ਨਵਜੋਤ ਸਿੱਧੂ ਦਾ ਅਸਤੀਫਾ ਦੇਣਾ ਕੇਵਲ ਡਰਾਮਾ ਹੈ - ਬ੍ਰਹਮ ਮੋਹਿੰਦਰਾ ਤੇ ਚਰਨਜੀਤ ਚੰਨੀ ਦਾ ਸਾਂਝਾ ਬਿਆਨ

ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸਿੱਧੂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਅਪੀਲ ਕੀਤੀ ਹੈ।

ਦੋਵੇਂ ਮੰਤਰੀਆਂ ਨੇ ਜਾਰੀ ਬਿਆਨ ਵਿੱਚ ਕਿਹਾ, "ਇਹ ਹੋਰ ਕੁਝ ਨਹੀਂ ਹੈ ਕੇਵਲ ਡਰਾਮਾ ਹੈ। ਜੇ ਉਨ੍ਹਾਂ ਨੂੰ ਅਸਤੀਫਾ ਹੀ ਦੇਣਾ ਸੀ ਤਾਂ ਉਨ੍ਹਾਂ ਨੂੰ ਪ੍ਰਕਿਰਿਆ ਦਾ ਪਾਲਣ ਕਰਨਾ ਚਾਹੀਦਾ ਸੀ। ਉਨ੍ਹਾਂ ਨੂੰ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਸੀ।"

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਚਿੱਠੀ ਲਿਖ ਕੇ ਆਪਣੇ ਪੰਜਾਬ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਲਿਖੀ ਦੋ ਲਾਈਨਾਂ ਚਿੱਠੀ ਨੂੰ ਨਵਜੋਤ ਸਿੰਘ ਸਿਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਪੋਸਟ ਕੀਤੀ ਹੈ।

ਚਿੱਠੀ ਵਿੱਚ ਜੋ ਤਰੀਕ ਨਜ਼ਰ ਆ ਰਹੀ ਹੈ ਉਹ ਅੱਜ ਦੀ ਨਹੀਂ ਬਲਕਿ 10 ਜੂਨ 2019 ਦੀ ਹੈ।

ਬ੍ਰਹਮ ਮੋਹਿੰਦਰਾ ਤੇ ਚਰਨਜੀਤ ਚੰਨੀ ਨੇ ਅੱਗੇ ਕਿਹਾ ਕਿ ਸਿੱਧੂ ਨੂੰ ਇਹ ਵੀ ਨਹੀਂ ਪਤਾ ਕਿ ਕੈਬਨਿਟ ਮੰਤਰੀ ਦਾ ਅਹੁਦਾ ਪਾਰਟੀ ਦੇ ਅਹੁਦੇ ਵਰਗਾ ਨਹੀਂ ਹੁੰਦਾ ਹੈ। ਉਨ੍ਹਾਂ ਦਾ ਅਸਤੀਫਾ ਕਾਂਗਰਸ ਪ੍ਰਧਾਨ ਮਨਜ਼ੂਰ ਨਹੀਂ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ, "ਨਵਜੋਤ ਸਿੱਧੂ ਨੇ ਪਾਵਰ ਮਹਿਕਮੇ ਦੇ ਕੰਮਕਾਜ ਨੂੰ ਕਰੀਬ 40 ਦਿਨਾਂ ਤੱਕ ਰੋਕੇ ਰੱਖਿਆ ਅਤੇ ਮੁੱਖ ਮੰਤਰੀ ਵੱਲੋਂ ਅਲਾਟ ਅਹੁਦੇ ਨੂੰ ਨਹੀਂ ਸਾਂਭਿਆ।"

ਹਾਲਾਂਕਿ ਇਹ ਚਿੱਠੀ ਜਨਤਕ ਕਰਨ ਦੇ ਕੁਝ ਸਮੇਂ ਬਾਅਦ ਹੀ ਨਵਜੋਤ ਸਿੱਧੂ ਨੇ ਕਿਹ ਹੈ ਕਿ ਮੈਂ ਇਹ ਅਸਤੀਫਾ ਪੰਜਾਬ ਦੇ ਸੀਐੱਮ ਅਮਰਿੰਦਰ ਸਿੰਘ ਨੂੰ ਵੀ ਭੇਜਾਂਗਾ।

6 ਜੂਨ ਨੂੰ ਨਵਜੋਤ ਸਿੰਘ ਸਿੱਧੂ ਦਾ ਮੰਤਰਾਲਾ ਬਦਲਿਆ ਗਿਆ ਸੀ। ਉਨ੍ਹਾਂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਲੈ ਕੇ ਬਿਜਲੀ ਵਿਭਾਗ ਦਿੱਤਾ ਗਿਆ ਸੀ। ਪਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਵਾਂ ਮੰਤਰਾਲਾ ਰਸਮੀ ਤੌਰ 'ਤੇ ਨਹੀਂ ਸੰਭਾਲਿਆ ਸੀ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ਤੋਂ 3 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਟਵਿੱਟਰ 'ਤੇ 4 ਪੰਨਿਆਂ ਦਾ ਆਪਣਾ ਅਸਤੀਫ਼ਾ ਪੇਸ਼ ਕੀਤਾ ਸੀ।

ਸਿੱਧੂ ਦੇ ਅਸਤੀਫੇ ਤੇ ਕੌਣ ਕੀ ਬੋਲਿਆ?

ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਉਣ ਲੱਗੀ।

ਪੰਜਾਬ ਦੇ ਕੈਬਨਿਟ ਮਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ, ''ਮੈਂ ਨਹੀਂ ਚਾਹੁੰਦਾ ਕਿ ਉਹ ਅਸਤੀਫ਼ਾ ਦੇਣ। ਅੱਜ ਵੀ ਮੈਨੂੰ ਮਿਲਣ ਤਾਂ ਮੈਂ ਮਨਾਉਣਾ ਚਾਹਾਂਗਾ ਅਤੇ ਕਹਾਂਗਾ ਕਿ ਮਹਿਕਮਾ ਸਾਂਭੋ। ਸਿੱਧੂ ਵਧੀਆ ਤੇ ਹੁਸ਼ਿਆਰ ਬੰਦੇ ਹਨ ਪਰ ਸਟੈਂਡ ਗ਼ਲਤ ਲੈ ਗਏ।''

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਮੁਤਾਬਕ, ''ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਬਿਜਲੀ ਮਹਿਕਮਾ ਸਾਂਭਣਾ ਚਾਹੀਦਾ ਹੈ ਅਤੇ ਭ੍ਰਿਸ਼ਟਾਚਾਰ ਉਜਾਗਰ ਕਰਨਾ ਚਾਹੀਦਾ ਹੈ। ਸਿੱਧੂ ਨੇ ਇੱਕ ਮੌਕਾ ਗੁਆ ਦਿੱਤਾ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਉਣ ਦਾ।''

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ, ''ਰਾਹੁਲ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਪੰਜਾਬ ਦੀ ਜਨਤਾ ਦਾ ਨੁਕਸਾਨ ਕਿਉਂ ਕੀਤਾ ਤੇ ਮਹੀਨਾ ਪਹਿਲਾਂ ਮਿਲੇ ਅਸਤੀਫੇ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ।''

ਦੂਜੇ ਪਾਸੇ ਭਾਜਪਾ ਨੇਤਾ ਤਰੁਣ ਚੁਘ ਨੇ ਇਸ ਸਾਰੀ ਗੱਲ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਤੋਂ ਇਸ ਸਭ ਤੋਂ ਤੋਂ ਬਚਣਾ ਚਾਹੀਦਾ ਹੈ

ਲੋਕ ਇਨਸਾਫ਼ ਪਾਰਟੀ ਨੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਕਿਹਾ, ''ਮੈਂ ਪਹਿਲਾਂ ਕਿਹਾ ਸੀ ਕਿ ਕਾਂਗਰਸ 'ਚ ਜਾ ਕੇ ਤੁਸੀਂ ਵੱਡੀ ਗਲਤੀ ਕਰੋਗੇ ਤੇ ਉਹੀ ਓਨਾਂ ਨੇ ਕੀਤੀ। ਉਨ੍ਹਾਂ ਨੂੰ ਸਿਰਫ਼ ਕੈਬਨਿਟ ਮੰਤਰੀ ਤੋਂ ਹੀ ਨਹੀਂ ਪਾਰਟੀ ਤੋਂ ਵੀ ਦੇ ਦੇਣਾ ਚਾਹੀਦਾ ਹੈ।''

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)