ਕੋਰੋਨਾਵਾਇਰਸ: ਇਟਲੀ ਦੀਆਂ ਕਈ ਜੇਲ੍ਹਾਂ ਵਿੱਚ ਪਾਬੰਦੀਆਂ ਦੇ ਵਿਰੋਧ ’ਚ ਹੋਏ ਦੰਗੇ

ਸਥਾਨਕ ਮੀਡੀਆ ਮੁਤਾਬਕ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਕਾਰਨ ਇਟਲੀ ਦੀਆਂ 27 ਜੇਲ੍ਹਾਂ ਵਿੱਚ ਦੰਗੇ ਹੋਏ। ਇਸ ਕਾਰਨ ਕਾਰਨ ਛੇ ਕੈਦੀਆਂ ਦੀ ਮੌਤ ਹੋ ਗਈ ਹੈ।

ਮਿਲਾਨ ਵਿੱਚ ਜਦੋਂ ਕੈਦੀਆਂ ਨੂੰ ਪਤਾ ਲੱਗਿਆ ਕਿ ਕਿਸੇ ਨੂੰ ਵੀ ਜੇਲ੍ਹ ਵਿੱਚ ਕੈਦੀਆਂ ਨੂੰ ਮਿਲਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਸੈਨ ਵਿਟੌਰ ਜੇਲ੍ਹ ਦੇ ਕੁੱਝ ਹਿੱਸੇ ਨੂੰ ਅੱਗ ਲਾ ਦਿੱਤੀ। ਫਿਰ ਉਨ੍ਹਾਂ ਨੇ ਛੱਤ 'ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਇਟਲੀ ਦੇ ਪ੍ਰਧਾਨ ਮੰਤਰੀ ਜਿਸੈਪ ਕੌਂਟੇ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਇਟਲੀ ਦਾ ਸਭ ਤੋਂ 'ਕਾਲਾ ਸਮਾਂ' ਹੈ।

366 ਮੌਤਾਂ ਦੀ ਪੁਸ਼ਟੀ ਹੋਣ ਨਾਲ ਇਟਲੀ ਚੀਨ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਦੇਸ ਹੈ।

ਇਟਲੀ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ 'ਮੈਸਿਵ ਸ਼ੌਕ ਥੈਰੇਪੀ' ਦਾ ਐਲਾਨ ਕੀਤਾ ਹੈ।

ਇਟਲੀ ਵਿੱਚ ਤਕਰੀਬਨ 16 ਮਿਲੀਅਨ ਲੋਕਾਂ ਨੂੰ ਸਫ਼ਰ ਕਰਨ ਲਈ ਇਜਾਜ਼ਤ ਲੈਣੀ ਪਏਗੀ।

ਇਹ ਵੀ ਪੜ੍ਹੋ:

ਜੇਲ੍ਹਾਂ ਵਿੱਚ ਕੀ ਹੋਇਆ?

ਇਹ ਮੁਸੀਬਤ ਉੱਤਰੀ ਸ਼ਹਿਰ ਮੋਡੇਨਾ ਵਿੱਚ ਸ਼ੁਰੂ ਹੋਈ ਜਿੱਥੇ ਸੈਂਟਆਨਾ ਜੇਲ੍ਹ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ। ਜਦਕਿ ਹੋਰ ਤਿੰਨ ਲੋਕਾਂ ਦੀ ਉੱਥੋਂ ਤਬਦੀਲ ਕਰਨ ਵੇਲੇ ਮੌਤ ਹੋ ਗਈ।

ਇਹ ਮੰਨਿਆ ਜਾ ਰਿਹਾ ਹੈ ਕਿ ਇੰਨ੍ਹਾਂ ਵਿੱਚੋਂ ਘੱਟੋ-ਘੱਟ ਦੋ ਲੋਕਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਜਦੋਂ ਉਨ੍ਹਾਂ ਨੇ ਜੇਲ੍ਹ ਦੇ ਇੱਕ ਹਸਪਤਾਲ ਵਿੱਚ ਹੈਰੋਇਨ ਦੀ ਥਾਂ ਮੈਥਾਡੋਨ ਲਈ ਛਾਪਾ ਮਾਰਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਮਿਲਾਨ ਦੀ ਸੈਨ ਵਿਟੋਰ ਜੇਲ੍ਹ ਵਿੱਚ ਕੈਦੀਆਂ ਨੇ ਫੈਸਿਲਿਟੀ ਦੇ 6 ਵਿੰਗਜ਼ ਵਿੱਚੋਂ ਇੱਕ ਦੇ ਸੈੱਲ ਨੂੰ ਅੱਗ ਲਾ ਦਿੱਤੀ, ਫਿਰ ਖਿੜਕੀਆਂ ਰਾਹੀਂ ਛੱਤ ਉੱਤੇ ਚੜ੍ਹ ਗਏ ਅਤੇ ਬੈਨਰਾਂ ਨੂੰ ਲਹਿਰਾਉਣਾ ਸ਼ੁਰੂ ਕਰ ਦਿੱਤਾ।

ਦੱਖਣੀ ਸ਼ਹਿਰ ਫੋਗੀਆ ਦੀ ਇੱਕ ਜੇਲ ਵਿੱਚ ਲਗਭਗ 20 ਕੈਦੀ ਵਿਰੋਧ ਪ੍ਰਦਰਸ਼ਨ ਦੌਰਾਨ ਜੇਲ੍ਹ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਇਟਲੀ ਦੀ ਅੰਸਾ ਨਿਊਜ਼ ਏਜੰਸੀ ਮੁਤਾਬਕ ਕਈਆਂ ਨੂੰ ਜਲਦੀ ਫੜ੍ਹ ਲਿਆ ਗਿਆ ਸੀ।

ਉੱਤਰੀ ਇਟਲੀ ਦੀਆਂ ਕਈ ਹੋਰ ਜੇਲ੍ਹਾਂ ਵਿੱਚ ਵੀ ਦੰਗੇ ਹੋਏ। ਨੇਪਲਜ਼ ਤੇ ਰਾਜਧਾਨੀ ਰੋਮ ਦੀ ਫੈਸਿਲੀਟੀ ਵਿੱਚ ਵੀ ਦੰਗੇ ਹੋਏ।

ਸਰਕਾਰ ਕਿਵੇਂ ਨਜਿੱਠ ਰਹੀ ਹੈ?

ਸੋਮਵਾਰ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਕੋਂਟੇ ਨੇ ਕਿਹਾ ਸੀ ਕਿ ਸਰਕਾਰ ਕੋਰੋਨਾਵਾਇਰਸ ਕਾਰਨ ਅਰਥਚਾਰੇ ’ਤੇ ਹੋਏ ਅਸਰ ਨੂੰ ਘਟਾਉਣ ਲਈ ਵਧੇਰੇ ਪੈਸਾ ਖਰਚ ਕਰੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਇਟਲੀ ਵਾਇਰਸ 'ਤੇ ਕਾਬੂ ਪਾ ਲਵੇਗਾ।

ਦੁਨੀਆਂ ਵਿੱਚ ਕੋਰੋਨਾਵਾਇਰਸ ਨਾਲ ਜੁੜੀ ਅਹਿਮ ਜਾਣਕਾਰੀ:

  • ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 45 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
  • ਵਿਸ਼ਵ ਸਿਹਤ ਸੰਗਠਨ ਅਨੁਸਾਰ ਹੁਣ ਤੱਕ ਪੂਰੀ ਦੁਨੀਆਂ ਦੇ ਕੋਰੋਨਾਵਾਇਰਸ ਦੇ ਮਾਮਲਿਆਂ ਦੇ 93 ਫੀਸਦ ਮਾਮਲੇ ਕੇਵਲ ਚਾਰ ਦੇਸਾਂ ਤੋਂ ਹਨ।
  • ਈਰਾਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਰਕੇ 230 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
  • ਇਟਲੀ ਵਿੱਚ 360 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
  • ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਅਨੁਸਾਰ ਉੱਥੇ ਕੋਰੋਨਾਵਾਇਰਸ ਕਰਕੇ 4 ਮੌਤਾਂ ਹੋ ਚੁੱਕੀਆਂ ਹਨ।
  • ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪੰਜ ਮੈਂਬਰ ਕੋਰੋਨਾਵਾਇਰਸ ਦੇ ਪੀੜਤ ਹੋ ਚੁੱਕੇ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)