ਸ੍ਰੀ ਲੰਕਾਂ ਚੋਣਾਂ: ਰਾਸ਼ਟਰਪਤੀ ਬਣਨ ਜਾ ਰਹੇ ਗੋਟਬਿਆ ਰਾਜਪਕਸੇ ਕੌਣ ਹਨ?

ਸ੍ਰੀਲੰਕਾ ਵਿੱਚ ਜੰਗ ਵੇਲੇ ਫੌਜ ਦੇ ਮੁਖੀ ਰਹੇ ਗੋਟਬਿਆ ਰਾਜਪਕਸੇ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਇਨ੍ਹਾਂ ਚੋਣਾਂ ਨੇ ਮੁਲਕ ਨੂੰ ਫਿਰਕਾਪ੍ਰਸਤੀ ਦੇ ਨਾਂ ਤੇ ਦੋ ਹਿੱਸਿਆ ਵਿਚ ਵੰਡ ਦਿੱਤਾ ਹੈ।

ਅਧਿਕਾਰਤ ਨਤੀਜਿਆਂ ਮੁਤਾਬਕ ਰਾਜਪਕਸੇ ਨੂੰ 52.25% ਵੋਟਾਂ ਪਈਆਂ ਹਨ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਾਜਿਥ ਪ੍ਰੇਮਦਾਸਾ ਨੇ ਆਪਣੀ ਹਾਰ ਪਹਿਲਾਂ ਹੀ ਸਵਿਕਾਰ ਕਰ ਲਈ ।

ਮਾਹਰਾਂ ਮੁਤਾਬਕ ਰਾਜਪਕਸੇ ਸਿਨਹਾਲਾ ਭਾਈਚਾਰੇ ਵਿਚ ਅੱਗੇ ਸੀ ਜਦਕਿ ਤਮਿਲ ਭਾਈਚਾਰੇ ਦਾ ਪਲੜਾ ਸਾਜਿਥ ਵੱਲ ਰਿਹਾ।

ਅਪ੍ਰੈਲ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ ਹਨ। ਇਸ ਹਮਲੇ ਵਿੱਚ 250 ਲੋਕ ਮਾਰੇ ਗਏ ਸਨ।

ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਵੱਲ ਵਧ ਰਹੇ ਗੋਟਬਿਆ ਰਾਜਪਕਸੇ ਨੇ ਐੱਲਟੀਟੀਈ ਦੇ ਖ਼ਾਤਮੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ

ਸਾਲ 2009 ਵਿੱਚ ਦਹਾਕਿਆਂ ਤੋਂ ਚੱਲੀ ਖਾਨਾਜੰਗੀ ਦੇ ਖ਼ਾਤਮੇ ਤੋਂ ਬਾਅਦ ਤੀਜੀਆਂ ਰਾਸ਼ਟਰਪਤੀ ਚੋਣਾਂ ਹਨ, ਜਿਸ ਵਿੱਚ 35 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਦੇਸ ਦੇ ਮੌਜੂਦਾ ਰਾਸ਼ਟਰਪਤੀ ਮੈਥਰੀਪਾਲਾ ਸ੍ਰੀਸੇਨਾ ਨੇ ਚੋਣ ਨਹੀਂ ਲਈ। ਈਸਟਰ ਬੰਬ ਧਮਾਕੇ ਮਗਰੋਂ ਹੋਈ ਉਨ੍ਹਾਂ ਦੀ ਆਲੋਚਨਾ ਤੋਂ ਬਾਅਦ ਉਨ੍ਹਾਂ ਨੇ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਸੀ।

ਉਨ੍ਹਾਂ ਦੀ ਸ੍ਰੀਲੰਕਾ ਫਰੀਡਮ ਪਾਰਟੀ ਇਨ੍ਹਾਂ ਚੋਣਾਂ ਵਿੱਚ ਰਾਜਪਕਸੇ ਦਾ ਸਮਰਥਨ ਕਰ ਰਹੀ ਸੀ। ਰਾਜਪਕਸੇ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਮਹਿੰਦਾ ਰਾਜਪਕਸੇ ਦੇ ਛੋਟੇ ਭਰਾ ਹਨ।

ਇਹ ਵੀ ਪੜ੍ਹੋ-

ਰਾਜਪਕਸੇ ਦੀ ਭੂਮਿਕਾ

ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ ਗੋਟਾਭਾਇਆ ਰਾਜਪਕਸੇ ਮੁਲਕ ਵਿਚ ਫਿਰਕੂ ਧਰੁਵੀਕਰਨ ਲਈ ਜਾਣੇ ਜਾਂਦੇ ਹਨ।

ਉਹ ਤਮਿਲ ਟਾਈਗਰ ਵੱਖਵਾਦੀ ਬਾਗੀਆਂ ਦੇ ਖ਼ਾਤਮੇ ਲਈ ਅਹਿਮ ਭੂਮਿਕਾ ਨਿਭਾਉਣ ਅਤੇ ਸ੍ਰੀ ਲੰਕਾ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਨਾਗਰਿਕ ਜੰਗ ਨੂੰ ਸਾਲ 2009 ਵਿਚ ਖ਼ਤਮ ਕਰਨ ਕਾਰਨ ਜਾਣੇ ਜਾਂਦੇ ਹਨ। ਉਸ ਵੇਲੇ ਗੋਟਾਭਾਇਆ ਰੱਖਿਆ ਸਕੱਤਰ ਸਨ।

ਪਰ ਉਨ੍ਹਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਹੈ। ਹਾਲਾਂਕਿ ਉਹ ਕੋਈ ਵੀ ਗਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ।

ਲਾਜ਼ਮੀ ਤੌਰ 'ਤੇ ਸ਼ਨੀਵਾਰ ਦੀ ਚੋਣ ਤੋਂ ਬਾਅਦ ਗੋਟਾਭਾਇਆ ਰਾਜਪਕਸ਼ਾ ਦੀ ਸੱਤਾ ਵਿਚ ਵਾਪਸੀ ਕਾਰਨ ਹਲਚਲ ਵਧੀ ਹੈ। ਕੁਝ ਵਿਸ਼ਲੇਸ਼ਕ ਚਿੰਤਤ ਹਨ ਕਿ ਇਸ ਕਾਰਨ ਨਸਲੀ ਤਣਾਅ ਵੱਧ ਸਕਦਾ ਹੈ, ਜਦੋਂ ਕਿ ਹੋਰਨਾਂ ਲੋਕਾਂ ਨੂੰ ਉਮੀਦ ਹੈ ਕਿ ਸੁਰੱਖਿਆ ਸਬੰਧੀ ਕੀਤੇ ਵਾਅਦੇ ਉਹ ਪੂਰੇ ਕਰਣਗੇ।

ਇਸ ਸਾਲ ਸ੍ਰੀਲੰਕਾ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੁਆਰਾ ਈਸਟਰ ਮੌਕੇ ਹੋਏ ਬੰਬ ਧਮਾਕੇ ਤੋਂ ਬਾਅਦ ਦੇਸ ਇਸ ਤੋਂ ਉਭਰਨ ਦੀ ਕੋਸ਼ਿਸ਼ ਵਿਚ ਨਜ਼ਰ ਆ ਰਿਹਾ ਹੈ। ਇਨ੍ਹਾਂ ਬੰਬ ਧਮਾਕਿਆਂ ਵਿੱਚ 250 ਤੋਂ ਵੱਧ ਲੋਕ ਮਾਰੇ ਗਏ ਸਨ।

ਇੱਕ ਤਾਕਤਵਰ ਸਿਆਸੀ ਪਰਿਵਾਰ ਨਾਲ ਸਬੰਧ

  • ਗੋਟਾਭਾਇਆ ਰਾਜਪਕਸਾ ਸ੍ਰੀ ਲੰਕਾ ਦੇ ਇੱਕ ਤਾਕਤਵਰ ਸਿਆਸੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਤੇ ਵੱਡਾ ਭਰਾ ਮਹਿੰਦਾ ਰਾਜਪਕਸੇ ਦੋ ਵਾਰੀ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
  • ਗੋਟਾਭਾਇਆ ਰਾਜਪਕਸਾ ਦੇ ਦੂਜੇ ਦੋ ਭਰਾ ਉੱਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ:

  • ਗੋਟਾਭਾਇਆ ਪਰਿਵਾਰ ਦੇ 9 ਬੱਚਿਆਂ 'ਚੋਂ 5ਵੇਂ ਬੱਚੇ ਸਨ ਜਿਨ੍ਹਾਂ ਦਾ ਜਨਮ 1949 ਨੂੰ ਹੋਇਆ। ਉਹ ਸ੍ਰੀ ਲੰਕਾ ਦੇ ਬਹੁਤਾਤ ਵਾਲੇ ਭਾਈਚਾਰੇ ਸਿਨਹਾਲੀ ਨਾਲ ਸਬੰਧਤ ਹਨ।
  • 1971 ਵਿਚ ਉਹ ਫ਼ੌਜ ਵਿਚ ਭਰਤੀ ਹੋਏ ਤੇ ਸ੍ਰੀ ਲੰਕਾ ਮਿਲੀਟਰੀ ਅਕੈਡਮੀ ਵਿਚ ਟਰੇਨਿੰਗ ਲਈ।
  • ਅਗਲੇ 20 ਸਾਲਾਂ ਤੱਕ ਉਹ ਕਈ ਅਹੁਦਿਆਂ 'ਤੇ ਰਹੇ ਤੇ ਕਈ ਪ੍ਰਾਪਤੀਆਂ ਹਾਸਿਲ ਕੀਤੀਆਂ।
  • ਆਈਟੀ ਦਾ ਕੰਮ ਛੱਡਣ ਤੋਂ ਪਹਿਲਾਂ ਉਨ੍ਹਾਂ ਕਈ ਗੈਲੰਟਰੀ ਐਵਾਰਡ ਹਾਸਿਲ ਕੀਤੇ।
  • ਸਾਲ 1998 ਵਿਚ ਰਾਜਪਕਸ਼ਾ ਆਪਣੇ ਪਰਿਵਾਰ ਸਣੇ ਅਮਰੀਕਾ ਚਲੇ ਗਏ ਤੇ ਸਾਲ 2005 ਵਿਚ ਦੇਸ ਵਾਪਸ ਆਏ ਜਦੋਂ ਉਨ੍ਹਾਂ ਦਾ ਭਰਾ ਮਹਿੰਦਾ ਰਾਜਪਕਸ਼ਾ ਰਾਸ਼ਟਰਪਤੀ ਬਣੇ।

ਉਦੋਂ ਗੋਟਾਭਾਇਆ ਰਾਜਪਕਸ਼ਾ ਸਾਲ 2005 ਵਿਚ ਰੱਖਿਆ ਸਕੱਤਰ ਨਿਯੁਕਤ ਕੀਤੇ ਗਏ ਤੇ ਸਾਲ 2010 ਵਿਚ ਫਿਰ ਇਸ ਅਹੁਦੇ ਲਈ ਚੁਣੇ ਗਏ। ਇਹ ਉਹ ਸਮਾਂ ਸੀ ਜਿਸ ਨੂੰ ਸ੍ਰੀ ਲੰਕਾ ਦੇ ਇਤਿਹਾਸ ਵਿਚ ਉਨ੍ਹਾਂ ਦੀ ਭੂਮੀਕਾ ਲਈ ਯਾਦ ਕੀਤਾ ਜਾਵੇਗਾ।

ਰਾਜਪਕਸ਼ਾ ਭਰਾਵਾਂ ਨੇ ਫੌਜੀ ਅਪਰੇਸ਼ਨ ਦੀ ਨਿਗਰਾਨੀ ਕੀਤੀ ਜਿਸ ਕਾਰਨ ਸਾਲ 2009 ਵਿਚ ਤਾਮਿਲ ਵੱਖਵਾਦੀ ਟਕਰਾਅ ਨੂੰ ਖ਼ਤਮ ਕਰ ਦਿੱਤਾ ਗਿਆ। ਇਹ 25 ਸਾਲਾਂ ਤੋਂ ਵੱਧ ਚੱਲਿਆ ਸੀ ਅਤੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਕਾਰਨ ਤਕਰੀਬਨ 1,00,000 ਲੋਕਾਂ ਦੀ ਜਾਨ ਗਈ ਹੈ।

ਇਸ ਜੰਗ ਦਾ ਖ਼ਾਤਮਾ ਸ੍ਰੀ ਲੰਕਾ ਦੇ ਜ਼ਿਆਦਾਤਰ ਲੋਕਾਂ ਲਈ ਸਮਾਗਮ ਦਾ ਦਿਨ ਸੀ ਪਰ ਕਈ ਸਵਾਲ ਹਾਲੇ ਵੀ ਬਰਕਰਾਰ ਹਨ।

ਇਸਦੇ ਆਖ਼ਰੀ ਪੜਾਵਾਂ ਦੌਰਾਨ ਹਜ਼ਾਰਾਂ ਲੋਕ ਅਲੋਪ ਹੋ ਗਏ - ਕਿਹਾ ਜਾਂਦਾ ਹੈ ਕਿ ਕਈ ਲੋਕਾਂ 'ਤੇ ਤਸ਼ੱਦਦ ਕੀਤੇ ਗਏ ਜਾਂ ਮਾਰੇ ਗਏ। ਜੰਗ ਦੇ ਖ਼ਤਮ ਹੋਣ ਤੋਂ ਕਈ ਸਾਲਾਂ ਬਾਅਦ ਵੀ ਗੁੰਮਸ਼ੁਦਗੀ ਦਾ ਸਿਲਸਿਲਾ ਜਾਰੀ ਰਿਹਾ, ਜਦੋਂ ਕਾਰੋਬਾਰੀ, ਪੱਤਰਕਾਰ ਅਤੇ ਕਾਰਕੁੰਨ ਰਾਜਪਕਸ਼ਾ ਦੇ ਵਿਰੋਧੀ ਵਜੋਂ ਘੇਰੇ ਗਏ ਅਤੇ ਫਿਰ ਕਦੇ ਨਹੀਂ ਦਿਖੇ।

ਹਾਲਾਂਕਿ ਰਾਜਪਕਸ਼ਾ ਸਰਕਾਰ ਨੇ ਗਾਇਬ ਹੋਣ ਵਿਚ ਕਿਸੇ ਭੂਮਿਕਾ ਤੋਂ ਇਨਕਾਰ ਕੀਤਾ। ਰਾਜਪਕਸ਼ਾ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਸਿੱਧਾ ਇਲਜ਼ਾਮ ਹੈ।

ਪਰ ਇੱਕ ਦਹਾਕੇ ਪਹਿਲਾਂ ਸੁਰੱਖਿਆ ਬਾਰੇ ਉਨ੍ਹਾਂ ਦੇ ਸਖ਼ਤ ਰੁਖ ਕਾਰਨ ਸ਼ਾਇਦ ਉਨ੍ਹਾਂ ਨੂੰ ਸਾਲ 2019 ਦੀਆਂ ਚੋਣਾਂ ਵਿਚ ਹੁਲਾਰਾ ਮਿਲਿਆ ਹੈ।

ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਸੀ, "ਅਸੀਂ ਗਰੰਟੀ ਦਿੰਦੇ ਹਾਂ ਕਿ ਇਸ ਦੇਸ ਵਿਚ ਫਿਰ ਤੋਂ ਅੱਤਵਾਦ ਦੀ ਕੋਈ ਜਗ੍ਹਾ ਨਹੀਂ ਰਹੇਗੀ, ਜਿਵੇਂ ਕਿ ਅਸੀਂ ਪਹਿਲਾਂ ਅੱਤਵਾਦ ਨੂੰ ਖ਼ਤਮ ਕੀਤਾ ਸੀ।"

ਉਨ੍ਹਾਂ ਕਿਹਾ ਸੀ ਕਿ 'ਉਹ ਇਕਲੌਤਾ ਅਜਿਹਾ ਵਿਅਕਤੀ ਹੈ ਜੋ 100% ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਮਰੱਥ ਹੈ।'

ਰਾਜਪਕਸੇ ਨਾਲ ਜੁੜੇ ਵਿਵਾਦ

ਸਿਰਫ਼ ਕਥਿਤ ਜੰਗੀ ਅਪਰਾਧ ਵੇਲੇ ਹੀ ਰਾਜਪਕਸ਼ਾ ਚਰਚਾ ਵਿਚ ਨਹੀਂ ਰਹੇ ਸਗੋਂ ਹੋਰ ਵੀ ਕਈ ਵਿਵਾਦ ਉਨ੍ਹਾਂ ਦੇ ਨਾਲ ਜੁੜੇ ਰਹੇ ਹਨ।

2019 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਚੋਣ ਲੜਣ ਦੀ ਯੋਗਤਾ 'ਤੇ ਵੀ ਸਵਾਲ ਉੱਠਦੇ ਰਹੇ ਹਨ। ਉਨ੍ਹਾਂ ਲਗਾਤਾਰ ਕਿਹਾ ਸੀ ਕਿ ਉਹ ਅਮਰੀਕੀ ਨਾਗਰਿਕਤਾ ਛੱਡ ਚੁੱਕੇ ਹਨ।

ਅਗਸਤ 2016 ਵਿਚ ਉਨ੍ਹਾਂ ਉੱਤੇ ਸਰਕਾਰੀ ਹਥਿਆਰਾਂ ਨੂੰ ਗੈਰਕਨੂੰਨੀ ਤੌਰ 'ਤੇ ਬਾਹਰ ਭੇਜੇ ਜਾਣ ਦੇ ਮਾਮਲੇ ਵਿਚ ਸ਼ਮੂਲੀਅਤ ਕਾਰਨ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਸਨ। ਹਾਲਾਂਕਿ ਉਨ੍ਹਾਂ ਨੇ ਇਲਜ਼ਾਮਾਂ ਨੂੰ ਨਕਾਰਿਆ।

ਇਹ ਵੀ ਪੜ੍ਹੋ:

ਹੁਣ ਸਵਾਲ ਇਹ ਉੱਠਦਾ ਹੈ ਕਿ ਅਸਲੀ ਮੁਖੀ ਕੌਣ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗੋਟਾਭਾਇਆ ਦਾ ਰਾਸ਼ਟਰਪਤੀ ਬਣਨਾ ਰਾਜਪਕਸ਼ਾ ਦਾ ਪਰਿਵਾਰਕ ਮਾਮਲਾ ਬਣ ਗਿਆ ਹੈ ਤੇ ਇਸ ਤਰ੍ਹਾਂ ਅਸਲ ਕਮਾਂਡ ਮਹਿੰਦਾ ਦੇ ਹੱਥ ਵਿਚ ਹੀ ਹੋਵੇਗੀ ਜੋ ਕਿ ਸਾਲ 2019 ਵਿਚ ਨਿਯਮਾਂ ਕਾਰਨ ਰਾਸ਼ਟਰਪਤੀ ਚੋਣਾਂ ਨਹੀਂ ਲੜ ਸਕੇ।

ਹਾਲਾਂਕਿ ਗੋਟਾਭਾਇਆ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ ਪਰ ਮਹਿੰਦਾ ਆਪਣੇ ਭਰਾ ਦੇ ਚੋਣ ਪ੍ਰਚਾਰ ਵਿਚ ਵੱਧ-ਚੜ੍ਹ ਕੇ ਨਜ਼ਰ ਆਏ ਤੇ ਪ੍ਰੈਸ ਕਾਨਫਰੰਸਾਂ ਦੌਰਾਨ ਵੀ ਉਹੀ ਸਵਾਲਾਂ ਦੇ ਜਵਾਬ ਦੇ ਰਹੇ ਸਨ।

(ਇਹ ਬੀਬੀਸੀ ਮੋਨੀਟੀਅਰਿੰਗ ਦੀ ਰਿਪੋਰਟ ਹੈ ਜਿਸ ਨੂੰ ਉਪਾਸਨਾ ਭੱਟ ਤੇ ਮਰੀਅਮ ਅਜ਼ਵਰ ਨੇ ਲਿਖਿਆ ਹੈ )

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)