You’re viewing a text-only version of this website that uses less data. View the main version of the website including all images and videos.
ਕਸ਼ਮੀਰ ਮੁੱਦੇ ਤੇ ਧਾਰਾ 370 'ਤੇ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਮੁਜ਼ਾਹਰਾ, ਖਾਲਿਸਤਾਨ ਸਮਰਥਕ ਵੀ ਹਾਜ਼ਰ ਸਨ
- ਲੇਖਕ, ਗਗਨ ਸਭਰਵਾਲ
- ਰੋਲ, ਬੀਬੀਸੀ ਪੱਤਰਕਾਰ, ਲੰਡਨ
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਵਿਰੋਧ 15 ਅਗਸਤ ਨੂੰ ਲੰਡਨ ਵਿੱਚ ਵੀ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ।
ਮੁਜ਼ਾਹਰਾਕਾਰੀ ਭਾਰਤ ਸਰਕਾਰ ਖਿਲਾਫ਼ ਤਖ਼ਤੀਆਂ ਅਤੇ ਬੈਨਰ ਲੈ ਕੇ ਪਹੁੰਚੇ ਸਨ। ਇਸ ਮੁਜ਼ਾਹਰੇ ਦਾ ਸੱਦਾ ਯੂਕੇ ਦੀ ਕਸ਼ਮੀਰ ਕੌਂਸਲ ਨੇ ਦਿੱਤਾ ਸੀ।
ਮੁਜ਼ਾਹਰਾਕਾਰੀਆਂ ਨੂੰ ਦੇਖਦਿਆਂ ਹਾਲਾਤ ਕਾਬੂ ਕਰਨ ਲਈ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਸੀ।
ਭਾਰਤੀ ਹਾਈ ਕਮਿਸ਼ਨ ਬਾਹਰ ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕੁਝ ਖਾਲਿਸਤਾਨ ਸਮਰਥਕ ਵੀ ਨਜ਼ਰ ਆਏ।
ਕਈਆਂ ਨੇ ਹੱਥਾਂ ਵਿੱਚ ਖਾਲਿਸਤਾਨ ਪੱਖ਼ੀ ਪੋਸਟਰ ਅਤੇ ਪੰਜਾਬ ਰੈਫਰੈਂਡਮ-2020 ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਇਹ ਵੀ ਪੜ੍ਹੋ
ਜੋ ਧਾਰਾ 370 ਦੇ ਹਟਾਉਣ ਦੇ ਵਿਰੋਧ ਵਿੱਚ ਬੋਲੇ
ਮੁਜ਼ਾਹਰੇ ਵਿੱਚ ਕਸ਼ਮੀਰ ਕੌਂਸਲ ਯੂਕੇ ਨਾਲ ਸਬੰਧਤ ਲਾਰਡ ਨਜ਼ੀਰ ਅਹਿਮਦ ਵੀ ਹਿੱਸਾ ਲੈਣ ਪਹੁੰਚੇ ਸਨ। ਉਹ ਪਾਕਿਸਤਾਨੀ ਮੂਲ ਦੇ ਬ੍ਰਿਟਸ਼ ਨਾਗਰਿਕ ਹਨ।
ਉਨ੍ਹਾਂ ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੂੰ ਦੱਸਿਆ, '' ਕਸ਼ਮੀਰੀ ਲੋਕਾਂ ਨੂੰ ਖ਼ੁਦਮੁਖਤਿਆਰੀ ਦਾ ਹੱਕ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਨੂੰ ਫੈਸਲਾ ਕਰਵਾਉਣਾ ਚਾਹੀਦਾ ਹੈ। ਜੇਕਰ ਉਹ ਕਹਿੰਦੇ ਹਨ ਕਿ ਅਸੀਂ ਭਾਰਤ ਨਾਲ ਰਹਿਣਾ ਹੈ ਤਾਂ ਮੈਂ ਚੁੱਪ ਹੋ ਜਾਵਾਂਗਾ।''
ਇਹ ਵੀ ਪੜ੍ਹੋ
ਵਿਰੋਧ ਕਰਨ ਪਹੁੰਚੀ ਜ਼ਾਹਿਰਾ ਮੁਤਾਬਕ, ''ਇਹ ਜ਼ੁਲਮ ਹੈ। ਕਸ਼ਮੀਰ ਦੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ।''
ਰਾਜਾ ਸਿਕੰਦਰ ਖਾਨ ਮੁਤਾਬਕ, ''ਇਹ ਮਕਬੂਜ਼ਾ ਕਸ਼ਮੀਰ ਦੇ ਭੈਣ ਭਰਾਵਾਂ ਦੇ ਹੱਕ ਉੱਤੇ ਡਾਕਾ ਮਾਰਿਆ ਗਿਆ ਹੈ। ਇਹ ਗੈਰ ਕਾਨੂੰਨੀ ਹੈ ਅਤੇ ਗੈਰ ਸੰਵਿਧਾਨਿਕ ਹੈ।''
ਇਹ ਵੀ ਪੜ੍ਹੋ
ਜੋ ਧਾਰਾ 370 ਹਟਾਉਣ ਦੇ ਹੱਕ ਵਿੱਚ ਬੋਲੇ
ਦੂਜੇ ਪਾਸੇ ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ ਮਨਾਉਣ ਵੀ ਕਈ ਲੋਕ ਹਾਈ ਕਮਿਸ਼ਨ ਪਹੁੰਚੇ ਹੋਏ ਸਨ।
ਸਵਿਤਾ ਕਪਿਲਾ ਨੇ ਕਿਹਾ, ''ਸਾਡਾ ਇੱਕ ਮੁਲਕ ਹੈ। ਭਾਰਤ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਹੈ।''
ਵੀਨੂੰ ਸਚਾਨੀ ਨੇ ਕਿਹਾ, ''ਤੁਸੀਂ ਦੱਸੋ ਧਾਰਾ 370 ਦਾ ਫਾਇਦਾ ਕੀ ਸੀ। 35 ਏ ਦਾ ਵੀ ਕੋਈ ਫਾਇਦਾ ਨਹੀਂ ਸੀ। ਹੁਣ ਦੇਖਣਾ ਕਸ਼ਮੀਰੀ ਕਿੰਨਾ ਅੱਗੇ ਵਧੇਗਾ।''
'ਆਖਿਰ ਭਾਰਤ ਦੀ ਮੰਨਸ਼ਾ ਕੀ ਹੈ?'
ਇਸ ਮੁਜ਼ਾਹਰੇ ਵਿੱਚ ਕਈ ਲੋਕ ਲੰਡਨ ਅਤੇ ਉਸਦੇ ਬਾਹਰੋਂ ਵੀ ਆਏ ਹੋਏ ਸਨ। ਇਨ੍ਹਾਂ ਨਾਲ ਖ਼ਬਰ ਏਜੰਸੀ ਰਾਇਟਰਜ਼ ਨੇ ਗੱਲਬਾਤ ਕੀਤੀ।
ਮੈਨਚੈਸਟਰ ਤੋਂ ਆਏ ਡਾ. ਸੋਰਾਇਆ ਖ਼ਾਨ ਨੇ ਰਾਇਟਰਜ਼ ਨੂੰ ਕਿਹਾ, ''ਮੈਂ ਕਸ਼ਮੀਰ ਵਾਦੀ ਵਿੱਚ ਪੈਦਾ ਹੋਇਆ ਹਾਂ। ਦੋ ਮਹੀਨੇ ਪਹਿਲਾਂ ਮੇਰੇ ਪਿਤਾ ਗੁਜ਼ਰ ਗਏ। ਮੇਰੀ ਮਾਂ ਕਿਸ ਹਾਲਤ ਵਿੱਚ ਹੈ ਮੈਨੂੰ ਨਹੀਂ ਪਤਾ। ਉੱਥੇ ਨਾ ਇੰਟਰਨੈੱਟ ਚੱਲ ਰਿਹਾ ਹੈ ਨਾ ਹੀ ਫੋਨ। ਸਾਰੇ ਕਿਤੇ ਫੌਜ ਹੈ। ਆਖਿਰ ਭਾਰਤ ਦੀ ਮਨਸ਼ਾ ਕੀ ਹੈ?''
ਭਾਰਤ ਸਰਕਾਰ ਹਾਲਾਂਕਿ ਦਾਅਵੇ ਕਰਦੀ ਹੈ ਕਿ ਕਸ਼ਮੀਰ ਵਿੱਚ ਸਭ ਕੁਝ ਠੀਕ ਹੈ। ਪਰ ਮੁਜ਼ਾਹਰੇ ਵਿੱਚ ਪਹੁੰਚੇ ਡਾ. ਬਤੂਲ ਵੀ ਆਪਣੇ ਪਰਿਵਾਰ ਦੀ ਚਿੰਤਾ ਕਰਦੇ ਨਜ਼ਰ ਆਏ।
ਉਨ੍ਹਾਂ ਕਿਹਾ, ''ਮੇਰਾ ਪਰਿਵਾਰ ਉੱਥੇ ਕਿਸ ਹਾਲਤ ਵਿੱਚ ਹੈ ਮੈਨੂੰ ਨਹੀਂ ਪਤਾ। ਮੈਨੂੰ ਉੱਥੋਂ ਭੱਜਣਾ ਪਿਆ। ਸਾਨੂੰ ਏਅਰਪੋਰਟ ਤੱਕ ਪੈਦਲ ਚੱਲ ਕੇ ਜਾਣਾ ਪਿਆ। ਮੇਰੇ ਚਾਚਾ ਕੈਂਸਰ ਦੇ ਮਰੀਜ਼ ਹਨ ਉਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਪਰ ਉੱਥੇ ਮੈਡੀਕਲ ਅਤੇ ਆਵਾਜਾਈ ਦੀਆਂ ਸਹੂਲਤਾਂ ਨਹੀਂ ਹਨ।
''ਮੈਂ ਇੰਗਲੈਂਡ ਪਹੁੰਚ ਗਿਆ ਹਾਂ ਮੇਰੇ ਪਰਿਵਾਰ ਨੂੰ ਇਹ ਪਤਾ ਵੀ ਨਹੀਂ ਹੈ। ਜੇਕਰ ਉੱਥੇ ਸਭ ਕੁਝ ਠੀਕ ਹੈ ਤਾਂ ਲੋਕਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ। ਉੱਥੇ ਖੁੱਲ੍ਹੀ ਜੇਲ੍ਹ ਵਾਲਾ ਮਾਹੌਲ ਕਿਉਂ ਬਣਾ ਦਿੱਤਾ ਗਿਆ ਹੈ।''
ਮੁਸਲਮਾਨ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਲੰਡਨ ਦੇ ਵਸਨੀਕ ਡਾ. ਸ਼ੇਖ ਰਮਜ਼ੀ ਕਹਿੰਦੇ ਹਨ, ''ਇਹ ਦੂਜਾ ਫਲੀਸਤੀਨ ਬਣਨ ਜਾ ਰਿਹਾ ਹੈ। ਕਈ ਲੋਕ ਇਸ ਦਾ ਸ਼ਿਕਾਰ ਹੋਣਗੇ। ਦੂਜੇ ਪਾਸੇ ਦੋਵੇਂ ਦੇਸ ਪਰਮਾਣੂ ਸੰਪਨ ਦੇਸ ਹਨ। ਇਸ ਵਿੱਚ ਡੌਨਲਡ ਟਰੰਪ ਅਤੇ ਸੰਯੁਕਤ ਰਾਸ਼ਟਰ ਨੂੰ ਦਖਲ ਦੇਣਾ ਚਾਹੀਦਾ ਹੈ।''