ਸੋਸ਼ਲ ਮੀਡੀਆ ਰਾਹੀਂ ਕੁਵੈਤ 'ਚ ਇੰਝ ਖ਼ਰੀਦੇ-ਵੇਚੇ ਜਾਂਦੇ ਹਨ ਗ਼ੁਲਾਮ- BBC Investigation

    • ਲੇਖਕ, ਓਵੇਨ ਪਿੰਨੈਲ ਤੇ ਜੈਸ ਕੈਲੀ
    • ਰੋਲ, ਬੀਬੀਸੀ ਨਿਊਜ਼ ਅਰਬੀ

ਬੁਨਿਆਦੀ ਸਹੂਲਤਾਂ ਤੋਂ ਵਾਂਝੀਆਂ, ਨਾ ਛੱਡਣ ਜੋਗੀਆਂ ਨਾ ਰਹਿਣ ਜੋਗੀਆਂ, ਇਨ੍ਹਾਂ ਬੰਦ ਦਰਵਾਜ਼ਿਆਂ ਪਿੱਛੇ ਰਹਿੰਦੀਆਂ ਇਨ੍ਹਾਂ ਔਰਤਾਂ ਦੇ ਸਿਰ 'ਤੇ ਵਧੇਰੇ ਬੋਲੀ ਲਗਾਉਣ ਵਾਲਿਆਂ ਦੀ ਖਰੀਦੋ-ਫ਼ਰੋਖ਼ਤ ਦਾ ਜੋਖ਼ਮ ਬਰਕਰਾਰ ਰਹਿੰਦਾ ਹੈ।

ਤੁਸੀਂ ਕੁਵੈਤ 'ਚ ਆਮ ਤੌਰ 'ਤੇ ਸੜਕਾਂ-ਗਲੀਆਂ 'ਚ ਇਨ੍ਹਾਂ ਔਰਤਾਂ ਨੂੰ ਨਹੀਂ ਦੇਖ ਸਕਦੇ।

ਬੀਬੀਸੀ ਨਿਊਜ਼ ਅਰਬੀ ਨੇ ਇੱਕ ਅੰਡਰ ਕਵਰ ਜਾਂਚ ਵਿੱਚ ਦੇਖਿਆ ਕਿ ਇਨ੍ਹਾਂ ਘਰੇਲੂ ਨੌਕਰਾਂ ਨੂੰ ਸੋਸ਼ਲ ਪਲੇਟਫਾਰਮਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤੌਰ 'ਤੇ ਖਰੀਦਿਆਂ ਤੇ ਵੇਚਿਆ ਜਾਂਦਾ ਹੈ।

ਕੁਵੈਤ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਘਰੇਲੂ ਨੌਕਰਾਂ ਨੂੰ ਗ਼ੁਲਾਮ ਵਜੋਂ ਵੇਚਣ ਵਾਲੇ ਕਈ ਸੋਸ਼ਲ ਮੀਡੀਆ ਅਕਾਊਂਟ ਹੋਲਡਰਾਂ ਨੂੰ ਅਧਿਕਾਰਤ ਸੰਮਨ ਭੇਜੇ ਹਨ ਅਤੇ ਇਸ ਦੇ ਨਾਲ ਹੀ ਇਸ ਵਿੱਚ ਜੋ ਸ਼ਾਮਿਲ ਹੈ ਉਨ੍ਹਾਂ ਨੂੰ ਅਜਿਹੇ ਇਸ਼ਤਿਹਾਰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ-

ਸੋਸ਼ਲ ਪਲੇਟਫਾਰਮ

ਕੁਝ ਵਪਾਰੀ ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੀ ਵਰਤੋਂ ਕਰ ਰਹੇ ਹਨ, ਜਿੱਥੇ ਉਹ ਹੈਸ਼ਟੈਗ ਰਾਹੀਂ ਆਪਣੀਆਂ ਪੋਸਟਾਂ ਪਾਉਂਦੇ ਹਨ ਅਤੇ ਮੋਲ-ਭਾਅ ਨਿੱਜੀ ਸੰਦੇਸ਼ਾਂ 'ਚ ਕਰਦੇ ਹਨ।

ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੇ ਨਾਲ-ਨਾਲ ਈ-ਕਾਮਰਸ ਵੈਬਸਾਈਟਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

ਗੂਗਲ ਅਤੇ ਐਪਲ ਸਟੋਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਗ਼ੈਰ-ਕਾਨੂੰਨੀ ਢੰਗਾਂ ਨਾਲ ਚੱਲ ਰਹੀਆਂ ਗਤੀਵਿਧੀਆਂ ਤੋਂ ਬਚਣ ਲਈ ਐਪਸ ਡੇਵਲਪਰਸ ਨਾਲ ਕੰਮ ਕਰ ਰਹੇ ਹਨ।

ਹਾਲਾਂਕਿ ਬੀਬੀਸੀ ਨੇ ਇਸ ਨਾਲ ਜੁੜੀਆਂ ਕਈ ਸੂਚੀਆਂ ਇਸਟਾਗ੍ਰਾਮ, ਗੂਗਲ ਤੇ ਐਪਲ ਦੀਆਂ ਐਪਸ 'ਤੇ ਦੇਖੀਆਂ ਹਨ।

ਗ਼ੁਲਾਮੀ ਦੇ ਸਮਕਾਲੀ ਰੂਪਾਂ 'ਤੇ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਕਾਰਕੁਨ ਉਰਮਿਲਾ ਭੂਲਾ ਮੁਤਾਬਕ, "ਉਹ ਆਨਲਾਈਨ ਗ਼ੁਲਾਮੀ ਬਾਜ਼ਾਰ ਨੂੰ ਵਧਾਵਾ ਦੇ ਰਹੇ ਹਨ। ਜੇ ਗੂਗਲ, ਐਪਲ, ਫੇਸਬੁਕ ਜਾਂ ਜੋ ਹੋਰ ਕਈ ਕੰਪਨੀਆਂ ਅਜਿਹੀਆਂ ਐਪ ਚਲਾ ਰਹੀਆਂ ਹਨ ਤਾਂ ਉਹ ਜਵਾਬਦੇਹ ਹਨ।"

ਇਹ ਗ਼ੈਰ-ਕਾਨੂੰਨੀ ਵਿਕਰੀ ਐਪਸ, ਡੇਵਲਪਰਸ ਅਤੇ ਯੂਜਰਸ ਲਈ ਅਮਰੀਕੀ ਟੈਕ ਫਰਮ ਦੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ।

ਖਰੀਦੋ-ਫ਼ਰੋਖ਼ਤ ਦੀ ਕਾਲਾ ਬਾਜ਼ਾਰੀ

10 ਵਿਚੋਂ 9 ਘਰਾਂ 'ਚ ਘਰੇਲੂ ਕੰਮ ਕਰਨ ਲਈ ਨੌਕਰ ਹੁੰਦੇ ਹਨ। ਇਹ ਲੋਕ ਦੁਨੀਆਂ ਦੇ ਗਰੀਬ ਮੁਲਕਾਂ ਤੋਂ ਰੋਜ਼ੀ-ਰੋਟੀ ਕਮਾਉਣ ਤੇ ਆਪਣੇ ਪਰਿਵਾਰ ਦੀ ਮਦਦ ਕਰਨ ਦੀ ਆਸ ਲੈ ਕੇ ਇੱਥੇ ਆਉਂਦੇ ਹਨ।

ਕੁਵੈਤ ਵਿੱਚ ਨਵੇਂ ਆਏ ਜੋੜੇ ਦੀ ਭੂਮਿਕਾ ਵਜੋਂ ਬੀਬੀਸੀ ਅਰਬੀ ਦੀ ਅੰਡਰ-ਕਵਰ ਟੀਮ ਨੇ 57 ਐਪਸ ਯੂਜਰਸ ਨਾਲ ਗੱਲ ਕੀਤੀ ਅਤੇ ਦਰਜਨ ਤੋਂ ਵੱਧ ਲੋਕਾਂ ਨਾਲ ਮਿਲੇ।

ਇਹ ਲੋਕ ਉਨ੍ਹਾਂ ਨੂੰ ਮਸ਼ਹੂਰ ਐਪ 4Sale ਰਾਹੀਂ ਆਪਣੇ ਘਰੇਲੂ ਵਰਕਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।

ਵੇਚਣ ਵਾਲਿਆਂ ਨੇ ਉਨ੍ਹਾਂ ਔਰਤਾਂ ਦੇ ਪਾਸਪੋਰਟ ਜ਼ਬਤ ਕਰਨ, ਉਨ੍ਹਾਂ ਨੂੰ ਘਰਾਂ ਦੇ ਅੰਦਰ ਰੱਖਣ, ਉਨ੍ਹਾਂ ਨੂੰ ਛੁੱਟੀ ਦੇਣ ਤੋਂ ਇਨਕਾਰ ਕਰਨਾ ਅਤੇ ਫੋਨ 'ਤੇ ਬੇਹੱਦ ਘੱਟ ਜਾਂ ਨਾ ਦੇ ਬਰਾਬਰ ਗੱਲ ਕਰਨ ਦੇਣ ਦੀ ਵਕਾਲਤ ਕਰ ਰਹੇ ਸਨ।

4Sale ਐਪ ਤੁਹਾਨੂੰ ਜਾਤ ਨਸਲ ਦੇ ਹਿਸਾਬ ਨਾਲ ਵੱਖ-ਵੱਖ ਰੇਟਾਂ ਦੇ ਮੁਤਾਬਕ ਆਫਰ ਮੁਹੱਈਆ ਕਰਵਾਉਂਦੀ ਹੈ।

ਬੀਬੀਸੀ ਦੀ ਅੰਡਰਕਵਰ ਟੀਮ ਨਾਲ ਗੱਲ ਕਰਦਿਆਂ ਇੱਕ ਵਿਕਰੇਤਾ ਨੇ ਕਿਹਾ, "ਅਫਰੀਕੀ ਸਾਫ਼ ਅਤੇ ਮੁਸਕਰਾਉਣ ਵਾਲੇ ਹੁੰਦੇ ਹਨ, ਨੇਪਾਲੀ ਛੁੱਟੀ ਲੈਣ ਬਾਰੇ ਪੁੱਛਣ ਦੀ ਹਿੰਮਤ ਰੱਖਦੇ ਅਤੇ ਭਾਰਤੀ ਸਭ ਤੋਂ ਗੰਦੇ ਹੁੰਦੇ ਹਨ।"

ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਐਪ ਯੂਜਰਜ਼ ਨੇ ਅੰਡਰ ਕਵਰ ਟੀਮ ਨੂੰ ਇਨ੍ਹਾਂ ਨੌਕਰਾਂ ਨੂੰ ਛੁੱਟੀ ਦੇਣ ਵਰਗੇ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਣ ਦੀ ਅਪੀਲ ਕੀਤੀ ਸੀ।

ਇੱਕ ਵਿਕਰੇਤਾ, ਜੋ ਇੱਕ ਪੁਲਿਸ ਵਾਲਾ ਵੀ ਸੀ, ਉਸ ਨੇ ਕਿਹਾ, "ਭਰੋਸਾ ਕਰੋ ਉਹ ਬਹੁਤ ਚੰਗੀ ਹੈ, ਉਸ ਹਸਦੀ-ਮੁਸਕਰਾਉਂਦੀ ਰਹਿੰਦੀ ਹੈ। ਜੇ ਤੁਸੀਂ ਉਸ ਨੂੰ 5 ਵਜੇ ਵੀ ਉਠਾ ਦਿਓਗੇ ਉਹ ਤਾਂ ਵੀ ਸ਼ਿਕਾਇਤ ਨਹੀਂ ਕਰੇਗੀ।"

ਉਸ ਨੇ ਬੀਬੀਸੀ ਟੀਮ ਨੂੰ ਦੱਸਿਆ ਘਰੇਲੂ ਨੌਕਰ ਕਿੰਨੀ ਉਪਯੋਗੀ ਵਸਤਾਂ ਵਾਂਗ ਹਨ।

ਉਸ ਨੇ ਕਿਹਾ, "ਇੱਥੇ ਤੁਸੀਂ ਆਮ ਹੀ ਦੇਖ ਸਕਦੇ ਹੋ ਕਿ ਕੋਈ ਕਰੀਬ 1, 40,000 ਰੁਪਏ ਕਿਸੇ ਨੌਕਰ ਨੂੰ ਖਰੀਦ ਕੇ ਕਰੀਬ 2,34,000 ਰੁਪਏ ਵੇਚ ਦਿੰਦਾ ਹੈ।"

ਇੱਕ ਥਾਂ 'ਤੇ ਬੀਬੀਸੀ ਟੀਮ ਨੂੰ 16 ਸਾਲਾਂ ਕੁੜੀ ਫਤੋ (ਫਰਜ਼ੀ ਨਾਮ) ਦੀ ਆਫਰ ਮਿਲੀ। ਜਦੋਂ ਬੀਬੀਸੀ ਟੀਮ ਉਸ ਨੂੰ ਮਿਲੀ ਸੀ ਤਾਂ ਉਸ ਵੇਲੇ ਉਸ ਨੂੰ ਕੁਵੈਤ 'ਚ 6 ਮਹੀਨੇ ਹੋ ਗਏ ਸਨ ਅਤੇ ਉਸ ਦੀ ਪੱਛਮੀ ਅਫਰੀਕਾ ਤੋਂ ਤਸਕਰੀ ਕੀਤੀ ਗਈ ਸੀ।

ਹਾਲਾਂਕਿ ਕੁਵੈਤ ਦੇ ਕਾਨੂੰਨ ਮੁਤਾਬਕ ਘਰੇਲੂ ਕੰਮ ਕਰਨ ਵਾਲਿਆਂ ਦੀ ਉਮਰ 21 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ।

ਉਸ ਨੂੰ ਵੇਚਣ ਵਾਲੇ ਨੇ ਦੱਸਿਆ ਕਿ ਫਤੋ ਦਾ ਪਾਸਪੋਰਟ ਤੇ ਫੋਨ ਖੋਹ ਲਿਆ ਗਿਆ, ਉਸ ਨੂੰ ਕੋਈ ਛੁੱਟੀ ਨਹੀਂ ਮਿਲਦੀ ਅਤੇ ਨਾ ਹੀ ਉਸ ਨੂੰ ਇਕੱਲਿਆਂ ਘਰੋਂ ਬਾਹਰ ਜਾਣ ਦੀ ਆਗਿਆ ਹੈ। ਇਹ ਸਾਰੇ ਨਿਯਮ ਹੀ ਕੁਵੈਤ 'ਚ ਗ਼ੈਰ-ਕਾਨੂੰਨੀ ਹਨ।

ਇਹ ਵੀ ਪੜ੍ਹੋ-

ਘਰੇਲੂ ਨੌਕਰ ਰੱਖਣ ਦੀ ਪ੍ਰਕਿਰਿਆ

ਭੂਲਾ ਦਾ ਕਹਿਣਾ ਹੈ, "ਇਹ ਆਧੁਨਿਕ ਗ਼ੁਲਾਮੀ ਦਾ ਵਿਲੱਖਣ ਉਦਾਹਰਣ ਹੈ। ਅਸੀਂ ਦੇਖਿਆ ਹੈ ਕਿ ਇੱਥੇ ਬੱਚੇ ਨੂੰ ਜਾਇਦਾਦ ਜਾਂ ਜ਼ਮੀਨ ਦੇ ਟੁਕੜੇ ਵਾਂਗ ਵੇਚਿਆ ਜਾਂਦਾ ਹੈ।"

ਗਲਫ਼ ਵਿੱਚ ਵਧੇਰੇ ਥਾਵਾਂ 'ਤੇ ਘਰਲੇੂ ਨੌਕਰਾਂ ਨੂੰ ਏਜੰਸੀਆਂ ਰਾਹੀਂ ਲਿਆਂਦਾ ਜਾਂਦਾ ਹੈ ਅਤੇ ਫਿਰ ਸਰਕਾਰ ਕੋਲ ਉਨ੍ਹਾਂ ਦੀ ਰਜਿਸਟਰੇਸ਼ਨ ਹੁੰਦੀ ਹੈ।

ਮਾਲਕ ਇਨ੍ਹਾਂ ਏਜੰਸੀਆਂ ਨੂੰ ਫੀਸ ਅਦਾ ਕਰਦੇ ਹਨ ਅਤੇ ਘਰੇਲੂ ਨੌਕਰ ਦੇ ਅਧਿਕਾਰਤ ਸਪਾਂਸਰ ਬਣ ਜਾਂਦੇ ਹਨ।

ਇਸ ਪ੍ਰਕਿਰਿਆ ਨੂੰ ਕਫਾਲਾ ਸਿਸਟਮ ਕਹਿੰਦੇ ਹਨ। ਕੋਈ ਘਰੇਲੂ ਨੌਕਰ ਆਪਣੇ ਸਪਾਂਸਰ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਨੌਕਰੀ ਨਹੀਂ ਛੱਡ ਸਕਦਾ ਤੇ ਨਾ ਹੀ ਬਦਲ ਸਕਦਾ ਹੈ।

ਸਾਲ 2015 ਵਿੱਚ ਕੁਵੈਤ ਨੇ ਘਰੇਲੂ ਨੌਕਰ ਰੱਖਣ ਲਈ ਵਿਆਪਕ ਕਾਨੂੰਨਾਂ ਦੀ ਸ਼ੁਰੂਆਤ ਕੀਤੀ ਸੀ, ਪਰ ਇਨ੍ਹਾਂ ਕਾਨੂੰਨਾਂ ਬਾਰੇ ਹਰ ਕਿਸੇ ਨੂੰ ਨਹੀਂ ਪਤਾ।

4Sale ਅਤੇ ਇੰਸਟਾਗ੍ਰਾਮ ਵਰਗੀਆਂ ਐਪਸ ਆਪਣੇ ਫਾਇਦੇ ਲਈ ਘੇਰਲੂ ਨੌਕਰਾਂ ਦੇ ਸਪਾਂਸਰਾਂ ਨੂੰ ਇਨ੍ਹਾਂ ਨੂੰ ਵੇਚਣ ਦਾ ਲਾਲਚ ਦਿੰਦੀਆਂ ਹਨ।

ਹਾਲਾਂਕਿ ਏਜੰਸੀਆਂ ਨੂੰ ਦਰਕਿਾਨਰ ਕਰਕੇ, ਇਹ ਅਜਿਹਾ ਕਾਲਾ ਬਾਜ਼ਾਰ ਸਿਰਜਦੇ ਹਨ ਜਿਸ ਵਿੱਚ ਔਰਤਾਂ ਨੂੰ ਮਾੜੇ ਵਤੀਰੇ ਤੇ ਸ਼ੋਸ਼ਣ ਲਈ ਛੱਡ ਦਿੰਦੇ ਹਨ।

ਇਹ ਆਨਲਾਈਨ ਕਾਲਾ ਬਾਜ਼ਾਰ ਸਿਰਫ਼ ਕੁਵੈਤ ਵਿੱਚ ਹੀ ਨਹੀਂ ਹੋ ਰਿਹਾ, ਬੀਬੀਸੀ ਟੀਮ ਦੀ ਜਾਂਚ 'ਚ ਦੇਖਿਆ ਗਿਆ ਹੈ ਕਿ ਇੱਕ ਹੋਰ ਆਨਲਾਈਨ ਐਪ 'ਹਰਜ' ਰਾਹੀਂ ਸਾਊਦੀ ਅਰਬ ਵਿੱਚ ਹਜ਼ਾਰਾਂ ਔਰਤਾਂ ਨੂੰ ਵੇਚਿਆ ਗਿਆ ਹੈ ਅਤੇ ਸੈਂਕੜੇ ਹੋਰ ਇੰਸਟਾਗ੍ਰਾਮ 'ਤੇ ਮੌਜੂਦ ਹਨ।

"ਅਸਲ ਨਰਕ"

ਬੀਬੀਸੀ ਟੀਮ ਨੇ ਫਤੋ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਗੁਏਨੀਆ (ਪੱਛਮੀ ਅਫਰੀਕਾ) ਦਾ ਦੌਰਾ ਕੀਤਾ।

ਹਰ ਸਾਲ ਇੱਥੋਂ ਸੈਂਕੜੇਂ ਔਰਤਾਂ ਦੀ ਗ਼ਲਫ਼ ਦੇਸਾਂ ਵਿੱਚ ਘਰੇਲੂ ਨੌਕਰਾਂ ਵਜੋਂ ਤਸਕਰੀ ਕੀਤੀ ਜਾਂਦੀ ਹੈ।

ਕੁਵੈਤ 'ਚ ਕੰਮ ਚੁੱਕੀ ਇੱਕ ਔਰਤ ਨੇ ਦੱਸਿਆ, "ਕੁਵੈਤ ਅਸਲ 'ਚ ਨਰਕ ਹੈ।" ਉਹ ਯਾਦ ਕਰਕੇ ਦੱਸਦੀ ਹੈ ਕਿ ਉਹ ਕਿਵੇਂ ਗਾਵਾਂ ਵਾਲੀ ਥਾਂ 'ਤੇ ਸੌਂਦੀ ਸੀ।

ਇੱਕ ਹੋਰ ਨੇ ਦੱਸਿਆ, "ਕੁਵੈਤੇ ਦੇ ਘਰ ਬੜੇ ਗੰਦੇ ਹਨ, ਨਾ ਖਾਣਾ-ਪੀਣਾ, ਨਾ ਸੌਣਾ ਤੇ ਨਾ ਹੀ ਕੁਝ ਮਿਲਦਾ ਸੀ।"

ਫਤੋ ਨੂੰ ਕੁਵੈਤੀ ਅਧਿਕਾਰੀਆਂ ਨੇ ਭਾਲਿਆ ਅਤੇ ਸਰਕਾਰ ਵੱਲੋਂ ਘਰੇਲੂ ਨੌਕਰਾਂ ਲਈ ਚਲਾਏ ਜਾਣ ਵਾਲੇ ਸੈਲਟਰ ਹੋਮ ਵਿੱਚ ਰੱਖਿਆ ਅਤੇ ਦੋ ਦਿਨਾਂ ਬਾਅਦ ਉਸ ਨੂੰ ਨਾਬਾਲਗ਼ ਹੋਣ ਕਰਕੇ ਗੁਏਨੀਆ ਵਾਪਸ ਭੇਜ ਦਿੱਤਾ ਗਿਆ।

ਉਸ ਨੇ ਬੀਬੀਸੀ ਨੂੰ ਆਪਣੇ ਕੰਮ ਦੇ ਤਜ਼ਰਬੇ ਬਾਰੇ ਦੱਸਿਆ ਕਿਹਾ ਕਿ ਉਸ ਨੇ 9 ਮਹੀਨੇ ਕੁਵੈਤ 'ਚ ਰਹਿੰਦਿਆਂ 3 ਘਰਾਂ ਵਿੱਚ ਕੰਮ ਕੀਤਾ।

ਉਸ ਨੇ ਕਿਹਾ, "ਉਹ ਮੇਰੇ 'ਤੇ ਚੀਕਦੇ ਅਤੇ ਮੈਨੂੰ ਜਾਨਵਰ ਕਹਿੰਦੇ ਸਨ ਤੇ ਮਾਰਦੇ ਸਨ, ਮੈਂ ਬੇਹੱਦ ਨਿਰਾਸ਼ ਹੁੰਦੀ ਸੀ ਪਰ ਕੁਝ ਨਹੀਂ ਕਰ ਸਕਦੀ ਸੀ।"

ਹੁਣ ਉਹ ਵਾਪਸ ਆ ਕੇ ਸਕੂਲ ਜਾਣ ਲੱਗ ਗਈ ਹੈ ਤੇ ਕਹਿੰਦੀ ਹੈ, "ਮੈਂ ਵਾਪਸ ਆ ਕੇ ਖੁਸ਼ ਹਾਂ, ਮੇਰੀ ਜ਼ਿੰਦਗੀ ਬਿਹਤਰ ਹੈ। ਮੈਨੂੰ ਇੰਝ ਲਗਦਾ ਹੈ ਜਿਵੇਂ ਗ਼ੁਲਾਮੀ 'ਚੋਂ ਨਿਕਲ ਕੇ ਆਈ ਹੋਵਾਂ।"

ਸੋਸ਼ਲ ਮੀਡੀਆ ਦਾ ਜਵਾਬ

ਇਹ ਮੁੱਦਾ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਵਿੱਚ ਸ਼ਾਮਿਲ ਹੈਸ਼ਟੈਗਾਂ 'ਤੇ ਪਾਬੰਦੀ ਲਗਾਈ ਹੈ।

ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਮੱਗਰੀ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਗਿਆ ਹੈ ਅਤੇ ਗ਼ੁਲਾਮਾਂ ਦੇ ਆਨਲਾਈਨ ਬਾਜ਼ਾਰ ਲਈ ਨਵੇਂ ਅਕਾਊਂਟ ਦੀ ਵਰਤੋਂ ਨਾ ਹੋਵੇ ਇਸ ਲਈ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਅਜਿਹਾ ਲਗਦਾ ਹੈ ਕਿ ਘਰੇਲੂ ਨੌਕਰਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਇਸ ਤਰ੍ਹਾਂ ਦੇ ਕਈ ਆਨਲਾਈਨ ਅਕਾਊਂਟਸ ਨੇ ਹੁਣ ਆਪਣੀਆਂ ਗਤੀਵਿਧੀਆਂ ਰੋਕ ਦਿੱਤੀਆਂ ਹਨ।

ਕੁਵੈਤ 'ਚ ਪਬਲਿਕ ਅਥਾਰਿਟੀ ਆਫ ਮੈਨਪਾਵਰ ਦੇ ਮੁਖੀ ਡਾਕਟਰ ਮੁਬਾਰਕ ਅਲ-ਅਜ਼ੀਮੀ ਨੇ ਕਿਹਾ ਹੈ ਕਿ ਬੀਬੀਸੀ ਦੀ ਰਿਪੋਰਟ 'ਚ ਦਿਖਾਈ ਗਈ ਇੱਕ ਔਰਤ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟ 'ਚ ਦਿਖਾਇਆ ਗਿਆ ਹੈ ਕਿ ਔਰਤ ਐਪ ਰਾਹੀਂ ਗੁਏਨੀਆ ਦੀ ਇੱਕ 16 ਸਾਲਾਂ ਕੁੜੀ ਨੂੰ ਵੇਚ ਰਹੀ ਹੈ।

ਇਸ ਰਿਪੋਰਟ 'ਚ ਵਿੱਚ ਦਿਖਾਏ ਗਏ ਪੁਲਿਸ ਵਾਲੇ ਦੀ ਵੀ ਜਾਂਚ ਹੋ ਰਹੀ ਹੈ।

ਅਲ-ਅਜ਼ੀਮੀ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀਆਂ ਅਤੇ ਪੀੜਤਾਂ ਨੂੰ ਮੁਆਵਜ਼ਾ ਕਾਰਵਾਈ ਤੋਂ ਬਾਅਦ ਆਉਣ ਵਾਲੇ ਸਿੱਟਿਆਂ ਦੇ ਬਾਅਦ ਹੀ ਸੰਭਵ ਹੋ ਸਕੇਗਾ।

'ਫੇਸਬੁਕ ਵੀ ਦੇਵੇ ਮੁਆਵਜ਼ਾ'

ਅਮਰੀਕਾ ਦੇ ਕੌਮਾਂਤਰੀ ਵਕੀਲ ਕਿੰਬਰਲੀ ਮਾਟਲੀ ਨੇ ਇਸ ਮਾਮਲੇ 'ਤੇ ਕਿਹਾ, "ਮੇਰਾ ਮੰਨਣਾ ਹੈ ਕਿ ਐਪ ਡੇਵਲਪਰਸ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਇਹੀ ਗੱਲ ਐਪਲ ਅਤੇ ਗੂਗਲ 'ਤੇ ਵੀ ਲਾਗੂ ਹੋਵੇ।"

"ਐਪਲ ਸਟੋਰ 'ਤੇ ਦਾਅਵਾ ਕੀਤਾ ਜਾਂਦਾ ਹੈ ਕਿ ਸਟੋਰ 'ਤੇ ਸਭ ਕੁਝ ਪਾਏ ਜਾਣ ਲਈ ਉਹੀ ਜ਼ਿੰਮੇਵਾਰ ਹਨ। ਤਾਂ ਇੱਥੇ ਸਾਡਾ ਇਹ ਸਵਾਲ ਇਹ ਹੈ ਕਿ ਇਸ ਜ਼ਿੰਮੇਵਾਰੀ ਦਾ ਕੀ ਮਤਲਬ ਹੈ?"

ਮੋਟਲੀ ਨੇ ਕਿਹਾ ਹੈ ਕਿ ਇਨ੍ਹਾਂ ਔਰਤ ਕਰਮੀਆਂ ਨੂੰ ਜਿਹੜਾ ਤਸਕਰੀ ਕਰਕੇ ਲਿਆਇਆ ਹੈ ਉਸ ਦੇ ਖ਼ਿਲਾਫ਼ ਵੀ ਕੁਵੈਤ 'ਚ ਮਾਮਲਾ ਚੱਲਣਾ ਚਾਹੀਦਾ ਹੈ।

ਗੂਗਲ ਅਤੇ ਐਪਲ ਨੇ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਗ਼ੈਰ-ਕਾਨੂੰਨੀ ਗਤੀਵਿਧੀ ਰੋਕਣ ਲਈ ਐਪ ਡੈਵੇਲਪਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਬੀਬੀਸੀ ਨਿਊਜ਼ ਅਰਬ ਨੇ ਵੀਰਵਾਰ ਨੂੰ ਆਪਣੀ ਅੰਡਰਕਵਰ ਜਾਂਚ ਨੂੰ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿੱਚ ਦੇਖਿਆ ਗਿਆ ਸੀ ਕਿ ਗ਼ੈਰ-ਕਾਨੂੰਨੀ ਢੰਗ ਨਾਲ ਘਰੇਲੂ ਨੌਕਰਾਂ ਦੀ ਖਰੀਦੋ-ਫ਼ਰੋਖ਼ਤ ਦੀ ਕਾਲਾ ਬਾਜ਼ਾਰੀ ਹੋ ਵਧ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)