You’re viewing a text-only version of this website that uses less data. View the main version of the website including all images and videos.
ਕੁਰਾਨ ਵੰਡਣ ਦੀ ਸ਼ਰਤ ’ਤੇ ਮਿਲੀ ਇਸ ਵਿਦਿਆਰਥਣ ਨੂੰ ਜ਼ਮਾਨਤ
- ਲੇਖਕ, ਰਵੀ ਪ੍ਰਕਾਸ਼
- ਰੋਲ, ਰਾਂਚੀ ਤੋਂ ਬੀਬੀਸੀ ਲਈ
"ਫੇਸਬੁੱਕ ਪੋਸਟ ਲਈ ਦੂਜੇ ਧਰਮ (ਇਸਲਾਮ) ਦੇ ਕੇਂਦਰ ਵਿੱਚ ਜਾ ਕੇ ਕੁਰਾਨ ਵੰਡਣ ਦਾ ਆਦੇਸ਼ ਮੈਨੂੰ ਅਸਹਿਜ ਕਰ ਰਿਹਾ ਹੈ। ਮੈਨੂੰ ਬਹੁਤ ਬੁਰਾ ਲਗ ਰਿਹਾ ਹੈ।"
"ਮੈਂ ਅਦਾਲਤ ਦੇ ਫ਼ੈਸਲੇ ਦਾ ਸਤਿਕਾਰ ਕਰਦੀ ਹਾਂ ਪਰ ਮੈਨੂੰ ਵੀ ਅਧਿਕਾਰ ਹੈ ਕਿ ਮੈਂ ਉਪਰਲੀ ਅਦਾਲਤ 'ਚ ਆਪਣੀ ਗੱਲ ਰੱਖਾਂ। ਕੋਈ ਮੇਰੇ ਅਧਿਕਾਰਾਂ ਨੂੰ ਕਿਵੇਂ ਖੋਹ ਸਕਦਾ ਹੈ। ਫੇਸਬੁੱਕ 'ਤੇ ਆਪਣੇ ਧਰਮ ਬਾਰੇ ਲਿਖਣਾ ਕਿਹੜਾ ਅਪਰਾਧ ਹੈ। ਮੈਨੂੰ ਅਚਾਨਕ ਗ੍ਰਿਫ਼ਤਾਰ ਕਰ ਲਿਆ ਗਿਆ, ਜਦ ਕਿ ਮੈਂ ਇੱਕ ਵਿਦਿਆਰਥਣ ਹਾਂ।"
ਰਾਂਚੀ ਦੀ ਵੂਮੈਨਜ਼ ਕਾਲਜ ਦੀ ਵਿਦਿਆਰਥਣ ਰਿਚਾ ਭਾਰਤੀ ਉਰਫ਼ ਰਿਚਾ ਪਟੇਲ ਨੇ ਇਹ ਗੱਲ ਬੀਬੀਸੀ ਨੂੰ ਕਹੀ।
ਉਨ੍ਹਾਂ ਨੇ ਕਿਹਾ, "ਜਿਸ ਪੋਸਟ ਲਈ ਝਾਰਖੰਡ ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਕੀਤਾ, ਉਹ ਪੋਸਟ ਮੈਂ 'ਨਰਿੰਦਰ ਮੋਦੀ ਫੈਨਸ ਕਲੱਬ' ਤੋਂ ਕਾਪੀ ਕਰਕੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਸੀ।"
"ਇਸ ਵਿੱਚ ਇਸਲਾਮ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੀ। ਮੈਨੂੰ ਅਜੇ ਤੱਕ ਅਦਾਲਤ ਦੇ ਫ਼ੈਸਲੇ ਦੀ ਕਾਪੀ ਨਹੀਂ ਮਿਲੀ। ਉਸ ਤੋਂ ਬਾਅਦ ਮੈਂ ਅੱਗੇ ਦਾ ਕੋਈ ਫ਼ੈਸਲਾ ਲਵਾਂਗੀ ਕਿ ਮੈਂ ਕੁਰਾਨ ਵੰਡਾ ਜਾਂ ਇਸ ਆਦੇਸ਼ ਦੇ ਖ਼ਿਲਾਫ਼ ਉਪਰਲੀ ਅਦਾਲਤ 'ਚ ਅਪੀਲ ਕਰਾਂ।"
ਇਹ ਵੀ ਪੜ੍ਹੋ-
ਕੌਣ ਹੈ ਰਿਚਾ ਪਟੇਲ
ਰਿਚਾ ਪਟੇਲ ਗ੍ਰੇਜੂਏਸ਼ਨ ਦੇ ਤੀਜੇ ਸਾਲ ਦੀ ਵਿਦਿਆਰਥਣ ਹੈ। ਉਹ ਰਾਂਚੀ ਦੇ ਬਾਹਰਲੇ ਇਲਾਕੇ ਪਿਠੋਰੀਆ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਉਸ ਖ਼ਿਲਾਫ਼ ਮੁਸਲਮਾਨਾਂ ਦੇ ਸਮਾਜਿਕ ਸੰਗਠਨ ਅੰਜੁਮਨ ਇਸਲਾਮੀਆ ਦੇ ਮੁਖੀ ਮਨਸੂਰ ਖ਼ਲੀਫਾ ਨੇ ਪਿਠੋਰੀਆ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ।
ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਆਪਣੀ ਅਰਜ਼ੀ ਵਿੱਚ ਇਲਜ਼ਾਮ ਲਗਾਇਆ ਸੀ ਕਿ ਰਿਚਾ ਪਟੇਲ ਦੀ ਫੇਸਬੁੱਕ ਅਤੇ ਵਟਸਐਪ ਤੋਂ ਇਸਲਾਮ ਮੰਨਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਇਸ ਨਾਲ ਸਮਾਜਿਕ ਮਾਹੌਲ ਵਿਗੜ ਸਕਦਾ ਹੈ। ਇਸ ਤੋਂ ਬਾਅਦ ਪੁਲਿਸ ਨੇ 12 ਜੁਲਾਈ ਦੀ ਸ਼ਾਮ ਰਿਚਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।
ਇਸ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਹਿੰਦੂ ਸੰਗਠਨਾਂ ਨਾਲ ਜੁੜੇ ਸੈਂਕੜੇ ਲੋਕਾਂ ਨੇ ਪਿਠੋਰੀਆ ਥਾਣੇ ਦਾ ਘਿਰਾਓ ਕਰ ਕੇ ਉਸ ਨੂੰ ਰਿਹਾਅ ਕਰਵਾਉਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ
ਇਸ ਦੇ ਅਗਲੇ ਦਿਨ ਰਾਂਚੀ 'ਚ ਵੀ ਪ੍ਰਦਰਸ਼ਨ ਕਰ ਕੇ ਅਲਬਰਟ ਏਕਾ ਚੌਂਕ 'ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਏ ਗਏ।
ਇਨ੍ਹਾਂ ਲੋਕਾਂ ਨੇ ਪੁਲਿਸ 'ਤੇ ਵਿਤਕਰੇ ਵਾਲੀ ਕਾਰਵਾਈ ਕਰਨ ਦਾ ਇਲਜ਼ਾਮ ਲਗਾਇਆ ਅਤੇ ਰਿਚਾ ਨੂੰ ਬਿਨਾ ਸ਼ਰਤ ਰਿਹਾ ਕਰਨ ਦੀ ਮੰਗ ਕੀਤੀ।
ਜ਼ਮਾਨਤ 'ਚ ਕੁਰਾਨ ਵੰਡਣ ਦੀ ਸ਼ਰਤ
ਇਸ ਵਿਚਾਲੇ ਦੋਵਾਂ ਪੱਖਾਂ 'ਚ ਸੁਲ੍ਹਾ ਦੀ ਗੱਲ ਸਾਹਮਣੇ ਆਈ ਅਤੇ ਸੋਮਵਾਰ ਨੂੰ ਰਾਂਚੀ ਸਿਵਿਲ ਕੋਰਟ 'ਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ।
ਇਸ 'ਤੇ ਸੁਣਵਾਈ ਕਰਦਿਆਂ ਹੋਇਆਂ ਸਿਵਿਲ ਕੋਰਟ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਮਨੀਸ਼ ਕੁਮਾਰ ਸਿੰਘ ਨੇ ਰਿਚਾ ਨੂੰ ਇਸ ਸ਼ਰਤ 'ਤੇ ਜ਼ਮਾਨਤ ਦੇ ਦਿੱਤੀ ਕਿ ਉਹ ਕੁਰਾਨ ਦੀਆਂ ਪੰਜ ਕਾਪੀਆਂ ਖਰੀਦ ਕੇ ਉਸ ਨੂੰ ਅੰਜੁਮਨ ਕਮੇਟੀ ਅਤੇ ਲਾਈਬ੍ਰੇਰੀ ਵਿੱਚ ਵੰਡੇਗੀ।
ਉਸ ਨੂੰ ਇਸ ਦੀ ਪ੍ਰਾਪਤੀ ਰਸੀਦ ਵੀ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।
ਅਦਾਲਤ ਨੇ ਪੁਲਿਸ ਨੂੰ ਕਿਹਾ ਹੈ ਕਿ ਇਸ ਦੌਰਾਨ ਉਹ ਰਿਚਾ ਨੂੰ ਲੋੜੀਂਦੀ ਸੁਰੱਖਿਆ ਵੀ ਮੁਹੱਈਆ ਕਰਵਾਉਣ।
ਨਹੀਂ ਮਿਲੀ ਕੁਰਾਨ ਦੀ ਕਾਪੀ
ਇਸ ਮਾਮਲੇ ਵਿੱਚ ਪੁਲਿਸ ਰਿਪੋਰਟ ਦਰਜ ਕਰਵਾਉਣ ਵਾਲੇ ਮਨਸੂਰ ਖਲੀਫਾ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਰਿਚਾ ਪਟੇਲ ਨੇ ਉਨ੍ਹਾਂ ਨੂੰ ਅਜੇ ਤੱਕ ਕੁਰਾਨ ਦੀ ਕਾਪੀ ਨਹੀਂ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ, "ਪੁਲਿਸ ਰਿਪੋਰਟ ਕਰਵਾਉਣ ਤੋਂ ਬਾਅਦ ਕੁੜੀ ਦੇ ਘਰਵਾਲਿਆਂ ਅਤੇ ਸਮਾਜ ਦੇ ਕੁਝ ਲੋਕਾਂ ਨੇ ਰਿਚਾ ਪਟੇਲ ਦੀ ਘੱਟ ਉਮਰ (19 ਸਾਲ) ਅਤੇ ਅੱਗੇ ਦੀ ਜ਼ਿੰਦਗੀ ਦਾ ਹਵਾਲਾ ਦੇ ਕੇ ਸੁਲ੍ਹਾ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਮੈਂ ਸਵੀਕਾਰ ਕੀਤਾ। ਇਸ ਕਾਰਨ ਉਨ੍ਹਾਂ ਨੂੰ ਜ਼ਮਾਨਤ ਮਿਲਣ 'ਚ ਮਦਦ ਹੋਈ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਵੇਖੋ: