ManVsWild: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੰਗਲ ਵਿੱਚ ਜਾਣ ਵਾਲੇ ਬੀਅਰ ਗ੍ਰਿਲਸ ਬਾਰੇ ਜਾਣੋ

ਡਿਸਕਵਰੀ ਦਾ ਮਸ਼ਹੂਰ ਸਰਵਾਈਵਲ ਸ਼ੋਅ 'ਮੈਨ ਵਰਸਿਜ਼ ਵਾਈਲਡ' 12 ਅਗਸਤ ਨੂੰ ਪ੍ਰਸਾਰਿਤ ਕੀਤਾ ਗਿਆ।। ਇਸ ਵਿਸ਼ੇਸ਼ ਕੜੀ ਵਿੱਚ ਸ਼ੋਅ ਦੇ ਮੇਜ਼ਬਾਨ ਬੀਅਰ ਗ੍ਰਿਲਸ ਨਾਲ ਮੁੱਖ ਮਹਿਮਾਨ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਬਣੇ।

ਬੀਅਰ ਗ੍ਰਿਲਸ ਨੇ ਇਸ ਕੜੀ ਦਾ ਟੀਜ਼ਰ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਟਵੀਟ ਕੀਤਾ।

ਉਸ ਸਮੇਂ ਤੋਂ ਹੀ ਮੈਨ ਵਰਸਿਜ਼ ਵਾਈਲਡ ਪ੍ਰੋਗਰਾਮ ਅਤੇ ਇਸ ਦੇ ਹੋਸਟ ਬੀਅਰ ਗ੍ਰਿਲਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਵੀ ਕਈ ਉੱਘੀਆਂ ਹਸਤੀਆਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੀਆਂ ਹਨ ਜਿਨ੍ਹਾਂ ਵਿੱਚ ਅਮਰੀਕਾ ਦੇ ਸਬਾਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ:

ਬੀਅਰ ਗ੍ਰਿਲਸ ਕੌਣ ਹਨ?

ਬੀਅਰ ਗ੍ਰਿਲਸ ਦੀ ਆਪਣੀ ਵੈਬਸਾਈਟ ਮੁਤਾਬਕ ਉਨ੍ਹਾਂ ਦਾ ਜਨਮ 7 ਜੂਨ 1974 ਨੂੰ ਲੰਡਨ ਵਿੱਚ ਹੋਇਆ।

ਜਨਮ ਤੋਂ ਇੱਕ ਹਫ਼ਤੇ ਬਾਅਦ ਉਨ੍ਹਾਂ ਦਾ ਨਾਮਕਰਣ ਕੀਤਾ ਗਿਆ। ਬੀਅਰ ਨਾਮ ਉਨ੍ਹਾਂ ਦੀ ਇੱਕ ਵੱਡੀ ਭੈਣ ਨੇ ਉਨ੍ਹਾਂ ਨੂੰ ਦਿੱਤਾ।

ਬੀਅਰ ਦੇ ਪਿਤਾ ਮਾਈਕ ਗ੍ਰਿਲਸ ਰੌਇਲ ਮਰੀਨ ਕਮਾਂਡੋ ਅਤੇ ਸਿਆਸਤਦਾਨ ਸਨ। ਪਿਤਾ ਨੇ ਹੀ ਉਨ੍ਹਾਂ ਨੂੰ ਪਹਾੜਾਂ 'ਤੇ ਚੜ੍ਹਨਾ ਤੇ ਕਿਸ਼ਤੀ ਚਲਾਉਣਾ ਸਿਖਾਇਆ।

ਪਿਤਾ ਵੱਲੋਂ ਬਚਪਨ ਵਿੱਚ ਰੋਮਾਂਚਕ ਖੇਡਾਂ ਦੀ ਦਿੱਤੀ ਗੁੜਤੀ ਨੇ ਹੀ ਬੀਅਰ ਵਿੱਚ ਰੋਮਾਂਚ ਪ੍ਰਤੀ ਲਗਾਅ ਪੈਦਾ ਕੀਤਾ।

ਬੀਅਰ ਦੇ ਜੀਵਨ ਦੀ ਸਭ ਤੋਂ ਸੋਹਣੀਆਂ ਯਾਦਾ ਆਪਣੇ ਪਿਤਾ ਨਾਲ ਕੀਤੀਆਂ ਪਹਾੜਾਂ ਦੀ ਅਤੇ ਸਮੁੰਦਰੀ ਕੰਢਿਆਂ ਦੀ ਸੈਰ ਨਾਲ ਜੁੜੀਆਂ ਹੋਈਆਂ ਹਨ।

ਬੀਅਰ ਗ੍ਰਿਲਸ ਨੇ ਤਿੰਨ ਸਾਲ ਯੂਕੇ ਦੀ ਸਪੈਸ਼ਲ ਫੋਰਸਸ ਦੀ ਇੱਕੀਵੀਂ ਰੈਜੀਮੈਂਟ ਵਿੱਚ ਰਹਿ ਕੇ ਜਾਨ ਤੋੜ ਸਿਖਲਾਈ ਹਾਸਲ ਕੀਤੀ।

ਦੱਖਣੀ ਅਫਰੀਕਾ ਵਿੱਚ ਪੈਰਾਸ਼ੂਟ ਨਾਲ ਛਾਲ ਮਾਰਦਿਆਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਉਨ੍ਹਾਂ ਦੀ ਰੀੜ੍ਹ ਤਿੰਨ ਥਾਂ ਤੋਂ ਟੁੱਟ ਗਈ ਸੀ।

ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਸ਼ਾਇਦ ਗ੍ਰਿਲਸ ਮੁੜ ਕਦੇ ਆਪਣੇ ਪੈਰਾਂ ਤੇ ਖੜ੍ਹੇ ਨਾ ਹੋ ਸਕਣ। ਇਹ ਸਮਾਂ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮੁਸ਼ਕਲ ਸਮਾਂ ਸੀ ਪਰ ਕਿਹਾ ਜਾਂਦਾ ਹੈ 'ਮੁਸ਼ਕਲ ਵਖ਼ਤ ਕਮਾਂਡੋ ਸਖ਼ਤ।'

ਇੱਕ ਸਾਲ ਕਸ਼ਟ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਨੇਪਾਲ ਇੱਕ ਪਹਾੜ ਅਮਾ ਡੇਬਲਮ 'ਤੇ ਚੜ੍ਹਾਈ ਕਰ ਦਿੱਤੀ।

16 ਮਈ 1998 ਨੂੰ 23 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮਾਊਂਟ ਐਵਰਸ ਫ਼ਤਹਿ ਕੀਤਾ। ਸਭ ਤੋਂ ਛੋਟੀ ਉਮਰ ਵਿੱਚ ਇਹ ਮਾਅਰਕਾ ਮਾਰਨ ਲਈ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਦਰਜ ਹੈ।

ਜਦੋਂ ਉਨ੍ਹਾਂ ਦੀ ਇਸ ਮੁਹਿੰਮ ਨੂੰ ਇੱਕ ਇਸ਼ਤਿਹਾਰ ਵਿੱਚ ਸ਼ਾਮਲ ਕੀਤਾ ਗਿਆ। ਇੱਥੋਂ ਹੀ ਗ੍ਰਿਲਸ ਦੇ ਟੈਲੀਵੀਜ਼ਨ ਜੀਵਨ ਦੀ ਸ਼ੁਰੂਆਤ ਹੋਈ।

ਇੱਕ ਹਾਦਸੇ ਵਿੱਚ ਆਪਣੀ ਲੱਤ ਗੁਆ ਲੈਣ ਵਾਲੇ ਇੱਕ ਦੋਸਤ ਨਾਲ ਮਿਲ ਕੇ ਉਨ੍ਹਾਂ ਨੇ ਸਾਲ 2000 ਵਿੱਚ ਬਾਥਟੱਬ ਵਿੱਚ ਨੰਗੇ ਪਿੰਡੇ ਬੈਠ ਕੇ ਟੇਮਸ ਨਦੀ ਨੂੰ ਪਾਰ ਕੀਤਾ।

ਉਨ੍ਹਾਂ ਨੇ ਬ੍ਰਿਟਿਸ਼ ਰੌਇਲ ਨੈਸ਼ਨਲ ਲਾਈਫ਼ਬੋਟ ਇਨਸਟੀਟੀਊਸ਼ਨ ਲਈ ਜੈਟ ਸਕੀਂਗ ਦੀ ਟੀਮ ਤਿਆਰ ਕੀਤੀ।

ਸਾਲ 2005 ਵਿੱਚ ਉਨ੍ਹਾਂ ਨੇ 'ਦਿ ਡਿਊਕ ਅਵਾਰਡ' ਲਈ ਰਾਸ਼ੀ ਇਕੱਠੀ ਕਰਨ ਲਈ 25000 ਫੁੱਟ ਦੀ ਉਚਾਈ 'ਤੇ ਗਰਮ ਹਵਾ ਦੇ ਗੁਬਾਰੇ ਵਿੱਚ ਬੈਠ ਕੇ ਖਾਣਾ ਖਾਧਾ।

ਕਿਸੇ ਵਿਅਕਤੀ ਵੱਲੋਂ ਖਾਣਾ ਖਾਣ ਦੀ ਇਹ ਸਭ ਤੋਂ ਉੱਚੀ ਉਚਾਈ ਸੀ।

ਸਾਲ 2006 ਵਿੱਚ ਉਨ੍ਹਾਂ ਨੇ ਹਿਮਾਲਿਆ ਵਿੱਚ 29,250 ਫੁੱਟ ਦੀ ਉਚਾਈ 'ਤੇ ਮਨਫ਼ੀ 60 ਡਿਗਰੀ ਤਾਪਮਾਨ ਵਿੱਚ ਪੈਰਾ ਗਲਾਈਡਰ ਉਡਾ ਕੇ ਨਵਾਂ ਰਿਕਾਰਡ ਕਾਇਮ ਕੀਤਾ।

ਇਸੇ ਵਜ੍ਹਾ ਕਾਰਨ ਉਨ੍ਹਾਂ ਨਾਲ ਡਿਸਕਵਰੀ ਚੈਨਲ ਨੇ ਮੈਨ ਵਰਸਿਜ਼ ਵਾਈਲਡ ਦੀ ਪੇਸ਼ਕਾਰੀ ਦਾ ਕਰਾਰ ਕੀਤਾ।

ਸਾਲ 2008-09 ਦੌਰਾਨ ਉਨ੍ਹਾਂ ਨੇ ਹਿਮਾਲਿਆ ਵਰਗਾ ਹੀ ਇੱਕ ਪੈਰਾ ਗਲਾਈਡਰ ਅੰਟਰਾਕਟਿਕਾ ਦੇ ਉੱਪਰੋਂ ਉਡਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਨ੍ਹਾਂ ਦੇ ਗਲਾਈਡਰ ਦਾ ਸਾਹਮਣਾ ਇੱਕ ਬਰਫ਼ੀਲੇ ਪਹਾੜ ਨਾਲ ਹੋ ਗਿਆ ਤੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ।

ਦੋ ਮਹੀਨਿਆਂ ਦੇ ਆਰਾਮ ਤੋਂ ਬਾਅਦ ਉਨ੍ਹਾਂ ਮੁੜ ਮੋਰਚਾ ਸੰਭਾਲ ਲਿਆ।

ਸਾਲ 2010 ਵਿੱਚ ਉਨ੍ਹਾਂ ਨੇ ਆਰਕਟਿਕ ਸਾਗਰ ਦੇ ਉੱਤਰ ਪੱਛਮੀ ਹਿੱਸੇ ਵਿੱਚ ਖੁੱਲ੍ਹੀ ਕਿਸ਼ਤੀ ਵਿੱਚ 2500 ਮੀਲ ਦਾ ਸਫ਼ਰ ਕਰਕੇ ਨਵਾਂ ਮਾਅਰਕਾ ਮਾਰਿਆ।

ਸਾਲ 2010 ਉਨ੍ਹਾਂ ਨੇ ਸਰਵਾਈਵਲ ਅਕੈਡਮੀ ਸ਼ੁਰੂ ਕੀਤੀ।

ਬਰਤਾਨੀਆ ਦੀਆਂ ਕਈ ਉਘੀਆਂ ਹਸਤੀਆਂ ਉਨ੍ਹਾਂ ਦੇ ਵਾਈਲਡ ਵੀਕੈਂਡ ਸ਼ੋਅ ਵਿੱਚ ਸ਼ਾਮਲ ਹੋ ਚੁੱਕੀਆਂ ਹਨ।

ਸਾਲ 2013 ਵਿੱਚ ਉਨ੍ਹਾਂ ਨੇ ਏ ਸਰਵਾਈਵਲ ਗਾਈਡ ਨਾਮ ਦੀ ਕਿਤਾਬ ਲਿਖੀ।

ਇਸ ਤੋਂ ਅਗਲੇ ਸਾਲ ਉਨ੍ਹਾਂ ਨੇ ਬੱਚਿਆਂ ਲਈ ਵੀ ਅਜਿਹੀ ਹੀ ਕਿਤਾਬ ਲਿਖੀ।

ਸਾਲ 2015 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਉਨ੍ਹਾਂ ਦੇ ਸ਼ੋਅ ਮੈਨ ਵਰਸਿਜ਼ ਵਾਈਲਡ ਵਿੱਚ ਸ਼ਾਮਲ ਹੋਏ।

ਸਾਲ 2017 ਵਿੱਚ ਉਨ੍ਹਾਂ ਨੇ ਚੀਨ ਲਈ ਇੱਕ ਖ਼ਾਸ ਸ਼ੋਅ 'ਐਬਸਲੂਟ ਵਾਈਲਡ' ਕੀਤਾ ਜਿਸ ਵਿੱਚ ਚੀਨ ਦੀਆਂ ਕਈ ਉਘੀਆਂ ਹਸਤੀਆਂ ਨੇ ਹਿੱਸਾ ਲਿਆ।

ਸਾਲ 2018 ਵਿੱਚ ਉਨ੍ਹਾਂ ਨੇ ਆਪਣੇ ਪਾਠਕਾਂ ਨੂੰ ਨਵੀਂ ਕਿਤਾਬ 'ਹਾਓ ਟੂ ਸਟੇ ਅਲਾਈਵ' ਦਿੱਤੀ।

ਮੈਨ ਵਰਸਸ ਵਾਈਲਡ ਸ਼ੋਅ ਕੀ ਹੈ?

ਮੈਨ ਵਰਸਿਜ਼ ਵਾਈਲਡ ਸ਼ੋਅ ਡਿਸਕਵਰੀ ਚੈਨਲ 'ਤੇ ਸਾਲ 2006 ਵਿੱਚ ਸ਼ੁਰੂ ਹੋਇਆ। ਇਸ ਸ਼ੋਅ ਦੀ ਹਰ ਕੜੀ ਵਿੱਚ ਸ਼ੋਅ ਦੇ ਮੇਜ਼ਬਾਨ ਬੀਅਰ ਗ੍ਰਿਲਸ ਇੱਕ ਨਵੀਂ ਚੁਣੌਤੀ ਦੇ ਰੂਬਰੂ ਹੁੰਦੇ ਹਨ।

ਇਹ ਪ੍ਰੋਗਰਮ ਪਹਿਲਾਂ ਬਰਤਾਨੀਆਂ ਦੇ ਚੈਨਲ-4 'ਤੇ ਦਿਖਾਇਆ ਗਿਆ ਜਿੱਥੋਂ ਬਾਅਦ ਵਿੱਚ ਡਿਸਕਵਰੀ ਚੈਨਲ ਉੱਪਰ ਸ਼ੁਰੂ ਹੋਇਆ।

ਪ੍ਰੋਗਰਾਮ ਦੀ ਬਣਤਰ ਮੁਤਾਬਕ ਬੀਅਰ ਗ੍ਰਿਲਸ ਨੂੰ ਕੈਮਰਾ ਕਰਿਊ ਦੇ ਨਾਲ ਕਿਸੇ ਟਾਪੂ ਜਾਂ ਜੰਗਲ 'ਤੇ ਛੱਡ ਦਿੱਤਾ ਜਾਂਦਾ ਹੈ ਜਿੱਥੇ ਗ੍ਰਿਲਸ ਵੱਖ-ਵੱਖ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਕਿਸੇ ਮਨੁੱਖੀ ਆਬਾਦੀ ਤੱਕ ਪਹੁੰਚਦੇ ਹਨ।

ਹੁਣ ਤੱਕ ਇਸ ਸ਼ੋਅ ਦੇ ਸੱਤ ਸੀਜ਼ਨਸ ਹੋ ਚੁੱਕੇ ਹਨ। ਜਿਨ੍ਹਾਂ ਵਿੱਚ ਬੋਰਨ ਸਰਵਾਈਵਰ: ਬੀਅਰ ਗ੍ਰਿਲਸ, ਅਲਟੀਮੇਟ ਸਰਵਾਈਵਲ, ਸਰਵਾਈਵਲ ਗੇਮ ਅਤੇ ਰੀਅਲ ਸਰਵਾਈਵਲ ਹੀਰੋ ਸ਼ਾਮਲ ਹਨ।

ਮੈਨ ਵਰਸਸ ਵਾਈਲਡ ਵਿੱਚ ਮੋਦੀ

ਬੀਅਰ ਗ੍ਰਿਲਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਸ਼ੋਅ ਵਿੱਚ ਸਰਪਰਾਈਜ਼ ਗੈਸਟ ਹੋਣ ਬਾਰੇ ਦੱਸਿਆ।

ਉਨ੍ਹਾਂ ਦੇ ਇਸ ਟਵੀਟ ਨੂੰ ਪ੍ਰਧਾਨ ਮੰਤਰੀ ਨਰਿੰਦੇਰ ਮੋਦੀ ਨੇ ਵੀ ਰੀਟਵੀਟ ਕੀਤਾ।

ਬੀਅਰ ਗ੍ਰਿਲਸ ਨੇ ਖ਼ਬਰ ਏਜੰਸੀ ਏਐੱਨਆਈ ਕੋਲ ਵੀ ਆਪਣੇ ਸ਼ੋਅ ਬਾਰੇ ਗੱਲ ਕੀਤੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)