You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ-ਹਰਿਆਣਾ 'ਚ ਵਿਆਹ ਟਲੇ, ਕਿਹਾ, 'ਵਿਆਹ ਲਈ ਮੌਤ ਨੂੰ ਗਲੇ ਨਹੀਂ ਲਗਾ ਸਕਦੇ'
ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ ਅਤੇ ਲੌਕਡਾਊਨ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਤੇ ਬੁਰਾ ਅਸਰ ਪਿਆ ਹੈ।
ਫਰਵਰੀ ਅਤੇ ਮਾਰਚ ਵਿੱਚ ਵਿਆਹਾਂ ਦਾ ਸੀਜ਼ਨ ਹੋਣ ਕਰਕੇ ਵਿਆਹ ਸਮਾਗਮਾਂ ਨਾਲ ਸਬੰਧਿਤ ਕਿੱਤਿਆਂ ਉੱਤੇ ਵੱਡਾ ਅਸਰ ਪਿਆ ਹੈ। ਪਾਬੰਦੀਆਂ ਕਾਰਨ ਵਿਆਹ ਰੱਦ ਕਰਨੇ ਪੈ ਰਹੇ ਹਨ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਦੇ ਇੱਕ ਪੈਲੇਸ ਮਾਲਕ ਖਿਲਾਫ਼ ਆਗਿਆ ਤੋਂ ਜ਼ਿਆਦਾ ਇਕੱਠ ਕਰਨ ਨੂੰ ਲੈ ਕੇ ਪਰਚਾ ਵੀ ਦਰਜ ਕੀਤਾ ਜਾ ਚੁੱਕਾ ਹੈ।
ਕੋਰੋਨਾਵਾਇਰਸ ਕਾਰਨ ਵੱਡਾ ਆਰਥਿਕ ਝਟਕਾ
ਬਰਨਾਲਾ ਜ਼ਿਲ੍ਹੇ ਦੇ ਪਿੰਡ ਧੁਰ ਕੋਟ ਵਾਸੀ ਪਰਗਟ ਸਿੰਘ ਪਿਛਲੇ 15 ਸਾਲਾਂ ਤੋਂ ਆਪਣਾ ਫ਼ੋਟੋ ਸਟੂਡੀਓ ਚਲਾਉਂਦੇ ਹਨ।
ਉਨ੍ਹਾਂ ਨੇ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕੰਮ ਮੁੱਖ ਰੂਪ ਵਿੱਚ ਵਿਆਹ ਸਮਾਗਮਾਂ ਉੱਤੇ ਹੀ ਟਿਕਿਆ ਹੋਇਆ ਹੈ ਅਤੇ ਕੋਰੋਨਾਵਾਇਰਸ ਦੇ ਡਰ ਅਤੇ ਕਰਫ਼ਿਊ ਕਾਰਨ ਉਨ੍ਹਾਂ ਦੇ ਕਿੱਤੇ ਨਾਲ ਜੁੜੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ।
ਉਨ੍ਹਾਂ ਅੱਗੇ ਦੱਸਿਆ, "ਮੇਰੇ ਆਪਣੇ ਸਟੂਡੀਓ ਕੋਲ 31 ਮਾਰਚ ਤੱਕ ਦੋ ਵਿਆਹਾਂ ਦੀ ਬੁਕਿੰਗ ਸੀ, ਦੋਵੇਂ ਰੱਦ ਹੋ ਗਈਆਂ। ਸਾਰੇ ਫ਼ੋਟੋਗ੍ਰਾਫ਼ਰਾਂ ਦਾ ਇਹੀ ਹਾਲ ਹੈ।"
"ਫ਼ਰਵਰੀ, ਮਾਰਚ, ਅਪਰੈਲ ਮਹੀਨੇ ਵਿਆਹਾਂ ਦਾ ਸੀਜ਼ਨ ਹੁੰਦਾ ਹੈ। ਆਮਦਨ ਤਾਂ ਵਿਆਹ ਦੇ ਸੀਜ਼ਨ ਵਿੱਚ ਹੀ ਹੋਣੀ ਹੁੰਦੀ ਹੈ ਬਾਕੀ ਟਾਈਮ ਤਾਂ ਖ਼ਰਚੇ ਹੀ ਮਸਾਂ ਨਿਕਲਦੇ ਹਨ।"
ਮੈਰਿਜ ਪੈਲਸਾਂ ਅਤੇ ਕੈਟਰਿੰਗ ਵਾਲਿਆਂ ਦਾ ਮਾੜਾ ਹਾਲ
ਬਰਨਾਲਾ ਜ਼ਿਲ੍ਹੇ ਦੇ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸੂਦ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਬਰਨਾਲਾ ਜ਼ਿਲ੍ਹੇ ਵਿੱਚ ਤੀਹ ਦੇ ਕਰੀਬ ਮੈਰਿਜ ਪੈਲੇਸ ਹਨ। ਸਾਜੋ ਸਮਾਨ ਸਹਿਤ ਕਿਸੇ ਪੈਲੇਸ ਦਾ ਇੱਕ ਦਿਨ ਦਾ ਕਿਰਾਇਆ ਵੀਹ ਹਜ਼ਾਰ ਹੈ, ਕਿਸੇ ਦਾ ਦੋ ਲੱਖ ਤੱਕ ਵੀ ਹੈ।"
ਉਨ੍ਹਾ ਅੱਗੇ ਕਿਹਾ, "ਸਭ ਦਾ ਕੰਮ ਬੰਦ ਹੈ। ਪੈਲੇਸ ਮਾਲਕ ਕਾਮਿਆਂ ਦੀ ਗਿਣਤੀ ਘਟਾ ਰਹੇ ਹਨ। ਮੈਂ ਖ਼ੁਦ ਠੇਕੇ ਉੱਪਰ ਲੈ ਕੇ ਪੈਲੇਸ ਚਲਾਉਂਦਾ ਹਾਂ। ਜੇ ਇੱਕ ਮਹੀਨਾ ਪੈਲੇਸ ਬੰਦ ਰਿਹਾ ਤਾਂ ਤਨਖ਼ਾਹਾਂ, ਕਿਰਾਏ ਅਤੇ ਹੋਰ ਖ਼ਰਚੇ ਸਮੇਤ ਦੋ ਤੋਂ ਤਿੰਨ ਲੱਖ ਰੁਪਏ ਮੈਨੂੰ ਪੱਲਿਉਂ ਦੇਣੇ ਪੈਣਗੇ।"
ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਰਿੰਕੂ ਸਿੰਘ ਕੈਟਰਿੰਗ ਦੇ ਖ਼ੇਤਰ ਵਿੱਚ ਪਿਛਲੇ 17 ਸਾਲ ਤੋਂ ਕੰਮ ਕਰ ਰਹੇ ਹਨ।
ਰਿੰਕੂ ਸਿੰਘ ਨੇ ਇਸ ਸੰਕਟ ਕਰਕੇ ਕੰਮ ਉੱਤੇ ਪਏ ਅਸਰ ਸਬੰਧੀ ਗੱਲ ਕਰਦਿਆਂ ਦੱਸਿਆ, "ਬੰਦ ਕਰਕੇ ਸਾਡਾ ਕੰਮ ਤਾਂ ਬਿਲਕੁਲ ਹੀ ਠੱਪ ਹੋ ਗਿਆ ਹੈ। ਇਕੱਠ ਕਰਨ ਉੱਤੇ ਪਾਬੰਦੀ ਨਾਲ ਹੋਰ ਵੀ ਅਸਰ ਪਿਆ ਹੈ। ਜਦੋਂ ਕੋਈ ਇਕੱਠ ਹੀ ਨਹੀਂ ਹੋਵੇਗਾ ਤਾਂ ਕੈਟਰਿੰਗ ਕਿਥੇ ਕਰਾਂਗੇ।"
"ਮੇਰੀਆਂ ਦਸ ਦੇ ਕਰੀਬ ਬੁਕਿੰਗ ਰੱਦ ਹੋਈਆਂ ਹਨ। ਇੱਕ ਬੁਕਿੰਗ ਤਾਂ ਪਿਛਲੀ 22 ਤਰੀਕ ਦੀ ਸੀ। ਉਸ ਦਿਨ ਜਨਤਾ ਕਰਫ਼ਿਊ ਲੱਗ ਗਿਆ। ਪ੍ਰੋਗਰਾਮ ਮੌਕੇ 'ਤੇ ਰੱਦ ਹੋ ਗਿਆ। ਸਮਾਨ ਅਤੇ ਲੇਬਰ ਦੇ ਖ਼ਰਚੇ ਵੀ ਪੱਲਿਓਂ ਦੇਣੇ ਪਏ।"
ਕੋਰੋਨਾਵਾਇਰਸ ਕਰਕੇ ਸਾਈਆਂ ਮੋੜਨ ਨੂੰ ਮਜਬੂਰ
ਪੰਜਾਬ ਵਰਗਾ ਹਾਲ ਹਾਲ ਗੁਆਂਢੀ ਸੂਬੇ ਹਰਿਆਣਾ ਦਾ ਵੀ ਹੈ। ਸਿਰਸਾ ਵਿੱਚ ਕੈਟਰਿੰਗ ਤੇ ਹਲਵਾਈ ਦਾ ਕੰਮ ਕਰਨ ਵਾਲਿਆਂ ਨਾਲ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਗੱਲਬਾਤ ਕੀਤੀ।
ਕੈਟਰਿੰਗ ਦਾ ਕੰਮ ਕਰਨ ਵਾਲੇ ਕਮਲ ਦੀਪ ਸ਼ਰਮਾ ਨੇ ਦੱਸਿਆ, ''12 ਮਾਰਚ ਤੋਂ ਬਾਅਦ ਦੀਆਂ ਸਾਰੀਆਂ ਸਾਈਆਂ ਕੈਂਸਲ ਹੋ ਗਈਆਂ ਹਨ। ਕੈਟਰਿੰਗ ਤੇ ਮਿਠਆਈਆਂ ਦਾ ਹੋਲਸੇਲ ਦਾ ਕੰਮ ਹੁਣ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਕਾਰੀਗਰ ਵੇਹਲੇ ਬੈਠੇ ਹਨ।''
ਹਿਸਾਰ ਰੋਡ 'ਤੇ ਪੰਜਾਬ ਮੈਰਿਜ ਪੈਲੇਸ ਦੇ ਸੰਚਾਲਕ ਅਮਿਤ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨੂੰ ਦੱਸਿਆ, "ਮਾਰਚ ਮਹੀਨੇ ਦੀਆਂ ਵਿਆਹ ਦੀਆਂ ਆਈਆਂ ਵੱਖ-ਵੱਖ ਤਰੀਕਾਂ ਦੀਆਂ ਸਾਰੀਆਂ ਸਾਈਆਂ ਕੈਂਸਲ ਹੋ ਗਈਆਂ।"
"26 ਮਾਰਚ ਨੂੰ ਜਿੱਥੇ ਇੱਕ ਸਮਾਜਿਕ ਜਥੇਬੰਦੀ ਵੱਲੋਂ ਸਮਾਗਮ ਰੱਖਿਆ ਹੋਇਆ ਕੈਂਸਲ ਕੀਤਾ ਗਿਆ ਹੈ, ਉਥੇ ਹੀ 30 ਮਾਰਚ ਨੂੰ ਹੋਣ ਵਾਲੇ ਇਕ ਵਿਆਹ ਦੀ ਸਾਈ ਵਾਪਸ ਮੋੜੀ ਗਈ ਹੈ।"
ਹਿਸਾਰ ਰੋਡ 'ਤੇ ਹੀ ਪ੍ਰੀਤਮ ਪੈਲੇਸ ਦੇ ਸੰਚਾਲਕ ਜਸਵੀਰ ਸਿੰਘ ਜੱਸਾ ਨੇ ਦੱਸਿਆ ਹੈ ਕਿ ਦਸ ਮਾਰਚ ਤੋਂ ਬਾਅਦ ਪੈਲੇਸ 'ਚ ਚਾਰ ਸਮਾਗਮ ਹੋਣੇ ਸਨ, ਜੋ ਹੁਣ ਮੁਲਤਵੀ ਕਰ ਦਿੱਤੇ ਗਏ ਹਨ।
ਸਿਰਫ਼ ਪੈਲੇਸ ਸੰਚਾਲਕ 'ਤੇ ਇਸ ਦਾ ਅਸਰ ਨਹੀਂ ਪੈ ਰਿਹਾ ਹੈ ਬਲਿਕ ਦਿਹਾੜੀ ਕਰਨ ਵਾਲੇ ਵੈਟਰਾਂ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।
ਵਿਆਹ ਸਮਾਗਮ ਦੌਰਾਨ ਫੁੱਲਾਂ ਦਾ ਕੰਮ ਕਰਨ ਵਾਲੇ ਵੀ ਪ੍ਰਭਾਵਿਤ ਹੋਏ ਹਨ। ਵਿਆਹ ਮੌਕੇ ਫਰੂਟ ਤੇ ਹੋਰ ਸਟਾਲਾਂ ਲਾਉਣ ਵਾਲੇ ਲੋਕਾਂ ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ।
ਵਿਆਹ ਮੌਕੇ ਕੈਟਰਿੰਗ ਦਾ ਸਾਮਾਨ ਸਪਲਾਈ ਕਰਨ ਵਾਲੇ ਰੂਪ ਚੰਦ ਵਿਨਾਇਕ ਨੇ ਦੱਸਿਆ ਹੈ ਕਿ ਦਸ ਮਾਰਚ ਤੋਂ ਬਾਅਦ ਦੀਆਂ ਉਸ ਕੋਲ ਪੰਜ ਸਾਈਆਂ ਸਨ, ਜੋ ਹੁਣ ਕੈਂਸਲ ਹੋ ਗਈਆਂ ਹਨ।
ਇਹ ਵੀ ਪੜ੍ਹੋ
ਕੋਰੋਨਾਵਾਇਰਸ: 'ਵਿਆਹ ਲਈ ਮੌਤ ਨੂੰ ਗਲੇ ਨਹੀਂ ਲਗਾ ਸਕਦੇ'
ਰੋਹਤਕ ਦੇ ਪਿੰਡ ਅਲੀਕਾਂ ਦੇ ਸਾਬਕਾ ਸਰਪੰਚ ਸਾਹਬ ਰਾਮ ਨੇ ਦੱਸਿਆ ਹੈ ਕਿ ਉਸ ਦੇ ਪੋਤੇ ਦਾ ਵਿਆਹ 19 ਮਾਰਚ ਦਾ ਸੀ।
ਵਿਆਹ ਦੇ ਸਮਾਗਮ ਲਈ ਮੈਰਿਜ ਬੁੱਕ ਕਰਵਾਇਆ ਹੋਇਆ ਸੀ ਪਰ ਕੋਰੋਨਾਵਾਇਰਸ ਦੀ ਬਿਮਾਰੀ ਦੇ ਫੈਲਾਅ ਦੇ ਡਰੋਂ ਮੈਰਿਜ ਪੈਲਸ 'ਚ ਸਮਾਗਮ ਮੁਲਤਵੀ ਕਰ ਦਿੱਤਾ ਸੀ ਤੇ ਬੰਦਿਆਂ ਦਾ ਇਕੱਠ ਨਹੀਂ ਕੀਤਾ।
ਰੋਹਤਕ ਦੀ ਇੱਕ ਕਲੋਨੀ ਵਿੱਚ ਰਹਿੰਦੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ 29 ਮਾਰਚ ਦਾ ਵਿਆਹ ਸੀ ਜਿਸ ਨੂੰ ਹੁਣ ਉਸ ਨੂੰ ਰੱਦ ਕਰਨਾ ਪਿਆ ਕਿਉਂਕਿ ਬਾਹਰ ਆਉਣ 'ਤੇ ਪਾਬੰਦੀ ਲੱਗੀ ਹੋਈ ਹੈ।
ਉਨ੍ਹਾਂ ਕਿਹਾ, "ਵਿਆਹ ਦੇ ਮਾਮਲੇ ਵਿੱਚ ਮੌਤ ਨੂੰ ਗਲੇ ਨਹੀਂ ਲਗਾਇਆ ਜਾ ਸਕਦਾ, ਇਸੇ ਲਈ ਅਸੀਂ ਵਿਆਹ ਰੱਦ ਕਰਨ ਦਾ ਫੈਸਲਾ ਕੀਤਾ ਹੈ।"
ਰੋਹਤਕ ਵਿੱਚ ਸ਼ਾਂਗਰੀਲਾ ਮੈਰਿਜ ਪੈਲੇਸ ਚਲਾਉਣ ਵਾਲੇ ਅਸ਼ੋਕ ਹੁੱਡਾ ਨੇ ਦੱਸਿਆ ਕਿ ਉਨ੍ਹਾਂ ਦੇ ਪੈਲੇਸ ਵਿੱਚ ਤਕਰੀਬਨ 10 ਤੋਂ ਬਾਰ੍ਹਾਂ ਵਿਆਹ ਹੋਣੇ ਸਨ ਜੋ ਹੁਣ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਕਈ ਪਾਰਟੀਆਂ ਨੂੰ ਅਡਵਾਂਸ ਪੈਸੇ ਵਾਪਸ ਕਰਨੇ ਪੈਣਗੇ"।
ਇਹ ਵੀ ਦੇਖੋ: