ਚੀਨ ਨੇ ਐਲਏਸੀ ਤੇ ਫਿਰ ਉਕਸਾਉਣ ਵਾਲੀ ਕਾਰਵਾਈ ਕੀਤੀ: ਭਾਰਤ

ਭਾਰਤ ਨੇ ਕਿਹਾ ਹੈ ਕਿ ਚੀਨ ਨੇ 29 ਤੇ 30 ਅਗਸਤ ਦੀ ਰਾਤ ਨੂੰ ਪੈਂਗੋਂਗ ਲੇਕ ਦੇ ਸਾਊਥ ਬੈਂਕ ਖੇਤਰ ਵਿੱਚ ਭੜਕਾਉਣ ਵਾਲੀ ਹਰਕਤ ਕਰਦੇ ਹੋਏ, ਯਥਾਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ। ਇਸ ਦੇ ਅਗਲੇ ਦਿਨ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਜਿਸ ਨੂੰ ਨਾਕਾਮ ਕੀਤਾ ਗਿਆ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਵੇਂ ਭਾਰਤੀ ਸੈਨਾ ਨੇ ਇੱਕ ਦਿਨ ਪਹਿਲਾਂ ਦੱਸਿਆ ਸੀ, ਭਾਰਤ ਨੇ ਇਨ੍ਹਾਂ ਉਕਸਾਉਣ ਵਾਲੀਆਂ ਗਤੀਵਿਧੀਆਂ ਦਾ ਜਵਾਬ ਦਿੱਤਾ ਤੇ ਐਲਏਸੀ ਤੇ ਆਪਣੇ ਹਿਤਾਂ ਦੀ ਰੱਖਿਆ ਲਈ ਕਾਰਵਾਈ ਕੀਤੀ।

ਚੀਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਦੋਵਾਂ ਦੇਸਾਂ ਵਿਚਾਲੇ ਗੱਲਬਾਤ ਦੌਰਾਨ ਬਣੀ ਸਹਿਮਤੀ ਦੀ ਉਲੰਘਣਾ ਕੀਤੀ ਹੈ ਤੇ ਸੋਮਵਾਰ ਨੂੰ ਮੁੜ ਤੋਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਪਾਰ ਕੀਤਾ ਹੈ।

ਪੀਐੱਲਏ ਦੀ ਵੈਸਟਰਨ ਥਿਏਟਰ ਕਮਾਂਡ ਵੱਲੋਂ ਜਾਰੀ ਇਸ ਬਿਆਨ ਵਿੱਚ ਕਿਹਾ, "ਭਾਰਤ ਛੇਤੀ ਹੀ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਏ, ਜੋ ਐੱਲਏਸੀ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰ ਗਈਆਂ ਹਨ।"

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਚੀਨੀ ਫੌਜੀਆਂ ਨਾਲ ਪੂਰਬੀ ਲੱਦਾਖ ਵਿਚ ਸਰਹੱਦ ਉੱਤੇ ਬਣੀ ਸਹਿਮਤੀ ਦੀ ਉਲੰਘਣਾ ਹੋਈ ਹੈ।

ਸਰਕਾਰ ਨੇ ਕਿਹਾ ਹੈ ਕਿ ਚੀਨ ਫੌਜੀਆਂ ਨੇ ਭੜਕਾਊ ਕਦਮ ਚੁੱਕਦੇ ਹੋਏ ਸਰਹੱਦ ਉੱਤੇ ਯਥਾਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀਆਂ ਫੌਜੀਆਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ।

ਭਾਰਤੀ ਫੌਜ ਦਾ ਬਿਆਨ ਭਾਰਤ ਸੀ ਸਰਕਾਰੀ ਲੋਕ ਸੰਪਰਕ ਏਜੰਸੀ ਪੀਆਈਬੀ ਨੇ ਜਾਰੀ ਕੀਤਾ ਸੀ।

ਬਿਆਨ ਦੇ ਅਨੁਸਾਰ, "ਭਾਰਤੀ ਸੈਨਿਕਾਂ ਨੇ ਪੰਗੋਂਗ ਤਸੋ ਝੀਲ ਵਿੱਚ ਚੀਨੀ ਸੈਨਿਕਾਂ ਦੇ ਭੜਕਾਉ ਕਦਮ ਨੂੰ ਰੋਕ ਦਿੱਤਾ ਹੈ।”

“ਭਾਰਤੀ ਫੌਜ ਗੱਲਬਾਤ ਰਾਹੀਂ ਸ਼ਾਂਤੀ ਬਹਾਲ ਕਰਨ ਦੇ ਹੱਕ ਵਿੱਚ ਹੈ, ਪਰ ਇਸ ਦੇ ਨਾਲ ਹੀ ਆਪਣੇ ਖੇਤਰ ਦੀ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ। ਪੂਰੇ ਵਿਵਾਦ 'ਤੇ ਬ੍ਰਿਗੇਡ ਕਮਾਂਡਰ ਪੱਧਰ 'ਤੇ ਬੈਠਕ ਚੱਲ ਰਹੀ ਹੈ।"

ਚੀਨ ਨੇ ਕੀ ਕਿਹਾ?

ਚੀਨ ਦੀ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਚੀਨੀ ਫੌਜਾਂ ਪੂਰੇ ਤਰੀਕੇ ਨਾਲ ਲਾਈਨ ਆਫ ਐਕਚੁਅਲ ਕੰਟਰੋਲ ਦੀ ਸਨਮਾਨ ਕਰਦੀਆਂ ਹਨ ਤੇ ਉਨ੍ਹਾਂ ਨੇ ਕਦੇ ਵੀ ਉਸ ਨੂੰ ਲਾਂਘਿਆ ਨਹੀਂ ਹੈ।

ਚੀਨ ਦੇ ਸਰਕਾਰੀ ਮੀਡੀਆ ਅਦਾਰੇ ਗਲੋਬਲ ਟਾਈਮਜ਼ ਅਨੁਸਾਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਸੀ ਕਿ ਦੋਵੇਂ ਦੇਸਾਂ ਦੀਆਂ ਫੌਜਾਂ ਵਿਚਾਲੇ ਸਰਹੱਦ ਨਾਲ ਜੁੜੇ ਵਿਸ਼ਿਆਂ ਬਾਰੇ ਗੱਲਬਾਤ ਹੋ ਰਹੀ ਹੈ।

ਭਾਰਤੀ ਫ਼ੌਜ ਅਨੁਸਾਰ ਇਹ ਘਟਨਾ 29 ਅਗਸਤ ਦੀ ਰਾਤ ਨੂੰ ਹੋਈ ਸੀ। ਭਾਰਤੀ ਫੌਜ ਨੇ ਕਿਹਾ ਹੈ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਸਰਹੱਦ 'ਤੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਸੁਚੇਤ ਭਾਰਤੀ ਸੈਨਿਕਾਂ ਨੇ ਅਜਿਹਾ ਨਹੀਂ ਹੋਣ ਦਿੱਤਾ।

ਇਸ ਭੜਕਾਊ ਹਾਲਾਤ ਨੂੰ ਸ਼ਾਂਤ ਕਰਨ ਲਈ ਬ੍ਰਿਗੇਡ ਪੱਧਰ ਦੇ ਅਧਿਕਾਰੀਆਂ ਵਿਚਾਲੇ ਬੈਠਕ ਚੱਲ ਰਹੀ ਹੈ।

ਪਿਛਲੇ ਹਫ਼ਤੇ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਚੀਨ ਨਾਲ ਅਸਲ ਕੰਟਰੋਲ ਰੇਖਾ ਯਾਨੀ ਐਲ.ਏ.ਸੀ. 'ਤੇ ਤਣਾਅ 1962 ਤੋਂ ਬਾਅਦ ਦੀ ਸਭ ਤੋਂ ਗੰਭੀਰ ਸਥਿਤੀ 'ਚ ਹੈ।

ਐਸ ਜੈਸ਼ੰਕਰ ਨੇ ਕਿਹਾ ਸੀ, "ਇਹ ਨਿਸ਼ਚਤ ਤੌਰ'ਤੇ 1962 ਤੋਂ ਬਾਅਦ ਦੀ ਸਭ ਤੋਂ ਗੰਭੀਰ ਸਥਿਤੀ ਹੈ। 45 ਸਾਲਾਂ ਬਾਅਦ ਚੀਨ ਨਾਲ ਟਕਰਾਅ ਵਿਚ ਫ਼ੌਜੀਆਂ ਦਾ ਜਾਨੀ ਨੁਕਸਾਨ ਹੋਇਆ ਹੈ। ਸਰਹੱਦ 'ਤੇ ਦੋਵਾਂ ਪਾਸਿਆਂ ਤੋਂ ਫੌਜਾਂ ਦੀ ਤਾਇਨਾਤੀ ਵੀ ਸਭ ਦੇ ਸਾਹਮਣੇ ਹੈ।''

ਇਹ ਵੀ ਪੜ੍ਹੋ

ਕੀ ਹੈ ਵਿਵਾਦ ਦਾ ਜੜ੍ਹ

ਇਸ ਸਾਲ ਦੇ ਸ਼ੁਰੂ ਵਿਚ ਲੱਦਾਖ ਖਿੱਤੇ ਵਿਚ ਚੀਨੀ ਫੌਜ ਵਲੋਂ ਕੈਂਪ ਲਗਾਉਣ ਦੇ ਮਸਲੇ ਉੱਤੇ ਪੈਦਾ ਹੋਇਆ ਵਿਵਾਦ ਅਜੇ ਹੱਲ ਨਹੀਂ ਹੋਇਆ ਹੈ। ਇਸ ਬਾਬਤ ਹੁਣ ਤੱਕ ਗੱਲਬਾਤ ਦੇ 5 ਦੌਰ ਹੋ ਚੁੱਕੇ ਹਨ।

ਹਫ਼ਤਾ ਕੂ ਪਹਿਲਾਂ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ ਵਿਪਨ ਰਾਵਤ ਨੇ ਕਿਹਾ ਸੀ ਕਿ ਜੇਕਰ ਭਾਰਤ ਫੌਜ ਅਤੇ ਕੂਟਨੀਤਕ ਗੱਲਬਾਤ ਰਾਹੀ ਮਸਲਾ ਹੱਲ ਨਹੀਂ ਹੁੰਦਾ ਤਾਂ ਚੀਨ ਖ਼ਿਲਾਫ਼ ਭਾਰਤ ਕੋਲ "ਫੌਜੀ ਵਿਕਲਪ" ਮੌਜੂਦ ਹੈ।

ਭਾਰਤ ਅਤੇ ਚੀਨ ਵਿਚਾਲੇ ਅਪ੍ਰੈਲ-ਮਈ ਤੇ ਮੱਧ ਵਿਚ ਸ਼ੁਰੂ ਹੋਇਆ ਵਿਵਾਦ 15 ਜੂਨ ਨੂੰ ਸਿਖ਼ਰ ਉੱਤੇ ਪਹੁੰਚ ਗਿਆ ਸੀ। ਉਦੋ ਗਲਵਾਨ ਵਾਦੀ ਵਿਚ ਦੋਵਾਂ ਫੌਜਾਂ ਵਿਚਾਲੇ ਹੋਈ ਝੜਪ ਵਿਚ ਭਾਰਤ ਦੇ 20 ਜਵਾਨ ਮਾਰੇ ਗਏ ਸਨ, ਚੀਨ ਦਾ ਵੀ ਜਾਨੀ ਨੁਕਸਾਨ ਹੋਇਆ ਸੀ,ਪਰ ਚੀਨ ਵਲੋਂ ਅਧਿਕਾਰਤ ਅੰਕੜਾ ਜਨਤਕ ਨਹੀਂ ਕੀਤਾ ਗਿਆ ਸੀ।

ਦੋਵਾਂ ਦੇਸਾਂ ਵਿਚਾਲੇ ਆਪੋ-ਆਪਣੀਆਂ ਫੌਜਾਂ ਪਿੱਛੇ ਹਟਾਉਣ ਉੱਤੇ ਸਹਿਮਤੀ ਬਣੀ ਸੀ, ਇਹ ਪ੍ਰਕਿਰਿਆ ਸ਼ੁਰੂ ਹੋ ਜਾਣ ਦੀਆਂ ਰਿਪੋਰਟਾਂ ਵੀ ਆਈਆਂ ਪਰ ਇਹ ਅਜੇ ਤੱਕ ਪੂਰੀ ਨਹੀਂ ਹੋਈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)