ਲੀਨਾ ਬੇਨ ਮੇਂਹਨੀ : ਉਹ ਔਰਤ ਜਿਸ ਨੇ ਬਲਾਗ ਰਾਹੀ ਲਿਆਂਦਾ ਇਨਕਲਾਬ

    • ਲੇਖਕ, ਰਾਣਾ ਜਾਵੇਦ
    • ਰੋਲ, ਬੀਬੀਸੀ ਵਰਲਡ

36 ਸਾਲਾ ਬਲਾਗਰ ਅਤੇ ਕਾਰਕੁਨ ਲੀਨਾ ਬੇਨ ਮੇਂਹਨੀ ਦੇ ਅੰਤਿਮ ਸਸਕਾਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਟਿਊਨਿਸ਼ੀਆ ਵਾਸੀਆਂ ਨੇ ਸ਼ਿਰਕਤ ਕੀਤੀ।

ਉਨ੍ਹਾਂ ਨੇ ਇਨਕਲਾਬ ਲਿਆਉਣ ਲਈ ਆਵਾਜ਼ ਬੁਲੰਦ ਕਰਨ ਵਾਲੀ ਇਸ ਕਾਰਕੁਨ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟਾਇਆ। ਬੀਬੀਸੀ ਦੇ ਰਾਣਾ ਜਾਵੇਦ ਵੀ ਇਸ ਵਿੱਚ ਸ਼ਾਮਲ ਹੋਏ।

ਰੋਂਦੀ ਹੋਈ ਇੱਕ ਔਰਤ ਨੇ ਮੈਨੂੰ ਦੱਸਿਆ, ''ਇਹ ਇੱਕ 'ਪਰਿਵਾਰ ਅਤੇ ਇੱਕ ਦੇਸ਼' ਦੀ ਕਹਾਣੀ ਹੈ। ਇਸ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਲੋਕ ਰਾਜਧਾਨੀ ਦੇ ਜੇਲਜ਼ ਕਬਰਸਤਾਨ ਵਿਖੇ ਇੱਕ ਪਹਾੜੀ 'ਤੇ ਇਕੱਠੇ ਹੋਏ ਹਨ।''

ਜਦੋਂ ਮੈਂ ਹੱਥਾਂ ਵਿੱਚ ਫੁੱਲਾਂ ਦਾ ਛੋਟਾ ਜਿਹਾ ਗੁੱਛਾ ਫੜ ਕੇ ਝੁਕ ਕੇ ਖੜ੍ਹੀ ਔਰਤ ਨੂੰ ਪੁੱਛਿਆ ਕਿ ਉਹ ਲੀਨਾ ਬੇਨ ਮੇਂਹਨੀ ਨੂੰ ਪਹਿਲੀ ਵਾਰ ਕਿੱਥੇ ਮਿਲੀ ਸੀ ਤਾਂ ਉਸਨੇ ਹਲਕਾ ਜਿਹਾ ਮੁਸਕਰਾਉਂਦਿਆ ਮੈਨੂੰ ਇਹ ਸਭ ਦੱਸਿਆ।

ਟਿਊਨਿਸ਼ੀਆਈ ਬਲਾਗਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਦੀ ਇਸ ਹਫ਼ਤੇ 'ਆਟੋ-ਇਮਿਊਨ' ਬਿਮਾਰੀ 'ਲਿਯੂਪਸ' ਨਾਲ ਲੰਬੀ ਲੜਾਈ ਤੋਂ ਬਾਅਦ ਮੌਤ ਹੋ ਗਈ। ਆਪਣੀ ਉਮਰ ਦੇ 20ਵੇਂ ਸਾਲ ਦੇ ਅੰਤ ਵਿੱਚ ਬੇਨ ਮੇਂਹਨੀ 2011 ਦੀ ਕ੍ਰਾਂਤੀ ਦੇ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਬਲਾਗ 'ਟਿਊਨਿਸ਼ੀਅਨ ਗਰਲ' ਨਾਲ ਉੱਭਰੀ।

ਉਹ ਉਨ੍ਹਾਂ ਕੁਝ ਵਿਅਕਤੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਦੁਨੀਆ ਨੂੰ ਸਿਦੀ ਬੁਜ਼ਿਦ (Sidi Bouzid ) ਵਿੱਚ ਪ੍ਰਦਰਸ਼ਕਾਰੀਆਂ ਦੀਆਂ ਹੱਤਿਆਵਾਂ ਅਤੇ ਉਨ੍ਹਾਂ 'ਤੇ ਕਾਰਵਾਈ ਬਾਰੇ ਦੱਸਿਆ-ਜਿੱਥੇ ਵਿਦਰੋਹ ਹੋਇਆ ਜਿਸਨੇ ਆਖਿਰਕਾਰ ਤਾਨਾਸ਼ਾਹ ਰਾਸ਼ਟਰਪਤੀ ਜ਼ੀਨ ਐਲ-ਅਬੀਦੀਨ ਬੇਨ ਅਲੀ ਦਾ ਪਤਨ ਕਰ ਦਿੱਤਾ।

ਇਹ ਵੀ ਪੜੋ

ਪਰ ਮਨੁੱਖੀ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ਲਈ ਉਸਦੀ ਲੜਾਈ ਕ੍ਰਾਂਤੀ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਗਈ ਜੋ ਉਸਦੇ ਮਾਤਾ-ਪਿਤਾ ਤੋਂ ਪ੍ਰਭਾਵਿਤ ਸੀ।

ਬੇਨ ਮੇਂਹਨੀ ਦੇ ਪਿਤਾ ਸਦੋਕ ਬੇਨ ਮੇਂਹਨੀ ਖੱਬੇਪੱਖੀ ਕਾਰਕੁਨ ਅਤੇ ਸਾਬਕਾ ਰਾਜਨੀਤਕ ਕੈਦੀ ਹਨ। ਉਨ੍ਹਾਂ ਦੀ ਮਾਂ ਵੀ ਰਾਜਨੀਤਕ ਸਰਗਰਮੀਆਂ ਵਿੱਚ ਸ਼ਾਮਲ ਸੀ।

ਉਸਦੀ ਮੌਤ ਤੋਂ ਬਾਅਦ ਘੰਟਿਆਂ ਵਿੱਚ ਹੀ ਸੋਸ਼ਲ ਮੀਡੀਆ ਮੈਸੇਜਾਂ ਨਾਲ ਭਰ ਗਿਆ ਸੀ। ਮਿਸਰ ਦੇ ਇੱਕ ਸੀਨੀਅਰ ਪੱਤਰਕਾਰ ਨੇ ਇਸਨੂੰ 'ਆਜ਼ਾਦੀ ਵਿੱਚ ਵਿਸ਼ਵਾਸ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਨੁਕਸਾਨ' ਦੇ ਰੂਪ ਵਿੱਚ ਵਰਣਨ ਕੀਤਾ।

ਇੱਥੋਂ ਤੱਕ ਕਿ ਰਾਸ਼ਟਰਪਤੀ ਕੈਸ ਸਈਦ ਨੇ ਉਸਦੇ ਸਨਮਾਨ ਵਿੱਚ ਕਿਹਾ, ''ਅਜਿਹੀਆਂ ਔਰਤਾਂ ਜੋ ਇਤਿਹਾਸ ਨਹੀਂ ਭੁੱਲਦੀਆਂ। ਅਜਿਹੀਆਂ ਔਰਤਾਂ ਜੋ ਇਤਿਹਾਸ ਬਣਾਉਂਦੀਆਂ ਹਨ।''

ਔਰਤਾਂ ਨੇ ਚੁੱਕਿਆ ਤਾਬੂਤ

ਅੰਤਿਮ ਸਸਕਾਰ ਵਿੱਚ ਉਸਦੇ ਪਰਿਵਾਰ ਸਮੇਤ ਉਸਦੇ ਸਾਥੀ ਅਤੇ ਦੋਸਤ ਸ਼ਾਮਲ ਹੋਏ ਜਿਸ ਵਿੱਚ ਸਕੂਲ ਅਧਿਆਪਕ ਹਾਲਾ ਵੀ ਮੌਜੂਦ ਸੀ ਜੋ ਉਸਨੂੰ ਕੋਈ ਹੋਰ ਨਾਂ ਨਹੀਂ ਦੇਣਾ ਚਾਹੁੰਦੀ ਸੀ।

ਉਸਨੇ ਸਾਲਾਂ ਤੱਕ ਬੇਨ ਮੇਂਹਨੀ ਦਾ ਕਈ ਵਾਰ ਸਾਥ ਦਿੱਤਾ।

ਉਨ੍ਹਾਂ ਕਿਹਾ, ''ਆਜ਼ਾਦੀ, ਬਿਹਤਰ ਸਿੱਖਿਆ ਅਤੇ ਸਿਹਤ-ਅਸੀਂ ਇਹੀ ਚਾਹੁੰਦੇ ਸੀ। ਜਦੋਂ ਅਸੀਂ ਅਸਫ਼ਲ ਹੋਏ ਤਾਂ ਉਸਨੇ ਸਾਨੂੰ ਹੱਲਾਸ਼ੇਰੀ ਦਿੱਤੀ ਕਿਉਂਕਿ ਉਹ ਹਮੇਸ਼ਾਂ ਮੌਜੂਦ ਹੁੰਦੀ ਸੀ।''

ਉਸਦੀ ਅੰਤਿਮ ਯਾਤਰਾ ਉਸਦੇ ਘਰ ਤੋਂ ਸ਼ੁਰੂ ਹੋਈ ਜੋ ਬੇਨ ਮੇਂਹਨੀ ਦੇ ਜਵਾਨੀ ਦੇ ਦਿਨਾਂ ਨੂੰ ਪ੍ਰਤੀਬਿੰਬਤ ਕਰਦਾ ਸੀ- ਇਹ ਜਨੂੰਨੀ ਅਤੇ ਵਿਦਰੋਹੀ ਸੀ। ਉਸਦਾ ਤਾਬੂਤ ਔਰਤਾਂ ਦੇ ਮੋਢਿਆਂ 'ਤੇ ਸੀ ਜਿਸਨੇ ਇਸਲਾਮੀ ਪਰੰਪਰਾਵਾਂ ਨੂੰ ਤੋੜਿਆ ਕਿਉਂਕਿ ਆਮਤੌਰ 'ਤੇ ਇਹ ਕਾਰਜ ਮਰਦਾਂ ਵੱਲੋਂ ਹੀ ਕੀਤਾ ਜਾਂਦਾ ਹੈ।

ਕਬਰਸਤਾਨ ਵਿੱਚ ਸੈਂਕੜੇ ਔਰਤਾਂ ਅਤੇ ਮਰਦ ਇਕੱਠੇ ਹੋਏ। ਜਦੋਂ ਇੱਥੇ ਤਾਬੂਤ ਪਹੁੰਚਿਆ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਫੁੱਟ ਫੁੱਟ ਕੇ ਬਾਹਰ ਆ ਗਈਆਂ।

ਇਹ ਇਸ ਤਰ੍ਹਾਂ ਲੱਗਿਆ ਜਿਵੇਂ ਕਾਲਜ ਦੀਆਂ ਤਿੰਨ ਪੀੜ੍ਹੀਆਂ ਦੀ ਰੀਯੂਨੀਅਨ ਹੋ ਰਹੀ ਹੋਵੇ।

ਇੱਥੇ ਬਹੁਤ ਸਾਰੇ ਆਪਣੇ ਪਿਛਲੇ ਸਮੇਂ ਦੇ ਸੰਘਰਸ਼ ਦੀ ਇੱਕ ਦੂਜੇ ਨੂੰ ਯਾਦ ਦਿਵਾਉਣ ਅਤੇ ਉਸ ਨਵੇਂ ਆਦਰਸ਼ ਟਿਊਨਿਸ਼ੀਆ ਲਈ ਆਏ ਸਨ ਜਿਸਨੂੰ ਉਹ ਦੇਖਣਾ ਚਾਹੁੰਦੇ ਹਨ।

ਅਲੀ ਹਮੌਦਾ ਜਿਨ੍ਹਾਂ ਨੇ ਆਪਣਾ ਜ਼ਿਆਦਾ ਜੀਵਨ ਪੈਰਿਸ ਵਿੱਚ ਬਿਤਾਇਆ ਸੀ ਅਤੇ ਕ੍ਰਾਂਤੀ ਦੌਰਾਨ ਇੱਥੋਂ ਚਲੇ ਗਏ ਸਨ, ਨੇ ਇੱਕ ਜਵਾਨ ਔਰਤ ਨੂੰ ਗਲੇ ਲਗਾਇਆ ਜਿਸਨੂੰ ਉਸਨੇ 2014 ਵਿੱਚ ਇੱਕ ਵਿਰੋਧ ਦੇ ਬਾਅਦ ਨਹੀਂ ਦੇਖਿਆ ਸੀ।

ਉਸਨੇ ਕਿਹਾ, ''ਇੱਥੇ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਗਲੀਆਂ ਤੋਂ ਜਾਣਦੇ ਹਨ... ਅਸੀਂ ਉੱਥੇ ਇਕੱਠੇ ਹੁੰਦੇ ਸੀ। ਇਹ ਅਜਿਹਾ ਹੈ ਜਿਵੇਂ ਅਸੀਂ ਮੋਜ਼ੈਕ ਦਾ ਇੱਕ ਹਿੱਸਾ ਗੁਆ ਦਿੱਤਾ ਹੋਵੇ।''

ਹਿੱਟ ਲਿਸਟ ਵਿੱਚ ਨਾਂ

ਦੂਜਿਆਂ ਪ੍ਰਤੀ ਸਨਮਾਨ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਇਸ ਭਾਵਨਾ ਦਾ ਵਰਣਨ ਕੀਤਾ, ''ਜਿਵੇਂ ਸਾਡੇ ਕੋਲ ਸਾਡੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਨਹੀਂ ਹੈ।''

''ਉਸਨੂੰ ਸਰਬਵਿਆਪੀ ਤੌਰ 'ਤੇ ਪਿਆਰ ਨਹੀਂ ਕੀਤਾ ਜਾਂਦਾ ਸੀ, ਉਸਦੀ ਅੰਤਰਰਾਸ਼ਟਰੀ ਪ੍ਰਸਿੱਧੀ ਨੇ ਕੁਝ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ, ਪਰ ਉਹ ਆਪਣੇ ਸਿਧਾਂਤਾਂ ਨਾਲ ਦ੍ਰਿੜਤਾ ਨਾਲ ਜੁੜੀ ਰਹਿਣ ਕਰਕੇ ਵਿਆਪਕ ਪੱਧਰ 'ਤੇ ਸਨਮਾਨਤ ਸੀ। ''

''ਜਨਵਰੀ 2016 ਵਿੱਚ ਮੈਂ ਸੈਂਟਰਲ ਟਿਊਨਿਸ਼ੀਆ ਦੇ ਇੱਕ ਕੈਫੇ਼ ਵਿੱਚ ਬੇਨ ਮੇਂਹਨੀ ਨਾਲ ਕਈ ਐਸਪ੍ਰੈਸੋਜ ਪੀਤੇ ਤਾਂ ਕਿ ਇਸ ਬਾਰੇ ਗੱਲ ਕੀਤੀ ਜਾ ਸਕੇ ਕਿ ਦੇਸ਼ ਕਿਵੇਂ ਕ੍ਰਾਂਤੀ ਦੇ ਪੰਜ ਸਾਲਾਂ ਵਿੱਚੋਂ ਲੰਘਿਆ।''

ਉਸਨੇ ਅੱਗੇ ਦੱਸਿਆ, ''ਉਦੋਂ ਉਸ ਨਾਲ ਇੱਕ ਨਿੱਜੀ ਸੁਰੱਖਿਆ ਪੁਲਿਸ ਅਧਿਕਾਰੀ ਸੀ ਜੋ ਲਗਭਗ ਦੋ ਸਾਲ ਤੋਂ ਉਸਦੇ ਨਾਲ ਸੀ। ਗ੍ਰਹਿ ਮੰਤਰਾਲੇ ਨੇ ਉਸਦਾ ਨਾਂ 'ਅਤਿਵਾਦੀਆਂ ਦੀ ਹਿੱਟ ਲਿਸਟ' ਵਿੱਚ ਹੋਣ ਕਾਰਨ, ਉਸਨੂੰ ਇਹ ਸੁਰੱਖਿਆ ਅਧਿਕਾਰੀ ਦਿੱਤਾ ਸੀ।

ਉਹ ਜਿਸ ਸਥਿਤੀ ਵਿੱਚ ਸੀ, ਉਹ ਉਸਤੋਂ ਖੁਸ਼ ਨਹੀਂ ਸੀ, ਪਰ ਉਸਨੇ ਆਪਣੀਆਂ ਸਰਗਰਮੀਆਂ ਅਤੇ ਲਿਖਣ ਨੂੰ ਬਿਨਾਂ ਕਿਸੇ ਦੀ ਪਰਵਾਹ ਕੀਤੇ ਜਾਰੀ ਰੱਖਿਆ।

ਜੋ ਕੁਝ ਹੋਇਆ ਉਸ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ, ''ਅਸੀਂ ਪ੍ਰਤੀਕਿਰਿਆਵਾਦੀ ਤਾਕਤਾਂ ਨੂੰ ਆਪਣੀ ਕ੍ਰਾਂਤੀ ਨੂੰ ਜ਼ਬਤ ਕਰਨ ਦੀ ਆਗਿਆ ਦੇ ਦਿੱਤੀ।''

''ਮੈਨੂੰ ਆਪਣੇ ਰਾਜਨੇਤਾਵਾਂ 'ਤੇ ਕਿਸੇ ਵੀ ਤਰ੍ਹਾਂ ਭਰੋਸਾ ਨਹੀਂ ਹੈ। ਅਸੀਂ ਨੌਜਵਾਨ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ, ਪਰ ਨੌਜਵਾਨਾਂ ਨੂੰ ਬਾਹਰ ਰੱਖਿਆ ਗਿਆ ਹੈ।''

ਬੇਨ ਅਲੀ ਦੇ ਸ਼ਾਸਨ ਦੇ ਬਾਅਦ ਅਤੇ ਉਨ੍ਹਾਂ ਦੇ ਪਤਨ ਦੇ ਬਾਅਦ ਦੇ ਸ਼ੁਰੂਆਤੀ ਅਸ਼ਾਂਤ ਸਾਲਾਂ ਦੇ ਬਾਅਦ ਇੱਥੇ ਬਹੁਤ ਕੁਝ ਬਦਲ ਗਿਆ ਹੈ।

ਬਾਹਰ ਤੋਂ ਦੇਖਣ ਵਾਲਿਆਂ ਲਈ ਟਿਊਨਿਸ਼ੀਆ ਲਿੰਗ ਸਮਾਨਤਾ ਅਤੇ ਬੋਲਣ ਦੀ ਆਜ਼ਾਦੀ ਨੂੰ ਪ੍ਰੋਤਸਾਹਨ ਦੇਣ ਵਾਲੇ ਅਹਿਮ ਕਾਨੂੰਨਾਂ ਨੂੰ ਪੇਸ਼ ਕਰਕੇ 'ਮਹੱਤਵਪੂਰਨ ਪ੍ਰਗਤੀ' ਕਾਰਨ ਸੁਰਖੀਆਂ ਵਿੱਚ ਰਿਹਾ ਹੈ।

ਦੇਸ਼ ਨੇ ਇੱਕ ਪ੍ਰਗਤੀਸ਼ੀਲ ਸੰਵਿਧਾਨ ਬਣਾਇਆ ਹੈ ਅਤੇ ਕਈ ਲੋਕਤੰਤਰੀ ਚੋਣਾਂ ਹੋ ਚੁੱਕੀਆਂ ਹਨ।

ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਟਿਊਨਿਸ਼ੀਆ ਨੂੰ ਖੇਤਰ ਵਿੱਚ ਕ੍ਰਾਂਤੀ ਦੇ ਬਾਅਦ ਦੀ ਸਫ਼ਲਤਾ ਦੀ ਇੱਕ ਅਹਿਮ ਉਦਾਹਰਨ ਦੇ ਰੂਪ ਵਿੱਚ ਦੇਖ ਰਹੀ ਸੀ ਤਾਂ ਬੇਨ ਮੇਂਹਨੀ ਅਤੇ ਉਸ ਵਰਗੇ ਕਈ ਹੋਰ-ਅੱਜ ਇਸਦੀ ਪ੍ਰਗਤੀ ਨੂੰ ਕਾਫ਼ੀ ਉੱਚੇ ਪੱਧਰ 'ਤੇ ਰੱਖਦੇ ਹਨ।

ਉਸਨੇ ਮਹਿਸੂਸ ਕੀਤਾ ਕਿ ਦੇਸ਼ ਰਾਜਨੀਤਕ ਅਤੇ ਆਰਥਿਕ ਤੌਰ 'ਤੇ ਪਿੱਛੇ ਜਾ ਰਿਹਾ ਹੈ, ਪਰ ਉਸਨੇ ਇਸਨੂੰ ਕਦੇ ਵੀ ਆਪਣੇ ਸ਼ਬਦਾਂ ਵਿੱਚ ਨਹੀਂ ਲਿਆਂਦਾ।

ਹਾਲ ਹੀ ਵਿੱਚ ਉਸਨੇ ਖਰਾਬ ਸਿਹਤ ਸੰਭਾਲ ਪ੍ਰਣਾਲੀ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਆਪਣੀ ਮੌਤ ਤੋਂ ਇੱਕ ਹਫ਼ਤਾ ਪਹਿਲਾਂ ਉਸਨੇ ਟਿਊਨਿਸ਼ੀਆ ਦੀਆਂ ਰਾਜਨੀਤਕ ਖਾਮੀਆਂ ਦੀ ਸਮੀਖਿਆ ਕਰਦੇ ਹੋਏ ਆਪਣਾ ਆਖਿਰੀ ਬਲਾਗ ਪੋਸਟ ਕੀਤਾ ਸੀ।

ਟਿਊਨਿਸ਼ੀਆ ਦੇ ਲੋਕਾਂ ਦੀ 'ਛੋਟੀ ਯਾਦਸ਼ਕਤੀ' ਬਾਰੇ ਵਰਣਨ ਕਰਦਿਆਂ ਉਸਨੇ ਆਪਣੇ ਬਲਾਗ ਦੀ ਸ਼ੁਰੂਆਤੀ ਲਾਈਨ ਵਿੱਚ ਲਿਖਿਆ, ''ਅਸੀਂ ਉਨ੍ਹਾਂ ਦੀ ਬੇਰੁਖੀ, ਭ੍ਰਿਸ਼ਟਾਚਾਰ, ਜਬਰ ਅਤੇ ਇੱਥੋਂ ਤੱਕ ਕਿ ਹਿੰਸਾ ਨੂੰ ਵੀ ਭੁੱਲ ਜਾਂਦੇ ਹਾਂ।''

ਨੌਜਵਾਨਾਂ ਦੀ ਸ਼ਕਤੀ

ਬੇਨ ਮੇਂਹਨੀ ਨੇ ਟਿਊਨਿਸ਼ੀਆਈ ਲੋਕਾਂ ਦੇ ਉਨ੍ਹਾਂ ਆਦਰਸ਼ਾਂ ਅਤੇ ਟੀਚਿਆਂ ਨੂੰ ਨਿਰਧਾਰਤ ਕੀਤਾ ਜਿਨ੍ਹਾਂ ਦੀ ਇਸ ਮਹਾਂਦੀਪ ਦੇ ਜ਼ਿਆਦਾਤਰ ਲੋਕ ਆਪਣੇ ਮੌਜੂਦਾ ਅਤੇ ਭਵਿੱਖੀ ਸ਼ਾਸਕਾਂ ਤੋਂ ਉਮੀਦ ਕਰਦੇ ਹਨ-ਉਹ ਹਨ ਨਿਰਪੱਖਤਾ, ਨਿਆਂ ਅਤੇ ਆਜ਼ਾਦੀ।

ਉਸਦੇ ਪਿਤਾ ਦੀ ਕਰੀਬੀ ਦੋਸਤ ਤਾਹੇਰ ਚੋਗੋਰਚੇ ਜੋ ਇੱਕ ਖੱਬੇਪੱਖੀ ਵਿਚਾਰਧਾਰਾ ਵਾਲੀ ਕਾਰਕੁਨ ਹੈ, ਨੇ ਮੈਨੂੰ ਦੱਸਿਆ, ''ਅੱਜ ਜੋ ਸਾਡੀ ਰਾਜਨੀਤਕ ਸਥਿਤੀ ਹੈ, ਉਹ ਇਸਦੇ ਉਲਟ ਪ੍ਰਤੀਨਿਧਤਾ ਕਰਦੀ ਸੀ। ਉਹ ਬਦਲੇ ਵਿੱਚ ਕਦੇ ਕੁਝ ਨਹੀਂ ਚਾਹੁੰਦੀ ਸੀ।''

''ਉਸਦੇ ਦਿਲ ਵਿੱਚ ਪਵਿੱਤਰਤਾ ਸੀ ਅਤੇ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੁਰਬਾਨੀ ਦੇਣ ਵਿੱਚ ਵਿਸ਼ਵਾਸ ਕਰਦੀ ਸੀ।''

ਜਦੋਂ ਮੈਂ ਉਸਦੀ 2016 ਵਿੱਚ ਇੰਟਰਵਿਊ ਕੀਤੀ ਸੀ ਤਾਂ ਉਸਨੇ ਮਿੱਤਰਤਾ, ਉਦਾਰਤਾ ਅਤੇ ਆਪਣੇ ਵਿਸ਼ਵਾਸਾਂ ਪ੍ਰਤੀ ਜਨੂੰਨ ਦਾ ਪ੍ਰਗਟਾਵਾ ਕੀਤਾ ਸੀ।

ਪਰ ਉਸਦੇ ਚਿਹਰੇ 'ਤੇ ਨਿਰਾਸ਼ਾ ਅਤੇ ਥਕਾਵਟ ਦਿਖਾਈ ਦਿੱਤੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਕੁਝ ਅਜਿਹਾ ਹੈ ਜਿਸ ਵਾਰੇ ਉਹ ਖੁਸ਼ ਹਨ।

ਨੌਜਵਾਨਾਂ ਦੇ ਜੋਸ਼ ਦੀ ਗੱਲ ਕਰਦਿਆਂ ਉਹ ਤਪਾਕ ਬੋਲੀ, ''ਮੈਂ ਖੁਸ਼ ਹਾਂ ਕਿਉਂਕਿ ਕੁਝ ਲੋਕ ਹਨ ਜਿਨ੍ਹਾਂ ਨੇ ਹਾਰ ਨਹੀਂ ਮੰਨੀ।''

''ਮੈਂ ਉਨ੍ਹਾਂ ਨੌਜਵਾਨਾਂ ਤੋਂ ਬਹੁਤ ਖੁਸ਼ ਹਾਂ ਜੋ ਸਮਾਜ ਵਿੱਚ ਬਹੁਤ ਸਰਗਰਮ ਹਨ ਅਤੇ ਮੈਂ ਸਮਾਜ ਤੋਂ ਖੁਸ਼ ਹਾਂ ਜਿਨ੍ਹਾਂ ਨੇ ਦੇਸ਼ ਨੂੰ ਘੱਟੋ ਘੱਟ ਕਈ ਵਾਰ ਬਚਾਇਆ ਹੈ।''

ਇਹ ਵੀ ਪੜੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)