ਹਾਫਿਜ਼ ਸਈਦ ਸਮੇਤ 13 ਜਣਿਆਂ 'ਤੇ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਮੁਕੱਦਮੇ ਦਰਜ

ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਸੰਗਠ ਜਮਾਤ-ਉਦ-ਦਾਵਾ ਦੇ 13 ਪ੍ਰਮੁੱਖ ਆਗੂਆਂ 'ਤੇ ਅੱਤਵਾਦੀ ਕਾਰਵਾਈਆਂ ਲਈ ਪੈਸਾ ਮੁਹਈਆ ਕਰਵਾਉਣ ਸਮੇਤ ਇੱਕ ਦਰਜਨ ਤੋਂ ਵਧੇਰੇ ਇਲਜ਼ਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਨ੍ਹਾਂ 13 ਜਣਿਆਂ ਵਿੱਚ ਸੰਗਠਨ ਦੇ ਮੁਖੀ ਹਾਫਿਜ਼ ਸਈਦ ਤੇ ਨਾਇਬ ਐਮੀਰ ਅਬਦੁੱਲ ਰਹਿਮਾਨ ਮੱਕੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ ਅੱਤਵਾਦ ਵਿਰੋਧੀ ਐਕਟ, 2017 ਤਹਿਤ ਇਹ ਮੁਕੱਦਮੇ ਦਾਇਰ ਕੀਤੇ ਗਏ ਹਨ।

ਲਾਹੌਰ ਪੁਲਿਸ ਨੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਕੋਲ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਮੁੱਕਦਮੇ 5 ਸ਼ਹਿਰਾਂ ਵਿੱਚ ਦਿ ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ ਨੇ ਦਾਇਰ ਕੀਤੇ ਹਨ ਤੇ ਦੱਸਿਆ ਹੈ ਕਿ ਸੰਗਠਨ ਨੇ ਗੈਰ-ਮੁਨਾਫ਼ਾ ਸੰਗਠਨਾਂ ਰਾਹੀਂ ਪੈਸੇ ਇਕੱਠੇ ਕੀਤੇ ਜਿਨ੍ਹਾਂ ਵਿੱਚ ਅੱਲ-ਅਨਫ਼ਾਲ ਟਰੱਸਟ, ਦਾਵਾਤੁਲ ਇਰਸ਼ਾਦ ਟਰੱਸਟ, ਮੁਆਜ਼ ਬਿਨ ਜਬਲ ਟਰੱਸਟ ਆਦਿ ਸ਼ਾਮਲ ਸਨ।

ਡਿਪਾਰਟਮੈਂਟ ਨੇ ਲਾਹੌਰ, ਗੁੱਜਰਾਂਵਾਲਾ, ਮੁਲਤਾਨ, ਫੈਸਲਾਬਾਦ ਅਤੇ ਸਰਗੋਧਾ ਵਿੱਚ 23 ਐੱਫਆਈਆਰ ਦਰਜ ਕੀਤੀਆਂ ਹਨ।

ਦਿ ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ, "ਜਮਾਤ-ਉਦ-ਦਾਵਾ ਦੇ ਪ੍ਰਮੁੱਖ ਆਗੂਆਂ ਖ਼ਿਲਾਫ਼ ਪਿਛਲੇ ਦੋ ਦਿਨਾਂ ਵਿੱਚ ਐੱਫਆਈਆਰ ਦਰਜ ਕਰਨ ਤੋਂ ਬਾਅਦ ਅੱਤਵਾਦ ਲਈ ਪੈਸਾ ਮੁਹਈਆ ਕਰਵਾਉਣ ਦੇ ਮਾਮਲੇ ਵਿੱਚ ਵੱਡੇ ਪੱਧਰ 'ਤੇ ਜਾਂਚ ਕੀਤੀ ਗਈ ਸੀ।"

ਬੁਲਾਰੇ ਮੁਤਾਬਕ ਇਨ੍ਹਾਂ ਸੰਗਠਨਾਂ ਨੂੰ ਬੰਦ ਕਰਵਾਉਣ ਲਈ ਲੋੜੀਂਦੇ ਸਬੂਤ ਮੌਜੂਦ ਹਨ।

ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸੰਗਠਨਾਂ ਖ਼ਿਲਾਫ਼ ਸਬੂਤ ਇਕੱਠੇ ਕਰਨ ਵਿੱਚ ਉਨ੍ਹਾਂ ਨੂੰ ਕੁਝ ਮਹੀਨੇ ਲੱਗ ਗਏ ਸਨ ਤੇ ਇਨ੍ਹਾਂ ਦੀਆਂ ਜਾਇਦਾਦਾਂ ਸਰਕਾਰ ਨੇ ਪਹਿਲਾਂ ਹੀ ਕਬਜ਼ੇ ਵਿੱਚ ਲੈ ਲਈਆਂ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)