ਟਰੰਪ ਖ਼ਿਲਾਫ਼ ਮਹਾਂਦੋਸ਼ ਦਾ ਕੀ ਹੈ ਪੂਰਾ ਮਾਮਲਾ

ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪਲੋਸੀ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਡੇਮੋਕ੍ਰੇਟਸ ਨੇ ਰਸਮੀ ਤੌਰ 'ਤੇ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ 'ਤੇ ਦਬਾਅ ਬਣਾਇਆ ਕਿ ਉਹ ਟਰੰਪ ਦੇ ਡੇਮੋਕ੍ਰੇਟਿਕ ਵਿਰੋਧੀ ਜੋ ਬਾਈਡਨ ਅਤੇ ਉਨ੍ਹਾਂ ਦੇ ਪੁੱਤਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਸ਼ੁਰੂ ਕਰਨ।

ਹਾਲਾਂਕਿ ਟਰੰਪ ਨੇ ਇਹ ਜ਼ਰੂਰ ਮੰਨਿਆ ਕਿ ਉਨ੍ਹਾਂ ਨੇ ਆਪਣੇ ਰਾਜਨੀਤਿਕ ਵਿਰੋਧੀ ਬਾਰੇ ਯੁਕਰੇਨ ਦੇ ਰਾਸ਼ਟਰਪਤੀ ਨਾਲ ਚਰਚਾ ਕੀਤੀ ਸੀ। ਪਰ ਉਹ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਰਹੇ ਹਨ ਕਿ ਉਨ੍ਹਾਂ ਨੇ ਜਾਂਚ ਕਰਵਾਉਣ ਲਈ ਦਬਾਅ ਬਣਾਇਆ।

ਇਹ ਵੀ ਪੜ੍ਹੋ:

ਨੈਨਸੀ ਪਲੋਸੀ ਦਾ ਕਹਿਣਾ ਹੈ ਕਿ ਟਰੰਪ ਨੇ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ''ਰਾਸ਼ਟਰਪਤੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ।''

ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਕਿਸੇ ਵੀ ਕੋਸ਼ਿਸ਼ ਲਈ 20 ਰਿਪਬਲਿਕਨ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ, ਜੋ ਆਪਣੇ ਹੀ ਰਾਸ਼ਟਰਪਤੀ ਦਾ ਵਿਰੋਧ ਕਰਨ।

ਹਾਲੇ ਤੱਕ ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਂਦੋਸ਼ ਦੇ ਜ਼ਰੀਏ ਨਹੀਂ ਹਟਾਇਆ ਗਿਆ ਹੈ।

ਜੋ ਬਾਈਡਨ ਨੇ ਵੀ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ, ''ਟਰੰਪ 'ਤੇ ਮਹਾਂਦੋਸ਼ ਚਲਾਉਣਾ ਅਫ਼ਸੋਸਨਾਕ ਹੋਵੇਗਾ, ਪਰ ਇਹ ਉਨ੍ਹਾਂ ਦੀ ਖ਼ੁਦ ਦੀ ਵਜ੍ਹਾ ਕਰਕੇ ਹੋ ਰਿਹਾ ਹੈ।''

ਇਹ ਵੀ ਪੜ੍ਹੋ:

ਸਾਬਕਾ ਉੱਪ-ਰਾਸ਼ਟਰਪਤੀ ਜੋ ਬਾਈਡਨ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੂੰ ਟੱਕਰ ਦੇ ਸਕਦੇ ਹਨ।

ਟਰੰਪ ਨੇ ਕਿਹਾ ਕਿ ਮਹਾਂਦੋਸ਼ ਉਨ੍ਹਾਂ ਦੇ ਲਈ ਰਾਜਨੀਤਿਕ ਰੂਪ ਤੋਂ ''ਸਕਾਰਾਤਮਕ ਹੋਵੇਗਾ।''

ਦੱਸਿਆ ਜਾ ਰਿਹਾ ਹੈ ਕਿ ਹੇਠਲੇ ਸਦਨ ਵਿੱਚ 145 ਤੋਂ 235 ਡੇਮੋਕ੍ਰੇਟਸ ਮਹਾਂਦੋਸ਼ ਦੇ ਸਮਰਥਨ ਵਿੱਚ ਹਨ।

ਮਹਾਂਦੋਸ਼ ਦੀ ਪ੍ਰਕਿਰਿਆ ਹੇਠਲੇ ਸਦਨ ਵਿੱਚ ਪੂਰੀ ਵੀ ਹੋ ਜਾਂਦੀ ਹੈ ਤਾਂ ਇਸਦਾ ਰਿਪਬਲਿਕਨ ਦੇ ਬਹੁਮਤ ਵਾਲੇ ਸੈਨੇਟ ਤੋਂ ਪਾਸ ਹੋਣ ਮੁਸ਼ਕਿਲ ਹੈ ਅਤੇ ਓਪੀਨਿਅਨ ਪੋਲ ਦਿਖਾਉਂਦੇ ਹਨ ਕਿ ਅਮਰੀਕਾ ਦੇ ਵੋਟਰਾਂ ਵਿਚਾਲੇ ਇਹ ਬਹੁਤ ਪਸੰਦ ਨਹੀਂ ਕੀਤਾ ਜਾਂਦਾ।

ਪੂਰਾ ਮਾਮਲਾ ਕੀ ਹੈ?

ਪਿਛਲੇ ਹਫ਼ਤੇ ਖ਼ਬਰਾਂ ਆਈਆਂ ਸਨ ਕਿ ਅਮਰੀਕਾ ਦੇ ਖੁਫ਼ੀਆ ਅਧਿਕਾਰੀਆਂ ਨੇ ਸਰਕਾਰ ਦੇ ਇੱਕ ਵੌਚਡੌਗ ਨੂੰ ਸ਼ਿਕਾਇਤ ਕੀਤੀ ਸੀ ਕਿ ਟਰੰਪ ਨੇ ਇੱਕ ਵਿਦੇਸ਼ੀ ਨੇਤਾ ਨਾਲ ਗੱਲਬਾਤ ਕੀਤੀ ਹੈ। ਬਾਅਦ ਵਿੱਚ ਪਤਾ ਚੱਲਿਆ ਕਿ ਇਹ ਵਿਦੇਸ਼ ਨੇਤਾ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਹਨ।

ਖ਼ੁਫ਼ੀਆ ਇੰਸਪੈਕਟਰ ਜਨਰਲ ਨੇ ਮਾਮਾਲੇ ਚੁੱਕਣ ਵਾਲੇ ਦੀ ਸ਼ਿਕਾਇਤ ਨੂੰ ''ਤਤਕਾਲ ਧਿਆਨ ਵਿੱਚ ਲਿਆਉਣ ਯੋਗ'' ਅਤੇ ਵਿਸ਼ਵਾਸ ਭਰਪੂਰ ਮੰਨਿਆ ਸੀ, ਉਸ ਸ਼ਿਕਾਇਤ ਦੀ ਕਾਪੀ ਦੀ ਡੇਮੋਕ੍ਰੇਟਸ ਨੇ ਸੰਸਦ ਵਿੱਚ ਮੰਗ ਕੀਤੀ ਸੀ, ਪਰ ਵ੍ਹਾਈਟ ਹਾਊਸ ਅਤੇ ਨਿਆਂ ਵਿਭਾਗ ਨੇ ਇਸ ਦੀ ਕਾਪੀ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਦੋਵਾਂ ਆਗੂਆਂ ਵਿਚਾਲੇ ਕੀ ਗੱਲ ਹੋਈ ਸੀ, ਇਹ ਸਾਫ਼ ਨਹੀਂ ਹੈ ਪਰ ਡੇਮੋਕ੍ਰੇਟਸ ਦਾ ਇਲਜ਼ਾਮ ਹੈ ਕਿ ਟਰੰਪ ਨੇ ਯੁਕਰੇਨ ਦੇ ਰਾਸ਼ਟਰਪਤੀ 'ਤੇ ਬਾਈਡਨ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਕਰਨ ਦਾ ਦਬਾਅਦ ਬਣਾਇਆ ਅਤੇ ਅਜਿਹਾ ਨਾ ਕਰਨ 'ਤੇ ਯੁਕਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਮਦਦ ਰੋਕਣ ਦੀ ਧਮਕੀ ਦਿੱਤੀ।

ਹਾਲਾਂਕਿ ਟਰੰਪ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਜ਼ੇਲੇਂਸਕੀ ਨਾਲ ਜੋ ਬਾਈਡਨ ਬਾਰੇ ਚਰਚਾ ਕੀਤੀ ਸੀ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਫ਼ੌਜੀ ਮਦਦ ਰੋਕਣ ਦੀ ਧਮਕੀ ਇਸ ਲਈ ਦਿੱਤਾਂ ਤਾਂ ਜੋ ਯੂਰਪ ਵੀ ਮਦਦ ਲਈ ਅੱਘੇ ਆਵੇ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)