ਉਹ 15 ਮਿੰਟ ਜਿਸ 'ਚ ਆਈਐੱਸ ਮੁਖੀ ਬਗ਼ਦਾਦੀ ਦਾ ਅੰਤ ਹੋਇਆ

'ਉਹ ਕੁੱਤੇ ਵਾਂਗ ਮਾਰਿਆ ਗਿਆ, ਉਹ ਇੱਕ ਡਰਪੋਕ ਦੀ ਤਰ੍ਹਾਂ ਮਰਿਆ', ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਹ ਸ਼ਬਦ ਅਬੂ ਬਕਰ ਅਲ ਬਗ਼ਦਾਦੀ ਬਾਰੇ ਹਨ।

ਬਗ਼ਦਾਦੀ ਨੂੰ ਟਰੰਪ ਦੁਨੀਆਂ ਦਾ 'ਇੱਕ ਨੰਬਰ ਦਾ ਅੱਤਵਾਦੀ' ਗਰਦਾਨ ਰਹੇ ਹਨ। ਉਹ ਇਸਲਾਮਿਕ ਸਟੇਟ ਦਾ ਮੁਖੀ ਸੀ। ਅਮਰੀਕਾ ਦਾ ਦਾਅਵਾ ਹੈ ਕਿ ਸੀਰੀਆ ਵਿੱਚ ਇੱਕ ਅਮਰੀਕੀ ਆਪਰੇਸ਼ਨ ਦੌਰਾਨ ਬਗ਼ਦਾਦੀ ਨੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ।

ਇਹ ਵੀ ਪੜ੍ਹੋ:

ਜਦੋਂ ਅਮਰੀਕੀ ਸੁਰੱਖਿਆ ਦਸਤੇ ਬਗਦਾਦੀ ਦੇ ਠਿਕਾਣੇ ਤੱਕ ਪਹੁੰਤੇ ਤਾਂ ਉਹ ਸੁਰੰਗਾਂ ਵਿੱਚ ਬਚਣ ਲਈ ਭੱਜ ਪਿਆ ਅਤੇ ਉਸ ਦੇ ਪਿੱਛੇ ਅਮਰੀਕੀ ਫ਼ੌਜ ਦੇ ਕੁੱਤੇ ਲੱਗੇ ਹੋਏ ਸਨ।

ਇਸ ਆਪਰੇਸ਼ਨ ਦੀ ਪੂਰੀ ਕਹਾਣੀ ਅਮਰੀਕੀ ਰਾਸ਼ਟਰਪਤੀ ਡੌਨਡਲ ਟਰੰਪ ਨੇ ਹੀ ਨਸ਼ਰ ਕੀਤੀ ਹੈ। ਇਹ ਉਸ ਘਟਨਾ ਦਾ ਟਰੰਪ ਵਲੋਂ ਦੱਸਿਆ ਹਾਲ ਹੈ ਅਤੇ ਬੀਬੀਸੀ ਇਸ ਦੀ ਪੁਸ਼ਟੀ ਨਹੀਂ ਕਰਦਾ।

ਕਿਵੇਂ ਹੋਇਆ ਬਗ਼ਦਾਦੀ ਦੀ 'ਮੌਤ' ਦਾ ਆਪਰੇਸ਼ਨ (ਅਮਰੀਕੀ ਕਹਾਣੀ ਮੁਤਾਬਕ)

ਸ਼ਨੀਵਾਰ ਸ਼ਾਮ 5 ਵਜੇ...

ਇੱਕ ਅਣਦੱਸੀ ਥਾਂ ਤੋਂ ਅਮਰੀਕੀ ਸਪੈਸ਼ਲ ਫ਼ੋਰਸ ਦੇ ਜਵਾਨ 8 ਹੈਲੀਕਾਪਟਰਾਂ ਵਿੱਚ ਰਵਾਨਾ ਹੋਏ ਅਤੇ ਤੁਰਕੀ ਦੇ ਉੱਤੋਂ ਉੱਡਦੇ ਹੋਏ ਉੱਤਰ-ਪੱਛਮ ਸੀਰੀਆ ਦੇ ਇਦਲਿਬ ਸੂਬੇ ਵਿੱਚ ਪਹੁੰਚੇ।

ਉਹ ਜਿਸ ਪਿੰਡ ਤੱਕ ਪਹੁੰਚੇ ਉਸਦਾ ਨਾਮ ਹੈ ਬਾਰਿਸ਼ਾ। ਸੀਰੀਆ-ਇਰਾਕ ਸਰਹੱਦ ਤੋਂ ਸੈਕੜੇ ਕਿਲੋਮੀਟਰ ਦੂਰ, ਰੇਗਿਸਤਾਨੀ ਇਲਾਕਾ।

ਇਸੇ ਪਿੰਡ ਵਿੱਚ ਉਹ ਕੰਪਲੈਕਸ ਸੀ, ਜਿਸ 'ਚ ਬਗ਼ਦਾਦੀ ਦੀ ਰਿਹਾਇਸ਼ ਦੀ ਰਿਪੋਰਟ ਅਮਰੀਕੀ ਏਜੰਸੀਆਂ ਨੂੰ ਮਿਲੀ ਸੀ।

ਜਿਵੇਂ ਹੀ ਹੈਲੀਕਾਪਟਰ ਬਗ਼ਦਾਦੀ ਦੇ ਕੰਪਲੈਕਸ ਦੇ ਕੋਲ ਪਹੁੰਚੇ, ਗੋਲੀਬਾਰੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ:

ਬਾਰਿਸ਼ਾ ਪਿੰਡ ਦੇ ਇੱਕ ਵਾਸੀ ਨੇ ਬੀਬੀਸੀ ਨੂੰ ਦੱਸਿਆ ਕਿ ''ਜ਼ਮੀਨ 'ਤੇ ਉੱਤਰਨ ਤੋਂ ਪਹਿਲਾਂ ਹੈਲੀਕਾਪਟਰਾਂ ਤੋਂ 30 ਮਿੰਟ ਤੱਕ ਗੋਲੀਬਾਰੀ ਹੁੰਦੀ ਰਹੀ ਅਤੇ ਦੋ ਘਰਾਂ 'ਤੇ ਮਿਜ਼ਾਇਲਾਂ ਦਾਗੀਆਂ ਗਈਆਂ। ਇਸ 'ਚ ਇੱਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ।''

ਫ਼ਿਰ ਇੱਕ ਹੈਲੀਕਾਪਟਰ ਲੈਂਡ ਹੋਇਆ ਅਤੇ ਅਮਰੀਕੀ ਜਵਾਨਾਂ ਨੇ ਕੰਪਲੈਕਸ ਦੀਆਂ ਕੰਧਾਂ ਵਿੱਚ ਸੁਰਾਖ਼ ਕੀਤੇ ਤਾਂ ਜੋ ਮੁੱਖ ਦਰਵਾਜ਼ੇ 'ਚ ਫ਼ਸਣ ਤੋਂ ਬਚਿਆ ਜਾ ਸਕੇ।

ਇਸ ਤੋਂ ਬਾਅਦ ਕੰਪਲੈਕਸ ਦੇ ਅੰਦਰ ਆਪਰੇਸ਼ਨ ਸ਼ੁਰੂ ਹੋਇਆ। ਉਸ ਕੰਪਲੈਕਸ 'ਚ ਭੱਜਣ ਦੇ ਲਈ ਸੁਰੰਗ ਬਣਾਈ ਗਈ ਸੀ। ਬਗ਼ਦਾਦੀ ਆਪਣੇ ਪਰਿਵਾਰ ਨਾਲ ਇੱਕ ਸੁਰੰਗ 'ਚ ਭੱਜਣ ਲੱਗਿਆ ਪਰ ਸੁਰੰਗ ਤੋਂ ਨਿਕਲਣ ਦਾ ਕੋਈ ਰਾਹ ਨਹੀਂ ਸੀ।

ਡੌਨਲਡ ਟਰੰਪ ਮੁਤਾਬਕ, ''ਬਗ਼ਦਾਦੀ ਸੁਰੰਗ ਦੇ ਆਖ਼ਰੀ ਕੰਢੇ 'ਤੇ ਪਹੁੰਚ ਗਿਆ ਸੀ ਅਤੇ ਅਮਰੀਕੀ ਫ਼ੌਜ ਦੇ ਕੁੱਤੇ ਉਸ ਨੂੰ ਖਦੇੜ ਰਹੇ ਸਨ। ਅਖ਼ੀਰ ਵਿੱਚ ਉਹ ਡਿੱਗ ਗਿਆ ਅਤੇ ਲੱਕ 'ਤੇ ਬੰਨ੍ਹੇ ਵਿਸਫ਼ੋਟਕ ਨਾਲ ਖ਼ੁਦ ਅਤੇ 3 ਬੱਚਿਆਂ ਨੂੰ ਉਡਾ ਲਿਆ। ਇਸ ਆਪਰੇਸ਼ਨ ਵਿੱਚ ਬਗ਼ਦਾਦੀ ਦੀਆਂ ਦੋ ਪਤਨੀਆਂ ਅਤੇ ਉਸ ਦੇ ਕੁਝ ਹੋਰ ਲੋਕਾਂ ਦੀ ਵੀ ਮੌਤ ਹੋ ਗਈ।''

ਇਸ ਪੂਰੇ ਆਪਰੇਸ਼ਨ 'ਚ ਕੁੱਲ 15 ਮਿੰਟ ਦਾ ਸਮਾਂ ਲੱਗਿਆ। ਧਮਾਕੇ ਤੋਂ ਬਾਅਦ ਬਗ਼ਦਾਦੀ ਦਾ ਸਰੀਰ ਟੋਟਿਆਂ ਵਿੱਚ ਖਿੰਡ ਗਿਆ।

ਹੁਣ ਸਵਾਲ ਇਹ ਹੈ ਕਿ ...ਅਮਰੀਕਾ ਨੂੰ ਕਿਵੇਂ ਪਤਾ ਲੱਗਿਆ ਕਿ ਜੋ ਵਿਅਕਤੀ ਮਰਿਆ, ਉਹ ਬਗ਼ਦਾਦੀ ਹੀ ਸੀ?

ਕਿਵੇਂ ਪਤਾ ਲੱਗਿਆ ਜੋ ਮਰਿਆ ਉਹ ਬਗ਼ਦਾਦੀ ਹੀ ਸੀ?

ਸਵਾਲ ਬੜਾ ਜਾਇਜ਼ ਹੈ ਪਰ ਵਿਗਿਆਨ ਬਹੁਤ ਤਰੱਕੀ ਕਰ ਗਿਆ ਹੈ। ਦਰਅਸਲ ਅਜਿਹੇ ਆਪਰੇਸ਼ਨਾਂ ਵਿੱਚ ਅੱਜ-ਕੱਲ੍ਹ ਫ਼ੌਜ ਦੇ ਜਵਾਨਾਂ ਦੇ ਨਾਲ ਮਾਹਿਰ ਵਿਗਿਆਨੀ ਵੀ ਜਾਂਦੇ ਹਨ। ਬਗ਼ਦਾਦੀ ਦੇ DNA ਦੀ ਜਾਂਚ ਕਰਨ ਵਾਲੇ ਮਾਹਿਰ ਵੀ ਇਸ ਆਪਰੇਸ਼ਨ ਵਿੱਚ ਸ਼ਾਮਿਲ ਸਨ।

ਅਮਰੀਕੀ ਰਾਸ਼ਟਰਪਤੀ ਦਾ ਇਹ ਦਾਅਵਾ ਹੈ ਕਿ ਜਿਸ ਵਿਅਕਤੀ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ, ਉਸ ਦੇ ਸਰੀਰ ਦੇ ਟੋਟਿਆਂ ਤੋਂ ਡੀਐੱਨਏ ਲਿਆ ਗਿਆ ਅਤੇ ਉਸ ਦੀ ਜਾਂਚ ਕੀਤੀ ਗਈ, ਤਾਂ ਜਾ ਕੇ ਪੁਸ਼ਟੀ ਹੋਈ ਕਿ ਉਹ ਵਿਅਕਤੀ ਬਗ਼ਦਾਦੀ ਹੀ ਸੀ।

ਇਸ ਆਪਰੇਸ਼ਨ ਵਿੱਚ ਇੱਕ ਕੁੱਤਾ ਜ਼ਖ਼ਮੀਂ ਹੋਇਆ ਹੈ।

ਬਗ਼ਦਾਦੀ ਦੀ 'ਮੌਤ' ਦੇ ਮਾਅਨੇ

48 ਸਾਲ ਦੇ ਬਗ਼ਦਾਦੀ ਦਾ ਅਸਲੀ ਨਾਮ ਇਬ੍ਰਾਹਿਮ ਅੱਵਾਦ ਇਬ੍ਰਾਹਿਮ ਅਲ-ਬਦਰੀ ਸੀ ਅਤੇ ਉਸਦਾ ਅਕਸ ਯੁੱਧ ਕਲਾ ਵਿੱਚ ਮਾਹਿਰ ਇੱਕ ਵਿਅਕਤੀ ਦਾ ਸੀ।

ਬਗ਼ਦਾਦ ਦੇ ਕੋਲ ਸਮਰਾ ਵਿੱਚ ਉਸ ਦਾ ਜਨਮ ਹੋਇਆ ਸੀ ਅਤੇ ਅਜਿਹੀਆਂ ਰਿਪੋਰਟਾਂ ਵੀ ਹਨ ਜੋ ਦੱਸਦੀਆਂ ਹਨ ਕਿ 2003 ਵਿੱਚ ਇਰਾਕ 'ਤੇ ਅਮਰੀਕੀ ਹਮਲੇ ਦੇ ਸਮੇਂ ਉਹ ਉਸੇ ਸ਼ਹਿਰ 'ਚ ਇੱਕ ਮਸਜਿਦ ਵਿੱਚ ਮੌਲਵੀ ਸੀ।

2010 ਵਿੱਚ ਬਗ਼ਦਾਦੀ ਇਰਾਕ 'ਚ ਅਲਕਾਇਦਾ ਸਣੇ ਕਈ ਅੱਤਵਾਦੀ ਸੰਗਠਨਾਂ ਦੇ ਇੱਕ ਗਰੁੱਪ ਦੇ ਮੁਖੀ ਦੇ ਤੌਰ 'ਤੇ ਉੱਭਰਿਆ।

ਦੁਨੀਆ ਨੇ ਉਸ ਨੂੰ 2014 ਵਿੱਚ ਉਦੋਂ ਜਾਣਿਆ ਜਦੋਂ ਅੱਤਵਾਦੀਆਂ ਨੇ ਇਰਾਕ ਦੇ ਮੌਸੂਲ ਸ਼ਹਿਰ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਬਗ਼ਦਾਦੀ ਨੇ ਖ਼ਿਲਾਫ਼ਤ ਦੀ ਸਥਾਪਨਾ ਦਾ ਸੰਕਲਪ ਲਿਆ। ਇਹ ਹੀ ਉਹ ਮੌਕਾ ਸੀ ਜਦੋਂ ਉਹ ਆਖ਼ਰੀ ਵਾਰ ਜਨਤਕ ਤੌਰ 'ਤੇ ਦਿਖਿਆ ਸੀ।

ਆਪਣੇ ਸਿਖ਼ਰ ਦੇ ਸਮੇਂ ਇਸਲਾਮਿਕ ਸਟੇਟ ਦਾ ਜਿਹੜੇ ਖ਼ੇਤਰਾਂ ਉੱਤੇ ਕਬਜ਼ਾ ਸੀ, ਉਸ ਦੀ ਆਬਾਦੀ 80 ਲੱਖ ਸੀ, ਭਾਵ ਇੱਕ ਸਮੇਂ 80 ਲੱਖ ਲੋਕ IS ਅਤੇ ਉਸ ਦੇ ਆਗੂ ਬਗ਼ਦਾਦੀ ਦੇ ਕੰਟਰੋਲ ਹੇਠਾਂ ਸਨ।

ਅਕਤੂਬਰ 2011 ਵਿੱਚ ਅਮਰੀਕਾ ਨੇ ਬਗ਼ਦਾਦੀ ਨੂੰ ਅੱਤਵਾਦੀ ਮੰਨਿਆ ਅਤੇ ਉਸ ਨੂੰ ਜ਼ਿੰਦਾ ਜਾਂ ਮੁਰਦਾ ਫੜਵਾਉਣ 'ਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ।

ਇਹ ਵੀ ਪੜ੍ਹੋ:

2017 ਵਿੱਚ ਇਸ ਇਨਾਮ ਨੂੰ ਢਾਈ ਗੁਣਾ ਵਧਾ ਕੇ 25 ਮਿਲੀਅਨ ਡਾਲਰ ਕਰ ਦਿੱਤਾ ਗਿਆ। ਕਹਿਣ ਤੋਂ ਭਾਵ ਅੱਜ ਦੀ ਤਾਰੀਖ਼ 'ਚ ਲਗਭਗ ਪੌਣੇ 200 ਕਰੋੜ ਰੁਪਏ।

ਇਹ ਰਕਮ ਕਿਸ ਨੂੰ ਮਿਲਣ ਵਾਲੀ ਸੀ, ਸਾਨੂੰ ਨਹੀਂ ਪਤਾ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)