ਸ਼ਹਿਰ ਜਿੱਥੇ ਅਕਬਰ ਦਾ ਜਨਮ ਹੋਇਆ ਸੀ ਅਤੇ ਰਾਣਾ ਰਤਨ ਸਿੰਘ ਨੂੰ ਫਾਂਸੀ ਦਿੱਤੀ ਗਈ

    • ਲੇਖਕ, ਰਿਆਜ਼ ਸੁਹੈਲ
    • ਰੋਲ, ਉਮਰਕੋਟ ਤੋਂ ਬੀਬੀਸੀ ਉਰਦੂ ਪੱਤਰਕਾਰ

ਜਿਵੇਂ ਹੀ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦਾ ਨਾਮ ਆਉਂਦਾ ਹੈ, ਦਿਮਾਗ ਵਿੱਚ ਮੁਗਲਾਂ ਦੇ ਸਲਤਨਤ, ਦੀਨ-ਏ-ਇਲਾਹੀ ਅਤੇ ਰਾਜਪੂਤ ਜੋਧਾ ਬਾਈ ਦੇ ਨਾਮ ਆ ਜਾਉਂਦੇ ਹਨ।

ਜੇ ਇਹ ਪ੍ਰਸ਼ਨ ਪੁੱਛਿਆ ਜਾਵੇ ਕਿ ਅਕਬਰ ਬਾਦਸ਼ਾਹ ਕਿੱਥੇ ਪੈਦਾ ਹੋਏ ਸੀ, ਤਾਂ ਬਹੁਤ ਸਾਰੇ ਲੋਕ ਗੂਗਲ 'ਤੇ ਇਸ ਦਾ ਜਵਾਬ ਲੱਭਣ ਲੱਗਣਗੇ।

ਅਕਬਰ ਬਾਦਸ਼ਾਹ ਦਾ ਜਨਮ ਉਮਰਕੋਟ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ

ਇਤਿਹਾਸਕਾਰਾਂ ਅਨੁਸਾਰ ਬਿਹਾਰ ਦੇ ਅਫ਼ਗਾਨੀ ਰਾਜਪਾਲ ਸ਼ੇਰ ਖ਼ਾਨ ਤੋਂ ਲੜਾਈ ਹਾਰਨ ਤੋਂ ਬਾਅਦ ਹਮਾਯੂੰ ਨੇ ਉਮਰਕੋਟ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ।

ਅਤੇ ਉਸ ਵਕਤ ਉਸ ਬੇਵਤਨ ਬਾਦਸ਼ਾਹ ਨਾਲ ਕੁਝ ਕੁ ਸਵਾਰ ਅਤੇ ਉਨ੍ਹਾਂ ਦੀ ਜੀਵਨ ਸਾਥੀ ਹਮੀਦਾ ਬਾਨੋ ਸਨ।

ਉਸ ਬੇਤਾਜ਼ ਬਾਦਸ਼ਾਹ ਨੇ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਵਿਚ ਮੁਸ਼ਕ ਨਾਫ਼ਾ (ਹਿਰਨ ਦੀ ਨਾਭੀ ਤੋਂ ਮਿਲਣ ਵਾਲੀ ਖੁਸ਼ਬੂ) ਆਪਣੇ ਸਾਥੀਆਂ ਵਿਚ ਵੰਡੀ ਅਤੇ ਕਿਹਾ ਕਿ ਜਿਸ ਤਰ੍ਹਾਂ ਮੁਸ਼ਕ ਆਪਣੇ ਆਲੇ-ਦੁਆਲੇ ਖੁਸ਼ਬੂ ਫੈਲਾਉਂਦੀ ਹੈ, ਇਕ ਦਿਨ ਇਹ ਬੱਚਾ ਪੂਰੇ ਸੰਸਾਰ ਵਿਚ ਮਸ਼ਹੂਰ ਹੋਵੇਗਾ।

ਹੁਮਾਯੂੰ ਦੀ ਮੌਤ ਤੋਂ ਬਾਅਦ, ਅਕਬਰ 13 ਸਾਲ ਦੀ ਉਮਰ ਵਿਚ ਗੱਦੀ 'ਤੇ ਬੈਠੇ ਅਤੇ ਉਨ੍ਹਾਂ ਨੇ ਤਲਵਾਰ ਦੇ ਜ਼ੋਰ ਨਾਲ ਮੁਗਲੀਆ ਸਲਤਨਤ ਨੂੰ ਕਈ ਗੁਣਾ ਵਧਾ ਦਿੱਤਾ ਅਤੇ ਇਹ ਸਲਤਨਤ ਅੰਗਰੇਜ਼ਾਂ ਵਲੋਂ ਇਸ ਖੇਤਰ ਉੱਤੇ ਕਬਜ਼ਾ ਹੋਣ ਤੱਕ ਕਾਇਮ ਰਹੀ।

ਉਮਰਕੋਟ ਵਿਚ ਅਕਬਰ ਦੇ ਜਨਮ ਸਥਾਨ 'ਤੇ ਇਕ ਯਾਦਗਾਰ ਬਣਾਈ ਗਈ ਹੈ, ਜਿਸ ਦੇ ਨਾਲ ਇਕ ਛੋਟਾ ਜਿਹਾ ਬਗੀਚਾ ਵੀ ਮੌਜੂਦ ਹੈ।

ਥਾਰ ਦਾ ਗੇਟਵੇ

ਉਮਰਕੋਟ ਸ਼ਹਿਰ ਕਰਾਚੀ ਤੋਂ ਲਗਭਗ ਸਵਾ ਤਿੰਨ ਸੌ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਇੱਥੇ ਮੀਰਪੁਰ ਖ਼ਾਸ, ਸਾਂਘੜ ਅਤੇ ਥਾਰ ਤੋਂ ਵੀ ਰਸਤੇ ਆਉਂਦੇ ਹਨ, ਜਦੋਂ ਕਿ ਸੁਪਰ ਹਾਈਵੇ ਤੋਂ ਮੀਰਪੁਰ ਖ਼ਾਸ ਤੋਂ ਸੁਪਰ ਹਾਈਵੇ ਅਤੇ ਫਿਰ ਉੱਥੋਂ ਉਮਰਕੋਟ ਦੀ ਸੜਕ ਬਿਹਤਰ ਹੈ।

ਕਰਾਚੀ ਤੋਂ ਮੜੀ ਤੱਕ ਸੜਕ ਦੇ ਨਿਰਮਾਣ ਤੋਂ ਪਹਿਲਾਂ, ਇਹ ਸ਼ਹਿਰ ਵਪਾਰ ਦਾ ਕੇਂਦਰ ਸੀ ਅਤੇ ਇਸਨੂੰ ਥਾਰ ਦਾ ਗੇਟਵੇ ਕਿਹਾ ਜਾਂਦਾ ਸੀ।

ਉਮਰਕੋਟ ਦਾ ਕਿਲ੍ਹਾ ਇਸ ਖੇਤਰ ਦੀ ਰਾਜਨੀਤੀ ਦੀ ਚਾਬੀ ਮੰਨਿਆ ਜਾਂਦਾ ਸੀ। ਇਹ ਰਾਜਸਥਾਨ ਵਿਚ ਮਾਰਵਾੜ ਅਤੇ ਵਾਦੀ ਮੇਹਰਾਨ ਦੇ ਸੰਗਮ 'ਤੇ ਸਥਿਤ ਹੈ।

ਇਕ ਪਾਸੇ ਰੇਗਿਸਤਾਨ ਹੈ, ਦੂਸਰੇ ਪਾਸੇ ਨਹਿਰੀ ਪਾਣੀ ਨਾਲ ਹਰਿਆਲੀ ਨਾਲ ਭਰਿਆ ਇਲਾਕਾ ਵੱਸਦਾ ਹੈ।

ਮਾਰਵੀ ਦਾ ਕੈਦਖ਼ਾਨਾ

ਉਮਰਕੋਟ ਦਾ ਨਾਮ ਇੱਥੋਂ ਦੇ ਇੱਕ ਕਿਲ੍ਹੇ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿੱਥੇ ਪਿਆਰ ਅਤੇ ਬਹਾਦਰੀ ਦੇ ਕਈ ਪਾਤਰਾਂ ਦੀਆਂ ਯਾਦਾਂ ਦਫ਼ਨ ਹਨ।

ਉਮਰਕੋਟ ਉੱਤੇ ਰਾਜਪੂਤ ਠਾਕੁਰਾਂ ਅਤੇ ਬਾਅਦ ਵਿਚ ਸੋਮਰਾ ਰਾਜਵੰਸ਼ ਵੀ ਬਾਦਸ਼ਾਹਤ ਕਰਦੇ ਰਹੇ ਹਨ।

ਸਿੰਧ ਦੇ ਸੂਫ਼ੀ ਸ਼ਾਇਰ ਅਬਦੁੱਲ ਲਤੀਫ਼ ਦੀ ਪੰਜ ਸੁਰਮੀਆਂ ਵਿੱਚੋਂ ਇਕ ਕਿਰਦਾਰ ਮਾਰਵੀ ਨੇ ਇਥੇ ਜਨਮ ਲਿਆ ਸੀ।

ਮਾਰਵੀ ਥਾਰ ਦੇ ਖਾਨਾਬਦੋਸ਼ ਕਬੀਲੇ ਨਾਲ ਸਬੰਧਤ ਸੀ।

ਉਸ ਸਮੇਂ ਦੇ ਸ਼ਹਿਨਸ਼ਾਹ ਉਮਰ ਸੋਮਰੂ ਨੇ ਜਦੋ ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਸੁਣੇ ਤਾਂ ਖੂਹ 'ਤੇ ਪਾਣੀ ਭਰਨ ਲਈ ਆਈ ਮਾਰਵੀ ਨੂੰ ਉਸ ਦੇ ਪਿੰਡ ਭਲਵਾ ਤੋਂ ਅਗਵਾ ਕਰ ਲਿਆ।

ਉਮਰ ਨੇ ਮਾਰਵੀ ਨੂੰ ਵਿਆਹ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਦ ਕਰ ਦਿੱਤਾ ਗਿਆ।

ਕਈ ਲਾਲਚ ਦਿੱਤੇ ਗਏ ਪਰ ਉਮਰ ਬਾਦਸ਼ਾਹ ਸਫ਼ਲ ਨਹੀਂ ਹੋਇਆ। ਅੰਤ ਵਿੱਚ, ਉਨ੍ਹਾਂ ਨੇ ਹਾਰ ਸਵੀਕਾਰ ਕਰ ਲਈ ਅਤੇ ਮਾਰਵੀ ਨੂੰ ਆਪਣੀ ਭੈਣ ਬਣਾ ਕੇ ਪਿੰਡ ਛੱਡ ਦਿੱਤਾ।

ਸ਼ਾਹ ਅਬਦੁੱਲ ਲਤੀਫ਼ ਨੇ ਇਸ ਸਾਰੇ ਕਿੱਸੇ ਨੂੰ ਆਪਣੀ ਸ਼ਾਇਰੀ ਦਾ ਵਿਸ਼ਾ ਬਣਾਇਆ ਹੈ ਅਤੇ ਮਾਰਵੀ ਦੇ ਕਿਰਦਾਰ ਨੂੰ ਦੇਸ਼ਪ੍ਰੇਮ ਅਤੇ ਆਪਣੇ ਲੋਕਾਂ ਨਾਲ ਪਿਆਰ ਦੀ ਉਦਾਹਰਣ ਵਜੋਂ ਪੇਸ਼ ਕੀਤਾ ਹੈ।

ਉਮਰਕੋਟ ਕਿਲ੍ਹੇ ਵਿਚ ਅਜਾਇਬ ਘਰ

ਉਮਰਕੋਟ ਦੇ ਕਿਲ੍ਹੇ ਵਿਚ ਇਕ ਅਜਾਇਬ ਘਰ ਬਣਾਇਆ ਗਿਆ ਹੈ, ਜਿਸ ਵਿਚ ਪੁਰਾਣੇ ਹਥਿਆਰਾਂ ਤੋਂ ਇਲਾਵਾ ਮਜਨੀਕ ਦੇ ਗੋਲੇ ਵੀ ਹਨ ਜਿਨ੍ਹਾਂ ਨਾਲ ਕਿਲ੍ਹੇ ਦੀਆਂ ਕੰਧਾਂ ਨੂੰ ਤੋੜਿਆ ਜਾਂਦਾ ਸੀ।

ਇਲਾਕੇ ਵਿੱਚ ਵਰਤੇ ਜਾਂਦੇ ਗਹਿਣੇ ਵੀ ਮੌਜੂਦ ਹਨ।

ਅਕਬਰ ਬਾਦਸ਼ਾਹ ਦੇ ਜਨਮ ਸਥਾਨ ਕਾਰਨ ਆਈਨ-ਏ-ਅਕਬਾਰੀ ਸਣੇ ਉਸ ਸਮੇਂ ਦੇ ਵਜ਼ੀਰਾਂ ਦੇ ਫ਼ਾਰਸੀ ਵਿੱਚ ਲਿਖੀਆਂ ਫ਼ਾਰਸੀ ਕਿਤਾਬਾਂ ਸਮੇਤ ਦਸਤਾਵੇਜ਼ ਪ੍ਰਦਰਸ਼ਨੀ ਲਈ ਵੀ ਉਪਲਬਧ ਹਨ।

ਇੰਨ੍ਹਾਂ ਵਿਚ ਹਿੰਦੂ ਧਰਮ ਦੇ ਕੁਝ ਪਵਿੱਤਰ ਗ੍ਰੰਥ ਵੀ ਹਨ ਜਿਨ੍ਹਾਂ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ ਹੈ।

ਹੁਮਾਯੂੰ, ਹਮੀਦਾ ਬੇਗਮ ਅਤੇ ਅਕਬਰ ਸਮੇਤ ਮੁਗਲ ਦਰਬਾਰ ਦੀਆਂ ਕਈ ਤਸਵੀਰਾਂ ਇੱਥੇ ਮੌਜੂਦ ਹਨ।

ਇਸ ਤੋਂ ਇਲਾਵਾ ਇਥੇ ਜੈਨ ਧਰਮ ਦੀਆਂ ਮੂਰਤੀਆਂ ਵੀ ਰੱਖੀਆਂ ਗਈਆਂ ਹਨ ਜੋ ਥਾਰ ਸ਼ਹਿਰ ਵੇਰਾਵਾ ਵਿਚ ਸੜਕ ਦੇ ਨਿਰਮਾਣ ਦੌਰਾਨ ਜ਼ਮੀਨ ਤੋਂ ਕੱਢੀਆਂ ਗਈਆਂ ਸਨ।

ਕਿਲ੍ਹੇ ਦੀ ਫ਼ਸੀਲ 'ਤੇ ਤੋਪਾਂ ਹਨ (ਮਜ਼ਬੂਤ ਕਿਲ੍ਹੇ ਦੀਆਂ ਕੰਧਾਂ ਜੋ ਦੁਸ਼ਮਣ ਨੂੰ ਹਮਲੇ ਤੋਂ ਬਚਾਉਂਦੀਆਂ ਹਨ), ਜਦਕਿ ਵਿਚਕਾਰ ਇਕ ਡੰਡਾ ਹੈ ਜਿਸ ਬਾਰੇ ਕੁਝ ਲੋਕ ਮੰਨਦੇ ਹਨ ਕਿ ਲੋਕਾਂ ਨੂੰ ਇਸ 'ਤੇ ਫਾਸੀ 'ਤੇ ਲਗਾਇਆ ਜਾਂਦਾ ਸੀ।

ਇਹ ਵੀ ਪੜ੍ਹੋ

ਪੂਰੇ ਸ਼ਹਿਰ ਦਾ ਨਜ਼ਾਰਾ ਇਥੋਂ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।

ਕਿਲ੍ਹੇ ਵਿੱਚ ਦਾਖਲ ਹੋਣ ਵਾਲੇ ਰਸਤੇ ਦੇ ਉੱਪਰ ਇੱਕ ਘੋੜੇ ਦੀ ਨਾਲ ਦੇ ਨਿਸ਼ਾਨ ਮੌਜੂਦ ਹਨ।

ਸਥਾਨਕ ਲੋਕਾਂ ਦੇ ਅਨੁਸਾਰ, ਜਦੋਂ ਰਾਣਾ ਰਤਨ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਦੇ ਘੋੜੇ ਨੇ ਛਾਲ ਮਾਰ ਦਿੱਤੀ ਸੀ, ਜਿਸ ਦੌਰਾਨ ਉਸਦੀ ਇੱਕ ਲੱਤ ਕਿਲ੍ਹੇ ਦੀ ਕੰਧ ਨਾਲ ਟਕਰਾ ਗਈ ਅਤੇ ਉਹ ਇਸ ਕਹਾਣੀ ਦਾ ਕਿਰਦਾਰ ਬਣ ਗਿਆ।

ਰਾਣਾ ਰਤਨ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨਾਲ ਲੜਾਈ ਕੀਤੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਫਾਂਸੀ ਦੇ ਦਿੱਤੀ ਗਈ।

ਧਾਰਮਿਕ ਸਦਭਾਵਨਾ

ਧਾਰਮਿਕ ਸਦਭਾਵਨਾ ਦੀ ਨੀਂਹ ਰੱਖਣ ਵਾਲੇ ਸ਼ਹਿਨਸ਼ਾਹ ਅਕਬਰ ਦੀ ਜਨਮ ਭੂਮੀ ਵਾਲੇ ਇਸ ਸ਼ਹਿਰ 'ਚ ਅੱਜ ਵੀ ਧਾਰਮਿਕ ਸਦਭਾਵਨਾ ਵੇਖੀ ਜਾਂਦੀ ਹੈ।

ਇੱਥੇ ਮੰਦਰ ਅਤੇ ਮਸਜਿਦਾਂ ਨਾਲ-ਨਾਲ ਹਨ। ਹਿੰਦੂ ਮੁਸਲਿਮ ਆਬਾਦੀ ਲਗਭਗ ਬਰਾਬਰ ਹੈ ਅਤੇ ਦੋਵੇਂ ਇਕ ਦੂਜੇ ਦੀ ਖੁਸ਼ੀ ਅਤੇ ਗਮੀ ਸਾਂਝਾ ਕਰਦੇ ਹਨ ਅਤੇ ਤਿਉਹਾਰਾਂ ਵਿਚ ਵੀ ਹਿੱਸਾ ਲੈਂਦੇ ਹਨ।

ਸ਼ਹਿਰ ਦੇ ਨੇੜੇ ਸ਼ਿਵ ਮਹਾਂਦੇਵ ਦਾ ਇਕ ਪੁਰਾਣਾ ਮੰਦਰ ਹੈ, ਜਿਸ 'ਤੇ ਹਰ ਸਾਲ ਮੇਲਾ ਲੱਗਦਾ ਹੈ।

ਮੁਸਲਮਾਨ ਇਸ ਮੇਲੇ ਵਿਚ ਹਰ ਤਰ੍ਹਾਂ ਦੀ ਮਦਦ ਕਰਦੇ ਹਨ।

ਇਸ ਤੋਂ ਇਲਾਵਾ ਲਾਗੇ ਹੀ ਸੂਫੀ ਫਕੀਰ ਦਾ ਸ਼ਹਿਰ ਸਥਿਤ ਹੈ ਜਿਥੇ ਸੂਫੀ ਸਾਦਿਕ ਦਾ ਮਜ਼ਾਰ ਹੈ ਜੋ ਸੂਫੀ ਸ਼ਾਹ ਇਨਾਇਤ ਦੀ ਵਿਰੋਧ ਲਹਿਰ ਨਾਲ ਜੁੜੇ ਹੋਏ ਸੀ।

ਇਸ ਤੋਂ ਇਲਾਵਾ, ਪਥੋਰੋ ਸ਼ਹਿਰ ਵਿੱਚ ਪੀਰ ਪਥੋਰੋ ਦਾ ਮਜ਼ਾਰ ਹੈ ਜਿਸ ਵਿੱਚ ਹਿੰਦੂ ਧਰਮ ਦੇ ਲੋਕ ਵਿਸ਼ਵਾਸ ਰੱਖਦੇ ਹਨ।

ਉਮਰਕੋਟ ਦਾ ਬਾਜ਼ਾਰ

ਉਮਰਕੋਟ ਦੇ ਬਾਜ਼ਾਰ ਦੀ ਗਿਣਤੀ ਸਿੰਧ ਦੇ ਪੁਰਾਣੇ ਬਾਜ਼ਾਰਾਂ ਵਿੱਚ ਹੁੰਦੀ ਹੈ।

ਅੱਜ ਵੀ ਇਥੇ ਪੱਤਿਆਂ ਵਾਲੀ ਬੇੜੀ ਬਣਾਈ ਜਾਂਦੀ ਹੈ ਅਤੇ ਕੁਝ ਦੁਕਾਨਦਾਰ ਔਰਤਾਂ ਦੀਆਂ ਰਵਾਇਤੀ ਚੂੜੀਆਂ ਬਣਾਉਂਦੇ ਹਨ, ਜਿਸ ਨੂੰ ਚੁੱੜਾ ਕਿਹਾ ਜਾਂਦਾ ਹੈ।

ਇਹ ਚੂੜੀਆਂ ਕਲਾਈ ਤੋਂ ਲੈ ਕੇ ਬਾਂਹ ਤੱਕ ਪਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੀਆਂ ਚੂੜੀਆਂ ਮੋਹਨ ਜੋਦੜੋ ਤੋਂ ਮਿਲਣ ਵਾਲੀਆਂ ਨੱਚਣ ਵਾਲੀਆਂ ਔਰਤਾਂ ਦੀਆਂ ਮੂਰਤੀ ਦੀ ਬਾਂਹਾਂ 'ਤੇ ਵੀ ਦਿਖਾਈ ਦਿੰਦੀਆਂ ਸਨ। ਇਹ ਚੁੜੀਆਂ ਕਿਸੇ ਸਮੇਂ ਜਾਨਵਰਾਂ ਦੀਆਂ ਹੱਡੀਆਂ ਤੋਂ ਬਣਾਈਆਂ ਜਾਂਦੀਆਂ ਸਨ ਪਰ ਹੁਣ ਇਹ ਬਰੀਕ ਸ਼ੀਸ਼ੇ ਤੋਂ ਬਣਾਈਆਂ ਜਾਂਦੀਆਂ ਹਨ।

ਪਹਿਲਾਂ ਮੁਸਲਮਾਨ ਅਤੇ ਹਿੰਦੂ ਦੋਵਾਂ ਧਰਮ ਦੀਆਂ ਔਰਤਾਂ ਇਹ ਚੂੜੀਆਂ ਪਹਿਨਦੀਆਂ ਸਨ, ਪਰ ਹੁਣ ਮੁਸਲਮਾਨ ਘਰਾਂ ਵਿੱਚ ਇਸ ਦਾ ਇਸਤੇਮਾਲ ਕਾਫ਼ੀ ਘੱਟ ਹੋ ਗਿਆ ਹੈ।

ਇੱਥੇ ਚਾਂਦੀ ਦੇ ਗਹਿਣੇ ਸੋਨੇ ਨਾਲੋਂ ਜ਼ਿਆਦਾ ਵਿਕਦੇ ਹਨ।

ਹਿੰਦੂ ਕਬੀਲੇ ਆਪਣੀ ਪਰੰਪਰਾ ਅਨੁਸਾਰ ਦਾਜ ਵਿਚ ਚਾਂਦੀ ਦੇ ਗਹਿਣੇ ਦਿੰਦੇ ਹਨ। ਹਰੇਕ ਕਬੀਲੇ ਦਾ ਡਿਜ਼ਾਇਨ ਵੀ ਵੱਖਰਾ ਹੁੰਦਾ ਹੈ।

ਹਰਿਆਲੀ ਅਤੇ ਰੇਗੀਸਤਾਨ

ਉਮਰਕੋਟ ਸ਼ਹਿਰ ਦੇ ਨਾਲ ਹੀ ਰੇਗੀਸਤਾਨੀ ਇਲਾਕਾ ਵੀ ਸ਼ੁਰੂ ਹੋ ਜਾਂਦਾ ਹੈ। ਇਕ ਪਾਸੇ ਹਰੇ ਖੇਤ ਹਨ ਅਤੇ ਦੂਜੇ ਪਾਸੇ ਟਿੱਲੇ ਹਨ।

ਭਾਰਤ ਜਾਣ ਵਾਲੀ ਰੇਲਗੱਡੀ ਉਮਰਕੋਟ ਜ਼ਿਲੇ ਦੇ ਕਈ ਸ਼ਹਿਰਾਂ ਵਿਚੋਂ ਲੰਘਦੀ ਹੈ ਅਤੇ ਖੋਖਰਾਪਾਰ ਸਰਹੱਦ ਪਾਰ ਕਰਦੀ ਹੈ।

ਇਹ ਪੁਰਾਣਾ ਰੂਟ ਹੈ। ਭਾਰਤ ਦੀ ਵੰਡ ਵੇਲੇ ਮਹਿੰਦੀ ਹਸਨ, ਮੁਸ਼ਤਾਕ ਅਹਿਮਦ ਯੁਸੂਫੀ ਅਤੇ ਡਾ. ਮੁਬਾਰਕ ਅਲੀ ਸਮੇਤ ਕਈ ਘਰਾਨੇ ਇਸ ਸਰਹੱਦ ਨੂੰ ਪਾਰ ਕਰਦੇ ਹੋਏ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)