You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਉਸ ਲਾੜੇ ਦੀ ਹੱਡਬੀਤੀ ਜਿਸਦੇ ਵਿਆਹ 'ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
ਸ਼ਨੀਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਵਿਆਹ ਸਮਾਗਮ ਵਿੱਚ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਲਾੜੇ ਨੇ ਕਿਹਾ ਹੈ ਕਿ ਇਸ ਜਾਨਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।
ਟੋਲੋ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੀਰਵਾਇਜ਼ ਇਲਮੀ ਨੇ ਕਿਹਾ ਹੈ ਕਿ ਹਮਲੇ ਵਿੱਚ ਉਹ ਕਿਸੇ ਤਰ੍ਹਾਂ ਬਚ ਗਿਆ ਪਰ ਜੋ 63 ਲੋਕ ਮਾਰੇ ਗਏ ਉਨ੍ਹਾਂ ਵਿੱਚ ਉਸਦਾ ਭਰਾ ਅਤੇ ਕਈ ਰਿਸ਼ਤੇਦਾਰ ਸ਼ਾਮਿਲ ਹਨ।
ਇਸ ਹਮਲੇ ਵਿੱਚ 180 ਲੋਕ ਜ਼ਖਮੀ ਹੋਏ ਹਨ। ਹਮਲੇ ਦੀ ਜ਼ਿੰਮੇਵਾਰੀ ਕੱਟੜਪੰਥੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ।
ਦੇਸ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਇਸ ਨੂੰ 'ਭਿਆਨਕ' ਹਮਲਾ ਕਿਹਾ ਹੈ ਅਤੇ ਤਾਲਿਬਾਨ ਤੇ ਇਲਜ਼ਾਮ ਲਾਇਆ ਹੈ ਕਿ ਉਹ 'ਕੱਟੜਪੰਥੀਆਂ ਨੂੰ ਮੰਚ ਦੇ ਰਿਹਾ ਹੈ।'
ਇੱਧਰ ਅਮਰੀਕਾ ਦੇ ਨਾਲ ਸ਼ਾਂਤੀ ਦੀ ਗੱਲਬਾਤ ਕਰ ਰਹੇ ਤਾਲਿਬਾਨ ਨੇ ਇਸ ਹਮਲੇ ਦੀ ਅਲੋਚਨਾ ਕੀਤਾ ਹੈ।
ਇਹ ਵੀ ਪੜ੍ਹੋ:
ਮੀਰਵਾਇਜ਼ ਇਲਮੀ ਨੇ ਇੰਟਰਵਿਊ ਵਿੱਚ ਦੱਸਿਆ ਕਿ ਵਿਆਹ ਦੇ ਦਿਨ ਉਹ ਖੁਸ਼ ਸੀ ਅਤੇ ਉਸਨੂੰ ਮਿਲਣ ਆਏ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਰਿਹਾ ਸੀ। ਹਾਲ ਭਰਿਆ ਹੋਇਆ ਸੀ ਪਰ ਕੁਝ ਹੀ ਘੰਟਿਆਂ ਵਿੱਚ ਉੱਥੇ ਲਾਸ਼ਾਂ ਦਾ ਢੇਰ ਲੱਗ ਗਿਆ।
ਉਸਨੇ ਅੱਗੇ ਕਿਹਾ, "ਮੇਰਾ ਪਰਿਵਾਰ ਅਤੇ ਲਾੜੀ ਹਾਲੇ ਵੀ ਸਦਮੇ ਵਿੱਚ ਹਨ। ਉਹ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ। ਮੇਰੀ ਲਾੜੀ ਵਾਰ-ਵਾਰ ਬੇਹੋਸ਼ ਹੋ ਜਾਂਦੀ ਹੈ।"
"ਮੇਰੀਆਂ ਸਾਰੀਆਂ ਉਮੀਦਾਂ ਹੀ ਟੁੱਟ ਗਈਆਂ ਹਨ। ਮੈਂ ਆਪਣਾ ਭਰਾ ਗਵਾ ਦਿੱਤਾ। ਕੁਝ ਹੀ ਘੰਟਿਆਂ ਦੇ ਅੰਦਰ ਮੇਰੇ ਦੋਸਤਾਂ ਅਤੇ ਮੇਰੇ ਕਈ ਰਿਸ਼ਤੇਦਾਰਾਂ ਦੀ ਮੌਤ ਹੋ ਗਈ। ਮੈਂ ਜ਼ਿੰਦਗੀ ਵਿੱਚ ਫਿਰ ਕਦੇ ਖੁਸ਼ ਨਹੀਂ ਹੋ ਸਕਾਂਗੀ।"
"ਹੁਣ ਮੇਰੀ ਹਿੰਮਤ ਨਹੀਂ ਕਿ ਮੈਂ ਜਨਾਜ਼ਿਆਂ ਵਿੱਚ ਜਾ ਸਕਾਂ। ਮੈਂ ਖੁਦ ਕਾਫ਼ੀ ਥੱਕਿਆ ਮਹਿਸੂਸ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਅਸੀਂ ਅਫ਼ਗਾਨਾਂ ਲਈ ਇਹ ਦਰਦ ਆਖਿਰੀ ਨਹੀਂ ਹੈ। ਸਾਨੂੰ ਹਾਲੇ ਹੋਰ ਵੀ ਦੁੱਖ ਦੇਖਣਾ ਹੈ।"
ਲਾੜੀ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਸ਼ਨੀਵਾਰ ਨੂੰ ਹੋਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ 14 ਲੋਕਾਂ ਦੀ ਮੌਤ ਹੋ ਗਈ ਹੈ।
ਕੀ ਹੋਇਆ ਸੀ ਵਿਆਹ ਦੇ ਦਿਨ?
ਇਸਲਾਮਿਕ ਸਟੇਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਇੱਕ ਲੜਾਕੇ ਨੇ ਇੱਕ ਥਾਂ 'ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵਿੱਚ ਖੁਦ ਨੂੰ ਉਡਾ ਦਿੱਤਾ। ਇਸ ਤੋਂ ਬਾਅਦ ਜਦੋਂ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਤਾਂ 'ਧਮਾਕਾਖੇਜ਼ ਸਮੱਗਰੀ ਨਾਲ ਭਰੀ ਗੱਡੀ ਲੈ ਕੇ ਉੱਥੇ ਧਮਾਕਾ ਕਰ ਦਿੱਤਾ।'
ਇਹ ਧਮਾਕਾ ਜਿਸ ਜ਼ਿਲ੍ਹੇ ਵਿੱਚ ਹੋਇਆ ਉੱਥੇ ਵੱਡੀ ਗਿਣਤੀ ਵਿੱਚ ਸ਼ਿਆ ਮੁਸਲਮਾਨ ਰਹਿੰਦੇ ਹਨ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਸੁੰਨੀ ਮੁਸਲਮਾਨ ਲੜਾਕੇ, ਘੱਟ-ਗਿਣਤੀ ਸ਼ਿਆ ਹਜ਼ਾਰਾ ਮੁਸਲਮਾਨਾਂ ਤੇ ਹਮਲੇ ਕਰ ਰਹੇ ਹਨ।
ਵਿਆਹ ਵਿੱਚ ਸ਼ਾਮਿਲ ਹੋਣ ਆਇਆ 23 ਸਾਲ ਦਾ ਮੁਨੀਰ ਅਹਿਮਦ ਫਿਲਹਾਲ ਹਸਪਤਾਲ ਵਿੱਚ ਹੈ। ਉਹ ਕਹਿੰਦਾ ਹੈ ਕਿ ਉਸਦਾ ਰਿਸ਼ਤੇ ਵਿੱਚ ਲੱਗਦਾ ਇੱਕ ਭਰਾ ਇਸ ਹਮਲੇ ਵਿੱਚ ਮਾਰਿਆ ਗਿਆ ਹੈ।
ਖ਼ਬਰ ਏਜੰਸੀ ਏਐਫ਼ਪੀ ਨੂੰ ਉਸਨੇ ਦੱਸਿਆ, "ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਵਿਆਹ ਵਿੱਚ ਆਏ ਲੋਕ ਨੱਚ ਰਹੇ ਸਨ ਅਤੇ ਖੁਸ਼ੀਆਂ ਮਨਾ ਰਹੇ ਸਨ।"
ਇਹ ਵੀ ਪੜ੍ਹੋ:
"ਧਮਾਕੇ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਗਈ। ਹਰ ਪਾਸੇ ਚੀਕਣ ਅਤੇ ਰੌਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਲੋਕ ਆਪਣਿਆਂ ਨੂੰ ਲੱਭ ਰਹੇ ਸਨ।"
ਅਫ਼ਗਾਨਿਸਤਾਨ ਵਿੱਚ ਅਕਸਰ ਵਿਆਹ ਵੱਡੇ ਹਾਲ ਵਿੱਚ ਹੁੰਦਾ ਹੈ ਜਿੱਥੇ ਮਰਦ ਮਹਿਮਾਨਾਂ ਅਤੇ ਔਰਤ ਮਹਿਮਾਨਾਂ ਲਈ ਵੱਖ-ਵੱਖ ਬੈਠਣ ਦੀਆਂ ਥਾਵਾਂ ਹੁੰਦੀਆਂ ਹਨ।
ਧਮਾਕੇ ਤੋਂ ਬਾਅਦ ਪ੍ਰਤੀਕਰਮ
ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲੈਣ ਅਤੇ ਸੁਰੱਖਿਆ ਵਿੱਚ ਚੂਕ ਤੋਂ ਬਚਣ ਲਈ ਇੱਕ ਬੈਠਕ ਸੱਦੀ ਹੈ।
ਉੱਥੇ ਹੀ ਅਫ਼ਗਾਨਿਸਤਾਨ ਦੇ ਚੀਫ਼ ਐਗਜ਼ੈਕਟਿਵ ਅਬਦੁੱਲਾ ਅਬਦੁੱਲਾ ਨੇ ਇਸ ਹਮਲੇ ਨੂੰ "ਮਨੁੱਖਤਾ ਦੇ ਖਿਲਾਫ਼ ਅਪਰਾਧ" ਦੱਸਿਆ ਹੈ ਅਤੇ ਅਫ਼ਗਾਨਿਸਤਾਨ ਲਈ ਅਮਰੀਕੀ ਦੂਤ ਜੌਨ ਬਾਸ ਨੇ ਇਸ ਨੂੰ 'ਬਹੁਤ ਘਟੀਆ' ਕਰਾਰ ਦਿੱਤਾ ਹੈ।
ਤਾਲਿਬਾਨ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ 'ਉਹ ਸਖ਼ਤ ਸ਼ਬਦਾਂ ਵਿੱਚ ਇਸ ਹਮਲੇ ਦੀ ਨਿੰਦਾ ਕਰਦੇ ਹਨ।'
ਮੀਡੀਆ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜ਼ਬਿਉੱਲਾ ਮੁਜਾਹਿਦ ਨੇ ਕਿਹਾ, "ਜਾਣਬੁੱਝ ਕੇ ਔਰਤਾਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਭਿਆਨਕ ਹਮਲੇ ਬਾਰੇ ਕੋਈ ਸਫ਼ਾਈ ਕਬੂਲ ਨਹੀਂ ਕੀਤੀ ਜਾ ਸਕਦੀ।"
ਇਹ ਵੀ ਪੜ੍ਹੋ:
ਕਿੰਨੀ ਅੱਗੇ ਵਧੀ ਅਫ਼ਗਾਨ ਸ਼ਾਂਤੀ ਗੱਲਬਾਤ?
ਬੀਤੇ ਕੁਝ ਵੇਲੇ ਤੋਂ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕੀ ਨੁਮਾਇੰਦਿਆਂ ਦੇ ਨਾਲ ਤਾਲਿਬਾਨ ਦੇ ਨੁਮਾਇੰਦਿਆਂ ਦੀ ਸ਼ਾਂਤੀ ਨੂੰ ਲੈ ਕੇ ਗੱਲਬਾਤ ਜਾਰੀ ਹੈ। ਦੋਹਾਂ ਪੱਖਾਂ ਦਾ ਕਹਿਣਾ ਹੈ ਕਿ ਗੱਲਬਾਤ ਸਕਾਰਾਤਮਕ ਰੂਪ ਤੋਂ ਅੱਗੇ ਵੱਧ ਰਹੀ ਹੈ।
ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊ ਜਰਸੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਗੱਲਬਾਤ ਚੰਗੀ ਚੱਲ ਰਹੀ ਹੈ।
ਉਨ੍ਹਾਂ ਨੇ ਕਿਹਾ, "ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਅਫ਼ਗਾਨ ਸਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਸਕਾਰਾਤਮਕ ਰਹੀ ਹੈ।"
ਨੈਟੋ ਮਿਸਨ ਤਹਿਤ ਅਮਰੀਕਾ ਦੇ ਤਕਰੀਬਨ 14 ਹਜ਼ਾਰ ਫ਼ੌਜੀ ਅਫਗਾਨਿਸਤਾਨ ਵਿੱਚ ਤੈਨਾਤ ਕੀਤੇ ਹਨ। ਟਰੰਪ ਲਗਾਤਾਰ ਕਹਿੰਦੇ ਰਹੇ ਹਨ ਕਿ ਉਹ ਅਫਗਾਨਿਸਕਾਨ ਤੋਂ ਆਪਣੇ ਫੌਜੀ ਵਾਪਸ ਬੁਲਾਉਣਗੇ।
ਇਸ ਸੌਦੇ ਅਨੁਸਾਰ ਅਮਰੀਕਾ ਯੋਜਨਾਬੱਧ ਤਰੀਕੇ ਨਾਲ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾਏਗਾ ਪਰ ਤਾਲਿਬਾਨ ਨੂੰ ਯਕੀਨੀ ਕਰਨਾ ਹੋਵੇਗਾ ਕਿ ਉਹ ਅਮਰੀਕੀ ਠਿਕਾਣਿਆਂ ਤੇ ਹਮਲੇ ਲਈ ਕੱਟੜਪੰਥੀ ਜਥੇਬੰਦੀਆਂ ਨੂੰ ਅਫ਼ਗਾਨਿਸਕਾਨ ਦੀ ਸਰਜ਼ਮੀਨ ਦਾ ਇਸਤੇਮਾਲ ਨਹੀਂ ਨਹੀਂ ਕਰਨ ਦੇਵੇਗਾ।
ਇੱਧਰ ਅਫ਼ਗਾਨਿਸਤਾਨ ਵਿੱਚ ਸਾਂਤੀ ਬਹਾਲੀ ਲਈ ਤਾਲੀਬਾਨ ਅਫ਼ਗਾਨ ਸਰਕਾਰ ਨਾਲ ਚਰਚਾ ਕਰੇਗਾ ਅਤੇ ਇੱਕ ਰੂਪਰੇਖਾ ਤਿਆਰ ਕਰੇਗਾ।
ਫਿਲਹਾਲ ਬਾਗੀ ਜਥੇਬੰਦੀਆਂ ਅਫ਼ਗਾਨ ਸਰਕਾਰ ਨਾਲ ਉਸ ਵੇਲੇ ਤੱਕ ਗੱਲਬਾਤ ਕਰਨ ਤੋਂ ਇਨਕਾਰ ਕਰ ਰਹੇ ਹਨ ਜਦੋਂ ਤੱਕ ਅਮਰੀਕੀ ਫੌਜੀਆਂ ਨੂੰ ਵਾਪਸ ਭੇਜਣ ਦੀ ਰੂਪਰੇਖਾ ਤੇ ਸਹਿਮਤੀ ਨਹੀਂ ਬਣ ਜਾਂਦੀ।
ਸਾਲ 2001 ਵਿੱਚ ਸੱਤਾ ਤੋਂ ਬਾਹਰ ਜਾਣ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਅੱਜ ਪਹਿਲਾਂ ਤੋਂ ਵੱਧ ਇਲਾਕਿਆਂ ਤੇ ਤਾਲੀਬਾਨ ਦਾ ਕਬਜ਼ਾ ਹੈ।