਨੀਂਹ ਹਨ ਇਸ ਲਈ ਜੇ ਇਮਾਰਤ ਦੀ ਰਾਖੀ ਕਰਨੀ ਹੈ ਤਾਂ ਪਿੰਡਾਂ ਦੀ ਰਾਖੀ ਵੀ ਜ਼ਰੂਰੀ ਹੈ।
  • ਇਹ ਪੈਸਾ ਪੰਜਾਬ ਦੇ ਲੋਕਾਂ ਦਾ ਖੂਨ ਪਸੀਨਾ ਹੈ। ਜਦੋਂ ਅਸੀਂ ਇਸ ਨੂੰ ਸੜਕਾਂ ਵਿੱਚ ਪਾਈਏ ਪੁਲਾਂ ਵਿੱਚ ਪਾਈਏ ਤਾਂ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਪੰਜਾਬ ਦੀ ਜਨਤਾ ਦਾ ਖੂਨ ਪਸੀਨਾ ਹੈ। ਇਸ ਲਈ ਬਿਨਾਂ ਭ੍ਰਿਸ਼ਟਾਚਾਰ ਦੇ ਇਸ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ।
  • ਕਾਂਗਰਸ ਹਰ ਸਕੀਮ ਪਿੰਡਾਂ ਤੋਂ ਸ਼ੁਰੂ ਕਰਦੀ ਹੈ ਕਿਉਂਕਿ ਜੇ ਸਰੰਪਚਾਂ ਨੂੰ ਪੁੱਛੇ ਬਿਨਾਂ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਹ ਸਫ਼ਲ ਨਹੀਂ ਹੋਵੇਗਾ ਕਿਉਂਕਿ ਉਹ ਲੋਕਾਂ ਦਾ ਪ੍ਰੋਗਰਾਮ ਨਹੀਂ ਬਣ ਸਕੇਗਾ।
  • ਜੇ ਪਿੰਡ ਨੂੰ ਇਮਾਰਤ ਮੰਨੀਏ ਤਾਂ ਖੇਤ ਨੀਂਹ ਹਨ। ਮੈਨੂੰ ਦੁੱਖ ਹੈ ਕਿ ਸਰਕਾਰ ਕਿਸਾਨਾਂ ਦੀ ਆਤਮਾ ਉੱਪਰ ਹਮਲਾ ਕਰ ਰਹੀ ਹੈ।
  • ਇਹ ਤਿੰਨੇ ਕਾਨੂੰਨ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਦੀ ਆਤਮਾ ਉੱਪਰ ਹਮਲਾ ਹੈ ਉਨ੍ਹਾਂ ਦੇ ਖੂਨ-ਪਸੀਨੇ ਉੱਪਰ ਹਮਲਾ ਹੈ।
  • ਹਿੰਦੁਸਤਾਨ ਦੇ ਸਾਰੇ ਕਿਸਾਨ ਅਤੇ ਮਜ਼ਦੂਰ ਇਸ ਗੱਲ ਨੂੰ ਸਮਝਦੇ ਹਨ।
  • ਮੈਨੂੰ ਖ਼ੁਸ਼ੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਕਾਨੂੰਨਾਂ ਬਾਰੇ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਹੈ।
  • ਜੇ ਅਸੀਂ ਹਿੰਦੁਸਤਾਨ ਦੀ ਨੀਂਹ ਕਮਜ਼ੋਰ ਕਰਾਂਗੇ ਤਾਂ ਹਿੰਦੁਸਤਾਨ ਕਮਜ਼ੋਰ ਹੋਵੇਗਾ। ਜਦੋਂ ਵੀ ਕਾਂਗਰਸ ਲੜਦੀ ਹੈ ਤਾਂ ਨੀਂਹ ਨੂੰ ਬਚਾਉਣ ਲਈ। ਜਦਕਿ ਕੇਂਦਰ ਸਰਕਾਰ ਇਮਾਰਤ ਦੀ ਗੱਲ ਕਰਦੀ ਹੈ ਪਰ ਪੰਚਾਇਤਾਂ ਨੂੰ ਪੁੱਛੇ ਬਿਨਾਂ ਯੋਜਨਾਵਾਂ ਲਾਗੂ ਕਰਦੇ ਹਨ।
  • ਉਨ੍ਹਾਂ ਦੇ ਕਾਨੂੰਨ ਹਿੰਦੁਸਤਾਨ ਦੀ ਨੀਂਹ ਨੂੰ ਕਮਜ਼ੋਰ ਕਰਦੇ ਹਨ। ਜੇ ਇਹ ਕਾਨੂੰਨ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤ ਵਿੱਚ ਸਨ ਤਾਂ ਸੰਸਦ ਵਿੱਚ ਇਸ ਬਾਰੇ ਬਹਿਸ ਕਿਉਂ ਨਹੀਂ ਹੋਣ ਦਿੱਤੀ ਗਈ।

ਰੂਸ, ਚੀਨ ਅਤੇ ਭਾਰਤ ਕਾਰਨ ਦੁਨੀਆਂ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ- ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੀਨ, ਰੂਸ ਅਤੇ ਭਾਰਤ ਨੂੰ ਦੁਨੀਆਂ ਭਰ ਵਿੱਚ ਪ੍ਰਦੂਸ਼ਣ ਵਧਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਅਮਰੀਕਾ ਨੂੰ ਇਸ ਮਾਮਲੇ ਵਿੱਚ ਸਭ ਤੋਂ ਬਿਹਤਰ ਦੱਸਿਆ ਹੈ।

ਸਖ਼ਤ ਚੋਣ ਟੱਕਰ ਵਾਲੇ ਸੂਬੇ ਨਾਰਥ ਕੈਰੋਲਾਈਨਾ ਵਿੱਚ ਵੀਰਵਾਰ ਨੂੰ ਇੱਕ ਚੋਣ ਰੈਲੀ ਦੌਰਾਨ ਡੌਨਲਡ ਟਰੰਪ ਨੇ ਇਹ ਗੱਲਾਂ ਕਹੀਆਂ।

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵਿੱਚ ਅਮਰੀਕਾ ਨੇ ਆਪਣੇ ਵਾਤਾਵਰਣ ਦੀ ਰਾਖੀ ਕਰਦੇ ਹੋਏ ਊਰਜਾ ਦੇ ਖੇਤਰ ਵਿੱਚ ਆਤਮ ਨਿਰਭਰਤਾ ਹਾਸਲ ਕੀਤੀ ਹੈ ਅਤੇ ਵਾਤਾਵਰਣ ਪ੍ਰਦੂਸ਼ਣ, ਓਜ਼ੋਨ ਪਰਤ ਨੂੰ ਹੋਣ ਵਾਲੇ ਨੁਕਸਾਨ ਨਾਲ ਜੁੜੇ ਅਮਰੀਕਾ ਦੇ ਅੰਕੜੇ ਸਭ ਤੋਂ ਬਿਹਤਰ ਹਨ।"

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਚੀਨ, ਰੂਸ ਅਤੇ ਭਾਰਤ ਵਰਗੇ ਦੇਸ਼ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਡੌਨਲਡ ਟਰੰਪ ਨੇ ਜੂਨ 2017 ਵਿੱਚ ਪੈਰਿਸ ਸਮਝੌਤੇ ਤੋਂ ਅਲਹਿਦਾ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਮਝੌਤੇ ਕਾਰਨ ਅਮਰੀਕਾ ਨੂੰ ਖ਼ਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ,ਨੌਕਰੀਆਂ ਜਾ ਰਹੀਆਂ ਹਨ ਅਤੇ ਤੇਲ, ਗੈਸ ਅਤੇ ਹੋਰ ਸਨਅਤਾਂ ਉੱਪਰ ਅਸਰ ਪੈ ਰਿਹਾ ਹੈ।

ਉਹ ਵਾਰ-ਵਾਰ ਕਹਿੰਦੇ ਰਹੇ ਹਨ ਕਿ ਚੀਨ ਅਤੇ ਭਾਰਤ ਵਰਗੇ ਦੇਸ਼ ਇਸ ਸਮਝੌਤੇ ਦਾ ਸਭ ਤੋਂ ਵਧੇਰੇ ਲਾਹਾ ਲੈਂਦੇ ਰਹੇ ਹਨ ਅਤੇ ਇਹ ਸਮਝੌਤੇ ਅਮਰੀਕਾ ਲਈ ਸਹੀ ਨਹੀਂ ਹਨ।

ਉਨ੍ਹਾਂ ਨੇ ਵੀਰਵਾਰ ਦੀ ਰੈਲੀ ਵਿੱਚ ਵੀ ਕਿਹਾ ਕਿ ਕੁਝ ਮੁਲਕਾਂ ਕਰ ਕੇ ਪੂਰੀ ਦੁਨੀਆਂ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)