ਹਾਥਰਸ: 'ਮੀਡੀਆ ਦੇ ਕੈਮਰੇ ਤਾਂ ਭਾਵੇਂ ਬੰਦ ਹੋ ਗਏ ਪਰ ਮਾਂ ਦੀਆਂ ਅੱਖਾਂ 'ਚ ਅਜੇ ਵੀ ਹੰਝੂ ਨੇ'

ਤਸਵੀਰ ਸਰੋਤ, GOPAL SHOONYA/BBC
- ਲੇਖਕ, ਚਿੰਕੀ ਸਿਨਹਾ
- ਰੋਲ, ਬੀਬੀਸੀ ਪੱਤਰਕਾਰ
ਅੱਖਾਂ ਅੱਗੇ ਉਸ ਦਿਨ ਦੀ ਘਟਨਾ ਦੀ ਤਸਵੀਰ ਜਿਵੇਂ ਧੁੰਦਲੀ ਹੁੰਦੀ ਜਾ ਰਹੀ ਹੈ। ਬਾਜਰੇ ਦਾ ਖੇਤ, ਮ੍ਰਿਤਕ ਦੇਹ ਦੇ ਸਸਕਾਰ ਦਾ ਠਿਕਾਣਾ ਅਤੇ ਘਟਨਾ ਵਾਲਾ ਪਿੰਡ ਵੀ। ਹਰ ਪਲ, ਥਾਂ, ਸਥਿਤੀ ਹੁਣ ਗੱਲਾਂ 'ਚੋਂ ਵੀ ਵਿਸਰਦੇ ਜਾ ਰਹੇ ਹਨ।
ਜ਼ੁਰਮ ਦਾ ਹਰ ਸਬੂਤ ਮਿਟਾ ਦੇਣ ਦੀ ਜੋ ਆਖਰੀ ਕੋਸ਼ਿਸ਼ ਸੀ, ਉਹ ਇਹ ਸੀ ਕਿ ਪੁਲਿਸ ਨੇ ਲਾਸ਼ ਨੂੰ ਪੀੜ੍ਹਤ ਪਰਿਵਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਹੀ ਅੱਧੀ ਰਾਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਉਹ 29 ਅਤੇ 30 ਸਤੰਬਰ ਦੀ ਦਰਮਿਆਨੀ ਰਾਤ ਸੀ , ਜਦੋਂ ਅੱਧੀ ਰਾਤ ਨੂੰ ਮ੍ਰਿਤਕ ਦੇ ਪਿੰਡ ਦੇ ਖੇਤਾਂ 'ਚ ਇਕਦਮ ਅੱਗ ਦੀਆਂ ਲਪਟਾਂ ਉੱਠਦੀਆਂ ਨਜ਼ਰ ਆਈਆਂ।
ਉਹ ਦਲਿਤ ਪਰਿਵਾਰ ਨਾਲ ਸਬੰਧ ਰੱਖਦੀ ਸੀ। ਪੀੜ੍ਹਤ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਠਾਕੁਰਾਂ ਨੇ ਉਨ੍ਹਾਂ ਦੀ ਕੁੜੀ ਨਾਲ ਪਹਿਲਾ ਜਬਰ ਜ਼ਿਨਹਾ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਮਾਰਨ ਦਾ ਯਤਨ ਕੀਤਾ। ਪਿੰਡ 'ਚ ਦਲਿਤ ਭਾਈਚਾਰੇ ਦੇ ਸਿਰਫ ਚਾਰ ਹੀ ਘਰ ਹਨ।
ਇਹ ਵੀ ਪੜ੍ਹੋ
ਕੁੜੀ ਨਾਲ ਦਰਿੰਦਗੀ ਭਰਿਆ ਕਾਰਾ ਕਰਨ ਦੇ ਇਲਜ਼ਾਮ 'ਚ ਠਾਕੁਰਾਂ ਦੇ ਚਾਰ ਮੁੰਡੇ ਹਿਰਾਸਤ 'ਚ ਹਨ, ਪਰ ਇਹ ਤਾਂ ਬਸ ਕੁੱਝ ਤੱਥ ਹੀ ਹਨ। ਇਸ ਤੋਂ ਇਲਾਵਾ ਜੋ ਕੁੱਝ ਵੀ ਹੈ ਉਹ ਤਾਂ ਸਿਰਫ ਕਹਾਣੀਆਂ ਹੀ ਹਨ।
ਇਹ ਸਭ ਕੁੱਝ ਉਵੇਂ ਹੀ ਹੈ ਜੋ ਕਿ 'ਪੋਸਟ ਟਰੁੱਥ' ਵਾਲੇ ਇਸ ਦੌਰ 'ਚ ਹਮੇਸ਼ਾਂ ਹੁੰਦਾ ਆਇਆ ਹੈ।
ਮਾਂ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਉਹ ਆਪਣੀ ਪਿਆਰੀ ਧੀ ਦੇ ਵਾਲ ਸਵਾਰਦੀ ਸੀ, ਉਸ ਦੀਆਂ ਗੁੱਤਾਂ ਬਣਾਉਂਦੀ ਸੀ। ਉਸ ਦੀ ਧੀ ਨੇ ਆਪਣੇ ਲੰਮੇ ਵਾਲਾਂ ਨੂੰ ਬੰਨ੍ਹ ਕੇ ਰੱਖਣ ਲਈ ਜੋ ਕਲਿੱਪ ਲਗਾਇਆ ਸੀ ਉਹ ਉਸ ਸਮੇਂ ਟੁੱਟ ਗਿਆ ਜਦੋਂ ਉਸ ਨੂੰ ਖੇਤਾਂ 'ਚ ਘਸੀਟਿਆ ਗਿਆ ਸੀ।
ਮਾਂ ਕਹਿੰਦੀ ਹੈ, "ਉਸ ਦੇ ਵਾਲ ਬਹੁਤ ਲੰਮੇ ਸਨ। ਉਹ ਮੈਨੂੰ ਵਾਲਾਂ ਨੂੰ ਬੰਨਣ ਲਈ ਕਿਹਾ ਕਰਦੀ ਸੀ।'
ਆਖ਼ਰਕਾਰ ਕੋਈ ਵੀ ਮਾਂ ਆਪਣੀ ਧੀ ਨੂੰ ਕਿਵੇਂ ਭੁੱਲ ਸਕਦੀ ਹੈ। ਮਾਂ ਨੂੰ ਤਾਂ ਆਪਣੀ ਲਾਡਲੀ ਦੀ ਇੱਕ ਇੱਕ ਗੱਲ ਯਾਦ ਹੈ।
ਪਰ ਇਸ ਪਿੰਡ 'ਚ ਸਿਰਫ ਇੱਕ ਹੀ ਸੱਚ ਨਹੀਂ ਹੈ। ਇੱਥੇ ਇੱਕ ਸੱਚ ਦੇ ਮੁਕਾਬਲੇ ਇੱਕ ਦੂਜਾ ਸੱਚ ਮੌਜੂਦ ਹੈ ਅਤੇ ਉਹ ਚੁਣੌਤੀ ਦੇ ਰਿਹਾ ਹੈ।

ਤਸਵੀਰ ਸਰੋਤ, CHINKI SINHA/BBC
ਜਿੰਨੇ ਮੂੰਹ ਉਨ੍ਹੀਆਂ ਗੱਲਾਂ
ਪੱਛਮੀ ਉੱਤਰ ਪ੍ਰਦੇਸ਼ 'ਚ ਚਾਂਦਪਾ ਪਿੰਡ ਇੱਕ ਬਹੁਤ ਹੀ ਸ਼ਾਂਤ ਜਗ੍ਹਾ ਹੈ। ਜੇਕਰ ਇਸ ਪਿੰਡ ਦੇ ਆਸ -ਪਾਸ ਦੇ ਖੇਤਰਾਂ 'ਚ ਨਜ਼ਰ ਦੁੜਾਈ ਜਾਵੇ ਤਾਂ ਵਧੇਰੇ ਥਾਵਾਂ 'ਤੇ ਬਾਜਰੇ ਦੀ 6-6 ਫੁੱਟ ਉੱਚੀ ਫਸਲ ਵਿਖਾਈ ਪੈਂਦੀ ਹੈ।
ਉਹ ਕੁੜੀ ਲਗਭਗ ਦੋ ਹਫ਼ਤਿਆਂ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹਦੀ ਰਹੀ ਅਤੇ ਆਖ਼ਰਕਾਰ 29 ਸਤੰਬਰ ਦੀ ਸਵੇਰ ਉਸ ਨੇ ਆਖਰੀ ਸਾਹ ਲਏ।
ਇਹ 14 ਸਤੰਬਰ ਦੀ ਘਟਨਾ ਹੈ ਜਦੋਂ ਮਾਂ ਨੇ ਆਪਣੀ ਧੀ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਪਾਇਆ ਸੀ। ਉਸ ਦੇ ਸਾਹ ਬਹੁਤ ਮੁਸ਼ਕਲ ਨਾਲ ਚੱਲ ਰਹੇ ਸਨ।
ਮਾਂ ਨੇ ਆਪਣੀ ਧੀ ਦੇ ਨਗਨ ਸ਼ਰੀਰ ਨੂੰ ਆਪਣੀ ਸਾੜੀ ਦੇ ਪੱਲੇ ਨਾਲ ਢੱਕਿਆ ਅਤੇ ਉਸ ਨੂੰ ਇਸੇ ਹਾਲਤ 'ਚ ਲੈ ਕੇ ਚਾਂਦਰਾ ਪੁਲਿਸ ਸਟੇਸ਼ਨ ਪਹੁੰਚੀ ਸੀ। ਉਸ ਸਮੇਂ ਉਨ੍ਹਾਂ ਵੱਲੋਂ ਸੰਦੀਪ ਨਾਂਅ ਦੇ ਲੜਕੇ ਖ਼ਿਲਾਫ ਉਸ ਦੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਐਫਆਈਆਰ ਦਰਜ ਕਰਵਾਈ ਗਈ ਸੀ।
ਮਾਂ ਦਾ ਕਹਿਣਾ ਹੈ ਕਿ ਉਸ ਸਮੇਂ ਸਾਨੂੰ ਇਹ ਬਿਲਕੁੱਲ ਵੀ ਨਹੀਂ ਲੱਗਿਆ ਸੀ ਕਿ ਉਨ੍ਹਾਂ ਦੀ ਧੀ ਦੀ ਮੌਤ ਵੀ ਹੋ ਸਕਦੀ ਹੈ।
ਸ਼ੁਰੂ 'ਚ ਪੀੜ੍ਹਤ ਪਰਿਵਾਰ ਨੇ ਜਿਨਸੀ ਹਿੰਸਾ ਜਾਂ ਫਿਰ ਜਬਰ ਜ਼ਿਨਾਹ ਦੀ ਸ਼ਿਕਾਇਤ ਨਹੀਂ ਕੀਤੀ ਸੀ। ਇਸ ਪਿੱਛੇ ਕਾਰਨ ਇਹ ਸੀ ਕਿ ਇਸ ਨਾਲ ਉਨ੍ਹਾਂ ਦੀ ਧੀ ਦੀ ਪੂਰੀ ਬਰਾਦਰੀ 'ਚ ਬਦਨਾਮੀ ਹੋ ਸਕਦੀ ਸੀ।
ਬਾਅਦ 'ਚ ਪੀੜ੍ਹਤ ਕੁੜੀ ਨੇ ਆਪਣੀ ਮੌਤ ਤੋਂ ਪਹਿਲਾਂ ਜੋ ਬਿਆਨ ਦਰਜ ਕਰਵਾਇਆ ਸੀ, ਉਸ 'ਚ ਮੁਲਜ਼ਮ ਖ਼ਿਲਾਫ਼ ਬਲਾਤਕਾਰ ਦਾ ਇਲਜ਼ਾਮ ਵੀ ਲਗਾਇਆ ਸੀ। ਪਰ ਹੁਣ ਪੀੜ੍ਹਤ ਪਰਿਵਾਰ ਦੀ ਹਰ ਸ਼ਿਕਾਇਤ ਨੂੰ ਹੀ ਸਵਾਲਾਂ ਦੇ ਘੇਰੇ 'ਚ ਲਿਆ ਜਾ ਰਿਹਾ ਹੈ। ਉਨ੍ਹਾਂ ਦੇ ਦੁੱਖ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਹੁਣ ਤਾਂ ਇਸ ਮਾਮਲੇ ਨੂੰ ਆਨਰ ਕਿਲਿੰਗ (ਅਣਖ ਲਈ ਕਤਲ) ਦੇ ਪੱਖ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਹੀ ਆਪਣੀ ਧੀ ਨੂੰ ਅਣਖ ਦੇ ਨਾਂ 'ਤੇ ਮਾਰ ਦਿੱਤਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਦੇ ਚਾਰਾਂ ਮੁਲਜ਼ਮਾਂ 'ਚੋਂ ਕਿਸੇ ਇੱਕ ਨਾਲ ਪ੍ਰੇਮ ਸਬੰਧ ਸਨ ਅਤੇ ਇਸ ਦੀ ਖ਼ਬਰ ਕੁੜੀ ਦੇ ਭਰਾ ਨੂੰ ਲੱਗ ਗਈ ਸੀ। ਫਿਰ ਉਸ ਨੇ ਆਪਣੀ ਭੈਣ ਦੀ ਇੰਨ੍ਹੀ ਮਾਰ ਕੁਟਾਈ ਕੀਤੀ ਕਿ ਉਸ ਦੀ ਮੌਤ ਹੀ ਹੋ ਗਈ।
ਕੁੱਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਪਰਿਵਾਰ ਨੇ ਆਪਣੀ ਧੀ ਨੂੰ ਇਸ ਲਈ ਮਾਰ ਮੁਕਾਇਆ ਤਾਂ ਜੋ ਉਨ੍ਹਾਂ ਨੂੰ ਰਾਹਤ ਵੱਜੋਂ ਪੈਸੇ ਮਿਲ ਸਕਣ। ਅਜਿਹੇ ਦਾਅਵੇ ਕਰਨ ਵਾਲੇ ਲੋਕਾਂ ਨੂੰ ਮੁਲਜ਼ਮ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਆਗੂਆਂ ਅਤੇ ਪੱਤਰਕਾਰਾਂ ਤੋਂ ਹੋਰ ਸ਼ਹਿ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਤੱਥ, ਦਲੀਲਾਂ ਯਾਦ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਹ ਤੋਤੇ ਨੂੰ ਰਟਾਈ ਗੱਲ ਵਾਂਗਰ ਜਿਉਂ ਦਾ ਤਿਉਂ ਹੀ ਬੋਲਣ।
ਪਰ ਜੇਕਰ ਤੁਸੀਂ ਪਿੰਡ ਦੀ ਇੱਕ ਹੀ ਗੇੜੀ ਲਗਾਓ ਤਾਂ ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਇਹ ਸਭ ਝੂਠ ਬੋਲ ਰਹੇ ਹਨ।

ਤਸਵੀਰ ਸਰੋਤ, GOPAL SHOONYA/BBC
ਕੁੜੀ ਦੇ ਜ਼ਖਮਾਂ ਨੂੰ ਚੁਣੌਤੀ ਦਿੰਦੇ ਲੋਕ
ਸੱਚਾਈ ਤੋਂ ਬਾਅਦ ਦੇ ਇਸ ਦੌਰ 'ਚ ਕਿਸੇ ਵੀ ਰਿਪੋਰਟਰ ਅੱਗੇ ਵੱਡੀ ਚੁਣੌਤੀ ਮੌਜੂਦ ਹੁੰਦੀ ਹੈ। ਹੁਣ ਔਰਤ ਅਤੇ ਮਰਦ 'ਚ ਭੇਦ ਰੱਖਣ ਵਾਲਾ ਸਮਾਜ, ਇੱਕ ਪੱਤਰਕਾਰ ਨੂੰ ਵੀ ਔਰਤ ਅਤੇ ਮਰਦ ਦੇ ਸਾਂਚੇ 'ਚ ਵੰਡ ਕੇ ਹੀ ਵੇਖਦਾ ਹੈ।
ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਕਹਾਣੀ ਦਾ ਪੂਰਾ ਰੁਖ਼ ਹੀ ਬਦਲ ਦਿੱਤਾ ਗਿਆ ਹੈ। ਅੱਜ ਬਲਾਤਕਾਰ ਅਤੇ ਉਸ ਦੇ ਸ਼ਰੀਰ 'ਤੇ ਲੱਗੀਆਂ ਸੱਟਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਜਾਤੀ, ਭਾਈਚਾਰੇ ਆਦਿ ਦੇ ਨਾਂ 'ਤੇ ਇਸ ਪੂਰੇ ਘਟਨਾਕ੍ਰਮ 'ਚ ਸਿਆਸੀ ਮੋਰਚਾਬੰਦੀ ਹੋ ਰਹੀ ਹੈ।
ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਪਹਿਲਾਂ ਤਾਂ ਕਾਂਗਰਸ ਦੇ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੀੜ੍ਹਤ ਪਰਿਵਾਰ ਨਾਲ ਮਿਲਣ ਤੋਂ ਰੋਕਿਆ ਅਤੇ ਫਿਰ ਕਾਫ਼ੀ ਦੇਰ ਤੱਕ ਚੱਲੇ ਡਰਾਮੇ ਤੋਂ ਬਾਅਦ ਉਨ੍ਹਾਂ ਨੂੰ ਇਜਾਜ਼ਤ ਦੇ ਹੀ ਦਿੱਤੀ ਗਈ।
ਫਿਰ ਉਨ੍ਹਾਂ ਦੇ ਨਾਲ ਹੀ ਮੀਡੀਆ ਨੂੰ ਵੀ ਪਿੰਡ ਦੇ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਗਈ।
ਇਸ ਤੋਂ ਬਾਅਦ ਨਜ਼ਦੀਕ ਦੇ ਪਿੰਡਾਂ 'ਚ ਠਾਕੁਰਾਂ ਨੂੰ ਇਨਸਾਫ ਦਵਾਉਣ ਲਈ ਪੰਚਾਇਤਾਂ ਦਾ ਇਕੱਠ ਹੋਇਆ। ਇੰਨ੍ਹਾਂ ਪੰਚਾਇਤਾਂ 'ਚ ਹਿੱਸਾ ਲੈਣ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਠਾਕੁਰਾਂ ਨੂੰ ਤਾਂ ਇਸ ਮਾਮਲੇ 'ਚ ਬੇਵਜ੍ਹਾ ਹੀ ਫਸਾਇਆ ਗਿਆ ਹੈ।
ਜਾਤੀ ਦੇ ਅਧਾਰ 'ਤੇ ਜੋ ਪਾੜਾ ਦੋਵਾਂ ਪਰਿਵਾਰਾਂ 'ਚ ਸੀ ,ਹੁਣ ਉਹ ਹੀ ਇਸ ਪੂਰੀ ਘਟਨਾ ਦਾ ਰੁਖ਼ ਬਦਲਣ 'ਚ ਕੰਮ ਆ ਰਿਹਾ ਹੈ। ਇੱਥੇ ਨੈਤਿਕਤਾ ਵਰਗੀ ਕੋਈ ਚੀਜ਼ ਮੌਜੂਦ ਨਹੀਂ ਹੈ। ਜਦੋਂ ਮੈਂ ਪਿੰਡ ਨੂੰ ਜਾਣ ਵਾਲੀ ਸੜਕ ਨੇੜਿਓਂ ਨਿਕਲ ਰਹੀ ਸੀ ਤਾਂ ਮੈਂ ਇੱਕ ਅਜਿਹੀ ਹੀ ਪੰਚਾਇਤ ਦਾ ਇੱਕਠ ਵੇਖਿਆ ਸੀ।

ਤਸਵੀਰ ਸਰੋਤ, GOOPAL SHOONYA/BBC
ਸਾਰੇ ਸਬੂਤ ਮਿੱਟੀ ਹੋ ਚੁੱਕੇ ਹਨ
ਸਾਰੇ ਹੀ ਸਬੂਤ ਸੜ੍ਹ ਕੇ ਸੁਆਹ ਹੋ ਚੁੱਕੇ ਹਨ।
ਚਾਰ ਅਕਤੂਬਰ ਨੂੰ ਜਦੋਂ ਪੁਲਿਸ ਨੇ ਮੀਡੀਆ ਨੂੰ ਪਿੰਡ 'ਚ ਜਾਣ ਦੀ ਇਜਾਜ਼ਤ ਦਿੱਤੀ ਸੀ, ਉਸ ਤੋਂ ਅਗਲੇ ਹੀ ਦਿਨ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਨਜ਼ਦੀਕ ਰਾਜਨੀਤਿਕ ਪਾਰਟੀਆਂ ਦੇ ਕਾਰਕੁਨ ਪ੍ਰਦਰਸ਼ਨ ਕਰ ਰਹੇ ਸਨ।
ਪੁਲਿਸ ਨੇ ਦੰਗਿਆਂ ਨੂੰ ਰੋਕਣ ਲਈ ਕੀਤੀ ਜਾਂਦੀ ਕਾਰਵਾਈ ਵਾਂਗਰ ਹੀ ਪੂਰੀ ਮੋਰਚਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹੀ ਮੈਂ ਅੰਦਰ ਚਲੀ ਗਈ ਅਤੇ ਮੈਨੂੰ ਕਿਸੇ ਨੇ ਨਾ ਰੋਕਿਆ।
ਇੱਕ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਕਿ ਪਿੰਡ ਇੱਥੋਂ ਲਗਭਗ ਦੋ ਕਿਮੀ. ਦੂਰ ਹੈ ਅਤੇ ਉੱਥੋਂ ਤੱਕ ਪੈਦਲ ਹੀ ਜਾਣਾ ਪਵੇਗਾ।
ਵਾਰਦਾਤ ਵਾਲੀ ਥਾਂ ਨੂੰ ਜਾਣ ਵਾਲੀ ਸੜ੍ਹਕ ਪੂਰੀ ਤਰ੍ਹਾਂ ਨਾਲ ਸੁੰਨ ਸਾਨ ਪਈ ਸੀ। ਕਿਸੇ ਕਿਸੇ ਸਮੇਂ ਕਿਸੇ ਪੱਤਰਕਾਰ ਨੂੰ ਪਿੰਡ ਜਾਂ ਘਟਨਾ ਵਾਲੀ ਥਾਂ 'ਤੇ ਛੱਡਣ ਲਈ ਕੋਈ ਵਾਹਨ ਉੱਥੋਂ ਗੁਜ਼ਰਦਾ ਹੈ।

ਤਸਵੀਰ ਸਰੋਤ, CHINKI SINHA/BBC
ਪਿੰਡ 'ਚ ਕੈਮਰੇ, ਰਿਪੋਰਟਰ ਅਤੇ ਲਾਈਵ
ਘਟਨਾ ਵਾਲੀ ਥਾਂ ਤੱਕ ਜਾਣ ਦਾ ਤਜਰਬਾ ਹੀ ਸਾਰੇ ਪਿੰਡ ਦੀ ਸਥਿਤੀ ਦਾ ਅਹਿਸਾਸ ਕਰਵਾ ਦਿੰਦਾ ਹੈ। ਪਰ ਹੁਣ ਤਾਂ ਸਾਰੇ ਹੀ ਸਬੂਤ ਸੜ੍ਹ ਕੇ ਸੁਆਹ ਹੋ ਚੁੱਕੇ ਹਨ।
ਪਿੰਡ ਵੱਲ ਜਾਂਦਿਆਂ ਮੇਰੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ। ਉਨ੍ਹਾਂ ਦੱਸਿਆ ਕਿ ਉਹ ਨੇੜੇ ਦੇ ਪਿੰਡ ਦਾ ਹੀ ਇੱਕ ਕਿਸਾਨ ਹੈ।
ਫਿਰ ਉਹ ਝੱਟਪਟ ਬੋਲੇ, "ਮੇਰਾ ਨਾਂਅ ਨਰਸਿੰਘ ਹੈ। ਮੈਂ ਠਾਕੁਰ ਹੁੰਦਾ ਹਾਂ। ਮੀਡੀਆ ਜੋ ਕੁੱਝ ਵੀ ਵਿਖਾ ਰਹੀ ਹੈ, ਉਹ ਸੱਚ ਨਹੀਂ ਹੈ। ਕੁੜੀ ਦੇ ਤਾਂ ਮੁਲਜ਼ਮ ਮੁੰਡੇ ਨਾਲ ਪ੍ਰੇਮ ਸਬੰਧ ਸਨ। ਉਹ ਸਾਡੀ ਵੀ ਧੀ ਸੀ।"
ਮੈਂ ਸਵਾਲ ਕੀਤਾ ਕਿ ਫਿਰ ਉਸ ਨਾਲ ਦਰਿੰਦਗੀ ਕਿਉਂ ਹੋਈ?
ਨਰਸਿੰਘ ਨੇ ਜਵਾਬ ਦਿੱਤਾ, "ਤੁਸੀਂ ਆਪ ਹੀ ਇਸ ਦਾ ਪਤਾ ਲਗਾ ਲਵੋ।" ਫਿਰ ਉਹ ਜਲਦੀ ਨਾਲ ਉੱਥੋਂ ਚਲਾ ਗਿਆ।
ਪਿੰਡ 'ਚ ਬਹੁਤ ਸਾਰੇ ਕੈਮਰੇ ਸਨ। ਜਿਸ ਕਾਰਨ ਤਾਰਾਂ ਦਾ ਜਾਲ ਵਿਛਿਆ ਪਿਆ ਸੀ। ਰਿਪੋਰਟਰਾਂ ਦਾ ਹਜੂਮ ਇੱਕਠਾ ਹੋਇਆ ਪਿਆ ਸੀ।ਬਹੁਤ ਸਾਰੇ ਲੋਕਾਂ ਨੇ ਆਪਣੀ ਪਿੱਠ 'ਤੇ ਬੈਗ ਟੰਗੇ ਹੋਏ ਸਨ, ਜਿੰਨ੍ਹਾਂ 'ਤੇ ਲਾਈਵ ਲਿਖਿਆ ਹੋਇਆ ਸੀ।
ਹੱਥ 'ਚ ਮਾਈਕ ਫੜ੍ਹੀ ਰਿਪੋਰਟਰ 'ਤਮਾਸ਼ਾ' ਕਰ ਰਹੇ ਸਨ। ਇੰਨ੍ਹਾਂ ਸਾਰਿਆਂ ਨੂੰ ਇਸ ਪਿੰਡ 'ਚ ਰਿਪੋਰਟਿੰਗ ਕਰਨ ਲਈ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮ੍ਰਿਤਕ ਕੁੜੀ ਲਈ ਇਨਸਾਫ, ਨਿਆਂ ਦੀ ਮੰਗ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।
ਠੀਕ ਉਸੇ ਤਰ੍ਹਾਂ ਹੀ ਜਿਵੇਂ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਮੀਡੀਆ ਨੇ ਭੂਮਿਕਾ ਨਿਭਾਈ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਏਮਜ਼ ਦੀ ਫੋਰੈਂਸਿਕ ਰਿਪੋਰਟ ਨੇ ਸੁਸ਼ਾਂਤ ਦੀ ਮੌਤ ਨੂੰ ਖੁਦਕਸ਼ੀ ਦੱਸਿਆ ਹੈ। ਹੁਣ ਸੁਸ਼ਾਂਤ ਲਈ ਨਿਆਂ ਮੰਗਣ ਵਾਲਿਆਂ ਦੇ ਸਾਥੀ ਪੂਰੇ ਜੋਸ਼ ਨਾਲ ਹਾਥਰਸ ਦੇ ਇਸ ਪਿੰਡ 'ਚ ਇੱਕਠੇ ਹੋ ਗਏ ਹਨ। ਉੱਚੀਆਂ ਆਵਾਜ਼ਾਂ 'ਚ.. ਜਿਵੇਂ ਰੌਲਾ ਹੀ ਪਾ ਰਹੇ ਹੋਣ, ਹੁਣ ਉਹ ਹਾਥਰਸ 'ਚ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ ਲਈ ਨਿਆਂ ਦੀ ਮੰਗ ਕਰ ਰਹੇ ਸੀ।
ਇਹ ਸਭ ਵੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਇਸ ਮਾਮਲੇ ਦੀ ਰਿਪੋਰਟਿੰਗ ਕਰਕੇ ਉਨ੍ਹਾਂ ਦੇ ਪਿਛਲੇ ਪਾਪ ਧੋਤੇ ਜਾਣਗੇ। ਥਾਂ-ਥਾਂ 'ਤੇ ਲਾਈਵ ਰਿਪੋਰਟਿੰਗ ਚੱਲ ਰਹੀ ਸੀ।
ਟੀਆਰਪੀ ਦੀ ਇਹ ਜੰਗ ਕਿਸੇ ਵੀ ਸੱਚ ਨੂੰ ਝੂਠ ਦੇ ਹਜ਼ਾਰਾਂ ਪਰਦਿਆਂ ਪਿੱਛੇ ਲੁਕਾਉਣ ਦੀ ਤਾਕਤ ਰੱਖਦੀ ਹੈ। ਜੇਕਰ ਤੁਸੀਂ ਮ੍ਰਿਤਕ ਕੁੜੀ ਦੇ ਘਰ ਨੂੰ ਜਾਣ ਵਾਲੀ ਭੀੜੀ ਜਿਹੀ ਗਲੀ 'ਚੋਂ ਲੰਘੋਗੇ ਤਾਂ ਤੁਹਾਡੇ ਕੰਨਾਂ 'ਚ ਕਿਸੇ ਨਾ ਕਿਸੇ ਰਿਪੋਰਟਰ ਦੀ ਉੱਚੀ ਆਵਾਜ਼ ਹੀ ਸੁਣਾਈ ਪਵੇਗੀ।

ਤਸਵੀਰ ਸਰੋਤ, CHINKI SINHA/BBC
ਮ੍ਰਿਤਕ ਕੁੜੀ ਬਣੀ 'ਲਾਈਵ'
ਉਹ ਮਾਰੀ ਗਈ ਕੁੜੀ ਹੁਣ ਲਾਈਵ ਬਣ ਗਈ ਹੈ। ਹੁਣ ਤਾਂ ਇਸ ਮਾਮਲੇ 'ਚ ਇੱਕ 'ਸੱਚ' ਸਰਕਾਰੀ ਵੀ ਹੈ। ਬਸ ਹੁਣ ਕੁੱਝ ਹੀ ਦਿਨਾਂ ਦੀ ਗੱਲ ਹੈ ਫਿਰ ਪੂਰੀ ਕਹਾਣੀ ਹੀ ਕੁੱਝ ਹੋਰ ਹੋਵੇਗੀ।
ਦੋ ਸਥਾਨਕ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਸੱਚ ਦੀ ਤਲਾਸ਼ 'ਚ ਹੋ? ਉਹ ਆਪਣਾ ਸੱਚ ਮੇਰੇ ਅੱਗੇ ਰੱਖਦੇ ਹਨ।
ਇੱਕ ਨੇ ਕਿਹਾ, "ਦੋਵਾਂ ਪਰਿਵਾਰਾਂ ਵਿਚਾਲੇ ਪਹਿਲਾਂ ਹੀ ਲੜਾਈ ਝਗੜਾ ਚੱਲ ਰਿਹਾ ਸੀ। ਮੈਂ ਤੁਹਾਨੂੰ ਇਸ ਨਾਲ ਸਬੰਧਤ ਕਾਗਜ਼ਾਤ ਵੀ ਭੇਜ ਸਕਦਾ ਹਾਂ। ਠਾਕੁਰ ਤਾਂ ਬੇਕਸੂਰ ਹਨ।"
ਇਸ ਪੱਤਰਕਾਰ ਨੇ ਪਹਿਲਾਂ ਇੱਕ ਖ਼ਬਰ ਭੇਜੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਦੋਵਾਂ ਪਰਿਵਾਰਾਂ 'ਚ ਜ਼ਮੀਨ ਦੇ ਇੱਕ ਹਿੱਸੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਸ ਸਮੇਂ ਵੀ ਠਾਕੁਰਾਂ ਦੇ ਪਰਿਵਾਰ ਖ਼ਿਲਾਫ ਐਸਸੀ-ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਗੱਲ 15 ਸਾਲ ਪਹਿਲਾਂ ਦੀ ਹੈ। ਗੱਲ ਕਰਦਿਆਂ-ਕਰਦਿਆਂ ਅਸੀਂ ਇਸ ਮਾਮਲੇ 'ਚ ਆਰੋਪੀ ਦੇ ਘਰ ਦੇ ਬਾਹਰ ਪਹੁੰਚ ਗਏ। ਇੱਕ ਮਹਿਲਾ ਕੱਪੜੇ ਧੋ ਰਹੀ ਸੀ। ਉਹ ਮੈਨੂੰ ਕਹਿੰਦੀ ਹੈ, "ਕੋਈ ਸਾਡੇ ਕੋਲੋਂ ਤਾਂ ਸੱਚ ਨਹੀਂ ਪੁੱਛ ਰਿਹਾ ਹੈ।"
ਫਿਰ ਉਹ ਔਰਤ ਆਪਣੇ ਹਿੱਸੇ ਦਾ ਸੱਚ ਮੇਰੇ ਅੱਗੇ ਪਰੋਸਦੀ ਹੈ।
"ਮੁੰਡਿਆਂ ਨੂੰ ਤਾਂ ਗਲਤ ਫਸਾਇਆ ਗਿਆ ਹੈ। ਉਹ ਅਪਰਾਧੀ ਨਹੀਂ ਹਨ। ਕੁੜ੍ਹੀ ਦੇ ਭਰਾ ਅਤੇ ਮੇਰੇ ਦਿਓਰ ਦਾ ਨਾਮ ਇਕੋ ਜਿਹਾ ਹੈ। ਫਿਰ ਜਦੋਂ ਉਸ ਨੇ ਨਾਮ ਲਿਆ ਤਾਂ ਕਿਸ ਦਾ ਜ਼ਿਕਰ ਕੀਤਾ ਸੀ?"
ਇੱਥੇ ਇਹ ਸਪੱਸ਼ਟ ਹੈ ਕਿ ਮਰ ਰਹੀ ਕੁੜ੍ਹੀ ਦੀ ਆਖਰੀ ਗਵਾਹੀ ਨੂੰ ਕੋਈ ਮਾਨਤਾ ਹੀ ਨਹੀਂ ਦੇ ਰਿਹਾ ਹੈ।

ਤਸਵੀਰ ਸਰੋਤ, CHINKI SINHA/BBC
ਮਰਨ ਤੋਂ ਪਹਿਲਾਂ ਕੋਈ ਝੂਠ ਨਹੀਂ ਬੋਲਦਾ
ਸੁਪਰੀਮ ਕੋਰਟ ਨੇ ਪੀਵੀ ਰਾਧਾ ਕ੍ਰਿਸ਼ਨਨ ਬਨਾਮ ਕਰਨਾਟਕ ਸਰਕਾਰ ਦੇ ਮਾਮਲੇ 'ਚ ਕਿਹਾ ਸੀ ਕਿ ਮਰਨ ਤੋਂ ਪਹਿਲਾਂ ਕਿਸੇ ਵੱਲੋਂ ਦਿੱਤਾ ਗਿਆ ਬਿਆਨ ਅੰਤਿਮ ਅਤੇ ਅਪਵਾਦ ਤੋਂ ਪਰਾਂ ਹੈ।
ਦੇਸ਼ ਦੀ ਸਭ ਤੋਂ ਉੱਚ ਅਦਾਲਤ ਨੇ ਆਪਣੇ ਫ਼ੈਸਲੇ 'ਚ ਇੱਕ ਲਾਤੀਨੀ ਕਹਾਵਤ ਦਾ ਹਵਾਲਾ ਦਿੱਤਾ ਸੀ, ਜਿਸ ਦਾ ਮਤਲਬ ਹੈ। ਮਰਨ ਤੋਂ ਪਹਿਲਾਂ ਕੋਈ ਝੂਠ ਨਹੀਂ ਬੋਲਦਾ ਹੈ।
ਅਸਥੀਆਂ ਅਜੇ ਵੀ ਪਿੰਡ 'ਚ ਪਈਆਂ ਸੀ। ਪੁਲਿਸ ਨੇ ਜਿੱਥੇ ਉਸ ਕੁੜ੍ਹੀ ਨੂੰ ਅੱਧੀ ਰਾਤ ਅੱਗ ਦੇ ਹਵਾਲੇ ਕੀਤਾ ਸੀ, ਉਸ ਜਗ੍ਹਾ ਤੱਕ ਪਹੁੰਚਣ ਲਈ ਮੈਨੂੰ ਬਾਜਰੇ ਦੇ ਖੇਤਾਂ 'ਚ ਹੋ ਕੇ ਲੰਘਣਾ ਪਿਆ।
ਜਦੋਂ ਮੈਂ ਉੱਥੇ ਪਹੁੰਚੀ ਤਾਂ ਪਹਿਲਾਂ ਹੀ ਇੱਕ ਰਿਪੋਰਟਰ ਉੱਥੋਂ ਲਾਈਵ ਰਿਪੋਰਟਿੰਗ ਕਰ ਰਿਹਾ ਸੀ। ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਜਿਸ ਕੁੜ੍ਹੀ ਦੇ ਹੱਥ -ਪੈਰ ਅਤੇ ਗਰਦਨ ਤੋੜ ਦਿੱਤੇ ਗਏ ਸਨ, ਉਸ ਦਾ ਮਰਨ ਤੋਂ ਬਾਅਦ ਇੰਨ੍ਹੀ ਜਲਦੀ ਕਿਉਂ ਸਸਕਾਰ ਕੀਤਾ ਗਿਆ?
ਸੂਬਾ ਸਰਕਾਰ ਨੇ ਸੁਪਰੀਮ ਕੋਰਟ 'ਚ ਆਪਣੇ ਬਚਾਅ 'ਚ ਦਲੀਲ ਦਿੱਤੀ ਸੀ ਕਿ ਜੇਕਰ ਮ੍ਰਿਤਕ ਦੇਹ ਨੂੰ ਅੱਧੀ ਰਾਤ ਹੀ ਸਾੜਿਆ ਨਾ ਜਾਂਦਾ ਤਾਂ ਖੇਤਰ 'ਚ ਦੰਗੇ ਹੋਣ ਦਾ ਡਰ ਸੀ।
ਰਿਪੋਰਟਰ ਕਹਿੰਦਾ ਹੈ, "ਤੁਹਾਨੂੰ ਇੱਥੋਂ ਦੇ ਜਾਤੀ ਸਮੀਕਰਣ ਸਮਝ ਨਹੀਂ ਆਉਣਗੇ।"
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੁੜ੍ਹੀ ਨੂੰ ਉਸ ਦੀ ਮਾਂ ਨੇ ਖੇਤਾਂ 'ਚ ਅੱਧਮਰੀ ਹਾਲਤ 'ਚ ਵੇਖਿਆ ਸੀ ਤਾਂ ਉਸ ਸਮੇਂ ਉਸ ਦੀ ਜੀਭ ਬਾਹਰ ਲਟਕ ਰਹੀ ਸੀ। ਸੱਚ ਤਾਂ ਇਹ ਹੈ ਕਿ ਇਸ ਪਿੰਡ 'ਚ ਇੱਕ ਜਵਾਨ ਕੁੜ੍ਹੀ ਦੀ ਮੌਤ ਹੋ ਚੁੱਕੀ ਸੀ, ਜਿਸ ਨੇ ਕਿ ਮਰਨ ਤੋਂ ਪਹਿਲਾਂ ਬਿਆਨ ਵੀ ਦਿੱਤਾ ਸੀ।
ਪਿੰਡ 'ਚ ਬਹੁਤ ਸਾਰੇ ਅਜਿਹੇ ਵੀ ਲੋਕ ਸਨ, ਜੋ ਕਿ ਕਹਿ ਰਹੇ ਸਨ ਕਿ ਪਰਿਵਾਰ ਨੂੰ ਤਾਂ ਆਪਣੀ ਧੀ ਦੇ ਮਰਨ ਦਾ ਕੋਈ ਦੁੱਖ ਹੀ ਨਹੀਂ ਹੈ।ਉਨ੍ਹਾਂ ਨੇ ਤਾਂ ਢੰਗ ਨਾਲ ਸੋਗ ਵੀ ਨਹੀਂ ਕੀਤਾ। ਪਿੰਡ ਦੇ ਬਹੁਤੇਰੇ ਲੋਕ ਇਸ ਗੱਲ ਨਾਲ ਸਹਿਮਤ ਹਨ। ਮੌਕੇ 'ਤੇ ਮੌਜੂਦ ਕੁੱਝ ਰਿਪੋਰਟਰਾਂ ਦਾ ਵੀ ਇਹੀ ਕਹਿਣਾ ਹੈ।
ਵਧੇਰੇਤਰ ਰਿਪੋਰਟਰ ਮਰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਵੇਖ ਕੇ ਲਗਦਾ ਹੀ ਨਹੀਂ ਕਿ ਉਨ੍ਹਾਂ ਨੇ ਆਪਣੀ ਧੀ ਗਵਾ ਦਿੱਤੀ ਹੈ।ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਵਾਧੂ ਪੈਸੇ ਮਿਲਣਗੇ। ਪਰ ਕੋਈ ਵੀ ਇਹ ਨਹੀਂ ਸਮਝਦਾ ਕਿ ਇੱਕ ਗਰੀਬ ਵੀ ਕਿਸੇ ਆਪਣੇ ਅਜ਼ੀਜ਼ ਦੀ ਮੌਤ 'ਤੇ ਦੁੱਖੀ ਹੁੰਦਾ ਹੈ।
ਮੁਆਵਜ਼ੇ ਨਾਲ ਇਸ ਦੁਨੀਆਂ ਤੋਂ ਜਾਣ ਵਾਲੇ ਦੀ ਕਮੀ ਨੂੰ ਨਹੀਂ ਪੂਰਾ ਕੀਤਾ ਜਾ ਸਕਦਾ ਹੈ। ਸਿਰਫ ਹੰਝੂਆਂ ਨਾਲ ਹੀ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਪਿੰਡ 'ਚ ਭੀੜ੍ਹ ਲੱਗੀ ਹੋਈ ਹੈ। ਮਰਨ ਵਾਲੀ ਕੁੜ੍ਹੀ ਦੇ ਘਰ 'ਚ ਵੀ ਲੋਕਾਂ ਦਾ ਹਜ਼ੂਮ ਇੱਕਠਾ ਹੋਇਆ ਰਹਿੰਦਾ ਹੈ।

ਤਸਵੀਰ ਸਰੋਤ, CHINKI SINHA/BBC
ਹਰ ਦਿਨ ਮਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਹਨ
ਚਾਰ ਅਕਤੂਬਰ ਨੂੰ ਜਿਸ ਘਰ 'ਚ ਚੁੱਲ੍ਹਾ ਵੀ ਨਹੀਂ ਬਲਿਆ ਸੀ ਉਸ ਘਰ 'ਚ ਲੋਕ 'ਬਾਈਟ' ਲੈਣ ਲਈ ਆ ਜਾ ਰਹੇ ਸਨ। ਕੁੱਝ ਦੂਰੀ 'ਤੇ ਇੱਕ ਟੀਵੀ ਨਿਊਜ਼ ਐਂਕਰ ਨਿਆਂ ਦੀ ਗੁਹਾਰ ਲਗਾ ਰਹੀ ਹੈ। ਸਭ ਕੁੱਝ ਲਾਈਵ ਹੈ। ਇਹ ਹੈ ਪਿੰਡ, ਪੀੜ੍ਹਤ ਦਾ ਘਰ…..ਖੇਤਾਂ ਨੂੰ ਟੀਵੀ ਸਟੂਡੀਓ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਜੋ ਲੋਕ ਤੁਹਾਡੇ ਕੰਨ੍ਹਾਂ 'ਚ ਹੌਲੀ ਜਿਹੀ ਇਹ ਕਹਿ ਰਹੇ ਹਨ ਕਿ ਪਰਿਵਾਰ ਨੂੰ ਆਪਣੀ ਧੀ ਦੀ ਮੌਤ ਦਾ ਕੋਈ ਗ਼ਮ ਨਹੀਂ ਹੈ , ਉਨ੍ਹਾਂ ਨੇ ਸ਼ਾਇਦ ਰੌਂਦੀ ਕਰਲਾਉਂਦੀ ਮਾਂ ਦੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੱਤਾ ਹੈ। ਉਸ ਮਾਂ ਦੀ ਗੁਹਾਰ ਨੂੰ ਸਬੂਤ ਵੱਜੋਂ ਨਹੀਂ ਗਿਣਿਆ ਗਿਆ।
ਜਿਸ ਦਿਨ ਇੱਥੋਂ ਵਧੇਰੇ ਰਿਪੋਰਟਰਾਂ ਨੇ ਆਪਣਾ ਬੋਰੀ ਬਿਸਤਰਾ ਸਮੇਟ ਲਿਆ ਸੀ, ਉਸ ਦਿਨ ਵੀ ਉਹ ਮਾਂ ਰੋ ਰਹੀ ਸੀ।
ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ 'ਚ ਸਿਆਸੀ ਆਗੂਆਂ, ਸਮਾਜਿਕ ਕਾਰਕੁਨਾਂ, ਪੁਲਿਸ ਅਤੇ ਪੱਤਰਕਾਰਾਂ ਦਾ ਜਨਘਟ ਲੱਗਿਆ ਹੋਇਆ ਸੀ। ਅਜਿਹੇ 'ਚ ਉਨ੍ਹਾਂ ਦੇ ਦੁੱਖ ਨੂੰ ਵੀ ਬਦਨੀਤੀ ਮੰਨਿਆ ਗਿਆ। ਪਰ ਸ਼ਾਇਦ ਉਸ ਮਾਂ ਨੇ ਆਪਣੇ ਦੁੱਖ, ਦਰਦ ਨੂੰ ਆਪਣੀ ਝੌਲੀ 'ਚ ਇੰਝ ਸਮਾ ਲਿਆ ਕਿ ਉਹ ਦਰਦ ਹਮੇਸ਼ਾਂ ਲਈ ਉਸ ਦੇ ਦਿਲ 'ਚ ਹੀ ਜਜਬ ਹੋ ਗਿਆ।
ਉਸ ਸਥਿਤੀ ਬਾਰੇ ਸੋਚਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਦਿਮਾਗ ਅੰਦਰ ਮੌਜੂਦ ਕਿਸੇ ਬਲੈਕ ਹੋਲ 'ਚੋਂ ਗੁਜ਼ਰ ਰਹੇ ਹੋ ਅਤੇ ਚਾਰੇ ਪਾਸੇ ਸਿਰਫ ਧੂੰਏ ਦਾ ਗੁਬਾਰ ਹੀ ਮੌਜੂਦ ਹੈ ਅਤੇ ਫਿਰ ਉਹ ਧੂੜ ਤੁਹਾਡੇ ਅੰਦਰ ਹੀ ਘਰ ਕਰ ਜਾਂਦੀ ਹੈ।
ਕੋਈ ਕਿਸੇ ਆਪਣੇ ਅਜ਼ੀਜ਼ ਨੂੰ ਗੁਆ ਕੇ ਕਿੰਨ੍ਹਾ ਰੋਇਆ ਹੈ ਇਸ ਦਾ ਤਾਂ ਕੋਈ ਪੈਮਾਨਾ ਨਹੀਂ ਹੈ। ਪਰ ਇੱਥੇ ਤਾਂ ਉਸ ਦਾ ਵੀ ਬਰਾਬਰ ਹਿਸਾਬ ਲਗਾਇਆ ਜਾ ਰਿਹਾ ਹੈ।

ਤਸਵੀਰ ਸਰੋਤ, GOPAL SHOONYA/BBC
ਪਿੰਡ 'ਚ ਸਭ ਤੋਂ ਹੇਠਲੇ ਪੱਧਰ 'ਤੇ ਹਨ ਵਾਲਮਿਕੀ
ਪਿੰਡ ਦੇ ਠਾਕੁਰ ਭਾਈਚਾਰੇ ਦੇ ਲੋਕ ਵਾਲਮਿਕੀਆਂ ਨੂੰ ਹਿੰਦੂ ਜਾਂ ਇਸ ਦੇਸ਼ 'ਚ ਬਰਾਬਰ ਦਰਜਾ ਰੱਖਣ ਵਾਲੇ ਨਾਗਰਿਕਾਂ ਵੱਜੋਂ ਨਹੀਂ ਮੰਨਦੇ ਹਨ। ਅੱਜ ਵੀ ਛੂਤ ਛਾਤ ਦੀ ਭਾਵਨਾ ਬਹੁਤ ਮਜ਼ਬੂਤ ਹੈ। ਇਸ ਨੂੰ ਹੀ ਕਿਸੇ ਬਾਰੇ ਰਾਏ ਕਾਇਮ ਕਰਨ ਦਾ ਮਿਆਰ ਮੰਨਿਆ ਜਾਂਦਾ ਹੈ ਪਰ ਜਬਰ ਜ਼ਿਨਾਹ ਦੇ ਮਾਮਲਿਆਂ 'ਚ ਕੋਈ ਛੂਤ-ਛਾਤ ਨਹੀਂ ਹੁੰਦੀ ਹੈ।
'ਜਿਨਸੀ ਇੱਛਾਵਾਂ' ਨੂੰ ਆਮ ਕੀਤਾ ਗਿਆ ਹੈ। ਦੇਸ਼ 'ਚ ਮਹਿਲਾਵਾਂ ਨੂੰ ਹਮੇਸ਼ਾਂ ਹੀ ਪੈਰ ਦੀ ਜੁੱਤੀ ਮੰਨਿਆ ਗਿਆ ਹੈ ਅਤੇ ਦਲਿਤ ਮਹਿਲਾਵਾਂ ਨਾਲ ਹੋਣ ਵਾਲੀਆਂ ਬਲਾਤਕਾਰ ਦੀਆਂ ਘਟਨਾਵਾਂ ਬਹੁਤ ਕੁੱਝ ਕਹਿੰਦੀਆਂ ਹਨ।
ਇੱਥੇ ਵਾਲਮੀਕਿਆਂ ਨੂੰ ਭੰਗੀ ਕਿਹਾ ਜਾਂਦਾ ਹੈ। ਜੋ ਕਿ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਦਰਜੇ ਨਾਲ ਸਬੰਧ ਰੱਖਦੇ ਹਨ। ਪਿੰਡ 'ਚ ਵਾਲਮੀਕਿਆਂ ਦੇ ਸਿਰਫ 4 ਹੀ ਘਰ ਹਨ। ਇਹ ਘਰ ਪਿੰਡ ਤੋਂ ਕੁੱਝ ਬਾਹਰ ਵੱਲ ਸਥਿਤ ਹਨ। ਇੱਕ ਹੀ ਰਾਹ ਹੈ ਜੋ ਕਿ ਇੰਨ੍ਹਾਂ ਘਰਾਂ ਨੂੰ ਪਿੰਡ ਨਾਲ ਜੋੜਦਾ ਹੈ ਜਾਂ ਫਿਰ ਅਲੱਗ ਕਰਦਾ ਹੈ, ਪਤਾ ਨਹੀਂ।
ਇਹ ਵੰਡ, ਵਿਤਕਰਾ, ਜਾਤੀ ਦਾ ਅਹੰਕਾਰ ਪਤਾ ਨਹੀਂ ਕਦੋਂ ਤੋਂ ਇਸ ਪਿੰਡ 'ਚ ਚੱਲ ਰਿਹਾ ਹੈ।
ਸੰਧਿਆ ਮ੍ਰਿਤਕ ਕੁੜ੍ਹੀ ਦੀ ਭਾਬੀ ਹੈ ਅਤੇ ਉਸ ਦੀ ਭੈਣ ਪ੍ਰੀਤੀ ਕਹਿੰਦੀ ਹੈ ਕਿ ਇਟਾਵਾ 'ਚ ਉਨ੍ਹਾਂ ਦੇ ਪਿੰਡ 'ਚ ਵਾਲਮੀਕਿਆਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੁੰਦਾ ਹੈ। ਥੋੜ੍ਹਾ ਬਹੁਤ ਤਾਂ ਚੱਲਦਾ ਰਹਿੰਦਾ ਹੈ ਪਰ ਕਿਸੇ ਹੱਦ ਤੱਕ।
ਪਰ ਇਸ ਪਿੰਡ 'ਚ ਤਾਂ ਜੇਕਰ ਕਿਸੇ ਵਾਲਮੀਕੀ ਨੇ ਕੋਈ ਸੌਦਾ ਕ੍ਰੀਦ ਲਿਆ ਤਾਂ ਉਸ ਉਸ ਨੂੰ ਵਾਪਸ ਵੀ ਨਹੀ ਕਰ ਸਕਦਾ ਹੈ, ਕਿਉਂਕਿ ਉਸ ਨੇ ਸਮਾਨ ਨੂੰ ਹੱਥ ਲਗਾ ਦਿੱਤੇ ਹਨ ਅਤੇ ਸਮਾਨ ਗੰਦਾ, ਅਪਵਿੱਤਰ ਹੋ ਗਿਆ ਹੈ।

ਤਸਵੀਰ ਸਰੋਤ, CHINKI SINHA/BBC
ਜਿਸ ਨਾਲ ਪਿਆਰ ਦੀਆਂ ਤੰਦਾਂ ਪਾਈਆਂ, ਉਸ ਦਾ ਨਾਲ ਹੀ ਜਬਰ ਜ਼ਿਨਾਹ ਕਿਵੇਂ?
ਪ੍ਰੀਤੀ ਕਹਿੰਦੀ ਹੈ ਜੇਕਰ ਭੰਗੀਆਂ ਦਾ ਪਰਛਾਵਾਂ ਵੀ ਕਿਸੇ ਠਾਕੁਰ 'ਤੇ ਪੈ ਜਾਵੇ ਤਾਂ ਉਹ ਆਪਣੇ ਆਪ ਨੂੰ ਅਸ਼ੁੱਧ ਮੰਨ ਲੈਂਦੇ ਹਨ।
ਪ੍ਰੀਤੀ ਉਦੋਂ ਤੋਂ ਹੀ ਇੱਥੇ ਹੈ ਜਦੋਂ ਤੋਂ ਦਿੱਲੀ ਤੋਂ ਮ੍ਰਿਤਕ ਦੇਹ ਪਿੰਡ 'ਚ ਆਈ ਸੀ। ਉਹ ਉਸ ਨੂੰ ਜਾਣਦੀ ਸੀ। ਪ੍ਰੀਤੀ ਕਹਿੰਦੀ ਹੈ, "ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਕੀ ਉਸ ਨਾਲ ਬਲਾਤਕਾਰ ਵਰਗੀ ਦਰਿੰਦਗੀ ਕਰੋਗੇ?....ਉਨ੍ਹਾਂ ਨੂੰ ਔਰਤ ਦੀ ਤਾਕਤ ਦਾ ਅਹਿਸਾਸ ਕਰਨਾ ਹੀ ਪਵੇਗਾ। ਸਾਨੂੰ ਇੰਨ੍ਹਾਂ ਗੱਲਾਂ ਦਾ ਵਿਰੋਧ ਕਰਨਾ ਹੋਵੇਗਾ।"
ਮ੍ਰਿਤਕ ਕੁੜ੍ਹੀ ਬਾਰੇ ਜੋ ਕੁੱਝ ਵੀ ਕਿਹਾ ਜਾ ਰਿਹਾ ਹੈ, ਉਸ ਤੋਂ ਪ੍ਰੀਤੀ ਬਹੁਤ ਨਾਰਾਜ਼ ਹੈ।
ਉਹ ਕਹਿੰਦੀ ਹੈ, "ਜਦੋਂ ਤੁਸੀਂ ਆਪ ਕਿਸੇ ਨੀਵੀਂ ਜਾਤੀ 'ਚ ਜਨਮ ਲਵੋਗੇ, ਤਾਂ ਹੀ ਤੁਹਾਨੂੰ ਦੇਸ਼ ਦੀ ਜਾਤੀ ਪ੍ਰਣਾਲੀ ਦਾ ਸਹੀ ਢੰਗ ਨਾਲ ਪਤਾ ਚੱਲੇਗਾ। ਅਜੇ ਤੁਸੀਂ ਸਾਡੀ ਤਕਲੀਫ਼, ਸਮੱਸਿਆ ਨਹੀਂ ਸਮਝ ਸਕਦੇ ਹੋ। ਤੁਹਾਨੂੰ ਨਹੀਂ ਪਤਾ ਕਿ ਉਨ੍ਹਾਂ ਦੀਆਂ ਅੱਖਾਂ ਕਿਵੇਂ ਸਾਡਾ ਚੀਰ ਹਰਨ ਕਰਦੀਆਂ ਹਨ। ਜੇਕਰ ਕਿਤੇ ਗਲਤੀ ਨਾਲ ਵੀ ਉਨ੍ਹਾਂ ਦਾ ਹੱਥ ਸਾਨੂੰ ਲੱਗ ਜਾਵੇ ਤਾਂ ਘਰ ਜਾ ਕੇ ਉਹ ਸਭ ਤੋਂ ਪਹਿਲਾਂ ਨਹਾਉਂਦੇ ਹਨ। ਅਸੀਂ ਸਭ ਜਾਣਦੇ ਹਾਂ। ਇਹ ਸਾਡਾ ਰੋਜ਼ਾਨਾ ਦਾ ਤਜ਼ਰਬਾ ਹੈ।"
ਉਸ ਦਾ ਛੋਟਾ ਭਰਾ ਇੱਕ ਕੋਨੇ 'ਚ ਖੜ੍ਹਾ ਹੈ। ਜਦੋਂ 14 ਅਕਤੂਬਰ ਨੂੰ ਉਸ ਦੀ ਭੈਣ ਨੂੰ ਅਲੀਗੜ੍ਹ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਤਾਂ, ਉਸ ਰਾਤ ਨੂੰ ਉਹ ਉੱਥੇ ਪਹੁੰਚ ਗਿਆ ਸੀ। ਉਹ ਨੋਇਡਾ ਦੀ ਇੱਕ ਲੈਬ 'ਚ ਚਪੜਾਸੀ ਹੈ।
ਉਹ ਦੱਸਦਾ ਹੈ, "ਉਹ ਉਮਰ 'ਚ ਮੇਰੇ ਤੋਂ ਵੱਡੀ ਸੀ। ਪਿਛਲੇ ਸਾਲ ਸਰਦੀਆਂ 'ਚ , ਮੈਂ ਉਸ ਲਈ ਇੱਕ ਲਾਲ ਜੈਕੇਟ ਅਤੇ ਬੂਟ ਲਿਆਇਆ ਸੀ। ਮੈਂ ਹਮੇਸ਼ਾਂ ਹੀ ਉਸ ਲਈ ਕੁੱਝ ਨਾ ਕੁੱਝ ਲਿਆਂਦਾ ਹੀ ਸੀ। ਉਹ ਕਦੇ ਵੀ ਮੇਰੇ ਤੋਂ ਕੁੱਝ ਵੀ ਨਹੀਂ ਮੰਗਦੀ ਸੀ।"
"ਅਸੀਂ ਇਸ ਪਿੰਡ 'ਚ ਬਹੁਤ ਹੀ ਸਹਿਮੇ ਹੋਏ ਹਾਂ। ਸਾਨੂੰ ਪੈਸੇ ਨਹੀਂ ਚਾਹੀਦੇ ਹਨ, ਉਹ ਤਾਂ ਅਸੀਂ ਆਪ ਵੀ ਕਮਾ ਲਵਾਂਗੇ, ਪਰ ਸਾਡੀ ਇੱਜ਼ਤ, ਸਨਮਾਨ ਦਾ ਕੀ ਹੈ?"

ਤਸਵੀਰ ਸਰੋਤ, GOPAL SHOONYA/BBC
ਕੁੜ੍ਹੀ ਦੇ ਪਰਿਵਾਰ ਦੀ ਸੁਰੱਖਿਆ ਦਾ ਕੀ?
ਸਾਰੇ ਪਿੰਡ 'ਚ ਪੁਲਿਸ ਨਜ਼ਰ ਆ ਰਹੀ ਹੈ। 4 ਅਕਤੂਬਰ ਨੂੰ ਜਦੋਂ ਦਲਿਤ ਆਗੂ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਸੀ ਕਿ ਸੂਬਾ ਸਰਕਾਰ ਜਦੋਂ ਤੱਕ ਪੀੜ੍ਹਤ ਪਰਿਵਾਰ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਨਹੀਂ ਦਿੰਦੀ, ਉਦੋਂ ਤੱਕ ਉਹ ਪੀੜ੍ਹਤ ਪਰਿਵਾਰ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਹਨ।
ਚੰਦਰ ਸ਼ੇਖਰ ਆਜ਼ਾਦ ਕਹਿੰਦੇ ਹਨ, "ਜੇਕਰ ਕੰਗਨਾ ਨੂੰ ਸੁਰੱਖਿਆ ਮਿਲ ਸਕਦੀ ਹੈ ਤਾਂ ਫਿਰ ਮੇਰੇ ਪਰਿਵਾਰ ਨੂੰ ਕਿਉਂ ਨਹੀਂ? ਮੈਨੂੰ ਤਾਂ ਇਸ ਸਰਕਾਰ 'ਤੇ ਬਿਲਕੁੱਲ ਵੀ ਭਰੋਸਾ ਨਹੀਂ ਹੈ। ਮੈਨੂੰ ਤਾਂ ਸਿਰਫ ਸੁਪਰੀਮ ਕੋਰਟ 'ਤੇ ਹੀ ਵਿਸ਼ਵਾਸ ਹੈ। ਜੇਕਰ ਉਹ ਪਰਿਵਾਰ ਨੂੰ ਸੁਰੱਖਿਆ ਦੇਣਗੇ ਤਾਂ ਮੈਂ ਉਨ੍ਹਾਂ ਨੂੰ ਆਪਣੇ ਨਾਲ ਹੀ ਲੈ ਜਾਵਾਂਗਾ।"
ਹਾਲਾਂਕਿ ਬਾਅਦ 'ਚ ਚੰਦਰਸ਼ੇਖਰ ਆਜ਼ਾਦ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਨਹੀਂ ਗਏ। ਆਪਣਾ ਪੱਖ ਰੱਖਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਨੂੰ ਨਾਲ ਲੈ ਜਾਣ ਦੀ ਇਜ਼ਾਜਤ ਹੀ ਨਹੀਂ ਮਿਲੀ ਸੀ।
ਚੰਦਰ ਸ਼ੇਖਰ ਆਜ਼ਾਦ ਦੇ ਖਿਲਾਫ਼ ਧਾਰਾ 144 ਦੀ ਉਲੰਘਣਾ ਦੇ ਇਲਜ਼ਾਮ 'ਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਪੀ ਪੁਲਿਸ ਨੇ 400 ਤੋਂ ਵੀ ਵੱਧ ਹੋਰ ਅਣਪਛਾਤੇ ਲੋਕਾਂ ਖ਼ਿਲਾਫ ਇਹੀ ਮਾਮਲਾ ਦਰਜ ਕੀਤਾ ਹੈ।
ਭੀਮ ਆਰਮੀ ਦੇ ਮੁਖੀ ਆਜ਼ਾਦ ਨੇ ਮੰਗ ਕੀਤੀ ਹੈ ਕਿ ਹਾਥਰਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਨੂੰ ਸੌਂਪੀ ਜਾਣੀ ਚਾਹੀਦੀ ਹੈ, ਜੋ ਕਿ ਤੈਅ ਸਮੇਂ 'ਚ ਆਪਣੀ ਰਿਪੋਰਟ ਪੇਸ਼ ਕਰੇ।
ਚੰਦਰ ਸ਼ੇਖਰ ਆਜ਼ਾਦ ਜਦੋਂ ਪੀੜ੍ਹਤ ਪਰਿਵਾਰ ਨੂੰ ਮਿਲਣ ਲਈ ਆਏ ਸੀ ਤਾਂ ਉਹ ਉਨ੍ਹਾਂ ਨੂੰ ਬੰਦ ਕਮਰੇ 'ਚ ਮਿਲੇ ਸਨ। ਘਰ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਸੀ। ਲੱਕੜ ਦੇ ਇੱਕ ਤਖ਼ਤ ਨੂੰ ਮੇਜ਼ ਬਣਾਇਆ ਗਿਆ ਸੀ, ਜਿਸ 'ਤੇ ਬਹੁਤ ਸਾਰੇ ਮਾਈਕ ਰੱਖੇ ਹੋਏ ਸਨ।
ਪ੍ਰੈਸ ਕਾਨਫਰੰਸ ਨੂੰ ਕਵਰ ਕਰ ਰਹੇ ਪੱਤਰਕਾਰਾਂ ਅਤੇ ਵੀਡੀਓਗ੍ਰਾਫਰਾਂ ਨੇ ਘਰ ਦੀ ਛੱਤ ਅਤੇ ਘਰ ਦੇ ਬਾਹਰ ਡੇਰਾ ਲਾਇਆ ਹੋਇਆ ਸੀ।
ਆਜ਼ਾਦ ਨੂੰ ਪੱਤਰਕਾਰਾਂ ਨੇ ਘੇਰ ਲਿਆ ਸੀ। ਜਦੋਂ ਭੀਮ ਸੈਨਾ ਦੇ ਮੁਖੀ ਚਮਦਰਸ਼ੇਖਰ ਆਜ਼ਾਦ ਦੇ ਪਿੰਡ ਆਉਣ ਦੀ ਖ਼ਬਰ ਫੈਲੀ ਤਾਂ ਸ੍ਰੀਰਾਜਪੂਤ ਕਰਨੀ ਸੈਨਾ ਨੇ 'ਸੱਚ ਦੀ ਪੜਤਾਲ' ਲਈ ਆਪਣੀ ਇੱਕ ਟੀਮ ਵੀ ਪਿੰਡ ਭੇਜ ਦਿੱਤੀ ਸੀ।
ਕਰਨੀ ਸੈਨਾ ਦੇ ਸੁਭਾਸ਼ ਸਿੰਘ ਨੇ ਕਿਹਾ ਸੀ ਕਿ ਉਹ ਇਸ ਪਿੰਡ 'ਚ ਇਸ ਲਈ ਆਏ ਹਨ ਕਿਉਂਕਿ ਭੀਮ ਸੈਨਾ ਦਾ ਮੁਖੀ ਆਜ਼ਾਦ ਵੀ ਇੱਥੇ ਆ ਰਿਹਾ ਸੀ।
"ਅਸੀਂ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਵੀ ਲੜ ਕੇ ਨਿਆਂ ਲਿਆ ਸੀ। ਇਸ 'ਚ ਮੀਡੀਆ ਦੀ ਅਹਿਮ ਭੂਮਿਕਾ ਰਹੀ ਸੀ। ਹੁਣ ਵੇਖਦੇ ਹਾਂ ਕਿ ਇਸ ਮਾਮਲੇ ਦਾ ਸੱਚ ਕੀ ਹੈ।"
ਮੈਨੂੰ ਇਹ ਸਮਝ ਨਹੀਂ ਆਈ ਕਿ ਖੁਦਕੁਸ਼ੀ ਦੇ ਮਾਮਲੇ 'ਚ ਕਿਸ ਨਾਲ ਉਨ੍ਹਾਂ ਨੇ ਲੜਾਈ ਲੜ੍ਹੀ ਅਤੇ ਉਨ੍ਹਾਂ ਨੂੰ ਕੀ ਹਾਸਲ ਹੋਇਆ, ਜਿਸ ਨੂੰ ਕਿ ਉਹ ਨਿਆਂ ਦੱਸ ਰਹੇ ਹਨ।

ਤਸਵੀਰ ਸਰੋਤ, CHINKI SINHA/BBC
ਉਹ ਕੁੜ੍ਹੀ ਜੋ ਹੁਣ ਇਸ ਦੁਨੀਆ 'ਚ ਨਹੀਂ ਹੈ….
ਪਹਿਲਾ ਸਵਾਲ ਸਬੂਤ ਹੋਣ ਦਾ ਹੈ ਅਤੇ ਦੂਜਾ ਅਹਿਮ ਸਵਾਲ ਇਹ ਹੈ ਕਿ ਸਬੂਤ ਕਿਸ ਨੂੰ ਮੰਨਿਆ ਜਾਵੇ। ਕੀ ਦਲਿਤ ਮਹਿਲਾਵਾਂ ਨਾਲ ਲੰਮੇ ਸਮੇਂ ਤੋਂ ਹੋ ਰਹੀਆਂ ਜਬਰ ਜ਼ਿਨਾਹ ਦੀਆਂ ਘਟਨਾਵਾਂ ਨੂੰ ਵੀ ਸਬੂਤ ਵੱਜੋਂ ਮੰਨਿਆ ਜਾ ਸਕਦਾ ਹੈ?
ਕੀ ਕੁੜ੍ਹੀ ਦੇ ਭਰਾ ਨੂੰ ਆਉਣ ਵਾਲੇ ਸੁਪਨਿਆਂ ਨੂੰ ਵੀ ਸਬੂਤ ਮੰਨਿਆ ਜਾ ਸਕਦਾ ਹੈ, ਜਿਸ 'ਚ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਉਸ ਦੀ ਭੈਣ ਨੂੰ ਘਸੀਟਿਆ ਜਾ ਰਿਹਾ ਸੀ ਤਾਂ ਉਸ ਨੇ ਉਸ ਦਾ ਨਾਂਅ ਜਰੂਰ ਪੁਕਾਰਿਆ ਹੋਵੇਗਾ? ਕੀ ਹੁਣ ਉਨ੍ਹਾਂ ਯਾਦਾਂ ਨੂੰ ਵੀ ਬਤੌਰ ਸਬੂਤ ਮਾਨਤਾ ਹਾਸਲ ਹੋਵੇਗੀ, ਜੋ ਕਿ ਪੀੜ੍ਹਤ ਪਰਿਵਾਰ ਕੋਲ ਬਚੀਆਂ ਹਨ?
ਕੀ ਸਬੂਤਾਂ 'ਚ ਉਹ ਨਵੀਂ ਸੈਂਡਲ ਵੀ ਹੋਵੇਗੀ, ਜਿਸ ਨੂੰ ਮ੍ਰਿਤਕ ਨੇ ਅਜੇ ਪਾ ਕੇ ਵੀ ਨਹੀਂ ਵੇਖਿਆ ਸੀ?
ਮ੍ਰਿਤਕ ਕੁੜ੍ਹੀ ਕਹਿਆ ਕਰਦੀ ਸੀ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਦੀ ਸ਼ੁਰੂਆਤ ਕੀਤੀ ਹੈ।ਭਾਵੇਂ ਉਹ ਆਪ ਜ਼ਿਆਦਾ ਨਹੀਂ ਪੜ੍ਹੀ ਸੀ ਪਰ ਆਪਣੀ ਭਾਬੀ ਨੂੰ ਜ਼ਰੂਰ ਕਿਹਾ ਕਰਦੀ ਸੀ ਕਿ ਉਸ ਦੀਆਂ ਤਿੰਨੇ ਭਤੀਜੀਆਂ ਸਕੂਲ ਜ਼ਰੂਰ ਜਾਣਗੀਆਂ।

ਤਸਵੀਰ ਸਰੋਤ, CHINKI SINHA/BBC
'ਧੀ ਦੀਆਂ ਚੀਜ਼ਾਂ ਨਾ ਹੀ ਸੁੱਟਾਂਗੇ ਅਤੇ ਨਾ ਹੀ ਕਿਸੇ ਨੂੰ ਦੇਵਾਂਗੇ'
ਪ੍ਰੀਤੀ ਕਹਿੰਦੀ ਹੈ, "ਪਿੰਡ ਦੀਆਂ ਕੁੜ੍ਹੀਆ ਦੇ ਕੋਈ ਵੱਡੇ ਸੁਪਨੇ ਨਹੀਂ ਹੁੰਦੇ ਹਨ। ਤੁਸੀਂ ਤਾਂ ਸ਼ਹਿਰ ਤੋਂ ਆਉਂਦੇ ਹੋ। ਸਾਡੇ ਲਈ ਇਹ ਸਵਾਲ ਕੋਈ ਮਾਇਨੇ ਨਹੀਂ ਰੱਖਦੇ ਹਨ।"
ਉਸ ਕੁੜ੍ਹੀ ਨੇ ਸਿਰਫ ਇੱਕ ਵਾਰ ਹੀ ਪਿੰਡ ਤੋਂ ਬਾਹਰ ਪੈਰ ਰੱਖਿਆ ਸੀ, ਉਹ ਵੀ ਉਦੋਂ ਜਦੋਂ ਉਹ ਆਪਣੀ ਚਾਚੀ ਦੀ ਦੇਖਭਾਲ ਲਈ ਦਿੱਲੀ ਗਈ ਸੀ, ਜਾਂ ਫਿਰ ਬਚਪਨ 'ਚ ਉਹ ਇੱਕ ਵਾਰ ਆਪਣੀ ਨਾਨੀ ਦੇ ਪਿੰਡ ਗਈ ਸੀ।
ਪ੍ਰੀਤੀ ਯਾਦ ਕਰਦਿਆਂ ਕਹਿੰਦੀ ਹੈ, "ਦੀਦੀ ਤਾਂ ਹਮੇਸ਼ਾਂ 'ਚ ਕੰਮ 'ਚ ਲੱਗੀ ਰਹਿੰਦੀ ਸੀ।"
ਨਣਦ ਦੇ ਜਾਣ ਨਾਲ ਸੰਧਿਆ ਦੀ ਜ਼ਿੰਦਗੀ 'ਚ ਬਹੁਤ ਖਾਲੀਪਣ ਆ ਗਿਆ ਹੈ। ਉਸ ਦੀ ਕਮੀ ਤਾਂ ਸੰਧਿਆ ਨੂੰ ਹਮੇਸ਼ਾਂ ਹੀ ਮਹਿਸੂਸ ਹੁੰਦੀ ਰਹੇਗੀ। ਜਦੋਂ ਸੰਧਿਆ ਵਿਆਹ ਕੇ ਇਸ ਘਰ 'ਚ ਆਈ ਸੀ ਤਾਂ ਉਸ ਸਮੇਂ ਮ੍ਰਿਤਕਾ ਬਹੁਤ ਛੋਟੀ ਸੀ। ਹੌਲੀ-ਹੌਲੀ ਨਣਾਨ-ਭਰਜਾਈ ਪੱਕੀਆਂ ਸਹੇਲੀਆਂ ਬਣ ਗਈਆਂ ਸਨ। ਸੰਧਿਆ ਉਸ ਨਾਲ ਮਿਲ ਕੇ ਪੁਰਾਣੀ ਸਿਲਾਈ ਮਸ਼ੀਨ 'ਤੇ ਕੱਪੜੇ ਸਿਲਾਈ ਕਰਦੀ ਸੀ।
ਧੀ ਨੂੰ ਯਾਦ ਕਰਦਿਆਂ ਹੁਣ ਵੀ ਮਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਉਹ ਆਪਣੀ ਧੀ ਦੀਆਂ ਖੂਬੀਆਂ ਗਿਣਵਾਉਂਦੀ ਹੋਈ ਕਹਿੰਦੀ ਹੈ, " ਉਸ ਦੀ ਨੱਕ ਸਿੱਧੀ ਸੀ। ਉਹ ਬਹੁਤ ਹੀ ਖੂਬਸੂਰਤ ਸੀ। ਉਸ ਦੀਆਂ ਚੀਜ਼ਾਂ ਤਾਂ ਅਜੇ ਵੀ ਘਰ 'ਚ ਪਈਆਂ ਹਨ। ਅਸੀਂ ਉਹ ਚੀਜ਼ਾਂ ਨਾ ਹੀ ਸੁੱਟਾਂਗੇ ਅਤੇ ਨਾ ਹੀ ਕਿਸੇ ਨੂੰ ਦੇਵਾਂਗੇ।"
ਵੈਸੇ ਵੀ ਕੁੱਝ ਜ਼ਿਆਦਾ ਸਮਾਨ ਨਹੀਂ ਹੈ। ਕੁੱਝ ਕੱਪੜੇ -ਲੱਤੇ, ਇੱਕ ਜੋੜੀ ਨਵੀਂ ਸੈਂਡਲ, ਚੱਪਲ, ਕੁੱਝ ਸਸਤੀਆਂ ਵਾਲੀਆਂ, ਜੋ ਕਿ ਉਸ ਨੇ ਹਾਲ 'ਚ ਦੀਵਾਲੀ 'ਤੇ ਪਹਿਣਨ ਲਈ ਖਰੀਦੀਆਂ ਸਨ, ਇੱਕ ਨੀਲੇ ਰੰਗ ਦਾ ਗਾਊਨ , ਜੋ ਕਿ ਉਸ ਨੂੰ ਭਾਬੀ ਨੇ ਉਦੋਂ ਦਿੱਤਾ ਸੀ ਜਦੋਂ ਪਿਛਲੇ ਸਾਲ ਪਰਿਵਾਰ 'ਚ ਵਿਆਹ ਸੀ। ਸਿਰਫ ਇਹੀ ਸਮਾਨ ਘਰ 'ਚ ਹੈ।
ਇੱਕ ਵਾਰ ਉਸ ਨੇ ਇਕ ਚਟਾਈ ਬੁਨੀ ਸੀ ਅਤੇ ਤਿੰਨ ਝਾੜੂ ਵੀ ਬਣਾਏ ਸਨ। ਹੁਣ ਟੀਵੀ ਵਾਲਿਆਂ ਨੂੰ ਵਿਖਾਉਣ ਲਈ ਉਹ ਬਾਹਰ ਹੀ ਰੱਖੇ ਹੋਏ ਹਨ। ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ਕੁੜ੍ਹੀ ਹੈ ਕੀ ਸੀ। ਉਸ ਦੇ ਸੁਪਨੇ ਕਿਸ ਤਰ੍ਹਾਂ ਦੇ ਸਨ ਜਾਂ ਉਸ ਨੂੰ ਸਭ ਤੋਂ ਵੱਧ ਡਰ ਕਿਸ ਤੋਂ ਲੱਗਦਾ ਸੀ।
ਉਹ ਹਮੇਸ਼ਾਂ ਆਪਣਾ ਅੰਗੁਠਾ ਚੂਸਦੀ ਰਹਿੰਦੀ ਸੀ। ਸੰਧਿਆ ਨੇ ਤਾਂ ਇਕ ਵਾਰ ਉਸ ਦੇ ਅੰਗੂਠੇ 'ਤੇ ਨਿਮ ਦੀਆਂ ਪਤੀਆਂ ਵੀ ਪੀਸ ਕੇ ਲਗਾ ਦਿੱਤੀਆਂ ਸਨ, ਤਾਂ ਜੋ ਉਸ ਦੀ ਇਹ ਆਦਤ ਛੁੱਟ ਜਾਵੇ। ਪਰ ਉਹ ਸੌਣ ਲੱਗਿਆ ਮੂੰਹ 'ਚ ਅੰਗੂਠਾ ਪਾ ਕੇ ਹੀ ਸੌਂਦੀ ਸੀ।
ਸੰਧਿਆ ਯਾਦ ਕਰਦਿਆਂ ਕਹਿੰਦੀ ਹੈ, "ਉਸ ਨੇ ਕਦੇ ਵੀ ਆਪਣੇ ਨਹੁੰਆਂ 'ਤੇ ਨੇਲ ਪਾਲਿਸ਼ ਨਹੀਂ ਲਗਾਈ ਸੀ।"

ਤਸਵੀਰ ਸਰੋਤ, CHINKI SINHA/BBC
'ਆਪਣਾ ਹੀ ਘਰ ਪਰਾਇਆ ਹੋਇਆ'
ਘਰ ਦਾ ਟੀਵੀ ਇੱਕ ਕੋਨੇ 'ਚ ਪਿਆ ਹੈ। ਪਰਿਵਾਰ ਨੇ ਉਸ ਟੀਵੀ ਨੂੰ ਉਦੋਂ ਦਾ ਨਹੀਂ ਲਗਾਇਆ ਹੈ ਜਦੋਂ ਦੀ ਉਹ ਖੇਤਾਂ 'ਚ ਬੇਹੋਸ਼ ਮਿਲੀ ਸੀ।ਘਰ ਦੇ ਕਮਰਿਆਂ 'ਚ ਹਰਾ ਰੰਗ ਰੌਗਣ ਹੋ ਰੱਖਿਆ ਹੈ।
ਘਰ ਦੇ ਸਾਰੇ ਮੈਂਬਰ ਇੱਥੇ ਹੀ ਇੱਕਠੇ ਹੁੰਦੇ ਸਨ। ਮਾਂ-ਪਿਓ ਨੂੰ ਰੋਟੀ ਖਵਾਉਣ ਤੋਂ ਬਾਅਦ ਉਹ ਆਪਣੇ ਭਰਾ-ਭਰਜਾਈ ਨਾਲ ਹੀ ਰੋਟੀ ਖਾਂਦੀ ਸੀ।ਪਰ ਹੁਣ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਰੋਟੀ ਚੁੱਖ ਬਣਾਉਣ ਦਾ ਸਮਾਂ ਹੀ ਨਹੀਂ ਮਿਲਿਆ।
6 ਅਕਤੂਬਰ ਨੂੰ ਪ੍ਰੀਤੀ ਨੇ ਖਾਣਾ ਬਣਾਇਆ ਸੀ, ਪਰ ਕਿਸੇ ਨੇ ਵੀ ਨਾ ਖਾਧਾ। ਜਦੋਂ ਕੋਈ ਬਾਹਰ ਦਾ ਵਿਅਕਤੀ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਹ ਚੁੱਪਚਾਪ ਸੁਣਦੇ ਰਹਿੰਦੇ ਹਨ ਅਤੇ ਜਦੋਂ ਉਨ੍ਹਾਂ ਤੋਂ ਬਾਈਟ ਮੰਗੀ ਜਾਂਦੀ ਹੈ ਤਾਂ ਹੀ ਉਹ ਕੁੱਝ ਬੋਲਦੇ ਹਨ।
ਪਰਿਵਾਰ ਲਈ ਤਾਂ ਇਹ ਰੋਜ਼ ਦਾ ਹੀ ਸੰਘਰਸ਼ ਹੈ। ਆਪਣੇ ਹੀ ਘਰ 'ਚ ਉਹ ਉੱਥੇ ਬੈਠਦੇ ਹਨ, ਜਿੱਥੇ ਉਨ੍ਹਾਂ ਨੂੰ ਬੈਠਣ ਲਈ ਕਿਹਾ ਜਾਂਦਾ ਹੈ।ਘਰ ਦੇ ਵਰਾਂਡੇ 'ਚ ਕ੍ਰਿਸ਼ਨ, ਰਾਮ, ਲਕਸ਼ਮੀ ਅਤੇ ਹੋਰ ਦੂਜੇ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰਾਂ ਕੰਧ 'ਤੇ ਲੱਗੀਆਂ ਹੋਈਆਂ ਹਨ। ਘਰ ਦੇ ਅੰਦਰ ਜੋ ਪੂਜਾ ਘਰ ਹੈ, ਉਸ 'ਚ ਵੀ ਹਿੰਦੂ ਭਗਵਾਨ ਮੌਜੂਦ ਹਨ।
ਹਾਲ 'ਚ ਹੀ ਕਿਸੇ ਨੇ ਉਨ੍ਹਾਂ ਨੂੰ ਬੁੱਧ ਦੀ ਮੂਰਤੀ ਅਤੇ ਪੋਸਟਰ ਤੋਹਫ਼ੇ ਵੱਜੋਂ ਦਿੱਤਾ ਸੀ। ਪਰਿਵਾਰ ਨੂੰ ਹੁਣ ਯਾਦ ਨਹੀਂ ਹੈ ਕਿ ਇਹ ਮੂਰਤੀ ਕਿਸ ਨੇ ਉਨ੍ਹਾਂ ਨੂੰ ਭੇਟ ਕੀਤੀ ਸੀ। ਪਰ ਅਗਲੇ ਦਿਨ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ, ਬੁੱਧ ਦੀ ਮੂਰਤੀ ਉੱਥੇ ਪਈ ਵਿਖਾਈ ਦਿੰਦੀ ਹੈ। ਇਹ ਮੂਰਤੀ ਉਮੀਦਾਂ ਦਾ ਪ੍ਰਤੀਕ ਹੈ।
ਇਸ ਨਾਲ ਉਨ੍ਹਾਂ ਨੂੰ ਆਪਣੀ ਧੀ ਅਤੇ ਉਨ੍ਹਾਂ ਬਾਰੇ ਫੈਲ ਰਹੀਆਂ ਅਫ਼ਵਾਹਾਂ ਨਾਲ ਲੜ੍ਹਨ ਦੀ ਤਾਕਤ ਮਿਲੇਗੀ। ਪਿੰਡ 'ਚ ਉਨ੍ਹਾਂ ਦੀ ਗਿਣਤੀ ਭਾਵੇਂ ਹੀ ਘੱਟ ਹੈ, ਪਰ ਫਿਰ ਵੀ ਪਰਿਵਾਰ ਨੇ ਤੈਅ ਕੀਤਾ ਹੈ ਕਿ ਉਹ ਆਪਣੀ ਧੀ ਨੂੰ ਨਿਆਂ ਜ਼ਰੂਰ ਦਵਾਉਣਗੇ। ਨਿਆਂ ਦੀ ਇਸ ਜੰਗ 'ਚ ਉਹ ਪਿੱਛੇ ਨਹੀਂ ਹੱਟਣਗੇ।

ਤਸਵੀਰ ਸਰੋਤ, CHINKI SINHA/BBC
'ਪ੍ਰੇਮ ਸਬੰਧ ਦੀਆਂ ਅਫ਼ਵਾਹਾਂ, ਪੁਰਾਣੀ ਲੜਾਈ ਅਤੇ ਅੰਤਰਰਾਸ਼ਟਰੀ ਸਾਜਿਸ਼'
ਪਰਿਵਾਰਾਂ ਵਿਚਾਲੇ ਪੁਰਾਣੀ ਖਿੱਚੋਤਾਣ, ਪ੍ਰੇਮ ਸਬੰਧ ਦੀਆਂ ਅਫ਼ਵਾਹਾਂ, ਆਰੋਪੀ ਅਤੇ ਮ੍ਰਿਤਕ ਕੁੜ੍ਹੀ ਦੇ ਭਰਾ ਦਰਮਿਆਨ ਹੋਈ ਗੱਲਬਾਤ ਦੇ ਕਾਲ ਰਿਕਾਰਡ ਅਤੇ ਹਿੰਸਾ ਨੂੰ ਭੜਕਾਉਣ ਲਈ ਵਿਦੇਸ਼ਾਂ ਤੋਂ ਹੋਈ ਫੰਡਿੰਗ ਹੀ ਇਸ ਮਾਮਲੇ ਦੇ ਨਵੇਂ ਮੋੜ ਨਹੀਂ ਹਨ।
ਮ੍ਰਿਤਕ ਕੁੜ੍ਹੀ ਦੇ ਘਰ ਦੇ ਬਾਹਰ ਇੱਕ ਔਰਤ ਖੜ੍ਹੀ ਹੈ। ਉਹ ਵਾਲਮੀਕੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਉਹ ਇਸ ਮਾਮਲੇ 'ਤੇ ਕੁੱਝ ਵੀ ਨਹੀਂ ਕਹਿਣਾ ਚਾਹੁੰਦੀ ਹੈ। ਇੱਥੇ ਹਰ ਕੋਈ ਚੁੱਪ ਧਾਰੀ ਬੈਠਾ ਹੈ।
ਦੂਜੇ ਪਾਸੇ ਠਾਕੁਰਾਂ ਦੇ ਘਰ ਦੇ ਬਾਹਰ ਇੱਕ ਆਰੋਪੀ ਰਾਮੂ ਦੀ ਮਾਂ ਰਾਜਵਤੀ ਦੇਵੀ ਕਹਿੰਦੀ ਹੈ, "ਆਰੋਪੀ ਬੇਕਸੂਰ ਹਨ। ਉੱਥੇ ਲੋਕ ਕੀ ਕਰ ਰਹੇ ਹਨ? ਅਸੀਂ ਤਾਂ ਨਾਰਕੋ ਟੈਸਟ ਕਰਵਾਉਣ ਲਈ ਵੀ ਤਿਆਰ ਹਾਂ। ਪਰ ਉਹ ਟੈਸਟ ਲਈ ਕਿਉਂ ਨਹੀਂ ਤਿਆਰ ਹੋ ਰਹੇ ਹਨ?"
ਕੁੜ੍ਹੀ ਦੀ ਚਾਚੀ ਗੁੱਸੇ 'ਚ ਕਹਿੰਦੀ ਹੈ, "ਉਨ੍ਹਾਂ ਨੇ ਤਾਂ ਸਾਨੂੰ ਆਪਣੀ ਧੀ ਦਾ ਆਖ਼ਰੀ ਵਾਰ ਮੂੰਹ ਵੀ ਵੇਖਣ ਤੱਕ ਨਹੀਂ ਦਿੱਤਾ। ਅਸੀਂ ਗਰੀਬ ਜ਼ਰੂਰ ਹਾਂ, ਪਰ ਨਿਆਂ ਲਈ ਲੜਾਂਗੇ।"
ਪਿੰਡ 'ਚ ਅਜਿਹੀ ਖਾਮੋਸ਼ੀ ਅਤੇ ਇਕ ਦੂਜੇ 'ਤੇ ਇਲਜ਼ਾਮ ਲਗਾਉਣ ਵਾਲੇ ਬਿਆਨਾਂ ਦਾ ਹੀ ਬੋਲ ਬਾਲਾ ਹੈ।
ਇਸ ਸਭ ਦੇ ਵਿਚਾਲੇ ਜੋ ਇੱਕ ਸੱਚ ਹੈ, ਉਹ ਇਹ ਕਿ ਇੱਕ ਦਲਿਤ ਕੁੜ੍ਹੀ ਨੂੰ ਮਾਰ ਦਿੱਤਾ ਗਿਆ ਹੈ। ਸਵਾਲ ਇਹ ਹੈ ਕਿ ਅਸੀਂ ਕੀ ਸੁਣਨਾ ਚਾਹੁੰਦੇ ਹਾਂ? ਅਤੇ ਜਦੋਂ ਅਸੀਂ ਬਹੁਤ ਨਜ਼ਦੀਕ ਪਹੁੰਚ ਜਾਂਦੇ ਹਾਂ ਤਾਂ ਕੀ ਵਿਖਾਈ ਦਿੰਦਾ ਹੈ।
ਪੋਸਟ ਟਰੁੱਥ ਦਾ ਅੱਡਾ ਬਣ ਚੁੱਕੇ ਇਸ ਪਿੰਡ 'ਚ ਘੁੰਮ ਕੇ ਪੂਰੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬਤੌਰ ਇੱਕ ਮਹਿਲਾ ਅਤੇ ਪੱਤਰਕਾਰ ਵੱਜੋਂ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ। ਉਸ ਸਮੇਂ ਤੁਹਾਨੂੰ ਲੋਕਾਂ ਦੇ ਸਮੂਹਿਕ ਤਜ਼ਰਬੇ ਦਾ ਅੰਦਾਜ਼ਾ ਹੋਣ ਲੱਗਦਾ ਹੈ ਅਤੇ ਬਾਜਰੇ ਦੇ ਖੇਤਾਂ ਤੋਂ ਡਰ ਲੱਗਣ ਲੱਗਦਾ ਹੈ।

ਤਸਵੀਰ ਸਰੋਤ, CHINKI SINHA/BBC
'ਬਾਜਰੇ ਦੇ ਖੇਤ ਜਬਰ ਜ਼ਿਨਾਹ ਦੀ ਯਾਦ ਦਵਾਉਂਦੇ ਹਨ'
ਪ੍ਰੀਤੀ ਕਹਿੰਦੀ ਹੈ ਕਿ ਉਸ ਨੂੰ ਕਦੇ ਵੀ ਇਸ ਗੱਲ ਤੋਂ ਡਰ ਨਹੀਂ ਲੱਡਿਆ ਕਿਉਂਕਿ ਉਹ ਤਾਂ ਹਰ ਸਵੇਰ ਡੰਗਰ ਪਸ਼ੂਆਂ ਲਈ ਚਾਰਾ ਕੱਟਣ ਲਈ ਉਨ੍ਹਾਂ ਖੇਤਾਂ 'ਚ ਜਾਂਦੀ ਸੀ। ਪਰ ਹੁਣ ਉਹੀ ਬਾਜਰੇ ਦੇ ਖੇਤ ਬਲਾਤਕਾਰ ਅਤੇ ਕਤਲ ਦਾ ਠਿਕਾਣਾ ਮਹਿਸੂਸ ਹੁੰਦੇ ਹਨ।
6 ਅਕਤੂਬਰ ਨੂੰ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਤਿੰਨ ਮਹਿਲਾਵਾਂ ਨੇ ਸਾਨੂੰ ਵੇਖ ਕੇ ਹੱਥ ਹਿਲਾਇਆ ਅਤੇ ਕਿਹਾ , "ਇੱਥੇ ਇੱਕਲੇ ਨਾ ਘੁੰਮੋ, ਇੱਥੇ ਖ਼ਤਰਾ ਹੈ।"
ਜਿਸ ਜਗ੍ਹਾ ਕੁੜ੍ਹੀ ਨੂੰ ਘਸੀਟਿਆ ਗਿਆ ਸੀ, ਅਸੀਂ ਉਸ ਥਾਂ 'ਤੇ ਕੁੱਝ ਦੇਰ ਲਈ ਰੁਕੇ।
ਇੱਥੇ ਹਨੇਰੇ ਸਾਡਾ ਪਰਛਾਵਾਂ ਨਹੀਂ ਹੈ ਅਤੇ ਨਾ ਹੀ ਦਿਨ ਦੀ ਰੌਸ਼ਨੀ ਸਾਡੀ ਹਮਸਫ਼ਰ ਹੈ।
ਮੇਰੇ ਦਿਮਾਗ 'ਚ ਜੋ ਦ੍ਰਿਸ਼ ਘਰ ਕਰ ਗਿਆ ਹੈ, ਉਹ ਹੈ ਮੋਤੀ ਲੱਗੇ ਉਹ ਨਵੇਂ ਸੈਂਡਲ, ਜੋ ਕਿ ਉਸ ਕੁੜ੍ਹੀ ਨੇ ਇੱਕ ਵਾਰ ਵੀ ਪਾਏ ਹੀ ਨਹੀਂ ਸਨ ਅਤੇ ਜਿੰਨਾਂ 'ਤੇ ਅਜੇ ਵੀ ਟੈਗ ਲੱਗਿਆ ਹੋਇਆ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












