ਹਾਫ਼ਿਜ਼ ਸਈਦ ਦੀ ਪਾਕਿਸਤਾਨ ਵਿੱਚ ਹੋਈ ਗ੍ਰਿਫ਼ਤਾਰੀ, ਟਰੰਪ ਨੇ ਕਿਹਾ 10 ਸਾਲਾਂ ਦੀ ਖੋਜ ਦੇ ਬਾਅਦ ਮਿਲਿਆ

ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਮੁਲਜ਼ਮ ਹਾਫਿਜ਼ ਸਈਦ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਈਦ ਨੂੰ ਪੰਜਾਬ ਦੀ ਕਾਊਂਟਰ ਟੈਰਰਿਜ਼ਮ ਪੁਲਿਸ ਵੱਲੋਂ ਲਾਹੌਰ ਤੋਂ ਗੁਜਰਾਂਵਾਲਾ ਵੱਲ ਜਾਂਦਿਆਂ ਗ੍ਰਿਫ਼ਤਾਰ ਕੀਤਾ ਹੈ।

ਹੁਣ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਉਸ ਦੀ ਗ੍ਰਿਫ਼ਤਾਰੀ ਲਾਹੌਰ ਵਿੱਚ ਹੋਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕੀਤਾ, "10 ਸਾਲ ਦੀ ਖੋਜ ਤੋਂ ਬਾਅਦ ਮੁੰਬਈ ਅੱਤਵਾਦੀ ਹਮਲਿਆਂ ਦਾ ''ਮਾਸਟਰਮਾਇੰਡ'' ਪਾਕਿਸਤਾਨ ਵਿੱਚ ਫੜਿਆ ਗਿਆ ਹੈ। ਉਸ ਨੂੰ ਲੱਭਣ ਲਈ ਪਿਛਲੇ ਦੋ ਸਾਲਾਂ ਤੋਂ ਕਾਫੀ ਦਬਾਅ ਪਾਇਆ ਗਿਆ ਸੀ।"

ਹਾਫਿਜ਼ ਨੂੰ ਪਾਕਿਸਤਾਨ ਸਰਕਾਰ ਨੇ ਅੱਤਵਾਦ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਐਂਟੀ-ਟੈਰੇਰਿਜ਼ਮ ਵਿਭਾਗ ਅਨੁਸਾਰ ਹਾਫ਼ਿਜ਼ ਸਈਦ ਤੇ ਹੋਰਨਾਂ 12 ਲੋਕਾਂ ਖਿਲਾਫ਼ ਐਂਟੀ-ਟੈਰੇਰਿਜ਼ਮ ਕਾਨੂੰਨ, 1997 ਦੇ ਤਹਿਤ ਵਿਸ਼ੇਸ਼ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ।

ਜਮਾਤ-ਉਦ-ਦਾਵਾ ਦੇ ਬੁਲਾਰੇ ਅਹਿਮਦ ਨਦੀਮ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਲਾਹੌਰ ਹਾਈ ਕੋਰਟ ਵਿੱਚ ਐੱਫਆਈਆਰ ਖਿਲਾਫ਼ ਪਟੀਸ਼ਨ ਪਾ ਦਿੱਤੀ ਗਈ ਹੈ। ਕੋਰਟ ਨੇ 30 ਜੁਲਾਈ ਤੱਕ ਸੀਟੀਡੀ ਅਫਸਰਾਂ ਤੇ ਗ੍ਰਹਿ ਮੰਤਰਾਲੇ ਤੋਂ ਜਵਾਬ ਦਾਖਿਲ ਕਰਨ ਲਈ ਕਿਹਾ ਹੈ।

ਜਮਾਤ-ਉਦ-ਦਾਵਾ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਖਿਲਾਫ਼ ਕਾਨੂੰਨ ਮੁਤਾਬਕ ਕੰਮ ਕਰਨਗੇ।

ਕੀ ਹੈ ਇਲਜ਼ਾਮ?

ਪੰਜਾਬ ਦੇ ਐਂਟੀ-ਟੈਰੇਰਿਜ਼ਮ ਵਿਭਾਗ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਮਾਤ-ਉਦ-ਦਾਵਾ, ਲਸ਼ਕਰ-ਏ-ਤਇਬਾ ਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਵਿੱਚ ਵੱਡੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਗਈ ਹੈ।

ਇਲਜ਼ਾਮ ਹਨ ਕਿ ਇਨ੍ਹਾਂ ਸੰਗਠਨਾਂ ਰਾਹੀਂ ਇਕੱਠੇ ਕੀਤੇ ਗਏ ਪੈਸੇ ਦੀ ਵਰਤੋਂ ਅੱਤਵਾਦੀ ਕਾਰਵਾਈਆਂ ਦੇ ਲਈ ਕੀਤੀ ਗਈ ਹੈ।

ਇਹ ਸੰਗਠਨ ਗ਼ੈਰ-ਸਰਕਾਰੀ ਸੰਗਠਨਾਂ ਜਾਂ ਕਲਿਆਣਕਾਰੀ ਸੰਗਠਨਾਂ ਦੇ ਰੂਪ ਵਿੱਚ ਜਾਣੇ ਜਾਂਦੇ ਹਨ।

ਇਸ ਤਰ੍ਹਾਂ ਕਲਿਆਣਕਾਰੀ ਸੰਗਠਨਾਂ ਵਿੱਚ ਦਾਅਵਤੁਲ ਰਸ਼ਾਦ ਟਰੱਸਟ, ਮਾਜ਼-ਬਿਨ-ਜਬਲ ਟਰਸਟ, ਇਲਾਨਫ਼ਾਲ ਟਰੱਸਟ, ਅਲ-ਹਮਦ ਟਰਸਟ ਅਤੇ ਅਲ-ਮਦੀਨਾ ਫਾਊਂਡੇਸ਼ਨ ਟਰਸਟ ਸ਼ਾਮਿਲ ਹਨ। ਇਨ੍ਹਾਂ ਸਾਰੇ ਸੰਗਠਨਾਂ ਨੂੰ ਇਸ ਸਾਲ ਮਈ ਵਿੱਚ ਬੈਨ ਕਰ ਦਿੱਤਾ ਸੀ।

ਪਾਕਿਸਤਾਨ ਦੇ ਇਸ ਕਦਮ ਦਾ ਕਾਰਨ

ਪਾਕਿਸਤਾਨੀ ਸੁਰੱਖਿਆ ਮਾਮਲਿਆਂ ਦੇ ਮਾਹਿਰ ਆਮਿਰ ਰਾਣਾ ਅਨੁਸਾਰ, "ਹਾਲ ਦੇ ਮਾਮਲਿਆਂ ਤੋਂ ਇਹ ਪਤਾ ਚੱਲਦਾ ਹੈ ਕਿ ਪੂਰੀ ਦੁਨੀਆਂ ਵਿੱਚ ਮਨਜ਼ੂਰਸ਼ੁਦਾ ਅੱਤਵਾਦ ਦੀ ਧਾਰਨਾ ਨੂੰ ਪਾਕਿਸਤਾਨ ਨੇ ਪਹਿਲੀ ਵਾਰੀ ਕਬੂਲ ਕੀਤਾ ਹੈ।"

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਕਈ ਤਰ੍ਹਾਂ ਵੰਡਦਾ ਸੀ ਜਿਵੇਂ ਜੋ ਪਾਕਿਸਤਾਨ ਵਿੱਚ ਸਰਗਰਮ ਹਨ ਜਾਂ ਨਹੀਂ ਅਤੇ ਜਿਸ ਨਾਲ ਸਿੱਧਾ ਪਾਕਿਸਤਾਨ ਨੂੰ ਖ਼ਤਰਾ ਹੈ।

ਪੈਰਿਸ ਵਿੱਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼) ਦੀ ਹਾਲੀਆ ਬੈਠਕ ਵਿੱਚ ਪਾਕਿਸਤਾਨ ਨੇ ਕਿਹਾ ਸੀ ਕਿ ਇਹ ਸੰਗਠਨ ਅੱਤਵਾਦੀ ਕਾਰਵਾਈ ਵਿੱਚ ਸਾਮਿਲ ਨਹੀਂ ਹੈ।

ਇਸ ਤੋਂ ਵੱਧ ਖ਼ਤਰਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਾਂ ਆਈਐੱਸਆਈਐੱਸ ਵਰਗੇ ਹੋਰ ਖ਼ਤਰਨਾਕ ਸੰਗਠਨਾਂ ਨਾਲ ਹੈ। ਹਾਲਾਂਕਿ ਗਲੋਬਲ ਸੰਗਠਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੇ ਸੰਗਠਨਾਂ ਤੋਂ ਬਰਾਬਰ ਦਾ ਖ਼ਤਰਾ ਹੈ।

ਪਹਿਲਾਂ ਵੀ ਕੀਤਾ ਸੀ ਨਜ਼ਰਬੰਦ

2017 ਵਿੱਚ ਤਤਕਾਲੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਸੀ ਕਿ ਹੱਕਾਨੀ ਨੈੱਟਵਰਕ ਅਤੇ ਹਾਫ਼ੀਜ਼ ਸਈਦ ਵਰਗੇ ਤੱਤ ਪਾਕਿਸਤਾਨ ਲਈ ਬੋਝ ਹਨ ਪਰ ਇਨ੍ਹਾਂ ਤੋਂ ਜਾਨ ਛੁਡਾਉਣ ਲਈ ਵਕਤ ਚਾਹੀਦਾ ਹੈ।

ਇਹ ਵੀ ਪੜ੍ਹੋ:

ਉਸ ਵੇਲੇ ਉਨ੍ਹਾਂ ਕਿਹਾ ਸੀ, "ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੇ ਸੰਗਠਨ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸ ਤੋਂ ਕਿਨਾਰਾ ਕਰ ਲਿਆ ਗਿਆ ਹੈ ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਪਾਕਿਸਤਾਨ ਨੂੰ ਇਸ ਪਾਸੇ ਹੋਰ ਕਦਮ ਚੁੱਕਣ ਦੀ ਲੋੜ ਹੈ।"

ਪਾਕਿਸਤਾਨ ਨੇ ਸਾਲ 2017 ਦੀ ਸ਼ੁਰੂਆਤ 'ਚ ਹਾਫ਼ਿਜ਼ ਸਈਦ ਨੂੰ ਨਜ਼ਰਬੰਦ ਕੀਤਾ ਸੀ। ਉਸ ਵੇਲੇ ਅਮਰੀਕਾ ਨੇ ਪਾਕਿਸਤਾਨ ਨੂੰ ਹਾਫ਼ਿਜ਼ ਸਈਦ ਅਤੇ ਹੱਕਾਨੀ ਨੈੱਟਵਰਕ 'ਤੇ ਕਾਰਵਾਈ ਕਰਨ ਲਈ ਦਬਾਅ ਬਣਾਇਆ ਵੀ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)