You’re viewing a text-only version of this website that uses less data. View the main version of the website including all images and videos.
Jamal Khashoggi: ਖ਼ਾਸ਼ੋਜੀ ਕਤਲ ਕਾਂਡ 'ਚ 5 ਨੂੰ ਸਜ਼ਾਏ-ਮੌਤ : 'ਪਹਿਲਾਂ ਜ਼ਮੀਨ 'ਤੇ ਵੱਢਾਗੇ, ਫਿਰ ਟੋਟੇ ਕਰਕੇ ਲਿਫ਼ਾਫਿਆ 'ਚ ਪਾਉਂਦੇ ਹਾਂ'
ਸਾਊਦੀ ਅਰਬ ਦੇ ਚਰਚਿਤ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਮਾਮਲੇ ਵਿਚ ਪੰਜ ਜਣਿਆਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਹੈ।
ਭਾਵੇਂ ਕਿ ਸਾਊਦੀ ਅਰਬ ਨੇ ਖ਼ਾਸ਼ੋਜੀ ਨੂੰ ਕਤਲ ਕਰਵਾਉਣ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ ਪਰ ਬਾਅਦ ਵਿਚ ਬਹੁਤ ਸਾਰੇ ਸਬੂਤ ਮੀਡੀਆ ਵਿਚ ਵੀ ਸਾਹਮਣੇ ਆਏ ਜਿਨ੍ਹਾਂ ਨੇ ਸਾਊਦੀ ਸਫ਼ਾਰਤਖ਼ਾਨੇ 'ਚ ਕਤਲ ਕੀਤੇ ਜਾਣ ਦੀ ਪੁਸ਼ਟੀ ਕੀਤੀ।
ਹੁਣ ਇਸ ਮਾਮਲੇ 'ਚ ਸਾਊਦੀ ਅਰਬ ਦੀ ਇੱਕ ਅਦਾਲਤ ਨੇ 2018 ਵਿੱਚ ਪੱਤਰਕਾਰ ਖਾਸ਼ੋਜੀ ਦੇ ਕਤਲ ਦੇ ਦੋਸ਼ 'ਚ 5 ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਸਾਊਦੀ ਅਰਬ ਦੇ ਸਰਕਾਰੀ ਵਕੀਲ ਸ਼ਲਾਨ ਅਲ-ਸ਼ਲਾਨ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਜੋ ਸਿੱਧੇ ਤੌਰ 'ਤੇ ਕਤਲ 'ਚ ਸ਼ਾਮਿਲ ਸਨ। ਇਸ ਦੇ ਨਾਲ ਹੀ ਕੁੱਲ ਮਿਲਾ ਕੇ ਤਿੰਨ ਲੋਕਾਂ ਨੂੰ 24 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸਲਾਹਕਾਰ ਸਊਦ ਅਲ-ਖ਼ਤਾਨੀ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੇ ਇਲਜ਼ਾਮ ਨਹੀਂ ਲਗਾਏ ਗਏ।
ਖ਼ਾਸ਼ੋਜੀ ਦੀ ਆਖਰੀ ਗੱਲਬਾਤ
ਜਮਾਲ ਖਾਸ਼ੋਜੀ ਨੂੰ ਆਖ਼ਰੀ ਵਾਰ 2 ਅਕਤੂਬਰ 2018 ਨੂੰ ਤੁਰਕੀ ਦੇ ਇਸਤੰਬੁਲ ਵਿੱਚ ਸਾਊਦੀ ਸਫ਼ਾਰਤਖ਼ਾਨੇ ਦੇ ਬਾਹਰ ਦੇਖਿਆ ਗਿਆ ਸੀ। ਤੁਰਕੀ ਨੇ ਸਾਊਦੀ ਅਰਬ 'ਤੇ ਇਲਜ਼ਾਮ ਲਗਾਇਆ ਸੀ ਕਿ ਸਫ਼ਾਰਤਖ਼ਾਨੇ 'ਚ ਜਮਾਲ ਖਾਸ਼ੋਜੀ ਦਾ ਕਤਲ ਕਰ ਦਿੱਤਾ ਗਿਆ ਸੀ। ਪਰ ਉਨ੍ਹਾਂ ਦੀ ਲਾਸ਼ ਨਹੀਂ ਮਿਲੀ।
ਖ਼ਾਸ਼ੋਜੀ ਕਤਲ ਕਾਂਡ ਤੋਂ ਬਾਅਦ ਤੁਰਕੀ ਦੀਆਂ ਜਾਂਚ ਏਜੰਸੀਆਂ ਨੇ ਯੂਐਨਓ ਵਿੱਚ ਆ਼ਡਿਓ ਰਿਕਾਡਿੰਗ ਪੇਸ਼ ਕੀਤੀ ਸੀ, ਜਿਸ ਵਿਚ ਕਾਤਲਾਂ ਦੇ ਖ਼ਾਸ਼ੋਜੀ ਨੂੰ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ ਕਰਨ ਦੀ ਗੱਲਬਾਤ ਸੀ।
ਬੀਬੀਸੀ ਨੇ ਇਹ ਗੱਲਬਾਤ ਉਦੋਂ ਹੀ ਆਪਣੀ ਇੱਕ ਰਿਪੋਰਟ ਰਾਹੀ ਨਸ਼ਰ ਕੀਤੀ ਸੀ। ਪੇਸ਼ ਹੈ ਉਸ ਗੱਲਬਾਤ ਦੇ ਕੁਝ ਅੰਸ਼
ਪਹਿਲਾ ਬੰਦਾ- 'ਕੀ ਲਾਸ਼ ਬੈਗ ਵਿਚ ਪੈ ਜਾਵੇਗੀ?'
ਦੂਜਾ- 'ਨਹੀਂ ਬਹੁਤ ਭਾਰੀ ਹੈ, ਜੋੜ ਵੱਖ ਹੋ ਜਾਣਗੇ।'
ਪਹਿਲਾ- 'ਜੇ ਲਾਸ਼ ਭਾਰੀ ਹੈ ਤਾਂ ਵੀ ਕੋਈ ਸਮੱਸਿਆ ਨਹੀਂ'
ਦੂਜਾ- 'ਪਹਿਲਾਂ ਜ਼ਮੀਨ ਉੱਤੇ ਵੱਢਦੇ ਹਾਂ, ਫੇਰ ਟੋਟੇ ਕਰਕੇ ਲਿਫ਼ਾਫਿਆ ਵਿਚ ਪਾਉਂਦੇ ਹਾਂ। ਬਸ ਕੰਮ ਮੁੱਕ ਜਾਵੇਗਾ'।
ਇਸ ਤੋਂ ਪਹਿਲਾਂ ਜਦੋਂ ਖ਼ਾਸ਼ੋਜ਼ੀ ਦੂਤਾਵਾਸ ਵਿਚ ਆਉਂਦਾ ਹੈ ਤਾਂ ਉਸ ਵੇਲੇ ਜਿਹੜੀ ਗੱਲਬਾਤ ਹੋਈ ਉਹ ਇਸ ਤਰ੍ਹਾਂ ਸੀ।
ਤੀਜਾ - 'ਕੀ ਬਲ਼ੀ ਦਾ ਬੱਕਰਾ ਆ ਗਿਆ'
ਚੌਥਾ- ਹਾਂ, ਉਹ ਆ ਗਿਆ ਹੈ।
ਜਦੋਂ ਖ਼ਾਸ਼ੋਜ਼ੀ ਅੰਦਰ ਗਿਆ ਤਾਂ ਉੱਥੋਂ ਦੇ ਹਾਲਾਤ ਦੇਖ ਕੇ ਉਸ ਨੂੰ ਲੱਗਿਆ ਕਿ ਕੁਝ ਗੜਬੜ ਹੈ।
ਉਸ ਨੇ ਸਾਹਮਣੇ ਵਾਲੇ ਬੰਦੇ ਨੂੰ ਪੁੱਛਿਆ, ਇੱਥੇ ਤੋਲੀਆ ਪਿਆ ਹੈ ਕਿ ਤੁਸੀਂ ਮੈਨੂੰ ਨਸ਼ਾ ਦੇਵੋਗੇ ਤੇ ਬੇਹੋਸ਼ ਕਰੋਗੇ?
ਬੇਸ਼ੱਕ ਕਰਾਂਗੇ, ਅੱਗੋ ਉੱਤਰ ਆਇਆ
ਇਹ ਖ਼ਾਸ਼ੋਜ਼ੀ ਦੀ ਆਖ਼ਰੀ ਗੱਲਬਾਤ ਮੰਨੀ ਗਈ ਸੀ।
ਸਾਊਦੀ ਅਰਬ ਨੇ ਇਸ ਮਾਮਲੇ ਵਿਚ 11 ਸ਼ੱਕੀਆਂ ਉੱਤੇ ਕੇਸ ਚਲਾਇਆ ਸੀ ਅਤੇ ਮਾਮਲੇ ਦੀ ਸੁਣਵਾਈ ਬੰਦ ਕਮਰਾ ਹੋਈ।
ਪਰ ਸਵਾਲ ਇਹ ਬਣਿਆ ਹੋਇਆ ਹੈ ਕਿ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ।
ਇਸ ਮਾਮਲੇ ਵਿਚ ਤੁਰਕੀ ਦੀ ਯੂਐਨ ਵਿਚ ਵਿਸ਼ੇਸ਼ ਦੂਤ ਐਗਨਿਸ ਕੈਲਾਮਾਰਡ ਨੇ ਕਿਹਾ ਸੀ ਕਿ ਇਹ ਕਤਲ ਰਾਜਸ਼ਾਹੀ ਨੇ ਕਰਵਾਇਆ ਹੈ। ਇਸ ਮਾਮਲੇ ਉੱਤੇ ਸਾਰੇ ਇਲਜ਼ਾਮਾਂ ਨੂੰ ਸਾਊਦੀ ਅਰਬ ਨੇ ਰੱਦ ਕਰ ਦਿੱਤਾ ਸੀ।
ਖਾਸ਼ੋਜੀ ਦੀ ਮੰਗੇਤਰ ਹਤੀਜਾ ਜੇਂਗਿਜ਼ ਨੇ ਕਤਲ ਤੋਂ ਕੁਝ ਸਮੇਂ ਬਾਅਦ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀ, ''ਕਤਲ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਆਖ਼ਰ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ।''
ਖ਼ਾਸ਼ੋਜੀ ਨੂੰ ਮੌਤ ਤੌਰ ਆਖਰੀ ਵਾਰ ਦੇਖਣ ਵਾਲੀ ਮੰਗੇਤਰ ਨੇ ਕਿਹਾ ਸੀ, ''ਅਸੀ ਨਹੀਂ ਸੋਚਿਆ ਸੀ ਕਿ ਜਮਾਲ ਦਾ ਕਤਲ ਹੋ ਜਾਵੇਗਾ। ਇਹ ਬੇਹੱਦ ਹੈਰਾਨ ਕਰਨ ਵਾਲਾ ਸੀ ਅਸੀਂ ਜਲਦ ਹੀ ਵਿਆਹ ਕਰਵਾਉਣ ਸੀ। ਮੈਨੂੰ ਅਜੇ ਵੀ ਇਸ ਉੱਤੇ ਵਿਸ਼ਵਾਸ਼ ਨਹੀਂ ਆ ਰਿਹਾ। ਅਸੀਂ ਇੱਕ ਦੂਜੇ ਨੂੰ ਅਲਵਿਦਾ ਤੱਕ ਨਹੀਂ ਕਹਿ ਸਕੇ ਉਹ ਦੂਤਾਵਾਸ ਦੇ ਅੰਦਰ ਗਏ ਪਰ ਬਾਹਰ ਨਹੀਂ ਆ ਸਕੇ। ਕਿਸੇ ਦੀ ਮੌਤ ਉੱਤੇ ਭਰੋਸਾ ਕਰਨ ਲਈ ਉਸ ਨੂੰ ਦੇਖਣਾ ਜਰੂਰੀ ਹੁੰਦਾ ਹੈ।''
''ਅਸੀਂ ਉਨ੍ਹਾਂ ਨੂੰ ਆਖ਼ਰੀ ਵਾਰ ਨਹੀਂ ਦੇਖ ਸਕੇ ਸਾਨੂੰ ਨਹੀਂ ਪਤਾ ਉਨ੍ਹਾਂ ਨਾਲ ਕੀ ਹੋਇਆ। ਸਾਊਦੀ ਅਰਬ ਦੇ ਐਲਾਨ ਤੱਕ ਮੈਂ ਉਮੀਦ ਨਹੀਂ ਛੱਡੀ ਸੀ। ਮੈਂ ਉਸ ਦਿਨ ਤੋਂ ਬਾਅਦ ਵਾਰ ਵਾਰ ਮਰੀ ਆਖ਼ਰ ਉਹ ਕਿਸੇ ਨੂੰ ਪਿਆਰ ਕਰਦਾ ਸੀ। ਸ਼ਾਇਦ ਉਨ੍ਹਾਂ ਨੂੰ ਆਖ਼ਰੀ ਵਾਰ ਇਹੀ ਖ਼ਿਆਲ ਆਇਆ ਹੋਵੇ ਮੈਂ ਇਹੀ ਸੋਚ ਕੇ ਦਿਲ ਸਮਝਾਉਂਦੀ ਹਾਂ।''
ਕੌਣ ਹੈ ਇਹ ਪੱਤਰਕਾਰ?
- ਜਮਾਲ ਖਾਸ਼ੋਜੀ ਨੇ ਸਾਊਦੀ ਮੀਡੀਆ ਅਦਾਰਿਆਂ ਲਈ ਵੱਡੀਆਂ ਖ਼ਬਰਾਂ ਰਿਪੋਰਟ ਕੀਤੀਆਂ ਹਨ। ਉਹ ਪਹਿਲਾਂ ਤਾਂ ਸਾਊਦੀ ਸਰਕਾਰ ਦੇ ਵੀ ਸਲਾਹਕਾਰ ਸਨ ਪਰ ਫਿਰ ਉਹ ਰਿਸ਼ਤਾ ਖੱਟਾ ਹੋ ਗਿਆ।
- ਉਹ ਇਸ ਤੋਂ ਬਾਅਦ ਗੁਪਤਵਾਸ 'ਚ ਅਮਰੀਕਾ ਜਾ ਕੇ ਰਹਿਣ ਲੱਗੇ ਅਤੇ ਵਾਸ਼ਿੰਗਟਨ ਪੋਸਟ ਅਖ਼ਬਾਰ ਲਈ ਇੱਕ ਮਹੀਨੇਵਾਰ ਲੇਖ ਲਿਖਣ ਲੱਗੇ।
- ਮਦੀਨਾ 'ਚ 1958 ਵਿੱਚ ਪੈਦਾ ਹੋਏ ਜਮਾਲ ਖਾਸ਼ੋਜੀ ਨੇ ਅਮਰੀਕਾ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨੀਸਟ੍ਰੇਸ਼ਨ ਦੀ ਪੜ੍ਹਾਈ ਕੀਤੀ।
- ਉਸ ਤੋਂ ਬਾਅਦ ਉਹ ਮੁੜ ਸਾਊਦੀ ਅਰਬ ਆ ਗਏ ਅਤੇ 1980ਵਿਆਂ ਵਿੱਚ ਖੇਤਰੀ ਅਖ਼ਬਾਰਾਂ ਲਈ ਅਫ਼ਗਾਨਿਸਤਾਨ ਉੱਪਰ ਸੋਵੀਅਤ ਹਮਲਿਆਂ ਦੀ ਰਿਪੋਰਟਿੰਗ ਕਰਕੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ।
- ਉੱਥੇ ਉਨ੍ਹਾਂ ਓਸਾਮਾ ਬਿਨ ਲਾਦੇਨ ਦੇ ਉਭਾਰ ਨੂੰ ਨੇੜਿਓਂ ਦੇਖਿਆ ਅਤੇ 1980-1990 ਦੇ ਦਹਾਕਿਆਂ ਦੌਰਾਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਲਿਆ।
- ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਆਪਣੇ ਖੇਤਰ ਦੀਆਂ ਕਈ ਮੁੱਖ ਘਟਨਾਵਾਂ ਦੀ ਰਿਪੋਰਟਿੰਗ ਕੀਤੀ ਜਿਨ੍ਹਾਂ ਵਿੱਚ ਕੁਵੈਤ ਦੀ ਖਾੜੀ ਜੰਗ ਵੀ ਸ਼ਾਮਿਲ ਸੀ।
- 1990ਵਿਆਂ ਵਿੱਚ ਖਾਸ਼ੋਜੀ ਸਾਊਦੀ ਅਰਬ ਪਰਤ ਆਏ ਅਤੇ 1999 ਵਿੱਚ ਇੱਕ ਅੰਗਰੇਜ਼ੀ ਅਖ਼ਬਾਰ ਅਰਬ ਨਿਊਜ਼ ਦੇ ਡਿਪਟੀ ਐਡੀਟਰ ਬਣੇ।
- 2003 ਵਿੱਚ ਜਮਾਲ, ਅਲ ਵਤਨ ਅਖ਼ਬਾਰ ਦੇ ਸੰਪਾਦਕ ਬਣੇ ਪਰ ਆਪਣੇ ਕਾਰਜਕਾਲ ਦੇ ਦੋ ਮਹੀਨਿਆਂ ਵਿੱਚ ਹੀ ਸਾਊਦੀ ਸਰਕਾਰ ਖ਼ਿਲਾਫ਼ ਆਲੋਚਨਾਤਮਕ ਖ਼ਬਰਾਂ ਛਾਪਣ ਕਾਰਨ ਬਰਖ਼ਾਸਤ ਕਰ ਦਿੱਤੇ ਗਏ।
- ਬਰਖ਼ਾਸਤਗੀ ਤੋਂ ਬਾਅਦ ਉਹ ਲੰਡਨ ਅਤੇ ਫੇਰ ਵਾਸ਼ਿੰਗਟਨ ਚਲੇ ਗਏ, ਜਿੱਥੇ ਉਨ੍ਹਾਂ ਸਾਊਦੀ ਅਰਬ ਦੇ ਸਾਬਕਾ ਇੰਟੈਲੀਜੈਂਸ ਮੁਖੀ ਅਤੇ ਅੰਬੈਸਡਰ ਪ੍ਰਿੰਸ ਤੁਰਕੀ ਬਿਨ-ਫੈਸਲ ਦੇ ਮੀਡੀਆ ਸਲਾਹਕਾਰ ਦੇ ਰੂਪ ਵਿਚ ਸੇਵਾ ਨਿਭਾਈ।
- ਇਸ ਤੋਂ ਬਾਅਦ ਸਾਲ 2007 ਵਿੱਚ ਉਹ ਅਲ ਵਤਨ ਅਖ਼ਬਾਰ ਵਿੱਚ ਮੁੜ ਆ ਗਏ ਪਰ ਹੋਰ ਵਿਵਾਦਾਂ ਦੇ ਚਲਦਿਆਂ ਤਿੰਨ ਸਾਲਾਂ ਬਾਅਦ ਨੌਕਰੀ ਛੱਡ ਦਿੱਤੀ।
- 2011 ਵਿੱਚ ਅਰਬ ਸਪਰਿੰਗ ਅਪਰਾਇਜ਼ਿੰਗ ਤੋਂ ਬਾਅਦ, ਉਨ੍ਹਾਂ ਕਈ ਦੇਸਾਂ ਵਿੱਚ ਇਸਲਾਮਿਕ ਸਮੂਹਾਂ ਦਾ ਸਮਰਥਨ ਕੀਤਾ ਜਿਨ੍ਹਾਂ ਨੇ ਕਈ ਮੁਲਕਾਂ ਵਿੱਚ ਸ਼ਕਤੀ ਹਾਸਿਲ ਕੀਤੀ ਸੀ।
- 2012 ਵਿੱਚ ਜਮਾਲ ਨੂੰ ਸਾਊਦੀ ਅਰਬ ਵੱਲੋਂ ਸਮਰਥਨ ਹਾਸਿਲ ਨਿਊਜ਼ ਚੈਨਲ 'ਅਲ ਅਰਬ' ਚਲਾਉਣ ਲਈ ਚੁਣਿਆ ਗਿਆ - ਇਸ ਚੈਨਲ ਨੂੰ ਕਤਰ ਵੱਲੋਂ 'ਦਿ ਅਲ ਜਜ਼ੀਰਾ ਚੈਨਲ' ਦੇ ਮੁਕਾਬਲੇ ਖੜ੍ਹਾ ਕੀਤਾ ਗਿਆ ਸੀ।
- ਪਰ ਬਹਿਰੀਨ ਅਧਾਰਤ ਇਸ ਨਿਊਜ਼ ਚੈਨਲ ਵੱਲੋਂ 2015 ਵਿੱਚ ਇੱਕ ਪ੍ਰਮੁੱਖ ਬਹਿਰੀਨ ਵਿਰੋਧੀ ਧਿਰ ਦੇ ਆਗੂ ਨੂੰ ਸੰਬੋਧਨ ਲਈ ਸੱਦਣ ਕਰਕੇ 24 ਘੰਟੇ ਦੇ ਅੰਦਰ ਹੀ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ।
- ਖਾਸ਼ੋਜੀ ਨੂੰ ਸਾਊਦੀ ਮਾਮਲਿਆਂ ਦੇ ਮਾਹਿਰ ਮੰਨਿਆ ਜਾਂਦਾ ਸੀ ਅਤੇ ਉਹ ਕੌਮਾਂਤਰੀ ਮੀਡੀਆ ਅਦਾਰਿਆਂ ਵਿੱਚ ਨਿਯਮਿਤ ਯੋਗਦਾਨ ਪਾ ਰਹੇ ਸਨ।ਪੱਤਰਕਾਰ ਜਮਾਲ ਖਾਸ਼ੋਜੀ ਨੇ 2017 ਦੀਆਂ ਗਰਮੀਆਂ ਵਿੱਚ ਸਾਊਦੀ ਅਰਬ ਨੂੰ ਛੱਡ ਕੇ ਅਮਰੀਕਾ ਵੱਲ ਕੂਚ ਕੀਤਾ।
ਇਹ ਵੀਡੀਓਜ਼ ਵੀ ਦੇਖੋ: