ਪਾਕਿਸਤਾਨ: ਕਰਾਚੀ ਜਹਾਜ਼ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ, ਕ੍ਰੈਸ਼ ਤੋਂ ਪਹਿਲਾਂ ਪਾਇਲਟ ਦੇ ਆਖਰੀ ਬੋਲ ਰਿਕਾਰਡ

ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋਇਆ ਤਾਂ ਕਈ ਜ਼ਿੰਦਗੀਆਂ ਹਲਾਕ ਹੋ ਗਈਆਂ। ਜਹਾਜ਼ ਨੇ ਉਡਾਣ ਲਾਹੌਰ ਤੋਂ ਭਰੀ ਸੀ।

ਹਵਾਈ ਜਹਾਜ਼ ਹਾਦਸੇ ਵਿੱਚ ਹੁਣ ਤੱ 97 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 19 ਦੀ ਸ਼ਿਨਾਖ਼ਤ ਹੋਈ ਹੈ।

ਸਿੰਧ ਦੇ ਸਿਹਤ ਵਿਭਾਗ ਮੁਤਾਬਕ ਜੇਪੀਐਮਸੀ ਹਸਪਤਾਲ ਵਿੱਚ 66 ਅਤੇ 31 ਲਾਸ਼ਾਂ ਕਰਾਚੀ ਸਿਵਲ ਹਸਪਤਾਲ ਲਾਸ਼ਾਂ ਰੱਖੀਆਂ ਗਈਆਂ ਹਨ।

ਇਹ ਜਹਾਜ਼ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਕੰਪਨੀ ਪੀਆਈਏ ਦਾ ਸੀ ਜੋ ਕਿ ਕਰਾਚੀ ਏਅਰਪੋਰਟ 'ਤੇ ਲੈਂਡ ਕਰਨ ਵਾਲਾ ਸੀ।

ਏਅਰਪੋਰਟ 'ਤੇ ਲੈਂਡਿੰਗ ਤੋਂ ਠੀਕ ਪਹਿਲਾਂ ਇਹ ਜਹਾਜ਼ ਰਿਹਾਇਸ਼ੀ ਇਲਾਕੇ ਮਾਡਲ ਕਾਲੌਨੀ ਵਿੱਚ ਡਿੱਗ ਗਿਆ ਜੋ ਕਿ ਏਅਰਪੋਰਟ ਤੋਂ ਕਾਫੀ ਨੇੜੇ ਹੈ।

ਹਾਦਸੇ ਤੋਂ ਬਾਅਦ ਘਟਨਾ ਸਥਾਨ ਤੋਂ ਕਾਲਾ ਧੂੰਆ ਨਿਕਲਦਾ ਹੋਇਆ ਨਜ਼ਰ ਆਇਆ। ਇਸ ਹਾਦਸੇ ਤੋਂ ਬਾਅਦ ਰਿਕਾਰਡ ਕੀਤੇ ਗਏ ਵੀਡੀਓਜ਼ ਵਿੱਚ ਗਲੀ 'ਚ ਖੜ੍ਹੀਆਂ ਗੱਡੀਆਂ ਸੜਦੀਆਂ ਦਿਖਾਈ ਦਿੱਤੀਆਂ।

ਪਾਕਿਸਤਾਨ ਵਿੱਚ ਕੋਰੋਨਾਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਖੋਲ੍ਹੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।

ਅਧਿਕਾਰੀਆਂ ਮੁਤਾਬਕ ਇਸ ਜਹਾਜ਼ ਵਿੱਚ 99 ਲੋਕ ਸਨ। ਇਸ ਵਿੱਚ 91 ਯਾਤਰੀ ਅਤੇ 8 ਕਰੂ ਮੈਂਬਰ ਸਨ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਹ ਜਹਾਜ਼ ਏਅਰਬੱਸ A-320 PK8303 ਦੁਪਹਿਰੇ ਇੱਕ ਵਜੇ ਲਾਹੌਰ ਤੋਂ ਰਵਾਨਾ ਹੋਇਆ ਸੀ।

ਹਾਦਸੇ ਵਾਲੀ ਥਾਂ ਦੇ ਹਾਲਾਤ

ਬੀਬੀਸੀ ਦੇ ਪੱਤਰਕਾਰ ਰਿਆਜ਼ ਸੋਹੇਲ ਹਾਦਸੇ ਵਾਲੀ ਥਾਂ ਤੇ ਪਹੁੰਚੇ। ਜਿਸ ਥਾਂ 'ਤੇ ਜਹਾਜ਼ ਡਿੱਗਿਆ ਉੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ।

ਇਸ ਇਲਾਕੇ ਅੰਦਰ ਰੈਸਕਿਊ ਕਰਨ ਵਾਲਿਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ । ਮੀਡੀਆ ਅਤੇ ਬਾਕੀ ਲੋਕਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ।

ਚਸ਼ਮਦੀਦਾਂ ਨੇ ਕੀ ਕਿਹਾ

ਚਸ਼ਮਦੀਦ ਮੁਹੰਮਦ ਉਜ਼ੇਰ ਖ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਇੱਕ ਬਹੁਤ ਹੀ ਤੇਜ਼ ਆਵਾਜ਼ ਸੁਣੀ ਤੇ ਉਹ ਘਰੋਂ ਬਾਹਰ ਆ ਗਿਆ।

"ਤਕਰੀਬਨ ਚਾਰ ਘਰ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੇ ਸਨ। ਬਹੁਤ ਹੀ ਜ਼ਿਆਦਾ ਅੱਗ ਅਤੇ ਧੂੰਆਂ ਸੀ। ਉਹ ਮੇਰੇ ਗੁਆਂਢੀ ਸਨ। ਮੈਂ ਬਿਆਨ ਨਹੀਂ ਕਰ ਸਕਦਾ ਕਿ ਕਿੰਨੀਆਂ ਭਿਆਨਕ ਤਸਵੀਰਾਂ ਸਨ।"

ਡਾ. ਕੰਵਲ ਨਾਜ਼ਿਮ ਨੇ ਬੀਬੀਸੀ ਉਰਦੂ ਨੂੰ ਦੱਸਿਆ ਉਨ੍ਹਾਂ ਨੇ ਲੋਕਾਂ ਦੀਆਂ ਚੀਖਾਂ ਸੁਣੀਆਂ ਅਤੇ ਵੇਖਿਆ ਕਿ ਮਸਜਿਦ ਦੇ ਨੇੜੇ ਦੇ ਘਰ ਪੂਰੀ ਤਰ੍ਹਾਂ ਢਹਿ ਗਏ।

ਹਾਦਸੇ ਦਾ ਸੀਸੀਟੀਵੀ ਵੀ ਆਇਆ ਸਾਹਮਣੇ

ਬੀਬੀਸੀ ਉਰਦੂ ਦੇ ਪੱਤਰਕਾਰ ਜ਼ੀਸ਼ਾਨ ਹੈਦਰ ਨੇ ਇੱਸ ਘਟਨਾ ਦਾ CCTV ਫੁਟੇਜ ਟਵੀਟ ਕੀਤਾ ਜਿਸ ਵਿੱਚ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਡਿੱਗਦਾ ਦਿਖਾਈ ਦੇ ਰਿਹਾ ਹੈ।

ਜ਼ੀਸ਼ਾਨ ਆਪਣੇ ਟਵੀਟ ਵਿੱ ਲਿਖਦੇ ਹਨ ਕਿ ਫੁਟੇਜ ਵਿੱਚ ਜਹਾਜ਼ ਦੇ ਇੰਜਨ ਵਿੱਚ ਅੱਗ ਨਹੀਂ ਲੱਗੀ ਨਜ਼ਰ ਆ ਰਹੀ ਹੈ।

ਜਹਾਜ਼ ਦੇ ਕਰੈਸ਼ ਹੁੰਦਿਆਂ ਹੀ ਬਹੁਤ ਵੱਡਾ ਧਮਾਕਾ ਹੋਇਆ।

ਇਮਰਾਨ ਖ਼ਾਨ ਨੇ ਜਤਾਇਆ ਦੁੱਖ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਘਟਨਾ ਉੱਤੇ ਦੁਖ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਮੈਂ ਪੀਆਈਏ ਦੇ ਸੀਈਓ ਅਰਸ਼ਦ ਮਲਿਕ ਦੇ ਸੰਪਰਕ ਵਿੱਚ ਹਾਂ।

ਮੈਂ ਘਟਨਾ ਵਾਲੀ ਤਾਂ ਤੇ ਮੌਜੂਦ ਬਚਾਅ ਅਤੇ ਰਾਹਤ ਕਰਮੀਆਂ ਦੇ ਸੰਪਰਕ ਵਿੱਚ ਹਾਂ ਕਿਉਂਕਿ ਇਸ ਸਮੇਂ ਇਹੀ ਅਹਿਮ ਹੈ। ਉਨ੍ਹਾਂ ਕਿਹਾ ਇਸ ਮਾਮਲੇ ਤੇ ਛੇਤੀ ਹੀ ਜਾਂਚ ਬਿਠਾਈ ਜਾਵੇਗੀ। ਮੇਰੀ ਪ੍ਰਾਰਥਨਾ ਤੇ ਸ਼ਰਧਾਂਜਲੀ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹੈ।

ਪਾਇਲਟ ਦੀ ਕੀ ਸੀ ਆਖਰੀ ਗੱਲਬਾਤ

ਪਾਕਿਸਤਾਨ ਦੇ ਦੁਨੀਆਂ ਨਿਊਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਏਅਰ ਟਰੈਫਿਕ ਕੰਟਰੋਲ ਦੀ ਗੱਲਬਾਤ ਦੀ ਰਿਕਾਰਡਿੰਗ ਮਿਲੀ ਸੀ ਜੋ ਕਿ ਮੋਨੀਟਰਿੰਗ ਵੈੱਬਸਾਈਟ liveatc.net. 'ਤੇ ਵੀ ਪੋਸਟ ਹੈ।

ਇਸ ਰਿਕਾਰਡਿੰਗ ਵਿੱਚ ਪਾਇਲਟ ਕਹਿ ਰਿਹਾ ਹੈ "ਦੋ "ਇੰਜਨ ਖ਼ਰਾਬ ਹੋ ਗਏ ਹਨ। ਕੁਝ ਸਕਿੰਟ ਬਾਅਦ ਉਸ ਨੇ ਮੇਅ ਡੇ, ਮੇਅ ਡੇ, ਮੇਅ ਡੇ ਕਿਹਾ। ਜੋ ਕਿ ਆਖ਼ਰੀ ਗੱਲਬਾਤ ਸੀ।

ਟੀਵੀ ਚੈਨਲ 24 ਨਿਊਜ਼ ਦੇ ਸੀਨੀਅਰ ਪੱਤਰਕਾਰ ਅੰਸਾਰ ਨਕਵੀ ਦਾ ਨਾਮ ਵੀ ਯਾਤਰੀਆਂ ਦੀ ਸੂਚੀ ਵਿੱਚ ਹੈ।

ਪੀਆਈਏ ਦੇ ਚੇਅਰਮੈਨ ਅਰਸ਼ਦ ਮਲਿਕ ਨੇ ਕਿਹਾ ਕਿ ਜੋ ਆਖਰੀ ਅਸੀਂ ਪਾਇਲਟ ਦੀ ਆਵਾਜ਼ ਸੁਣੀ ਹੈ ਉਸ ਵਿੱਚ ਉਹ ਕਹਿ ਰਹੇ ਸੀ ਕਿ ਕੋਈ ਟੈਕਟੀਕਲ ਸਮੱਸਿਆ ਹੈ। ਇਸ ਬਾਰੇ ਅਸੀਂ ਜਾਂਚ ਕਰਾਂਗੇ ਕੀ ਮਸਲਾ ਸੀ।

ਪਾਕਿਸਤਾਨ ਦਾ ਤੀਜਾ ਵੱਡਾ ਹਾਦਸਾ

ਹਵਾਈ ਹਾਦਸਿਆਂ ਦੇ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਏਅਰਕਰਾਫ਼ਟ ਕ੍ਰੈਸ਼ ਰਿਕਾਰਡ ਆਫ਼ਿਸ ਮੁਤਾਬਕ, ਪਾਕਿਸਤਾਨ ਵਿੱਚ ਹਣ ਤੱਕ 80 ਤੋਂ ਜ਼ਿਆਦਾ ਹਾਦਸੇ ਹੋ ਚੁੱਕੇ ਹਨ ਜਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ।

ਪਾਕਿਸਤਾਨ ਵਿੱਚ ਸਭ ਤੋਂ ਵੱਡਾ ਹਾਦਸਾ 28 ਜੁਲਾਈ 2010 ਨੂੰ ਹੋਇਆ ਸੀ।

ਇਸਲਾਮਾਬਾਦ ਵਿੱਚ ਹੋਏ ਇਸ ਹਾਦਸੇ ਵਿੱਚ 152 ਲੋਕ ਮਾਰੇ ਗਏ ਸਨ।

20 ਅਪ੍ਰੈਲ 2012 ਨੂੰ ਇਸਲਾਮਾਬਾਦ ਵਿੱਚ ਹੀ ਹੋਏ ਇੱਕ ਹੋਰ ਜਹਾਜ਼ ਹਾਦਸੇ ਵਿੱਚ 127 ਲੋਕਾਂ ਦੀ ਮੌਤ ਹੋਈ ਸੀ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)