ਪਾਕਿਸਤਾਨੀ ਅੰਬੇਡਕਰ ਜੋਗਿੰਦਰਨਾਥ ਮੰਡਲ: ਪਾਕ ਚ 'ਦੇਸ਼ਧ੍ਰੋਹੀ' ਤੇ ਭਾਰਤ ਵਿੱਚ ਸਿਆਸੀ 'ਅਛੂਤ' ਸਮਝਿਆ ਗਿਆ

ਤਸਵੀਰ ਸਰੋਤ, JAGADISH CHANDRA MANDAL
- ਲੇਖਕ, ਸਕਲੈਨ ਇਮਾਮ
- ਰੋਲ, ਬੀਬੀਸੀ ਉਰਦੂ
ਪਾਕਿਸਤਾਨ ਵਿੱਚ ਧਾਰਮਿਕ ਕੱਟੜਤਾ ਦੀ ਸ਼ੁਰੂਆਤ ਅਤੇ ਇਸਦੇ ਫ਼ੈਲਾਅ ਲਈ ਸਾਬਕਾ ਸੈਨਿਕ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੀ ਸਰਕਾਰ ਅਤੇ ਉਸ ਤੋਂ ਬਾਅਦ ਮੁਸਲਿਮ ਕੱਟੜਪੰਥੀ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਪਰ ਪਾਕਿਸਤਾਨ ਦੇ ਇਤਿਹਾਸ ਦੇ ਇੱਕ ਅਹਿਮ ਕਿਰਦਾਰ, ਜੋਗਿੰਦਰਨਾਥ ਮੰਡਲ ਨੇ 70 ਸਾਲ ਪਹਿਲਾਂ ਹੀ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਅਸਤੀਫ਼ੇ ਵਿੱਚ ਧਾਰਮਿਕ ਕੱਟੜਤਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਸੀ।
ਉਨ੍ਹਾਂ ਨੇ ਇਸ ਲਈ ਪਾਕਿਸਤਾਨ ਦੇ ਸੱਤਾਧਾਰੀਆਂ ਵੱਲੋ ਧਰਮ ਨੂੰ ਇੱਕ ਹਥਿਆਰ ਵੱਜੋਂ ਇਸਤੇਮਾਲ ਕਰਨ ਅਤੇ ਉਸ ਸਾਹਮਣੇ ਗੋਡੇ ਟੇਕ ਦੇਣ ਦੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਹ ਵੀ ਪੜ੍ਹੋ
ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਜੋਗਿੰਦਰਨਾਥ ਮੰਡਲ ਨੂੰ ਪਾਕਿਸਤਾਨ ਦੀ ਸੰਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਸੀ। ਉਹ ਪਾਕਿਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਵੀ ਬਣੇ।
ਜੋਗਿੰਦਰਨਾਥ ਮੰਡਲ ਬੰਗਾਲ ਦੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਨ। ਭਾਰਤ ਦੀ ਵੰਡ ਤੋਂ ਪਹਿਲਾਂ ਬੰਗਾਲ ਦੀ ਰਾਜਨੀਤੀ ਵਿੱਚ ਸਿਰਫ਼ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਮੁੱਦਾ ਨਹੀਂ ਸੀ, ਬਲਕਿ ਕਈ ਲੋਕਾਂ ਦੀ ਨਿਗ੍ਹਾ ਵਿੱਚ ਇਸ ਤੋਂ ਵੀ ਅਹਿਮ ਮਸਲਾ ਬੰਗਾਲ ਦੀ ਜ਼ਿਮੀਦਾਰਾ ਵਿਵਸਥਾ ਦੀ ਚੱਕੀ ਵਿੱਚ ਪਿਸਣ ਵਾਲੇ ਕਿਸਾਨਾਂ ਦਾ ਸੀ।
ਇਸ ਵਿੱਚ ਜ਼ਿਆਦਾਤਰ ਮੁਸਲਮਾਨ ਸਨ। ਉਸਤੋਂ ਬਾਅਦ ਦਲਿਤ ਸਨ ਜਿਨ੍ਹਾਂ ਨੂੰ ਸ਼ੂਦਰ ਵੀ ਕਿਹਾ ਜਾਂਦਾ ਸੀ। ਪਰ ਅੰਗਰੇਜ਼ਾਂ ਦੇ ਸਮੇਂ ਉਨ੍ਹਾਂ ਨੂੰ 'ਅਨੁਸੂਚਿਤ ਜਾਤੀ' ਕਿਹਾ ਜਾਣ ਲੱਗਿਆ ਸੀ।
ਜ਼ਿੰਮੀਦਾਰਾਂ ਵਿੱਚ ਬਹੁਤੇ ਹਿੰਦੂ ਬ੍ਰਹਾਮਣ ਅਤੇ ਖੱਤਰੀ ਸਨ ਜਿਨ੍ਹਾਂ ਨੂੰ ਸਥਾਨਿਕ ਭਾਸ਼ਾ ਵਿੱਚ 'ਭਦਰਲੋਕ' ਕਿਹਾ ਜਾਂਦਾ ਸੀ।
ਵੰਡ ਤੋਂ ਪਹਿਲਾਂ ਬੰਗਾਲ ਦੀ ਕੁੱਲ ਜਨਸੰਖਿਆ ਪੰਜ ਕਰੋੜ ਦੱਸ ਲੱਖ ਸੀ। ਇਸ ਵਿੱਚ 80 ਲੱਖ ਦਲਿਤਾਂ ਸਮੇਤ ਹਿੰਦੂਆਂ ਦੀ ਕੁਲ ਆਬਾਦੀ ਦੋ ਕਰੋੜ ਵੀਹ ਲੱਖ ਸੀ। ਜਦਕਿ ਮੁਸਲਮਾਨਾਂ ਦੀ ਆਬਾਦੀ ਤਕਰੀਬਨ ਦੋ ਕਰੋੜ ਅੱਸੀ ਲੱਖ ਸੀ। ਉੱਚ ਜਾਤੀ ਦੇ ਹਿੰਦੂਆਂ ਯਾਨੀ ਭੱਦਰਲੋਕਾਂ ਦੀ ਕੁੱਲ ਆਬਾਦੀ 30 ਲੱਖ ਸੀ।
ਇਸ ਤਰ੍ਹਾਂ ਬੰਗਾਲ ਵਿੱਚ ਮੁਸਲਮਾਨਾਂ ਦੀ ਆਬਾਦੀ 54 ਫ਼ੀਸਦ ਸੀ, ਉਸਤੋਂ ਬਾਅਦ ਦਲਿਤ ਅਤੇ ਫ਼ਿਰ ਹਿੰਦੂ ਬ੍ਰਾਹਮਣ ਸਨ। ਇਸਾਈ ਤੇ ਹੋਰਾਂ ਧਰਮਾਂ ਨੂੰ ਮੰਨਣ ਵਾਲੇ ਬਹੁਤ ਘੱਟ ਸਨ।
ਦਲਿਤਾਂ ਵਿੱਚ ਸਭ ਤੋਂ ਵੱਡਾ ਜਾਤੀ ਸਮੂਹ 'ਮਹੇਸ਼ੀਆਂ' ਦਾ ਸੀ। ਇੰਨਾਂ ਦੀ ਆਬਾਦੀ 35ਲੱਖ ਸੀ। ਇਸਤੋਂ ਬਾਅਦ 'ਨਾਮਸ਼ੂਦਰ' ਆਉਂਦੇ ਸਨ। ਜੋਗਿੰਦਰਨਾਥ ਮੰਡਲ ਇਸੇ ਭਾਈਚਾਰੇ ਨਾਲ ਸੰਬੰਧਿਤ ਸਨ।
ਉਨ੍ਹਾਂ ਨੇ ਵੰਡ ਤੋਂ ਪਹਿਲਾਂ ਸਿਆਸਤ ਵਿੱਚ ਦਲਿਤਾਂ ਨੂੰ ਮੁਸਲਿਮ ਲੀਗ ਨਾਲ ਜੋੜਿਆ ਸੀ। ਬੰਗਾਲ ਦੇ 'ਨਾਮਸ਼ੂਦਰ' 1930 ਦੇ ਦਹਾਕੇ ਤੋਂ ਹੀ ਮੁਸਲਿਮ ਲੀਗ ਦੇ ਮਜ਼ਬੂਤ ਸਹਿਯੋਗੀ ਬਣ ਗਏ ਸਨ।
ਪਾਕਿਸਤਾਨ ਦੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ 11 ਅਗਸਤ 1947 ਨੂੰ ਹੋਈ ਸੀ। ਵਿਵਹਾਰਿਕ ਸੁਤੰਤਰਤਾ ਤੋਂ ਤਿੰਨ ਦਿਨ ਪਹਿਲਾਂ। ਜਦੋਂ ਭਾਰਤ ਅਤੇ ਪਾਕਿਸਤਾਨ ਦੇ 14 ਤੇ 15 ਅਗਸਤ ਦਰਮਿਆਨ ਦੀ ਰਾਤ ਨੂੰ ਆਜ਼ਾਦੀ ਹਾਸਲ ਕੀਤੀ ਉਦੋਂ ਤੱਕ ਮੁਸਲਿਮ ਲੀਗ ਦਲਿਤਾਂ ਨਾਲ ਸੰਬੰਧਾਂ ਨੂੰ ਆਪਣੇ ਸਾਂਚੇ ਵਿੱਚ ਢਾਲ ਚੁੱਕੀ ਸੀ।
ਭਾਰਤ ਅਤੇ ਪਾਕਿਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਦਲਿਤ ਸਨ
ਇਸ ਤੋਂ ਬਾਅਦ ਜਦੋਂ ਭਾਰਤ ਦਾ ਸੰਵਿਧਾਨ ਲਿਖਣ ਦੀ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਨਹਿਰੂ ਨੇ ਆਪਣੇ ਮੰਤਰੀ ਮੰਡਲ ਦੇ ਇੱਕ ਗ਼ੈਰ-ਕਾਂਗਰਸੀ ਦਲਿਤ ਨੇਤਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਗ੍ਹਾ ਦਿੱਤੀ ਅਤੇ ਦੇਸ ਦਾ ਪਹਿਲਾ ਕਾਨੂੰਨ ਮੰਤਰੀ ਬਣਾਇਆ। ਉਨ੍ਹਾਂ ਨੂੰ ਦੇਸ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।
ਪਾਕਿਸਤਾਨ ਦੇ ਸੰਸਥਾਪਕ ਜਿਨਾਹ ਦਾ ਪਹਿਲਾ ਭਾਸ਼ਣ ਮਹਿਜ਼ ਉਨ੍ਹਾਂ ਦੀ ਸੋਚ ਨਹੀਂ ਸੀ ਬਲਕਿ ਰਾਜਨੀਤਿਕ ਰਣਨੀਤੀ ਵੀ ਸੀ। ਉਸੇ ਰਣਨੀਤੀ ਤਹਿਤ ਉਨ੍ਹਾਂ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਬੰਗਾਲ ਦੇ ਇੱਕ ਹਿੰਦੂ ਦਲਿਤ ਨੇਤਾ ਜੋਗਿੰਦਰਨਾਥ ਮੰਡਲ ਤੋਂ ਸੰਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਵਾਈ ਸੀ।
(ਇਹ ਵੱਖਰੀ ਗੱਲ ਹੈ ਕਿ ਹੁਣ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਵੈੱਬਸਾਈਟ 'ਤੇ ਪਹਿਲੇ ਪ੍ਰਧਾਨ ਵਜੋਂ ਮੰਡਲ ਦਾ ਨਾਮ ਮੌਜੂਦ ਨਹੀਂ ਹੈ)

ਤਸਵੀਰ ਸਰੋਤ, @VINTAGEPAKISTAN
ਕੋਣ ਸੀ ਜੋਗਿੰਦਰਨਾਥ ਮੰਡਲ?
ਮੰਡਲ ਦਾ ਜਨਮ ਬੰਗਾਲ ਦੇ ਇੱਕ ਕਸਬੇ ਬਾਕਰਗੰਜ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾ ਦੇ ਪਿਤਾ ਚਾਹੁੰਦੇ ਸਨ ਕਿ ਘਰ ਵਿੱਚ ਹੋਰ ਕੁਝ ਹੋਵੇ ਜਾਂ ਨਾ ਹੋਵੇ ਉਨ੍ਹਾਂ ਦੇ ਬੇਟਾ ਸਿਖਿਆ ਜ਼ਰੂਰ ਪ੍ਰਾਪਤ ਕਰੇ।
ਮੰਡਲ ਦੀ ਸਿਖਿਆ ਦਾ ਖ਼ਰਚ ਉਨ੍ਹਾਂ ਦੇ ਬੇ-ਔਲਾਦ ਚਾਚੇ ਨੇ ਚੁੱਕਿਆ। ਇੱਕ ਸਥਾਨਿਕ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਬੰਗਾਲ ਦੇ ਬਾਰੀਸਾਲ ਦੇ ਸਭ ਤੋਂ ਵਧੀਆ ਸਿਖਿਆ ਸੰਸਥਾਨ ਬ੍ਰਿਜਮੋਹਨ ਕਾਲਜ ਵਿੱਚ ਦਾਖ਼ਲਾ ਲਿਆ। ਬਾਰੀਸਾਲ 'ਪੂਰਵੀ ਬੰਗਾਲ' ਦਾ ਇੱਕ ਸ਼ਹਿਰ ਹੈ ਜੋਂ ਬਾਅਦ ਵਿੱਚ ' ਪੂਰਵੀ ਪਾਕਿਸਤਾਨ' ਬਣ ਗਿਆ ਸੀ।
ਸਿਖਿਆ ਮੁਕੱਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਰੀਸਾਲ ਦੀ ਨਗਰਪਾਲਿਕਾ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਹੇਠਲੇ ਤਬਕੇ ਦੇ ਲੋਕਾਂ ਦੇ ਹਾਲਾਤ ਸੁਧਾਰਣ ਲਈ ਸੰਘਰਸ਼ ਸ਼ੁਰੂ ਕੀਤਾ।
ਉਹ ਭਾਰਤ ਦੀ ਵੰਡ ਦੇ ਹੱਕ ਵਿੱਚ ਨਹੀਂ ਸਨ। ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉੱਚ ਜਾਤੀ ਦੇ ਹਿੰਦੂਆਂ (ਸਵਰਣਾਂ) ਵਿੱਚ ਰਹਿਣ ਨਾਲ ਸ਼ੂਦਰਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਆ ਸਕਦਾ ਇਸ ਲਈ ਪਾਕਿਸਤਾਨ ਦਲਿਤਾਂ ਲਈ ਇੱਕ ਬਹਿਤਰ ਮੌਕਾ ਹੋ ਸਕਦਾ ਹੈ।
ਜਦੋਂ ਉਨ੍ਹਾਂ ਨੇ ਜਿਨਾਹ ਦੇ ਭਰੋਸਾ ਦਿਵਾਉਣ ਤੋਂ ਬਾਅਦ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਦੇ ਸਹਿਯੋਗੀ ਅਤੇ ਭਾਰਤ ਦੇ ਉਸ ਸਮੇਂ ਦੇ ਸਭ ਤੋਂ ਵੱਡੇ ਦਲਿਤ ਨੇਤਾ ਡਾਕਟਰ ਭੀਮ ਰਾਓ ਰਾਮ ਜੀ ਅੰਬੇਡਕਰ ਨੇ ਚੇਤਾਵਨੀ ਦਿੱਤੀ ਸੀ।
ਕਿਸਮਤ ਦਾ ਐਸਾ ਖੇਡ ਹੋਇਆ ਕਿ ਡਾਕਟਰ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ ਜੋਗਿੰਦਰਨਾਥ ਮੰਡਲ ਪਾਕਿਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਕੁਝ ਸਾਲ ਬਾਅਦ ਦੋਵਾਂ ਨੂੰ ਹੀ ਆਪੋ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
ਮੰਡਲ ਨੇ 8 ਅਕਤੂਬਰ, 1950 ਨੂੰ ਅਸਤੀਫ਼ਾ ਦਿੱਤਾ, ਜਦਕਿ ਅੰਬੇਡਕਰ ਨੇ 27 ਸਤੰਬਰ, 1951 ਨੂੰ ਅਸਤੀਫ਼ਾ ਦੇ ਦਿੱਤਾ ਸੀ। ਦੋਵਾਂ ਦਰਮਿਆਨ ਫ਼ਰਕ ਇਹ ਸੀ ਕਿ ਮੰਡਲ ਨੇ ਨਿਰਾਸ਼ਾ ਵਿੱਚ ਅਹੁਦਾ ਛੱਡਿਆ, ਉਹ ਪਾਕਿਸਤਾਨ ਦਾ ਸੰਵਿਧਾਨ ਬਣਦੇ ਹੋਏ ਨਹੀਂ ਦੇਖ ਸਕੇ ਜਦਕਿ ਅੰਬੇਡਕਰ ਨੇ ਜਨਵਰੀ 1950 ਵਿੱਚ ਭਾਰਤ ਦਾ ਸੰਵਿਧਾਨ ਮੁਕੰਮਲ ਕਰਕੇ ਇਤਿਹਾਹਿਕ ਭੂਮਿਕਾ ਨਿਭਾਈ।
ਸੰਵਿਧਾਨ ਦਾ ਖਰੜਾ ਤਿਆਰ ਕਰਨ ਤੋਂ ਬਾਅਦ ਅੰਬੇਡਕਰ ਨੇ ਹਿੰਦੂ ਵਿਰਾਸਤ ਕਾਨੂੰਨ ਵਿੱਚ ਲੜਕਿਆਂ ਦੇ ਨਾਲ ਨਾਲ ਲੜਕੀਆਂ ਨੂੰ ਵੀ ਜਾਇਦਾਦ ਵਿੱਚ ਬਰਾਬਰ ਅਧਿਕਾਰ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਕਾਮਯਾਬ ਨਾ ਹੋਣ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

ਤਸਵੀਰ ਸਰੋਤ, Getty Images
ਜਿਨਾਹ ਦਾ 11 ਅਗਸਤ ਦਾ ਭਾਸ਼ਣ ਅਤੇ ਘੱਟ-ਗਿਣਤੀ ਲੋਕ
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ 11 ਅਗਸਤ 1947 ਨੂੰ ਪਾਕਿਸਤਾਨ ਦੇ ਸੰਸਥਾਪਕ ਅਤੇ ਦੇਸ਼ ਦੇ ਪਹਿਲੇ ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਨੇ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿੱਚ ਪ੍ਰਧਾਨ ਵੱਜੋਂ ਆਪਣੇ ਭਾਸ਼ਣ ਵਿੱਚ ਪਾਕਿਸਤਾਨ ਦੇ ਭਵਿੱਖ ਦਾ ਖ਼ਾਕਾ ਪੇਸ਼ ਕਰਦੇ ਹੋਏ ਰਿਆਸਤ ਨੂੰ ਧਰਮ ਤੋਂ ਅਲੱਗ ਰੱਖਣ ਦਾ ਐਲਾਨ ਕੀਤਾ ਸੀ।
ਉਸੇ ਭਾਸ਼ਣ ਵਿੱਚ ਜਿਨਾਹ ਨੇ ਇਹ ਵੀ ਕਿਹਾ ਸੀ ਕਿ, "ਸਮੇਂ ਦੇ ਨਾਲ ਹਿੰਦੂ ਹੁਣ ਹਿੰਦੂ ਨਹੀਂ ਰਹਿਣਗੇ ਅਤੇ ਮੁਸਲਮਾਨ, ਮੁਸਲਮਾਨ ਨਹੀਂ ਰਹਿਣਗੇ। ਧਾਰਮਿਕ ਤੌਰ 'ਤੇ ਨਹੀਂ, ਕਿਉਂਕਿ ਧਰਮ ਇੱਕ ਨਿੱਜੀ ਮਾਮਲਾ ਹੈ, ਬਲਕਿ ਰਾਜਨੀਤਿਕ ਤੌਰ 'ਤੇ ਇਕੋ ਦੇਸ ਦੇ ਨਾਗਰਿਕ ਹੋਣ ਦੇ ਨਾਤੇ।"
ਜਿਨਾਹ ਨੇ ਇਹ ਵੀ ਕਿਹਾ ਸੀ, "ਅਸੀਂ ਇੱਕ ਅਜਿਹੇ ਦੌਰ ਵੱਲ ਜਾ ਰਹੇ ਹਾਂ ਜਦੋਂ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਇੱਕ ਭਾਈਚਾਰੇ ਨੂੰ ਦੂਸਰੇ ਉੱਪਰ ਕੋਈ ਅਹਿਮੀਅਤ ਨਹੀਂ ਦਿੱਤੀ ਜਾਵੇਗੀ। ਕਿਸੇ ਵੀ ਜਾਤੀ ਜਾਂ ਨਸਲ ਦੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਅਸੀਂ ਇਸ ਮੂਲ ਸਿਧਾਂਤ ਦੇ ਨਾਲ ਆਪਣੀ ਯਾਤਰਾ ਸ਼ੂਰੁ ਕਰ ਕਰ ਰਹੇ ਹਾਂ ਕਿ ਅਸੀਂ ਸਭ ਨਾਗਰਿਕ ਹਾਂ ਅਤੇ ਅਸੀਂ ਸਾਰੇ ਇਸ ਰਾਸ਼ਟਰ ਵਿੱਚ ਬਰਾਬਰ ਦੇ ਨਾਗਰਿਕ ਹਾਂ।"
ਮੁਹੰਮਦ ਅਲੀ ਜਿਨਾਹ ਦੇ ਇਸ ਭਾਸ਼ਣ ਤੋਂ ਇੱਕ ਦਿਨ ਪਹਿਲਾਂ ਸੰਵਿਧਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਹਿਲੇ ਸਪੀਕਰ ਜੋਗਿੰਦਰਨਾਥ ਮੰਡਲ ਨੇ ਆਪਣੇ ਵੱਲੋਂ ਪਾਕਿਸਤਾਨ ਚੁਣੇ ਜਾਣ ਪਿੱਛੇ ਦਾ ਕਾਰਣ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਕਿ, ਪਾਕਿਸਤਾਨ ਇਸ ਲਈ ਚੁਣਿਆ ਕਿਉਂਕਿ ਉਹ ਮੰਨਦੇ ਸਨ ਕਿ,"ਮੁਸਲਿਮ ਭਾਈਚਾਰੇ ਨੇ ਭਾਰਤ ਵਿੱਚ ਘੱਟ ਗਿਣਤੀ ਵੱਜੋਂ ਆਪਣੇ ਹੱਕਾਂ ਲਈ ਸੰਘਰਸ਼ ਕੀਤਾ ਹੈ, ਇਸ ਤਰ੍ਹਾਂ ਉਹ ਆਪਣੇ ਦੇਸ ਵਿੱਚ ਘੱਟ ਗਿਣਤੀਆਂ ਨਾਲ ਨਾ ਸਿਰਫ਼ ਨਿਆਂ ਕਰਣਗੇ ਬਲਕਿ ਉਨ੍ਹਾਂ ਪ੍ਰਤੀ ਉਦਾਰਤਾ ਵੀ ਦਿਖਾਉਣਗੇ।"
ਅਮਰੀਕਾ ਦੇ ਜੌਨਸ ਹਾਪਕਿੰਸ ਯੂਨੀਵਰਸਿਟੀ ਦੀ ਗਜ਼ਲ ਆਸਿਫ਼ ਰਨੇ ਆਪਣੇ ਖੋਜ ਪੱਤਰ,'ਜੋਗਿੰਦਰਨਾਥ ਮੰਡਲ ਐਂਡ ਪਾਲਿਟਿਕਸ ਆਫ਼ ਦਲਿਤ ਰੇਕੀਗਨੇਸ਼ਨ ਇੰਨ ਪਾਕਿਸਤਾਨ' ('ਜੋਗਿੰਦਰਨਾਥ ਮੰਡਲ ਅਤੇ ਪਾਕਿਸਤਾਨ ਵਿੱਚ ਵਿੱਚ ਦਲਿਤ ਮਾਨਤਾ ਦੀ ਸਿਆਸਤ') ਵਿੱਚ ਕਿਹਾ ਕਿ,"ਮੰਡਲ ਨੇ ਪਾਕਿਸਤਾਨ ਦੇ ਨਿਰਮਾਣ ਵਿੱਚ ਦਲਿਤ ਆਜ਼ਾਦੀ ਦੇ ਸੁਪਣੇ ਨੂੰ ਸੱਚ ਹੁੰਦੇ ਦੇਖਿਆ ਸੀ ਪਰ ਨਵੇਂ ਰਾਜ ਵਿੱਚ ਹਿੰਦੂ ਘੱਟ ਗਿਣਤੀ ਦੇ ਅੰਦਰੂਨੀ ਵੱਖਰਵੇਂ ਨੂੰ ਸਮਝੇ ਬਿਨ੍ਹਾਂ (ਯਾਨੀ,ਇੱਕ ਰਾਜ ਦੀ ਵਿਚਾਰਧਾਰਾ ਦੇ ਸਾਹਮਣੇ ਜਿਹੜਾ ਅਨੁਸੂਚਿਤ ਜਾਤੀਆਂ ਅਤੇ ਉੱਚ ਜਾਤੀ ਦੇ ਹਿੰਦੂਆਂ ਦੇ ਵਿੱਚਲੇ ਵੱਖਰੇਵੇਂ ਤੋਂ ਇਲਾਵਾ ਘੱਟ ਗਿਣਤੀਆਂ ਨੂੰ ਇੱਕ ਇਕਾਈ ਮੰਨਦਾ ਹੈ।), ਮੰਡਲ ਦਾ ਦ੍ਰਿਸ਼ਟੀਕੋਣ ਟਿੱਕ ਨਾ ਸਕਿਆ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਪਾਕਿਸਤਾਨ ਨੇ ਮੰਡਲ ਨਾਲ ਕੋਈ ਵਧੀਕੀ ਕੀਤੀ?
ਪ੍ਰੋਫ਼ੈਸਰ ਅਨਿਬ੍ਰਾਨ ਬੰਦੋਪਾਧਿਆਏ ਅਨੁਸਾਰ ਇਹ ਜਾਣਨਾ ਸੌਖਾ ਕੰਮ ਨਹੀਂ ਹੈ ਪਾਕਿਸਤਾਨ ਵਿੱਚ ਜੋਗਿੰਦਰਨਾਥ ਮੰਡਲ ਨਾਲ ਕੋਈ ਵਧੀਕੀ ਕੀਤੀ ਗਈ ਜਾਂ ਨਹੀਂ।
ਪ੍ਰੋਫ਼ੈਸਰ ਅਨਿਬ੍ਰਾਨ ਬੰਦੋਪਾਧਿਆਏ ਭਾਰਤ ਦੇ ਗਾਂਧੀਨਗਰ ਦੇ ਕਨਾਵਤੀ ਕਾਲਜ ਵਿੱਚ ਇਤਿਹਾਸ ਵਿਭਾਗ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਅੰਬੇਡਕਰ ਅਤੇ ਮੰਡਲ ਬਾਰੇ ਇੱਕ ਅਹਿਮ ਖੋਜ ਪੱਤਰ ਲਿਖਿਆ ਹੈ। ਉਹ ਕਹਿੰਦੇ ਹਨ,"ਇਸਦਾ ਸਹੀ ਜੁਆਬ ਤਾਂ ਹੀ ਦਿੱਤਾ ਜਾ ਸਕਦਾ ਹੈ ਜੇ ਕੋਈ ਇਤਿਹਾਸਕਾਰ ਪਾਕਿਸਤਾਨ ਦੇ ਪੁਰਾਲੇਖਾਂ ਵਿੱਚ ਰੱਖੇ ਦਸਤਾਵੇਜ਼ਾਂ ਦੀ ਛਾਣਬੀਣ ਕਰੇ।"
ਹਾਲਾਂਕਿ, "ਮੰਡਲ ਨੇ ਆਪਣੇ ਲੰਬੇ ਟਾਈਪ ਕੀਤੇ ਹੋਏ ਅਸਤੀਫ਼ੇ ਵਿੱਚ ਆਪਣਾ ਨਜ਼ਰੀਆ ਸਪੱਸ਼ਟ ਕਰ ਦਿੱਤਾ ਸੀ। ਇਹ ਅਸਤੀਫ਼ਾ ਬਹੁਤ ਸਪੱਸ਼ਟ ਹੈ। ਅਸਲ ਵਿੱਚ ਪ੍ਰਸ਼ਨ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ। ਇਹ ਸੱਚ ਹੈ ਕਿ ਨਵੇਂ ਦੇਸ ਵਿੱਚ ਭਵਿੱਖ ਦੇ ਨਾਗਰਿਕਾਂ ਲਈ ਬਰਾਬਰ ਅਧਿਕਾਰਾਂ ਦੇ ਜ਼ੋਰਦਾਰ ਦਾਅਵੇ ਜਿਨਾਹ ਨੇ ਕੀਤੇ ਸਨ। ਪਰ ਉਸ ਨਾਲ ਆਪ ਕੁਝ ਧੋਖਾ ਹੋਇਆ ਅਤੇ ਕੁਝ ਬੇਵਫ਼ਾਈ ਕੀਤੀ ਗਈ।"
ਪ੍ਰੋਫ਼ੈਸਰ ਬੰਦੋਪਾਧਿਆਏ ਦਾ ਕਹਿਣਾ ਹੈ,"ਜਿਨਾਹ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਧਾਰਮਿਕ ਰਾਸ਼ਟਰਵਾਦ ਦੇ ਜਿਸ ਮਸਲੇ ਨੂੰ ਉਨ੍ਹਾਂ ਨੇ ਚੁੱਕਿਆ ਹੈ ਉਹ ਉਸ 'ਤੇ ਪੂਰੀ ਤਰ੍ਹਾਂ ਕਾਬੂ ਕਰ ਲੈਣਗੇ। ਉਨ੍ਹਾਂ ਦੀ ਇਹ ਸੋਚ ਗ਼ਲਤ ਸਾਬਤ ਹੋਈ। ਜਿਨਾਹ ਇੱਕ ਬਹੁਤ ਹੀ ਸ਼ਰੀਫ਼ ਵਿਅਕਤੀ ਸਨ ਪਰ ਉਨ੍ਹਾਂ ਨੇ ਆਪਣੀ ਤਾਕਤ ਦਾ ਗ਼ਲਤ ਅੰਦਾਜ਼ਾ ਲਾ ਲਿਆ ਸੀ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਅਚਾਨਕ ਮੌਤ ਨੇ ਪਾਕਿਸਤਾਨ ਦੇ ਕੱਟੜਪੰਥੀਆਂ ਨੂੰ ਤਕਰੀਬਨ ਖੁੱਲ੍ਹਾ ਛੱਡ ਦਿੱਤਾ ਸੀ।"
ਪ੍ਰੋਫ਼ੈਸਰ ਬੰਦੋਪਾਧਿਆਏ ਕਹਿੰਦੇ ਹਨ,"ਇਹ ਸਿਰਫ਼ ਸੰਯੋਗ ਨਹੀਂ ਸੀ ਕਿ ਮੰਡਲ ਨੂੰ ਉਸ ਮਹੌਲ ਵਿੱਚ ਪੂਰੀ ਤਰ੍ਹਾਂ ਅੱਲਗ-ਥਲੱਗ ਕਰ ਦਿੱਤਾ ਗਿਆ। ਉਨ੍ਹਾਂ ਲਈ ਜ਼ਿੰਦਗੀ ਇੰਨੀ ਔਖੀ ਕਰ ਦਿੱਤੀ ਗਈ ਕਿ ਉਨ੍ਹਾਂ ਨੂੰ ਪਾਕਿਸਤਾਨ ਛੱਡ ਕੇ ਭੱਜਣਾ ਪਿਆ। ਜੇ ਉਨ੍ਹਾਂ ਨਾਲ ਪਾਕਿਸਤਾਨ ਵਿੱਚ ਕਿਸੇ ਗੱਲ ਦਾ ਧੋਖਾ ਹੋਇਆ ਤਾਂ ਉਹ ਜਿਨਾਹ ਦਾ ਉਸਦੇ ਅਧਿਕਾਰਾਂ ਬਾਰੇ ਗ਼ਲਤ ਅੰਦਾਜ਼ਾ ਸੀ।"

ਤਸਵੀਰ ਸਰੋਤ, Getty Images
ਜਿਨਾਹ ਦਾ ਦ੍ਰਿਸ਼ਟੀਕੋਣ
ਲਾਹੋਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਈਂਸਿਜ਼ ਦੇ ਇਕ ਖੋਜਕਰਤਾ ਅਤੇ ਇਤਿਹਾਸਕਾਰ ਡਾਕਟਰ ਅਲੀ ਉਸਮਾਨ ਕਾਸਮੀ ਦਾ ਕਹਿਣਾ ਹੈ,"ਦੇਸ ਦੀ ਪਹਿਲੀ ਸੰਵਿਧਾਨ ਸਭਾ ਦੇ ਮੁਖੀ ਦੇ ਤੌਰ 'ਤੇ ਇੱਕ ਦਲਿਤ ਦੀ ਨਿਯੁਕਤੀ ਕਰਕੇ ਕਾਇਦੇ-ਆਜ਼ਮ ਨੇ ਪਾਕਿਸਤਾਨ ਬਾਰੇ ਆਪਣੇ ਦ੍ਰਿਸ਼ਟੀਕੋਣ ਸੰਬੰਧੀ ਬਹੁਤ ਸਪੱਸ਼ਟ ਸੰਕੇਤ ਦਿੱਤਾ ਸੀ। ਜੇਕਰ ਉਹ ਘੱਟ-ਗਿਣਤੀ ਨੇਤਾ ਨੂੰ ਸਿਰਫ਼ ਸੰਕੇਤਕ ਤੌਰ 'ਤੇ ਪ੍ਰਤੀਨਿਧਤਾ ਦੇਣਾ ਚਾਹੁੰਦੇ ਹੁੰਦੇ ਤਾਂ ਉਹ ਕੋਈ ਵਿਭਾਗ ਦੇ ਕੇ ਖ਼ਾਨਾਪੂਰਤੀ ਕਰ ਸਕਦੇ ਸਨ।"
ਅਲੀ ਉਸਮਾਨ ਕਾਸਮੀ ਨੇ ਕਿਹਾ,"ਜਿਨਾਹ ਘੱਟ-ਗਿਣਤੀਆਂ ਨੂੰ ਸੰਕੇਤਕ ਪ੍ਰਤੀਨਿਧਤਾ ਤੋਂ ਅਹਿਮ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ। ਇਸੇ ਲਈ 1949 ਵਿੱਚ 'ਅਬਜੈਕਟਿਵਜ਼ ਆਫ਼ ਰੈਜ਼ੋਲਿਉਸ਼ਨ' (ਉਦੇਸ਼ਾਂ ਦੇ ਸੰਕਲਪ) ਦੀ ਮਨਜ਼ੂਰੀ ਤੋਂ ਬਾਅਦ ਮੰਡਲ ਦਾ ਪਾਕਿਸਤਾਨ ਛੱਡਕੇ ਜਾਣਾ ਇਤਿਹਾਸ ਵਿੱਚ ਇੱਕ ਬੇਹੱਦ ਅਹਿਮ ਮੋੜ ਹੈ। ਕਿਉਂਕਿ ਹੁਣ ਉਹ ਦੇਖ ਸਕਦੇ ਸੀ ਕਿ ਨਵੇਂ ਦੇਸ (ਪਾਕਿਸਤਾਨ) ਦਾ ਰਾਹ ਜਿਨਾਹ ਦੇ ਦ੍ਰਿਸ਼ਟੀਕੋਣ ਤੋਂ ਅਲੱਗ ਹੋ ਚੁੱਕਾ ਹੈ।"
ਜੋਗਿੰਦਰਨਾਥ ਮੰਡਲ ਨੂੰ ਇੱਕ ਦਿਨ ਲਈ ਸੰਵਿਧਾਨ ਦਾ ਪ੍ਰਧਾਨ ਚੁਣਿਆ ਗਿਆ ਸੀ। ਅਗਲੇ ਦਿਨ ਮੁਹੰਮਲ ਅਲੀ ਜਿਨਾਹ ਨੂੰ ਇਸਦਾ ਪ੍ਰਧਾਨ ਚੁਣਿਆ ਗਿਆ ਸੀ।
ਪਰ ਪਾਕਿਸਤਾਨ ਦੀ ਪਹਿਲੀ ਕੈਬਨਿਟ ਵਿੱਚ ਮੰਡਲ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਸੀ। ਜਦੋਂ ਤੱਕ ਜਿਨਾਹ ਜਿੰਦਾ ਰਹੇ, ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕੋਈ ਸ਼ਿਕਾਇਤ ਨਹੀਂ ਕੀਤੀ।
ਜਿਨਾਹ ਦੀ ਮੌਤ ਤੋਂ ਬਾਅਦ ਕਈ ਅਜਿਹੀਆਂ ਘਟਨਾਵਾਂ ਹੋਈਆਂ ਜਿੰਨਾਂ ਤੋਂ ਮੰਡਲ ਨਿਰਾਸ਼ ਹੋਏ ਕਿ ਇਸ ਦੇਸ ਵਿੱਚ ਹੁਣ ਘੱਟ ਗਿਣਤੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਲਾ ਕੋਈ ਨਹੀਂ ਸੀ। ਬਲਕਿ ਅਜਿਹੇ ਲੋਕ ਸਰਕਾਰ ਵਿੱਚ ਆ ਗਏ ਸਨ ਜੋ ਬਹੁਤ ਹੀ ਸ਼ਿੱਦਤ ਨਾਲ ਧਰਮ ਨੂੰ ਸਿਆਸਤ ਦੇ ਥੌਪ ਰਹੇ ਸਨ।
ਇਸੇ ਪਿਛੋਕੜ ਵਿੱਚ 'ਉਦੇਸ਼ਾਂ ਦੇ ਸੰਕਲਪ' ਨੂੰ ਪਾਸ ਕੀਤਾ ਗਿਆ।
ਮੀਆਂ ਇਫ਼ਤੇਖ਼ਾਰਉਦਦੀਨ ਨੂੰ ਛੱਡ ਕੇ ਸੰਵਿਧਾਨ ਸਭਾ ਦੇ ਸਾਰੇ ਮੁਸਲਮਾਨ ਮੈਂਬਰਾਂ ਨੇ ਇਸਦੇ ਹੱਕ ਵਿੱਚ ਮੱਤ ਦਿੱਤਾ, ਜਦਕਿ ਇੱਕ ਨੂੰ ਛੱਡ ਕੇ ਸਾਰੇ ਘੱਟ ਗਿਣਤੀ ਮੈਂਬਰਾਂ ਨੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ।
ਇੱਕ ਘੱਟ ਗਿਣਤੀ ਮੈਂਬਰ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਜੇ ਕਾਇਦੇ-ਆਜ਼ਮ ਜਿੰਦਾ ਹੁੰਦੇ ਤਾਂ ਅਜਿਹਾ ਸੰਕਲਪ ਕਦੀ ਵੀ ਪਾਸ ਨਾ ਹੁੰਦਾ। ਤਕਲੀਫ਼ ਦੀ ਗੱਲ ਇਹ ਸੀ ਕਿ ਪ੍ਰਸਤਾਵ ਦੇ ਪੱਖ ਵਿੱਚ ਜਿਸ ਇਕ ਮਾਤਰ ਘੱਟ ਗਿਣਤੀ ਆਗੂ ਨੇ ਮੱਤਦਾਨ ਦਿੱਤਾ ਉਹ ਮੰਡਲ ਖ਼ੁਦ ਸਨ।
ਗ਼ਜਲ ਆਸਿਫ਼ ਨੇ ਆਪਣੇ ਖੋਜ ਪੱਤਰ ਵਿੱਚ ਕਿਹਾ,"ਪਾਕਿਸਤਾਨੀ ਘੱਟ ਗਿਣਤੀਆਂ ਬਾਰੇ ਖੋਜ ਕਰਨ ਵਾਲੇ ਸਾਰੇ ਖੋਜਕਰਤਾ ਇੱਕ ਗੱਲ ਨਾਲ ਇੱਕਮੱਤ ਹਨ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ 'ਉਦੇਸ਼ਾਂ ਦੇ ਸੰਕਲਪ' ਦਾ ਪਾਸ ਹੋਣਾ ਅਜਿਹਾ ਪਲ ਸੀ ਜਦੋਂ ਪਾਕਿਸਤਾਨ ਨੂੰ ਇੱਕ ਇਸਲਾਮਿਕ ਦੇਸ ਬਣਾਉਣ ਲਈ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਚੇਚੇ ਤੌਰ ਤੇ ਦਲਿਤਾਂ ਦਾ ਆਪਣੀ ਸੰਵਿਧਾਨਿਕ ਹੈਸੀਅਤ ਨੂੰ ਮਾਨਤਾ ਦਿਵਾਉਣਾ ਜੋ ਕਿ ਕਿਸੇ ਵੀ ਹਾਲਤ ਵਿੱਚ ਇੰਨਾਂ ਪ੍ਰਸਤਾਵਾਂ ਦੇ ਵਿਰੋਧ ਵਿੱਚ ਨਹੀਂ ਸੀ।"

ਤਸਵੀਰ ਸਰੋਤ, Getty Images
ਮੰਡਲ ਦਾ ਅਸਤੀਫ਼ਾ ਅਤੇ ਭਾਰਤ ਵੱਲ ਰਵਾਨਗੀ
ਮੰਡਲ 1950 ਵਿੱਚ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਦੇ ਮੰਤਰੀ ਮੰਡਲ ਵਿੱਚ ਬਣੇ ਰਹੇ। ਇਸ ਦੌਰਾਨ ਉਨ੍ਹਾਂ ਨੇ ਵਾਰ ਵਾਰ ਪੂਰਵੀ ਪਾਕਿਸਤਾਨ ਵਿੱਚ ਦਲਿੱਤਾਂ 'ਤੇ ਅਤਿਆਚਾਰ ਦੀ ਸ਼ਿਕਾਇਤ ਕੀਤੀ।
ਫ਼ਿਰ ਅਕਤੂਬਰ, 1950 ਵਿੱਚ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਘੱਟ-ਗਿਣਤੀਆਂ ਦੇ ਭਵਿੱਖ ਬਾਰੇ ਆਪਣੀ ਨਿਰਾਸ਼ਾ ਬਾਰੇ ਦੱਸਦਿਆਂ ਉਨਾਂ ਕਾਰਣਾਂ ਦਾ ਜ਼ਿਕਰ ਕੀਤਾ ਜਿੰਨਾਂ ਕਾਰਣ ਉਨਾਂ ਦੀ ਅਸਤੀਫ਼ਾ ਦੇਣ ਦੀ ਰਾਏ ਬਣੀ।
ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਸੀ ਕਿ ਸੈਨਾ, ਪੁਲਿਸ ਅਤੇ ਮੁਸਲਿਮ ਲੀਗ ਦੇ ਕਾਰਕੂਨਾਂ ਦੇ ਹੱਥੋਂ ਬੰਗਾਲ ਵਿੱਚ ਸੈਂਕੜੇ ਦਲਿਤਾਂ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਹੋਈਆਂ ਹਨ।
ਮੰਡਲ ਦੀਆਂ ਵਾਰ ਵਾਰ ਸ਼ਿਕਾਇਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੇ ਮੰਡਲ ਤੋਂ ਦਲਿਤਾਂ 'ਤੇ ਹੋ ਰਹੇ ਅਤਿਆਚਾਰ ਦੀਆਂ ਘਟਨਾਵਾਂ ਦਾ ਵਿਸਥਾਰ ਪੂਰਵਕ ਬਿਊਰਾ ਮੰਗਿਆ। ਪਰ ਹੁਣ ਸਮਾਂ ਨਿਕਲ ਚੁੱਕਿਆ ਸੀ। ਮੰਡਲ ਵਲੋਂ ਆਪਣੇ ਅਸਤੀਫ਼ੇ ਵਿੱਚ ਦਲਿਤਾਂ ਉੱਤੇ ਪੁਲਿਸ ਅਤੇ ਸਥਾਨਿਕ ਮੁਸਲਮਾਨਾਂ ਵੱਲੋਂ ਹੋਣ ਵਾਲੇ ਅਤਿਆਚਾਰ ਦੀਆਂ ਘਟਨਾਵਾਂ ਦਾ ਸਿਲਸਿਲੇਵਾਰ ਬਿਊਰਾ ਦਿੱਤਾ ਗਿਆ ਸੀ।
ਮੰਡਲ ਨੇ ਖੁਲਨਾ ਅਤੇ ਬਾਰਿਸਾਲ ਵਿੱਚ ਹੋਈ ਹਿੰਸਾ ਦਾ ਹੋਈ ਵੇਰਵਾ ਦਿੱਤਾ ਜਿਹੜਾ ਉਥੋਂ ਦੇ ਸਥਾਨਿਕ ਦਲਿਤਾਂ ਨੇ ਉਨ੍ਹਾਂ ਨੂੰ ਲਿਖ ਕੇ ਭੇਜਿਆ ਸੀ। ਉਨ੍ਹਾਂ ਨੇ ਇੱਕ ਪਿੰਡ ਵਿੱਚ ਫ਼ਸਲਾਂ ਦੀ ਵੱਢਾਈ ਦੌਰਾਨ ਹੋਈ ਇੱਕ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਇੱਕ ਮੁਸਲਮਾਨ ਦੀ ਮੌਤ ਹੋ ਗਈ ਸੀ।
ਇਸ ਦਾ ਬਦਲਾ ਲੈਣ ਲਈ ਸਥਾਨਿਕ ਪੁਲਿਸ ਅਤੇ ਇੱਕ ਮੁਸਲਿਮ ਸੰਗਠਨ 'ਅੰਸਾਰ' ਦੀ ਮਦਦ ਨਾਲ ਨਾਮਸ਼ੂਦਰ ਦਲਿਤਾਂ ਦੇ ਪਿੰਡਾਂ ਦੇ ਪਿੰਡ ਲੁੱਟ ਲਏ ਗਏ।
ਦਲਿਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਲਿਸਟ ਠੀਕ ਅਜਿਹੀ ਹੀ ਸੀ ਜਿਸ ਤਰ੍ਹਾਂ ਦੀ ਵੰਡ ਵੇਲੇ ਹਿੰਸਾ ਦੌਰਾਨ ਦੇਖੀ ਗਈ ਸੀ। ਹੁਣ ਇਸ ਵਿੱਚ ਦਲਿਤਾਂ ਦੇ ਵਿਰੁੱਧ ਅਤਿਆਚਾਰਾਂ ਦੀਆਂ ਘਟਨਾਵਾਂ ਵੀ ਸ਼ਾਮਿਲ ਹੋ ਗਈਆਂ ਸਨ। ਜਿਵੇਂ ਕਿ ਜ਼ਬਰਨ ਧਰਮ ਪਰਿਵਰਤਨ, ਔਰਤਾਂ ਨਾਲ ਦੁਰਵਿਵਹਾਰ, ਲੁੱਟਮਾਰ, ਜ਼ਬਰਨ ਵਸੂਲੀ, ਅਤੇ ਧਾਰਮਿਕ ਸਥਾਨਾਂ ਤੇ ਰੱਖੀਆਂ ਮੂਰਤੀਆਂ ਦਾ ਨਿਰਾਦਰ ਕਰਨਾ।
ਇਹ ਵੀ ਪੜ੍ਹੋ
ਭਾਰਤ ਦੀ ਵੰਡ ਬਾਰੇ ਮੰਡਲ ਦੇ ਵਿਚਾਰ
ਆਪਣੇ ਅਸਤੀਫ਼ੇ ਵਿੱਚ ਭਾਰਤ ਦੀ ਵੰਡ ਬਾਰੇ ਜੋਗਿੰਦਰਨਾਥ ਮੰਡਲ ਨੇ ਕਿਹਾ,"ਹਾਲਾਂਕਿ ਮੈਂ ਸਮਝਦਾ ਹਾਂ ਮੁਸਲਮਾਨਾਂ ਪ੍ਰਤੀ ਉੱਚ ਜਾਤੀ ਦੇ ਹਿੰਦੂਆਂ ਦੇ ਵਿਵਹਾਰ ਕਾਰਣ ਹੋਇਆ ਭਾਰਤ ਦਾ ਵਟਵਾਰਾ ਮੁਸਲਮਾਨਾਂ ਦੀਆਂ ਸ਼ਿਕਾਇਤਾਂ ਦਾ ਜਾਇਜ਼ ਜੁਆਬ ਸੀ। ਪਰ ਮੈਨੂੰ ਯਕੀਨ ਸੀ ਕਿ ਪਾਕਿਸਤਾਨ ਦੇ ਨਿਰਮਾਣ ਨਾਲ ਸੰਪ੍ਰਦਾਇਕਤਾ ਦੀ ਬਰਾਬਰਤਾ ਦਾ ਹੱਲ ਨਹੀਂ ਹੋਵੇਗਾ। ਇਸਦੇ ਵਿਰੁੱਧ ਇਹ ਸਿਰਫ਼ ਸੰਪ੍ਰਦਾਵਾਦ ਅਤੇ ਨਫ਼ਰਤ ਵਧਾਏਗਾ।
"ਇਸਤੋਂ ਇਲਾਵਾ ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਪਾਕਿਸਤਾਨ ਦਾ ਨਿਰਮਾਣ ਮੁਸਲਮਾਨਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਕਰੇਗਾ। ਵੰਡ ਦਾ ਨਤੀਜਾ ਇਹ ਹੋਵੇਗਾ ਕਿ ਸਥਾਈ ਤੌਰ 'ਤੇ ਨਾ ਸਹੀ, ਪਰ ਲੰਬੇ ਸਮੇਂ ਤੱਕ, ਦੋਨਾਂ ਦੇਸਾਂ ਦੇ ਮਹਿਨਤਕਸ਼ਾਂ ਲਈ ਗਰੀਬੀ, ਜਹਾਲਤ ਅਤੇ ਦੁੱਖਾਂ ਦਾ ਲੰਬਾ ਦੌਰ ਰਹੇਗਾ। ਮੈਨੂੰ ਡਰ ਹੈ ਕਿ ਪਾਕਿਸਤਾਨ ਸ਼ਾਇਦ ਦੱਖਣ ਪੂਰਵ ਏਸ਼ਿਆ ਦਾ ਸਭ ਤੋਂ ਪੱਛੜਿਆ ਦੇਸ ਬਣ ਜਾਵੇਗਾ।"
ਆਪਣੇ ਲੰਬੇ ਅਸਤੀਫ਼ੇ ਵਿੱਚ,ਜੋਗਿੰਦਰਨਾਥ ਮੰਡਲ ਨੇ ਜਿਥੇ ਘੱਟ ਗਿਣਤੀਆਂ ਵਿਰੁੱਧ ਹੋਣ ਵਾਲੇ ਅਤਿਆਚਾਰਾਂ ਦੀ ਵਿਸਥਾਰ ਵਿੱਚ ਚਰਚਾ ਕੀਤੀ ਉਥੇ ਇਹ ਵੀ ਕਿਹਾ,"ਨਾ ਸਿਰਫ਼ ਘੱਟ ਗਿਣਤੀਆਂ ਨੂੰ ਬਲਕਿ ਪਾਕਿਸਤਾਨ ਵਿੱਚ ਉਨਾਂ ਮੁਸਲਮਾਨਾਂ ਨੂੰ ਵੀ ਬੇਇੱਝਤ ਕੀਤਾ ਜਾ ਰਿਹਾ ਹੈ ਜੋ ਮੁਸਲਿਮ ਲੀਗ ਅਤੇ ਸਰਕਾਰ ਦੇ ਭ੍ਰਿਸ਼ਟ ਅਤੇ ਨੌਕਰਸ਼ਾਹੀ ਦੇ ਦਾਇਰੇ ਤੋਂ ਬਾਹਰ ਹਨ।"
ਪਾਕਿਸਤਾਨ ਨੇ ਮੰਡਲ ਨੂੰ 'ਦੇਸ਼ਧ੍ਰੋਹੀ' ਕਿਹਾ
ਜੋਗਿੰਦਰਨਾਥ ਮੰਡਲ ਦਾ ਅਸਤੀਫ਼ਾ ਪਾਕਿਸਤਾਨ ਲਈ ਇੱਕ ਵੱਡਾ ਰਾਜਨੀਤਿਕ ਸੰਕਟ ਬਣ ਗਿਆ ਸੀ। ਖ਼ਾਸਕਰ ਜਦੋਂ ਮੰਡਲ ਕਲੱਕਤਾ ਚਲੇ ਗਏ, ਤਾਂ ਉਨ੍ਹਾਂ ਨੇ ਪਾਕਿਸਤਾਨ ਉੱਪਰ ਹੋਰ ਗੰਭੀਰ ਆਰੋਪ ਲਾਏ।
ਗਜ਼ਲ ਆਸਿਫ਼ ਪਾਕਿਸਤਾਨ ਦੇ ਰਾਸ਼ਟਰੀ ਪੁਰਾਤੱਤਵ ਤੋਂ ਮਿਲੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਲਿਖਦੀ ਹੈ ਕਿ ਮੰਡਲ ਦੇ ਬਿਆਨਾਂ ਨੂੰ 'ਧੋਖਾ' ਕਹਿੰਦੇ ਹੋਏ ਉਨ੍ਹਾਂ ਨੂੰ 'ਝੂਠਾ, ਗ਼ਦਾਰ ਅਤੇ ਕਾਇਰ' ਕਿਹਾ ਗਿਆ।
ਉਨ੍ਹਾਂ ਦੇ ਬੇਟੇ ਜਗਦੀਸ਼ ਚੰਦਰ ਮੰਡਲ ਨੇ ਪ੍ਰੋਫ਼ੈਸਰ ਅਨੀਬ੍ਰਾਨ ਬੰਦੋਪਾਧਿਆਏ ਨੂੰ ਕਿਹਾ ਸੀ ਕਿ ਜਦੋਂ ਉਨ੍ਹਾਂ ਦੇ ਪਿਤਾ ਕਰਾਚੀ ਵਿੱਚ ਰਹਿੰਦੇ ਸਨ, ਉਦੋਂ ਵੀ ਉਨ੍ਹਾਂ ਦੇ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤਾ ਗਿਆ ਸੀ।
ਉਹ ਦੱਸਦੇ ਹਨ, "ਉਨ੍ਹਾਂ ਨੇ ਪਾਕਿਸਤਾਨ ਵਿੱਚ ਜਿਨਾਹ ਤੇ ਭਰੋਸਾ ਕੀਤਾ ਅਤੇ ਦਲਿਤਾਂ ਦੇ ਬਹਿਤਰ ਭਵਿੱਖ ਦੀ ਉਮੀਦ ਵਿੱਚ ਭਾਰਤ ਵਿੱਚ ਆਪਣਾ ਸਭ ਕੁਝ ਤਿਆਗ ਦਿੱਤਾ, ਪਰ ਜਿਨਾਹ ਤੋਂ ਬਾਅਦ ਉਸੇ ਪਾਕਿਸਤਾਨ ਵਿੱਚ ਉਨਾਂ ਨੂੰ ਰਾਜਨੀਤਿਕ ਤੌਰ 'ਤੇ ਅਛੂਤ ਬਣਾ ਦਿੱਤਾ ਗਿਆ।''

ਤਸਵੀਰ ਸਰੋਤ, AFP
ਭਾਰਤ ਵਿੱਚ 'ਰਾਜਨੀਤਿਕ ਅਛੂਤ'
ਜਦੋਂ ਮੰਡਲ ਨੇ ਅਸਤੀਫ਼ਾ ਦਿੱਤਾ ਅਤੇ 1950 ਵਿੱਚ ਪਾਕਿਸਤਾਨ ਛੱਡਕੇ ਭਾਰਤ ਦੇ ਬੰਗਾਲ ਸੂਬੇ ਵਿੱਚ ਆ ਵਸੇ, ਤਾਂ ਉਨ੍ਹਾਂ ਦੀ ਆਪਣੀ ਜਾਤ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ। ਕਿਉਂਕਿ ਉਹ ਪਾਕਿਸਤਾਨ ਤੋਂ ਆਏ ਸਨ।
ਹਾਲਾਂਕਿ ਪਾਕਿਸਤਾਨ ਜਾਣ ਤੋਂ ਪਹਿਲਾਂ, ਉਹ ਭਾਰਤ ਵਿੱਚ ਦਲਿਤਾਂ ਦੇ ਸਭ ਤੋਂ ਵੱਡੇ ਨੇਤਾ ਡਾਕਟਰ ਅੰਬੇਡਕਰ ਦੇ ਸਹਿਯੋਗੀ ਰਹੇ ਸਨ, ਪਰ ਹੁਣ ਮੰਡਲ ਦਾ ਸਮਰਥਨ ਕਰਨ ਵਾਲਾ ਕੋਈ ਨਹੀਂ ਸੀ।
ਮੰਡਲ ਨੇ ਵੰਡ ਤੋਂ ਪਹਿਲਾਂ 1946 ਵਿੱਚ ਡਾਕਟਰ ਅੰਬੇਡਕਰ ਨੂੰ ਆਪਣੇ ਪ੍ਰਭਾਵ ਵਾਲੇ ਇੱਕ ਚੋਣ ਹਲਕੇ ਤੋਂ ਇੰਡੀਅਨ ਲੈਜੀਸਲੇਟਿਵ ਕਾਉਂਸਲ (ਸੰਵਿਧਾਨ ਸਭਾ) ਦਾ ਮੈਂਬਰ ਬਣਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਪਰ ਜਦੋਂ 1950 ਵਿੱਚ ਮੰਡਲ ਭਾਰਤ ਵਾਪਸ ਆਏ, ਉਹ ਨਾ ਸਿਰਫ਼ ਇੱਕ ਅਛੂਤ ਦਲਿਤ ਸਨ, ਬਲਕਿ 'ਰਾਜਨੀਤਿਕ ਅਛੂਤ' ਵੀ ਬਣ ਗਏ ਸਨ।
ਸਾਬਕਾ ਮੰਤਰੀ ਦਾ ਝੁੱਗੀ ਨਿਵਾਸ
1950 ਵਿੱਚ ਪਾਕਿਸਤਾਨ ਤੋਂ ਭਾਰਤ ਵਾਪਸ ਆਉਣ ਤੋਂ ਬਾਅਦ 1968 ਤੱਕ ਉਨ੍ਹਾਂ ਨੇ ਆਪਣਾ ਬਹੁਤਾ ਸਮਾਂ ਕਲਕੱਤਾ ਦੇ ਬੇਹੱਦ ਪਿਛੜੇ ਇਲਾਕੇ ਵਿੱਚ ਬਿਤਾਇਆ। ਇਹ ਉਸ ਸਮੇਂ ਦੇ ਪ੍ਰਸਿੱਧ ਰਵਿੰਦਰ ਸਰੋਵਰ ਜਾਂ ਡਕਾਰੀਆ ਝੀਲ ਦਲਦਲੀ ਭਰਿਆ ਇਲਾਕਾ ਸੀ।
ਪਹਿਲਾਂ ਉਥੇ ਦਲਿਤਾਂ ਦੀਆਂ ਝੁੱਗੀਆਂ ਹਨ। ਮੰਡਲ ਉਨ੍ਹਾਂ ਝੁੱਗੀਆਂ ਵਿੱਚ ਹੀ ਰਿਹਾ ਕਰਦੇ ਸਨ। ਹੁਣ ਜ਼ਮੀਨ ਸੁੱਕ ਜਾਣ ਤੋਂ ਬਾਅਦ ਇਥੇ ਅਮੀਰ ਲੋਕਾਂ ਲਈ ਕਲੋਨੀ ਬਣਾ ਦਿੱਤੀ ਗਈ ਹੈ।
ਇਸ ਖੇਤਰ ਦੇ ਲੋਕ ਬਹੁਤ ਮਾੜੀ ਹਾਲਤ ਵਿੱਚ ਰਹਿੰਦੇ ਸਨ। ਮੰਡਲ ਨੇ ਵੀ ਬੇਹੱਦ ਗ਼ਰੀਬੀ ਵਿੱਚ ਦਿਨ ਬਿਤਾਏ।
ਉਨ੍ਹਾਂ ਦੀ ਝੁੱਗੀ ਦੇ ਸਾਹਮਣੇ ਦਲਿੱਤਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ ਤਾਂਕਿ ਉਹ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਹੱਲ ਕੱਢ ਸਕਣ।
ਇੰਨਾਂ ਵਿੱਚ ਵਧੇਰੇ ਮਾਮਲੇ ਨੌਕਰੀਆਂ ਨਾਲ ਸੰਬੰਧਿਤ ਹੁੰਦੇ ਸਨ। ਪਰ ਜਿੰਨਾਂ ਦਲਿਤਾਂ ਨੂੰ ਪੂਰਵੀ ਪਾਕਿਸਤਾਨ ਵਿੱਚ ਤਸੀਹੇ ਦਿੱਤੇ ਗਏ ਅਤੇ ਪੱਛਮੀ ਬੰਗਾਲ ਆਉਣ ਲਈ ਮਜ਼ਬੂਰ ਕੀਤਾ ਗਿਆ, ਉਨ੍ਹਾਂ ਦੇ ਮੁੜ-ਵਸੇਵੇਂ ਨਾਲ ਸੰਬੰਧਿਤ ਗੰਭੀਰ ਮੁਸ਼ਕਿਲਾਂ ਵੀ ਸ਼ਾਮਿਲ ਸਨ।
ਇਹ ਲੋਕ ਲੁੱਟ ਹੋਈ ਹਾਲਤ ਵਿੱਚ ਕਲਕੱਤਾ ਪਹੁੰਚੇ ਸਨ। ਇੰਨਾਂ ਸ਼ਰਨਾਰਥੀਆਂ ਨੂੰ ਭਰਤ ਸਰਕਾਰ ਨੇ ਉੰਨੀਆਂ ਸੁਵਿਧਾਵਾਂ ਨਹੀਂ ਸੀ ਦਿੱਤੀਆਂ ਜਿੰਨੀਆਂ ਭਾਰਤ ਸਰਕਾਰ ਨੇ ਪਾਕਿਸਤਾਨੀ ਪੰਜਾਬ ਤੋਂ ਆਏ ਲੋਕਾਂ ਨੂੰ ਦਿੱਤੀਆਂ ਸਨ।
'ਜੋਗਨ ਅਲੀ ਮੁੱਲਾ'
ਮੰਡਲ ਇੱਕ ਪ੍ਰਸਿੱਧ ਵਿਅਕਤੀ ਤਾਂ ਸਨ, ਪਰ ਹੁਣ ਉਨ੍ਹਾਂ ਕੋਲ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦਾ ਕੋਈ ਜ਼ਰੀਆਂ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦਾ ਰਾਜਨੀਤਿਕ ਪ੍ਰਭਾਵ ਬਾਰੀਕ ਬਚਿਆ ਸੀ।
ਪਾਕਿਸਤਾਨ ਦੇ ਨਾਲ ਆਪਣੇ ਪਿਛਲੇ ਸੰਬੰਧਾਂ ਕਰਕੇ, ਉੱਚੀ ਜਾਤੀ ਦੇ ਹਿੰਦੂਆਂ ਨੇ ਉਨ੍ਹਾਂ ਨੂੰ ਵੰਡ ਅਤੇ ਉਨ੍ਹਾਂ ਦੇ ਮੌਜੂਦਾ ਹਾਲਾਤ ਦਾ ਜਿੰਮੇਵਾਰ ਠਹਿਰਾਇਆ। ਉੱਚ ਜਾਤੀ ਦੇ ਹਿੰਦੂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਅਤੇ ਜੋਗਿੰਦਰਨਾਥ ਮੰਡਲ ਦੀ ਬਜਾਏ 'ਜੋਗਨ ਅਲੀ ਮੁੱਲਾ' ਕਹਿ ਕੇ ਬੁਲਾਉਂਦੇ ਸਨ।
ਪ੍ਰੋਫ਼ੈਸਰ ਬੰਦੋਪਾਧਿਆਏ ਦਾ ਕਹਿਣਾ ਹੈ ਕਿ ਸਾਰੇ ਪ੍ਰਮੁੱਖ ਰਾਜਨੀਤਿਕ ਦਲਾਂ ਨੇ ਉਨ੍ਹਾਂ ਤੋਂ ਬਹੁਤ ਸਾਵਧਾਨੀ ਨਾਲ ਦੂਰੀ ਬਣਾਈ ਰੱਖੀ।
"ਇਥੋਂ ਤੱਕ ਕਿ ਜਦੋਂ ਉਹ ਆਪਣੀ ਹੈਸੀਅਤ ਯਾਦ ਕਰਦੇ ਹੋਏ ਅਤੇ ਆਪਣੀ ਜਾਤੀ ਦੇ ਲੋਕਾਂ ਦੀਆਂ ਸਮੱਸਿਆਂਵਾਂ ਦੇ ਹੱਲ ਦੀ ਮੰਗ ਕਰਦੇ ਹੋਏ, ਬੰਗਾਲ ਦੇ ਮੁੱਖ-ਮੰਤਰੀ ਜਾਂ ਭਾਰਤ ਦੇ ਪ੍ਰਧਾਨਮੰਤਰੀ ਜਾਂ ਹੋਰ ਅਧਿਕਾਰੀਆਂ ਨੂੰ ਪੱਤਰ ਲਿਖਦੇ ਸਨ ਤਾਂ ਕਈ ਵਾਰ ਅਧਿਕਾਰੀ ਉਨ੍ਹਾਂ ਨੂੰ ਮੁਲਾਕਾਤ ਦਾ ਮੌਕਾ ਦੇ ਦਿੰਦੇ ਸਨ। ਪਰ ਸ਼ਿਕਾਇਤਾਂ ਦਾ ਸ਼ਾਇਦ ਹੀ ਕਦੀ ਕੋਈ ਹੱਲ ਕੀਤਾ ਗਿਆ ਹੋਵੇ। ਹਾਲਾਂਕਿ, ਉਨ੍ਹਾਂ ਨੇ ਕਦੀ ਹਾਰ ਨਹੀਂ ਮੰਨੀ। ਉਸ ਸਮੇਂ ਵੀ ਉਨ੍ਹਾਂ ਵਿੱਚ ਨੌਜਵਾਨਾਂ ਜਿੰਨੀ ਹਿੰਮਤ ਸੀ।”
ਚੁਣਾਵੀ ਰਾਜਨੀਤੀ
ਪ੍ਰੋਫ਼ੈਸਰ ਬੰਦੋਪਾਧਿਆਏ ਮੁਤਾਬਿਕ 1950 ਵਿੱਚ ਉਹ 46 ਅਤੇ ਮਰਨ ਸਮੇਂ 64 ਸਾਲਾਂ ਦੇ ਸਨ। ਉਹ ਕਿਤੋਂ ਕੋਈ ਸਾਧਨ ਜੁਟਾ ਕੇ ਚੋਣ ਲੜਦੇ ਰਹੇ। ਉਨ੍ਹਾਂ ਚਾਰ ਵਾਰੀ ਚੋਣ ਲਈ ਪਰ ਚਾਰੋ ਵਾਰ ਜ਼ਮਾਨਤ ਜ਼ਬਤ ਹੋਈ।
ਉਨ੍ਹਾਂ ਨੇ ਇੱਕ ਛੋਟਾ ਸਮਾਚਾਰ ਪੱਤਰ ਪ੍ਰਕਾਸ਼ਿਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਛੋਟਾ ਪਾਠਕ ਵਰਗ ਹੋਣ ਕਰਕੇ ਉਨ੍ਹਾਂ ਨੂੰ ਇਸ ਵਿੱਚ ਵੀ ਕਾਮਯਾਬੀ ਨਾ ਮਿਲੀ। ਉਨ੍ਹਾਂ ਦੇ ਆਪਣੇ ਕਈ ਸਾਥੀ ਅਤੇ ਪ੍ਰਸ਼ੰਸਕ ਉਨ੍ਹਾਂ ਦਾ ਅੰਦੋਲਣ ਛੱਡ ਕੇ ਪ੍ਰਮੁੱਖ ਪਾਰਟੀਆਂ ਵਿੱਚ ਸ਼ਾਮਿਲ ਹੋ ਚੁੱਕੇ ਸਨ।
ਪ੍ਰੋਫ਼ੈਸਰ ਬੰਦੋਪਾਧਿਆਏ ਕਹਿੰਦੇ ਹਨ,"ਹੁਣ ਉਨ੍ਹਾਂ ਕੋਲ ਸਰਪ੍ਰਸਤੀ ਕਰਨ ਲਈ ਕੁਝ ਵੀ ਬਚਿਆ ਨਹੀਂ ਸੀ। ਉਦਾਹਰਣ ਵਜੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚੋਂ ਇੱਕ ਅਬੁਰਬਲ ਮਜੁਮਦਰ ਨੇ ਇੱਕ ਵਿਰੋਧੀ ਪਾਰਟੀ ਦੀ ਟਿਕਟ ਤੋਂ ਚੋਣ ਲਈ ਅਤੇ ਉਨ੍ਹਾਂ ਨੂੰ ਅਸਾਨੀ ਨਾਲ ਹਰਾ ਦਿੱਤਾ, ਪਰ 1950 ਦੇ ਬਾਅਦ ਬੰਗਾਲ ਵਿੱਚ ਹੇਠਲੀਆਂ ਜਾਤੀਆਂ ਦੇ ਅਧਿਕਾਰਾਂ ਦੀ ਅਪੀਲ ਬੇਹੱਦ ਕਮਜ਼ੋਰ ਪੈ ਚੁੱਕੀ ਸੀ ਜਾਂ ਇਹ ਕਹੋ ਕਿ ਖ਼ਤਮ ਹੀ ਹੋ ਗਈ ਸੀ।"

ਤਸਵੀਰ ਸਰੋਤ, Getty Images
ਮੰਡਲ 'ਹਰ ਬੁਰਾਈ ਲਈ ਜ਼ਿੰਮੇਵਾਰ'
ਜਦੋਂ ਕਿਸੇ ਦੇ ਵਿਰੁੱਧ ਹਵਾ ਹੁੰਦੀ ਹੈ ਤਾਂ ਲੋਕ ਉਸ ਦੀਆਂ ਚੰਗਿਆਈਆਂ ਭੁੱਲ ਜਾਂਦੇ ਹਨ ਅਤੇ ਉਹ ਬੁਰਾਈਆਂ ਵੀ ਉਨ੍ਹਾਂ ਦੇ ਹਿੱਸੇ ਪਾ ਦਿੰਦੇ ਹਨ ਜਿਹੜੀਆਂ ਉਨ੍ਹਾਂ ਨੇ ਕਦੀ ਕੀਤੀਆਂ ਹੀ ਨਹੀਂ। ਹੁਣ ਆਮ ਲੋਕ 1943 ਦੇ ਬੰਗਾਲ ਕਾਲ ਲਈ ਮੰਡਲ ਨੂੰ ਦੋਸ਼ੀ ਕਰਾਰ ਦੇ ਰਹੇ ਸਨ ਕਿਉਂਕਿ ਉਹ ਖ਼ਵਾਜ਼ਾ ਨਿਜ਼ਾਮੂਦੀਨ ਦੀ ਮੌਜੂਦਾ ਸਰਕਾਰ ਵਿੱਚ ਨਾਗਰਿਕ ਸਪਲਾਈ ਮੰਤਰੀ ਸਨ। (ਹਾਲਾਂਕਿ ਕਈ ਖੋਜਕਰਤਾ ਕਾਲ ਲਈ ਚਰਚਿਲ ਨੂੰ ਦੋਸ਼ੀ ਮੰਨਦੇ ਹਨ।)
ਬਾਅਦ ਵਿੱਚ ਉਨ੍ਹਾਂ 1946 ਵਿੱਚ ਹਿੰਦੂ ਮੁਸਲਿਮ ਦੰਗਿਆ ਲਈ ਦੋਸ਼ੀ ਠਹਿਰਾਇਆ ਗਿਆ। ਜੋ ਕਿ ਜਿਨਾਹ ਦੇ ਡਾਇਰੈਕਟ ਐਕਸ਼ਨ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਏ ਸਨ। ਇੰਨਾ ਵਿੱਚ 5 ਤੋਂ 10 ਹਜ਼ਾਰ ਤੱਕ ਲੋਕ ਮਾਰੇ ਗਏ ਸਨ।
ਉਨ੍ਹਾਂ ਦੇ ਆਪਣੇ ਸਮਰਥਕਾਂ ਨੇ ਸਰਕਾਰੀ ਮਸ਼ੀਨਰੀ ਤੋਂ ਮੁੜ-ਨਿਵਾਸ, ਨੌਕਰੀਆਂ ਅਤੇ ਹੋਰ ਲਾਭ ਲੈਣ ਲਈ ਪ੍ਰਮੁੱਖ ਰਾਜਨੀਤਿਕ ਦਲਾਂ ਵਿੱਚ ਸ਼ਾਮਿਲ ਹੋਣਾ ਸ਼ੂਰੂ ਕਰ ਦਿੱਤਾ।
ਹਾਲਾਂਕਿ, ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਮੰਡਲ ਨੇ ਕਦੀ ਹਾਰ ਨਹੀਂ ਮੰਨੀ। ਉਹ ਇੱਕ ਮਿਹਨਤੀ ਆਦਮੀ ਸਨ ਅਤੇ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣੀ ਜਗ੍ਹਾ ਲਈ ਲੜਨਾ ਜਾਰੀ ਰੱਖਿਆ ਅਤੇ ਨੀਵੀਆਂ ਜਾਤੀਆਂ ਦੇ ਅਧਿਕਾਰਾਂ ਲਈ ਹਮੇਸ਼ਾਂ ਆਵਾਜ਼ ਬਣੇ ਰਹੇ। ਸੰਘਰਸ਼ ਦੀ ਇਸੇ ਯਾਤਰਾ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
'ਭੇਦਭਰੀ ਮੌਤ ਜਾਂ ਹੱਤਿਆ'
ਐਮਸਰਟ ਕਾਲਜ ਦੇ ਸਾਉਥ ਏਸ਼ੀਅਨ ਸਟੱਡੀਜ਼ ਦੇ ਪ੍ਰੋਫੈਸਰ ਦਵਾਪਾਇਨ ਸੇਨ ਆਪਣੀ ਕਿਤਾਬ, 'ਦਾ ਡਿਕਲਾਈਨ ਆਫ਼ ਦਾ ਕਾਸਟ ਕਿਊਐਸਚਨ: ਜੋਗਿੰਦਰਨਾਥ ਮੰਡਲ ਐਂਡ ਡੀਫ਼ੀਟ ਆਫ਼ ਦਲਿਤ ਪਾਲਿਟਿਕਸ ਇੰਨ ਬੰਗਾਲ' ਵਿੱਚ ਸੰਕੇਤ ਦਿੰਦੇ ਹਨ ਕਿ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਉਨ੍ਹਾਂ ਦੀ ਰਾਜਨੀਤੀ ਉੱਚ ਜਾਤੀ ਹਿੰਦੂਆਂ ਦੇ ਸਰਬ-ਉੱਚਤਾ ਲਈ ਖ਼ਤਰੀ ਸੀ। ਚਾਹੇ ਉਹ ਕਾਂਗਰਸ, ਹਿੰਦੂ ਮਹਾਂਸਭਾ ਜਾਂ ਫ਼ਿਰ ਕਮਿਊਨਿਸਟ ਪਾਰਟੀ ਦੇ ਬ੍ਰਾਹਮਣ ਹੋਣ।
ਅਮਰੀਕਾ ਵਿੱਚ ਟੈਕਸਸ ਯੂਨੀਵਰਸਿਟੀ ਦੀ ਇਤਿਹਾਸਕਾਰ ਡਾਕਟਰ ਜਲਾਲ ਕਹਿੰਦੀ ਹੈ,"ਮੰਡਲ ਦੇ ਪਾਕਿਸਤਾਨ ਛੱਡਣ ਅਤੇ ਭਾਰਤ ਵਾਪਸ ਆਉਣ ਦਾ ਕਾਰਣ ਧਾਰਮਿਕ ਕੱਟੜਤਾ ਸੀ ਜਿਸਨੇ ਉਨ੍ਹਾਂ ਨੂੰ ਮੁਸਲਿਮ ਲੀਗ ਦੇ ਆਗੂਆਂ ਲਈ ਅਸਵਿਕਾਰਣਯੋਗ ਬਣਾ ਦਿੱਤਾ। ਜਿੰਨਾਂ ਨੇ ਨਵੇਂ ਦੇਸ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ 'ਤੇ ਸਿਰਫ਼ ਇਸ ਕਰਕੇ ਸਵਾਲ ਚੁੱਕੇ ਕਿਉਂਕਿ ਉਹ ਨੀਵੀਂ ਜਾਤੀ ਦੇ ਹਿੰਦੂ ਸਨ।"
ਮੰਡਲ ਨੇ ਲਿਆਕਤ ਅਲੀ ਖ਼ਾਨ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਛੱਡਣ ਅਤੇ ਭਾਰਤ ਵਾਪਸ ਜਾਣ ਦਾ ਕਾਰਣ ਦੱਸਿਆ ਸੀ। ਪਰ ਦੁੱਖ ਦੀ ਗੱਲ ਉਨ੍ਹਾਂ ਨੂੰ ਭਾਰਤ ਵਿੱਚ ਵੀ ਸਵੀਕਾਰ ਨਾ ਕੀਤਾ ਗਿਆ।
ਡਾਕਟਰ ਸੇਨ ਕਹਿੰਦੇ ਹਨ,"ਆਜ਼ਾਦੀ ਤੋਂ ਬਾਅਦ, ਜਾਤੀ ਅਧਾਰਿਤ ਲੋਕ ਅੰਦੋਲਣ ਭਾਰਤੀ ਨੇਤਾਵਾਂ ਲਈ ਸਵਿਕਾਰਣਯੋਗ ਨਹੀਂ ਸਨ।"
ਇਸੇ ਲਈ ਪ੍ਰੋਫ਼ੈਸਰ ਸੇਨ ਕਹਿੰਦੇ ਹਨ,"ਸਮੱਸਿਆ ਇਹ ਹੈ ਕਿ ਮੰਡਲ ਵਰਗੀ ਹੈਸੀਅਤ ਅਤੇ ਵਿਚਾਰਧਾਰਾ ਰੱਖਣ ਵਾਲਾ ਸਿਆਸੀ ਆਗੂ ਆਪਣੇ ਪੁਰਾਣੇ ਕੰਮਾਂ ਦਾ ਇਸਤੇਮਾਲ ਕਰਨ ਦੇ ਬਾਵਜੂਦ ਕਿਉਂ ਕਿਸੇ ਚੁਣੇ ਗਏ ਅਦਾਰੇ ਦਾ ਮੈਂਬਰ ਨਹੀਂ ਬਣ ਸਕਿਆ, ਜਦੋਂ ਕਿ ਉਹ ਬੰਗਾਲ ਦੇ ਦਲਿਤਾਂ (ਨਾਮਸ਼ੂਦਰਾਂ) ਵਿੱਚ ਬਹੁਤ ਪ੍ਰਸਿੱਧ ਸੀ।"
ਆਜ਼ਾਦੀ ਅਤੇ ਭਾਰਤ ਦੀ ਵੰਡ ਤੋਂ ਪਹਿਲਾਂ ਆਪਣੇ ਸ਼ਾਨਦਾਰ ਸਿਆਸੀ ਕਰੀਅਰ ਦੇ ਬਾਵਜੂਦ ਮੰਡਲ ਦਾ ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ ਰਾਜਨੀਤੀ ਵਿੱਚ ਅਛੂਤ ਬਣ ਕੇ ਰਹਿ ਜਾਣਾ ਕੀ ਸਾਬਤ ਕਰਦਾ ਹੈ? ਹਾਲਾਂਕਿ ਉਹ ਵੰਡ ਤੋਂ ਪਹਿਲਾਂ ਦੋ ਵਾਰ ਬੰਗਾਲ ਦੇ ਮੰਤਰੀ ਰਹੇ ਸਨ।
ਡਾਕਟਰ ਅੰਬੇਡਕਰ ਨੂੰ 1946 ਵਿੱਚ ਭਾਰਤ ਦੀ ਅੰਤਰਿਮ ਸਰਕਾਰ ਲਈ ਕਾਉਂਸਲ ਦੀ ਚੋਣ ਜਿਤਵਾਈ, ਖੁਦ ਭਾਰਤ ਦੀ ਅੰਤਰਿੰਮ ਸਰਕਾਰ ਵਿੱਚ ਮੰਤਰੀ ਰਹੇ, ਪਾਕਿਸਤਾਨ ਦੀ ਸੰਵਿਧਾਨ ਸਭਾ ਦੇ ਪਹਿਲੇ ਪ੍ਰਧਾਨ ਬਣੇ। ਇਸਦੇ ਬਾਵਜੂਦ ਉਹ ਭਾਰਤ ਆ ਕੇ ਸਿਆਸੀ ਅਛੂਤ ਬਣੇ ਰਹੇ।
ਜੋਗਿੰਦਰਨਾਥ ਮੰਡਲ ਨੇ ਕਾਂਗਰਸ ਨਾਲ ਸੰਬੰਧਾਂ ਵਿੱਚ ਸੁਧਾਰ ਕਰਕੇ 1952 ਵਿੱਚ ਅਤੇ ਫ਼ਿਰ 1957 ਵਿੱਚ ਉੱਤਰੀ ਕਲਕੱਤਾ ਵਿੱਚ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹੇ। ਉਸ ਸਮੇਂ ਉਹ ਬਹੁਤ ਪਿਛੜਿਆ ਇਲਾਕਾ ਸੀ ਅਤੇ ਦਲਿਤਾਂ ਲਈ ਰਾਖਵਾਂ ਲੋਕਸਭਾ ਹਲਕਾ ਸੀ।
ਜੋਗਿੰਦਰਨਾਥ ਮੰਡਲ ਦੀ ਰਾਜਨੀਤਿਕ ਪਾਰਟੀ ਬਾਰੇ ਖੋਜ ਕਰਨ ਵਾਲੇ ਪੁਰਕਾਅਸਥ ਵਿਸਵਾਸ ਦਾ ਹਵਾਲਾ ਦਿੰਦੇ ਹੋਏ ਪ੍ਰੋਫ਼ੈਸਰ ਸੇਨ ਲਿਖਦੇ ਹਨ,"ਅੱਜ ਵੀ ਉੱਚ ਜਾਤੀ ਦੇ ਹਿੰਦੂ ਦਲਿਤਾਂ ਨੂੰ ਆਪਣੀ ਪ੍ਰਜਾ ਮੰਨਦੇ ਹਨ। ਉੱਚ ਜਾਤੀ ਦੇ ਸ਼ਾਸਕ ਵਰਗ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਦਲਿਤਾਂ ਵਿੱਚੋਂ ਉਨ੍ਹਾਂ ਦਾ ਆਪਣਾ ਆਗੂ ਉੱਪਰ ਆਏ। ਉਹ ਦਲਿਤਾਂ ਵਿੱਚ ਉਨ੍ਹਾਂ ਦੇ ਆਗੂ ਦੇ ਦੇਵਤਾ ਬਣ ਜਾਣ ਤੋਂ ਡਰਦੇ ਹਨ।"
ਭਾਰਤ ਵਿੱਚ ਮੰਡਲ ਦੇ ਵਿਰੋਧੀਆਂ ਨੇ ਵੀ ਉਨ੍ਹਾਂ ਤੇ ਪ੍ਰਤੀਕਿਰਿਆਵਾਦੀ ਹੋਣ ਦਾ ਆਰੋਪ ਲਾਇਆ। ਕਿਉਂਕਿ ਉਨ੍ਹਾਂ ਦੇ ਵਿਰੁੱਧੀਆਂ ਅਨੁਸਾਰ ਮੰਡਲ ਨੇ ਸਮੁੱਚੇ ਸਮਾਜ ਵਿੱਚ ਨਿਆਂ ਸਥਾਪਿਤ ਕਰਨ ਦੀ ਬਜਾਏ ਸਿਰਫ਼ ਦਲਿਤਾਂ ਦੀ ਭਲਾਈ ਦੀ ਗੱਲ ਕੀਤੀ।
ਮੰਡਲ ਨੇ ਵਿਅੰਗਮਈ ਰੂਵਪ ਵਿੱਚ ਕਿਹਾ ਸੀ ਕਿ ਜਦੋਂ ਤੱਕ ਗਾਂਧੀ ਦਲਿਤਾਂ ਲਈ ਕੰਮ ਕਰਦੇ ਸਨ ਉਨ੍ਹਾਂ ਨੂੰ ਮਹਾਤਮਾ ਕਿਹਾ ਜਾਂਦਾ ਸੀ। ਪਰ ਜਦੋਂ ਇੱਕ ਦਲਿਤ ਨੇ ਦਲਿਤਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕੀਤਾ ਉਸਨੂੰ ਪ੍ਰਤੀਕਿਰਿਆਵਾਦੀ ਕਿਹਾ ਗਿਆ।
ਆਪਣੀ ਕਿਤਾਬ ਵਿੱਚ ਪ੍ਰੋਫ਼ੈਸਰ ਸੇਨ ਨੇ ਭਾਰਤ ਵਾਪਸ ਆਉਣ ਤੋਂ ਬਾਅਦ ਮੰਡਲ ਦੇ 18 ਸਾਲਾਂ ਦੇ ਸਿਆਸੀ ਸ਼ੰਘਰਸ਼ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਝਟਕਾ ਲੱਗਿਆ।
ਪਰ ਜਦੋਂ 1968 ਦੀਆਂ ਚੋਣਾਂ ਬਾਅਦ ਉਨ੍ਹਾਂ ਦੀ ਕਾਮਯਾਬੀ ਦੀਆਂ ਸੰਭਾਵਨਾਵਾਂ ਸਾਫ਼ ਨਜ਼ਰ ਆਉਣ ਲੱਗੀਆਂ ਤਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਸ ਸਮੇਂ ਦੇ ਸੰਯੁਕਤ ਮੋਰਚਾ ਸਰਕਾਰ ਦੇ ਮੁੱਖ-ਮੰਤਰੀ ਕਾਂਗਰਸ ਦੇ ਅਜੇ ਮੁਖਰਜੀ ਸਨ।
ਜੋਗਿੰਦਰਨਾਥ ਮੰਡਲ ਦੀ ਮੌਤ 1968 ਵਿੱਚ ਹੋਈ ਸੀ। ਇੱਕ ਕਿਸ਼ਤੀ ਵਿੱਚ ਨਦੀਂ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਕਿਸ਼ਤੀ ਚਾਲਕ ਦੇ ਇਲਾਵਾ ਉਸ ਸਮੇਂ ਉਥੇ ਕੋਈ ਨਹੀਂ ਸੀ।
ਉਨ੍ਹਾਂ ਦਾ ਪੋਸਟ ਮਾਰਟਮ ਵੀ ਨਹੀਂ ਕੀਤਾ ਗਿਆ। ਇਸ ਗੱਲ ਉਨ੍ਹਾਂ ਦੇ ਪੁੱਤਰ ਜਗਦੀਸ਼ ਚੰਦਰ ਮੰਡਲ ਨੇ ਆਪਣੀ ਕਿਤਾਬ ਵਿੱਚ ਲਿਖੀ ਹੈ। ਉਨ੍ਹਾਂ ਦੇ ਬੇਟੇ ਨੇ ਕਈ ਸਾਲ ਬਾਅਦ ਆਪਣੇ ਪਿਤਾ ਦੀਆਂ ਲਿਖਤਾਂ ਦੇ ਸੱਤ ਭਾਗ ਪ੍ਰਕਾਸ਼ਿਤ ਕੀਤੇ।
ਪ੍ਰੋਫ਼ੈਸਰ ਬੰਦੋਪਾਧਿਆਏ ਕਹਿੰਦੇ ਹਨ ਕਿ ਦੁਪਿਹਰ ਦਾ ਯਾਤਰਾ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਭੋਜਨ ਖਾਧਾ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸਨ। ਉਹ ਸ਼ਾਮ ਨੂੰ ਇੱਕ ਰਾਜਨੀਤਿਕ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਨ, ਪਰ ਉਨ੍ਹਾਂ ਦੇ ਬੇਟੇ ਨੇ ਜ਼ੋਰ ਦਿੱਤਾ ਕਿ ਉਹ ਉਥੇ ਨਾ ਜਾਣ।
ਮੰਡਲ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਗ਼ੈਰ-ਮੋਜੂਦਗੀ ਮੁਸ਼ਕਿਲਾਂ ਨੂੰ ਜਨਮ ਦੇਵੇਗੀ। ਹਾਲਾਂਕਿ ਮੰਡਲ ਦੀ ਮੌਤ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਹੁਣ ਕਦੀ ਪਤਾ ਲੱਗ ਵੀ ਨਹੀਂ ਸਕਣਾ।
ਪਰ ਦੂਜੇ ਪਾਸੇ ਪ੍ਰੋਫ਼ੈਸਰ ਸੇਨ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਨਿਸ਼ਚਿਤ ਤੌਰ 'ਤੇ ਇਹ ਤਹਿ ਨਹੀਂ ਕਰ ਸਕਦੇ ਕੇ ਉਨ੍ਹਾਂ ਦੀ ਮੌਤ ਕਿਵੇਂ ਹੋਈ। ਪਰ ਜੋਗਿੰਦਰਨਾਥ ਮੰਡਲ ਦੇ ਬੇਟੇ ਜਗਦੀਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਸਰੀਰ ਦੀ ਹਾਲਤ ਅਜਿਹੀ ਸੀ ਜਿਸਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਦੀ ਮੌਤ ਕੁਦਰਤੀ ਨਹੀਂ ਹੋਈ।
ਇਸ ਕਰਕੇ, ਉਸ ਸਮੇਂ ਦੇ ਸਿਆਸੀ ਹਾਲਾਤ ਅਤੇ ਉਨ੍ਹਾਂ ਦੇ ਸਰੀਰ ਦੀ ਸਥਿਤੀ ਬਾਰੇ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਪ੍ਰੋਫ਼ੈਸਰ ਸੇਨ ਇਸਨੂੰ "ਭੇਦਭਰੀ ਮੌਤ" ਕਹਿੰਦੇ ਹਨ ਅਤੇ ਸ਼ੱਕ ਪ੍ਰਗਟ ਕਰਦੇ ਹਨ ਕਿ " ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ"।
ਉਨ੍ਹਾਂ ਨੇ ਲਿਖਿਆ ਹੈ, "ਉਹ ਇੱਕ ਭੇਦਭਰੀ ਹਲਾਤ ਵਿੱਚ ਮਰ ਗਏ, ਇਹ ਸ਼ੰਕਾ ਪੈਦਾ ਕਰਦਾ ਹੈ ਕਿ ਉਨ੍ਹਾਂ ਨੂੰ ਮਾਰਿਆ ਗਿਆ ਸੀ।"
ਮੌਤ ਵਰਗੀ ਜ਼ਿੰਦਗੀ
ਪ੍ਰੋਫੈਸਰ ਸੇਨ ਦਾ ਕਹਿਣਾ ਹੈ ਕਿ ਸਾਰੀਆਂ ਗੱਲਾਂ ਨੂੰ ਜੇ ਇਕੱਠਿਆਂ ਕੀਤਾ ਜਾਵੇ ਤਾਂ ਅਜਿਹਾ ਲੱਗਦਾ ਹੈ ਕਿ ਮੰਡਲ ਨੇ ਕਦੀ ਇਹ ਨਹੀਂ ਮੰਨਿਆ ਕਿ ਪੱਛਮੀ ਬੰਗਾਲ ਵਿੱਚ ਦਲਿਤ ਰਾਜਨੀਤੀ ਅਸੰਭਵ ਹੈ। ਨਾ ਹੀ ਉਨ੍ਹਾਂ ਨੇ ਲੁਕੀਆਂ ਮੁਸ਼ਕਿਲਾਂ ਨੂੰ ਮਜਬੂਤ ਮੰਨਿਆ ਜੋ ਹਮੇਸ਼ਾਂ ਉਨ੍ਹਾਂ ਦੇ ਪੈਰਾਂ ਵਿੱਚ ਬੇੜੀਆਂ ਦੀ ਤਰ੍ਹਾਂ ਪਈਆਂ ਰਹੀਆਂ।
ਮੰਡਲ ਦੇ ਕਰੀਬੀ ਇੱਕ ਵਕੀਲ ਨੇ ਇਹ ਜ਼ਰੂਰ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਢੱਲਦੀ ਉਮਰ ਵਿੱਚ ਇੱਕ ਵਾਰ ਮੰਡਲ ਨੂੰ ਇਹ ਕਹਿੰਦੇ ਹੋਏ ਸੁਣਿਆ ਸੀ,"ਮੈਨੂੰ ਅਹਿਸਾਸ ਹੋਇਆ ਹੈ ਕਿ ਮੌਤ ਤੋਂ ਵੀ ਭੈੜੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ।"
ਮੰਡਲ ਨੇ ਪਾਕਿਸਤਾਨ ਆ ਕੇ ਕਿੰਨੀ ਵੱਡੀ ਗ਼ਲਤੀ ਕੀਤੀ? ਜਾਂ ਇਹ ਗ਼ਲਤੀ ਸੀ ਵੀ ਕਿ ਨਹੀਂ? ਇਹ ਤਹਿ ਕਰਨਾ ਹਾਲੇ ਬਾਕੀ ਹੈ।
ਪ੍ਰੋਫ਼ੈਸਰ ਸੇਨ ਮੁਤਾਬਿਕ, ਬੰਗਾਲ ਵਿੱਚ ਦਲਿਤ ਰਾਜਨੀਤੀ ਉਨ੍ਹਾਂ ਦੀ ਮੌਤ ਦੇ ਨਾਲ ਹੀ ਹਾਰ ਗਈ ਸੀ। ਪਰ 21ਵੀਂ ਸਦੀ ਵਿੱਚ ਜਦੋਂ ਕੱਟੜਪੰਥੀ ਹਿੰਦੂ ਇੱਕ ਵਾਰ ਫ਼ਿਰ ਨਾ ਸਿਰਫ਼ ਘੱਟ-ਗਿਣਤੀਆਂ ਲਈ ਬਲਕਿ ਦਲਿਤਾਂ ਲਈ ਵੀ ਜਿਊਣਾ ਔਖਾ ਬਣਾ ਰਹੇ ਹਨ, ਅਜਿਹਾ ਲੱਗਦਾ ਹੈ ਕਿ ਭਾਰਤ ਵਿੱਚ ਇੱਕ ਨਵੇਂ ਜੋਗਿੰਦਰਨਾਥ ਮੰਡਲ ਦੀ ਲੋੜ ਜਨਮ ਲੈ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












