You’re viewing a text-only version of this website that uses less data. View the main version of the website including all images and videos.
ਆਸਟਰੇਲੀਆ ਦੇ ਜੰਗਲਾਂ ਦੀ ਅੱਗ ਕਿੰਨੀ ਤਬਾਹੀ ਵਾਲੀ ਤੇ ਇਸਦੇ ਨਕਸ਼ਿਆਂ ਦਾ ਸੱਚ
ਆਸਟਰੇਲੀਆ ਦੇ ਜੰਗਲਾਂ ਦੀ ਅੱਗ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੇ ਨਕਸ਼ੇ ਸੋਸ਼ਲ ਮੀਡੀਆ 'ਤੇ ਧੜੱਲੇ ਨਾਲ ਸਾਂਝੇ ਕੀਤੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਅਸਲੀ ਨਹੀਂ ਸਗੋਂ ਕਾਲਪਨਿਕ ਹਨ।
ਲੋਕ ਇਨ੍ਹਾਂ ਨਕਸ਼ਿਆਂ ਤੇ ਤਸਵੀਰਾਂ ਨੂੰ ਅੱਗ ਦੀ ਗੰਭੀਰਤਾ ਤੇ ਦੇਸ਼ ਵਿਆਪੀ ਸੰਕਟ ਬਾਰੇ ਜਾਗਰੂਕਤਾ ਫੈਲਾਉਣ ਲਈ ਸਾਂਝੇ ਕਰ ਰਹੇ ਹਨ।
ਜੰਗਲਾਂ ਵਿਚ ਪਿਛਲੇ ਇੱਕ ਮਹੀਨੇ ਤੋਂ ਲੱਗੀ ਅੱਗ ਕਾਰਨ 25 ਇਨਸਾਨਾਂ ਸਣੇ ਲੱਖਾਂ ਜੀਵਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਦੌਰਾਨ 2000 ਤੋਂ ਵਧੇਰੇ ਘਰ ਅੱਗ ਦੀ ਲਪੇਟ ਵਿਚ ਆ ਗਏ।
ਹਾਲਾਂਕਿ ਪਿਛਲੇ ਹਫ਼ਤੇ ਇਸ ਵਿੱਚ ਕੁਝ ਰਾਹਤ ਮਿਲੀ ਪਰ ਫਾਇਰ ਬ੍ਰਿਗੇਡ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਵਧਣ ਕਾਰਨ ਹੋਰ ਗੰਭੀਰ ਹੋਣ ਵਾਲੇ ਹਾਲਾਤ ਨਾਲ ਨਿਪਟਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ:
ਕਲਾਕ੍ਰਿਤ ਤੋਂ ਗਲਤਫਹਿਮੀ
ਇੱਕ ਤਸਵੀਰ, ਜਿਸ ਨੂੰ ਆਸਟਰੇਲੀਆਈ ਗਾਇਕਾ ਰਿਹਾਨਾ ਨੇ ਵੀ ਸਾਂਝਾ ਕੀਤਾ। ਉਸ ਨੂੰ ਆਸਟਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੀਆਂ ਅੱਗਾਂ ਨੂੰ ਦਰਸਾਉਂਦਾ ਨਕਸ਼ਾ ਸਮਝ ਲਿਆ ਗਿਆ। ਤਸਵੀਰ ਵਿੱਚ ਆਸਟਰੇਲੀਆ ਚੁਫੇਰਿਓਂ ਅੱਗ ਨਾਲ ਘਿਰਿਆ ਨਜ਼ਰ ਆ ਰਿਹਾ ਹੈ।
ਜਦਕਿ ਇਹ ਤਸਵੀਰ ਕਲਾਕਾਰ ਐਂਥਨੀ ਹੀਰਸੇ ਨੇ ਨਾਸਾ ਵੱਲੋਂ ਇੱਕ ਮਹੀਨੇ ਤੱਕ ਇਕੱਠੇ ਕੀਤੇ ਡਾਟਾ ਦੀ ਮਦਦ ਨਾਲ ਤਿਆਰ ਕੀਤੀ ਸੀ।
ਆਪਣੀ ਕਲਾਕ੍ਰਿਤ ਦੀ ਆਲੋਚਨਾ ਤੋਂ ਬਾਅਦ ਹੀਰਸੇ ਨੇ ਇੰਸਟਾਗ੍ਰਾਮ 'ਤੇ ਇਸ ਬਾਰੇ ਸਫ਼ਾਈ ਦਿੱਤੀ ਕਿ ਅੱਗ ਕੁਝ ਜ਼ਿਆਦਾ ਹੀ ਭਿਆਨਕ ਹੈ। ਪਰ ਇਹ ਨਾਸਾ ਦੀ ਵੈਬਸਾਈਟ 'ਤੇ ਮੌਜੂਦ ਜਾਣਕਾਰੀ 'ਤੇ ਆਧਾਰਿਤ ਹੈ। ਇਹ ਵੀ ਨੋਟ ਕਰੋ ਕਿ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਫਿਲਹਾਲ ਅੱਗ ਨਹੀਂ ਲੱਗੀ ਹੋਈ ਤੇ ਇਹ ਮਹਿਜ਼ ਤਬਾਹੀ ਨੂੰ ਦਿਖਾਉਣ ਦਾ ਸੰਕੇਤ ਹੈ ਹੈ।
ਗੁਮਰਾਹਕੁਨ ਸੰਕੇਤ
ਇੱਕ ਹੋਰ ਤਸਵੀਰ ਵਿੱਚ ਅੱਗ ਨੂੰ ਬਿੰਦੀਆਂ ਨਾਲ ਦਿਖਾਇਆ ਗਿਆ ਹੈ। ਇਸ ਦੇ ਨਾਲ ਦਾਅਵਾ ਕੀਤਾ ਗਿਆ ਕਿ ਸਾਰਾ ਅਮਰੀਕਾ ਸੜ ਰਿਹਾ ਹੈ।
ਇਹ ਜਾਣਕਾਰੀ ਆਸਟਰੇਲੀਆ ਸਰਕਾਰ ਦੀ MyFireWatch ਵੈਬਸਾਈਟ ਤੋਂ ਲਈ ਗਈ ਹੈ, ਜੋ ਗਰਮੀ ਦੇ ਸੋਮਿਆਂ ਬਾਰੇ ਸੈਟੇਲਾਈਟ ਰਾਹੀਂ ਇਕੱਠੀ ਕਰਦੀ ਹੈ।
ਇਸ ਵਿੱਚ ਕਿਸੇ ਵੀ ਸਰੋਤ ਦਾ ਡਾਟਾ ਹੋ ਸਕਦਾ ਹੈ। ਜੋ ਆਪਣੇ ਆਲੇ ਦੁਆਲੇ ਤੋਂ ਗਰਮ ਹੋਵੇ। ਇਸ ਵਿੱਚ ਗੈਸ ਦੀ ਅੱਗ, ਤੇਲ ਸੋਧਕ ਕਾਰਖਾਨਿਆਂ ਦੀਆਂ ਚਿਮਨੀਆਂ, ਜਾਂ ਕਾਰਖਾਨਿਆਂ ਦੀਆਂ ਅਜਿਹੀਆਂ ਛੱਤਾਂ ਜੋ ਧੁੱਪ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰਵਰਤਿਤ ਕਰਦੀਆਂ ਹੋਣ।
ਇਸ ਦਾ ਮਤਲਬ ਹੈ ਕਿ ਇਹ ਬਿੰਦੂ ਅਸਲੀ ਅੱਗ ਨਹੀਂ ਦਰਸਾਉਂਦੇ।
ਅਜਿਹੀਆਂ ਤਸਵੀਰਾਂ ਦੀ ਇੱਕ ਹੋਰ ਕਮੀ ਇਹ ਹੈ ਕਿ ਇਹ ਅੱਗ ਦੇ ਅਸਲ ਖ਼ਤਰੇ ਨੂੰ ਨਹੀਂ ਦਰਸਾਉਂਦੀਆਂ। ਇਹ ਵੀ ਨਹੀਂ ਪਤਾ ਚਲਦਾ ਕਿ ਅੱਗ ਕਾਬੂ ਹੇਠ ਹੈ ਜਾਂ ਨਹੀਂ।
ਮਿਸਾਲ ਵਜੋਂ ਉਪਰੋਕਤ ਤਸਵੀਰ ਵਿੱਚ ਲਾਲ ਪੀਲੇ ਬਿੰਦੂਆਂ ਵਾਲਾ ਨਕਸ਼ਾ ਮਾਈ ਫਾਇਰ ਵਾਚ ਨੇ ਤਿਆਰ ਕੀਤਾ ਹੈ। ਇਹ ਅੱਗ ਦੇ ਸਥਾਨ ਦਰਸਾਉਂਦਾ ਹੈ। ਨੀਲੇ ਬਿੰਦੂਆਂ ਵਾਲਾ ਨਕਸ਼ਾ, ਨਿਊ ਸਾਊਥ ਵੇਲਜ਼ ਰੂਰਲ ਦੇ ਦਮਕਲ ਵਿਭਾਗ ਨੇ ਤਿਆਰ ਕੀਤਾ ਹੈ। ਉਸ ਵਿੱਚ ਸੁਰੱਖਿਅਤ ਥਾਵਾਂ ਦਿਖਾਈਆਂ ਗਈਆਂ ਹਨ।
ਹੁਣ ਜੇ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਨਕਸ਼ਾ ਸਾਂਝਾ ਕੀਤਾ ਜਾਵੇ ਤਾਂ ਇਸ ਨਾਲ ਗਲਤ ਫ਼ਹਿਮੀ ਪੈਦਾ ਹੋ ਸਕਦੀ ਹੈ।
ਨਿਊ ਸਾਊਥ ਵੇਲਜ਼ ਪੇਂਡੂ ਦਾ ਦਮਕਲ ਵਿਭਾਗ ਅੱਗ ਦੇ ਹਾਲਤ ਬਾਰੇ ਤਾਜ਼ਾ ਜਾਣਕਾਰੀ ਨਕਸ਼ਿਆਂ ਰਾਹੀਂ ਛਾਪਦਾ ਰਹਿੰਦਾ ਹੈ। ਜਿਸ ਵਿੱਚ ਅੱਗ ਦੀ ਗੰਭੀਰਤਾ ਤੇ ਸੰਭਾਵਿਤ ਖ਼ਤਰੇ ਦੇ ਪੱਧਰ ਬਾਰੇ ਵੀ ਦੱਸਿਆ ਗਿਆ ਹੁੰਦਾ ਹੈ।
ਬੀਬੀਸੀ ਨੇ ਨਕਸ਼ੇ ਕਿਵੇਂ ਤਿਆਰ ਕੀਤੇ
ਬੀਬੀਸੀ ਨੇ ਅੱਗ ਬਾਰੇ ਇੱਕ ਵਿਜ਼ੂਅਲ ਗਾਈਡ ਛਾਪੀ। ਜਿਸ ਵਿੱਚ ਵੱਖ-ਵੱਖ ਸੋਮਿਆਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਨਕਸ਼ਿਆਂ ਤੇ ਹੋਰ ਗ੍ਰਾਫਿਕਸ ਵਿੱਚ ਸਮੋਇਆ ਗਿਆ।
ਵਿਕਟੋਰੀਆ ਫਾਇਰ ਸਰਵਿਸ ਦੀ ਵੈਬਸਾਈਟ ਦੇ ਨਕਸ਼ਿਆਂ ਵਿੱਚੋਂ ਭੂਗੋਲਿਕ ਵੇਰਵੇ ਹਾਸਲ ਕਰਨ ਲਈ ਬੀਬੀਸੀ ਨੇ ਪਾਈਥਨ ਕੋਡ ਦੀ ਵਰਤੋਂ ਕੀਤੀ।
ਬੀਬੀਸੀ ਦੇ ਵਿਜ਼ੂਅਲ ਜਰਨਲਿਸਟ ਟੌਮ ਹੂਸਡਨ ਨੇ ਦੱਸਿਆ, "ਇਸ ਨਾਲ ਅਸੀਂ ਅੱਗ ਦੇ ਗੁੰਝਲਦਾਰ ਖੇਤਰਾਂ ਨੂੰ ਜ਼ਿਆਦਾ ਮੁਢਲੇ ਨਕਸ਼ਿਆਂ ਤੇ ਦਰਸਾ ਸਕਦੇ ਹਾਂ। ਅਸੀਂ ਇਸ ਨੂੰ ਹਰ ਇੱਕ ਦੋ ਦਿਨ ਬਾਅਦ ਨਵਿਆ ਰਹੇ ਹਾਂ ਤੇ ਜਦੋਂ ਤੱਕ ਸੰਕਟ ਜਾਰੀ ਰਹੇਗਾ ਅਸੀਂ ਕਰਦੇ ਰਹਾਂਗੇ।"
ਬੀਬੀਸੀ ਦੇ ਨਕਸ਼ਿਆਂ ਵਿੱਚ ਵੀ ਅੱਗ ਦਾ ਫੈਲਾਅ ਦਿਖਾਉਣ ਲਈ ਨਾਸਾ ਦਾ ਡਾਟਾ ਵਰਤਿਆ ਗਿਆ।
ਨਾਸਾ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਇਹ ਡਾਟਾ ਸੈਟਲਾਈਟ ਰਾਹੀਂ ਇਕੱਠਾ ਕੀਤਾ ਜਾਂਦਾ ਹੈ, ਜੋ ਜਿਨ੍ਹਾਂ ਥਾਵਾਂ ਤੇ ਅੱਗ ਨਹੀਂ ਹੁੰਦੀ ਉੱਥੋਂ ਵੀ ਡਾਟਾ ਲੈ ਲੈਂਦੇ ਹਨ। ਪਰ ਇਹ ਸਭ ਪੂਰੇ ਡਾਟਾ ਦਾ 1 ਫ਼ੀਸਦੀ ਵੀ ਨਹੀਂ ਹੁੰਦਾ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ