ਵਿਆਹ ਦੀ ਪਹਿਲੀ ਰਾਤ ਵਾਲੀ ਚਿੱਟੀ ਚਾਦਰ ਕੀ ਸਾਬਤ ਕਰਦੀ ਹੈ

"ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਨੇ ਮੇਰੇ ਸਾਹਮਣੇ ਕੱਪੜੇ ਲਾਹੁਣੇ ਸ਼ੁਰੂ ਕੀਤੇ ਤਾਂ ਮੈਂ ਬਿਲਕੁਲ ਡਰ ਗਈ ਸੀ।" ਐਲਮੀਰਾ (ਬਦਲਿਆ ਨਾਮ) ਨੇ ਇਹ ਗੱਲ ਆਪਣੇ ਵਿਆਹ ਦੀ ਪਹਿਲੀ ਰਾਤ ਬਾਰੇ ਦੱਸੀ।
ਉਸ ਨੇ ਕਿਹਾ, “ਮੈਂ ਖ਼ੁਦ ਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵਿਆਹ ਤੋਂ ਬਾਅਦ ਤਾਂ ਇਹ ਹੋਣਾ ਹੀ ਸੀ। ਫਿਰ ਵੀ ਮੈਂ ਆਪਣੇ-ਆਪ ਨੂੰ ਸ਼ਾਂਤ ਨਹੀਂ ਕਰ ਸਕੀ। ਮੈਂ ਸਿਰਫ਼ ਇਹ ਸੋਚ ਪਾ ਰਹੀ ਸੀ ਕਿ ਹੁਣ ਮੈਨੂੰ ਵੀ ਕੱਪੜੇ ਲਾਹੁਣੇ ਪੈਣਗੇ।”
ਐਲਮੀਰਾ ਦੀ ਉਮਰ 27 ਸਾਲ ਹੈ। ਉਸ ਨੇ ਹਾਲ ਹੀ ਵਿੱਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਫਿਲਹਾਲ ਦੁਭਾਸ਼ੀਏ ਵਜੋਂ ਕੰਮ ਕਰ ਰਹੀ ਹੈ।
ਉਸ ਨੇ ਆਪਣੀ ਮਾਂ ਦਾ ਦਿਲ ਰੱਖਣ ਲਈ ਵਿਆਹ ਕਰਵਾਇਆ ਸੀ ਤੇ ਪਤੀ ਦੀ ਭਾਲ ਉਨ੍ਹਾਂ ਦੇ ਮਾਂ-ਬਾਪ ਨੇ ਕੀਤੀ ਸੀ।
"ਉਹ ਬਿਲਕੁਲ ਮੇਰਾ ਗੁਆਂਢੀ ਸੀ, ਅਸੀਂ ਬਿਲਕੁਲ ਵੱਖਰੇ ਸੀ। ਉਹ ਪੜ੍ਹੇ ਲਿਖੇ ਨਹੀਂ ਸੀ।"
ਐਲਮੀਰਾ ਨੇ ਮਾਂ ਨੂੰ ਕਈ ਵਾਰ ਦੱਸਿਆ ਸੀ ਕਿ ਉਹ ਹਾਲੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ।
ਇਹੀ ਗੱਲ ਮਾਂ ਨੇ ਰਿਸ਼ਤੇਦਾਰਾਂ ਨੂੰ ਦੱਸ ਦਿੱਤੀ, ਜਿਨ੍ਹਾਂ ਨੇ ਐਲਮੀਰਾ ਦੇ ਕੁਆਰੇਪਣ ਬਾਰੇ ਸ਼ੱਕ ਖੜ੍ਹੇ ਕਰ ਦਿੱਤੇ ਅਤੇ ਵਿਆਹ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।
ਐਲਮੀਰਾ ਨੇ ਵਿਆਹ ਤੋਂ ਬਾਅਦ ਹੀ ਪਹਿਲੀ ਵਾਰ ਸੈਕਸ ਕੀਤਾ ਸੀ।
ਜਦੋਂ ਪਤੀ ਨੂੰ ਐਲਮੀਰਾ ਦੀਆਂ ਭਾਵਨਾਵਾਂ ਦਾ ਪਤਾ ਚੱਲਿਆਂ ਤਾਂ ਉਸ ਨੇ ਬਿਲਕੁਲ ਪਰਵਾਹ ਨਾ ਕੀਤੀ ਤੇ ਐਲਮੀਰਾ ਦੇ ਸਵੈਮਾਣ ਨੂੰ ਚੂਰ-ਚੂਰ ਕਰ ਦਿੱਤਾ।
ਵਿਆਹ ਦੀ ਪਹਿਲੀ ਰਾਤ ਆਪਣੇ ਆਪ ਨੂੰ ਐਲਮੀਰਾ ਉੱਪਰ ਥੋਪ ਹੀ ਦਿੱਤਾ।
ਇਸੇ ਦੌਰਾਨ ਐਲਮੀਰਾ ਨੂੰ ਬੈਡਰੂਮ ਦੇ ਬਾਹਰੋਂ ਕੁਝ ਔਰਤਾਂ ਦੀਆਂ ਆਵਾਜ਼ਾਂ ਸੁਣੀਆਂ। ਬਾਹਰ ਐਲਮੀਰਾ ਦੀ ਮਾਂ, ਦੋ ਚਾਚੀਆਂ, ਸੱਸ ਤੇ ਇੱਕ ਦੂਰ ਦੀ ਰਿਸ਼ਤੇਦਾਰ ਸਨ।
ਵਰਜਿਨਿਟੀ ਦਾ 'ਸਬੂਤ'
ਅਸਲ ਵਿੱਚ ਅਜ਼ਰਬਾਇਜਾਨ ਅਜਿਹਾ ਮੁਲਕ ਜਿੱਥੇ ਵਿਆਹ ਤੋਂ ਬਾਅਦ ਕੁੜੀ ਦੇ ਕੁਆਰੇਪਣ ਦਾ ਪਤਾ ਕਰਨ ਦੀ ਇੱਕ ਪੁਰਾਣੀ ਰੀਤ ਹੈ।
ਇੱਕ ਰਿਸ਼ਤੇਦਾਰ 'ਅੰਜੀ' ਦੀ ਭੂਮਿਕਾ ਨਿਭਾਉਂਦੀ ਹੈ, ਵਿਆਹ ਤੋਂ ਬਾਅਦ ਲਾੜੀ ਦੇ ਨਾਲ-ਨਾਲ ਰਹਿੰਦੀ ਹੈ। ਉਹ ਪਹਿਲੀ ਰਾਤ ਕਮਰੇ ਦੇ ਬਾਹਰ ਮੌਜੂਦ ਰਹਿੰਦੀ ਹੈ।
ਐਲਮੀਰਾ ਨੇ ਦੱਸਿਆ, “ਮੈਂ ਦਰਦ ਤੇ ਸ਼ਰਮ ਨਾਲ ਕੰਬ ਰਹੀ ਸੀ ਤੇ ਆਪਣੇ ਆਪ ਨੂੰ ਪੁੱਛ ਰਹੀ ਸੀ, ਇਸੇ ਨੂੰ ਵਿਆਹ ਕਹਿੰਦੇ ਹਨ?"
ਅੰਜੀ ਬਣੀ ਔਰਤ ਦਾ ਕੰਮ ਹੁੰਦਾ ਹੈ ਕਿ ਉਹ ਅਨਾੜੀ ਵਿਆਹੁਲੀ ਨੂੰ ਮਾਨਸਿਕ ਸਹਾਰਾ ਦੇਵੇ।
ਉਸ ਤੋਂ ਇਲਾਵਾ ਉਹ ਪਹਿਲੀ ਰਾਤ ਤੋਂ ਬਾਅਦ ਚਾਦਰ ਚੁੱਕਦੀ ਹੈ। ਕਾਕੇਸਸ ਦੇ ਪੂਰੇ ਇਲਾਕੇ ਵਿੱਚ ਹੀ ਇਹ ਰਵਾਇਤ ਹੈ ਕਿ ਅਗਲੀ ਸਵੇਰ ਚਾਦਰ ਦਾ ਨਿਰੀਖਣ ਕੀਤਾ ਜਾਂਦਾ ਹੈ।
ਚਾਦਰ ਉੱਪਰ ਖੂਨ ਦੇ ਨਿਸ਼ਾਨ ਮਿਲਣ ’ਤੇ ਹੀ ਵਿਆਹ ਸੰਪੂਰਨ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਜੋੜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ।
ਅਜ਼ਰਬਾਇਜਾਨ ’ਚ ਔਰਤਾਂ ਦੇ ਹੱਕਾਂ ਦੀ ਪੜ੍ਹਾਈ ਕਰਨ ਵਾਲੀ ਸ਼ਾਖਲਾ ਇਸਮਾਈਲ ਮੁਤਾਬਕ, “ਇਹੀ ਕਾਰਨ ਹੈ ਕਿ ਵਿਆਹ ਦੀ ਰਾਤ ਬਾਰੇ ਤਲਿਸਮ ਬਣਿਆ ਰਹਿੰਦਾ ਹੈ ਕਿ ਸਵੇਰੇ ਬਿਸਤਰੇ ਦੀ ਚਾਦਰ ਤੋਂ ਕੀ ਸਾਹਮਣੇ ਆਵੇਗਾ।”

ਜੇ ਚਾਦਰ ਉੱਪਰ ਖੂਨ ਦੇ ਦਾਗ ਨਾ ਹੋਣ ਤਾਂ ਔਰਤ ਨੂੰ ਸਮਾਜਿਕ ਬਾਈਕਾਟ ਵੀ ਝੱਲਣਾ ਪੈ ਸਕਦਾ ਹੈ ਤੇ ਉਸ ਨੂੰ ਪੇਕੇ ਵਾਪਸ ਭੇਜ ਦਿੱਤਾ ਜਾਂਦਾ ਹੈ।
ਉਸ ਨੂੰ ਤਲਾਕਸ਼ੁਦਾ ਸਮਝਿਆ ਜਾਂਦਾ ਹੈ ਤੇ ਮੁੜ ਵਿਆਹ ਵਿੱਚ ਦਿੱਕਤ ਹੁੰਦੀ ਹੈ।
ਲਾੜੀ ਦੇ ਕੁਆਰੇਪਣ ਦੀ ਜਾਂਚ
ਅਜ਼ਰਬਾਇਜਾਨ ਵਿੱਚ ਕੰਮ ਕਰਨ ਵਾਲੇ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਪੇਂਡੂ ਇਲਾਕਿਆਂ ਵਿੱਚ ਹਾਲੇ ਵੀ ਇਹ ਰਵਾਇਤ ਵੱਡੇ ਪੈਮਾਨੇ 'ਤੇ ਹੈ।
ਕਦੇ-ਕਦੇ ਵਿਆਹ ਤੋਂ ਪਹਿਲਾਂ ਲਾੜੀ ਦੇ ਕੁਆਰੇਪਣ ਦੀ ਜਾਂਚ ਕੁਝ ਮਾਹਰ ਔਰਤਾਂ ਵੱਲੋਂ ਕੀਤੀ ਜਾਂਦੀ ਹੈ।
ਇਸ ਰਵਾਇਤ ਉੱਪਰ ਕਈ ਕੌਮਾਂਤਰੀ ਸੰਗਠਨ ਇਤਰਾਜ਼ ਜ਼ਾਹਰ ਕਰ ਚੁੱਕੇ ਹਨ। ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਮੁਤਾਬਕ ਇਹ ਰਵਾਇਤ ਔਰਤਾਂ ਲਈ ਅਪਮਾਨਜਨਕ ਤੇ ਸਦਮੇ ਵਾਲੀ ਹੈ। ਫਿਰ ਵੀ ਇਹ ਰੀਤ 20 ਦੇਸਾਂ ਵਿੱਚ ਨਿਭਾਈ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਮੈਡੀਕਲ ਸਾਇੰਸ ਵਿੱਚ ਕੁਆਰੇਪਣ ਦੀ ਕੋਈ ਮਾਨਤਾ ਨਹੀਂ ਹੈ ਤੇ ਇਹ ਸਿਰਫ਼ ਸਮਾਜਿਕ ਤੇ ਸੱਭਿਆਚਾਰਕ ਤੇ ਧਾਰਮਿਕ ਵਿਚਾਰਾਂ ਵਿੱਚ ਹੀ ਆਪਣੀ ਹੋਂਦ ਰੱਖਦਾ ਹੈ।
ਐਲਮੀਰਾ ਦਾ ਕਹਿਣਾ ਹੈ, “ਮੈਂ ਡਰ ਗਈ ਸੀ ਤੇ ਪੂਰੀ ਰਾਤ ਸੌਂ ਨਹੀਂ ਸਕੀ ਪਰ ਉਸ ਨੂੰ ਕੋਈ ਫਰਕ ਨਹੀਂ ਪਿਆ ਤੇ ਆਰਾਮ ਨਾਲ ਸੌਂ ਗਿਆ।”
ਇਹ ਵੀ ਪੜ੍ਹੋ:
ਸਵੇਰੇ ਉਹ ਲੋਕ ਚਾਦਰ ਲੈਣ ਆਏ। ਐਲਮੀਰਾ ਨੇ ਦੱਸਿਆ, "ਉਸ ਸਮੇਂ ਮੈਂ ਬਿਲਕੁਲ ਧਿਆਨ ਨਹੀਂ ਦਿੱਤਾ... ਪਿਛਲੀ ਰਾਤ ਦਾ ਡਰ ਮੇਰੇ ਤੇ ਹਾਵੀ ਹੋ ਗਿਆ ਸੀ।"
"ਮੈਂ ਜਾਣਦੀ ਸੀ ਕਿ ਹਰ ਕੋਈ ਚਾਦਰ ਦਾ ਨਿਰੀਖਣ ਕਰੇਗਾ। ਮੈਂ ਸਦਮੇ ਵਿੱਚ ਸੀ ਕਿ ਮੈਨੂੰ ਇਹ ਵੀ ਯਾਦ ਨਹੀਂ ਕਿ ਉਹ ਚਾਦਰ ਲੈ ਕਦੋਂ ਗਏ।”
ਮਨੋਵਿਗਿਆਨੀ ਐਲਿਡਾ ਗੋਰਿਨਾ ਮੁਤਾਬਕ, “ਹਾਲੇ ਤੱਕ ਬਹੁਗਿਣਤੀ ਔਰਤਾਂ ਸਮਝਦੀਆਂ ਹਨ ਕਿ ਅੰਜੀ ਦਾ ਹੋਣਾ ਇੱਕ ਸਧਾਰਣ ਗੱਲ ਹੈ। ਪਰੇਸ਼ਾਨੀ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਅਜੋਕੀ ਪੀੜ੍ਹੀ ਜ਼ਿਆਦਾ ਪ੍ਰਗਤੀਸ਼ੀਲ ਹੋ ਕੇ ਸਾਹਮਣੇ ਆਉਂਦੀ ਹੈ।"

ਨਿਗਾਰ ਅਜ਼ਰਬਾਇਜਾਨ ਦੇ ਪੇਂਡੂ ਇਲਾਕੇ ਵਿੱਚ ਰਹਿੰਦੀ ਹੈ।
ਨਿਗਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਵਿਆਹ ਵਾਲੇ ਦਿਨ ਇੱਕ-ਦੋ ਅੰਜੀਆਂ ਹੋਣਗੀਆਂ ਪਰ ਦੇਖਿਆ ਤਾਂ ਪੂਰਾ ਪਿੰਡ ਹੀ ਕਮਰੇ ਦੇ ਬਾਹਰ ਇਕੱਠਾ ਹੋਇਆ ਪਿਆ ਸੀ।
"ਮੈਂ ਇਸ ਤੋਂ ਪਹਿਲਾਂ ਕਦੇ ਐਨੀ ਸ਼ਰਮਿੰਦਾ ਨਹੀਂ ਹੋਈ ਪਰ ਮੈਂ ਸੋਚਿਆ ਕਿ, ਚਲੋ, ਇਹ ਹੁੰਦਾ ਹੈ ਕਿਉਂਕਿ ਬਜ਼ੁਰਗ ਜ਼ਿਆਦਾ ਜਾਣਦੇ ਹਨ।"
ਉਸ ਸਮੇਂ ਨਿਗਾਰ ਦੀ ਉਮਰ 18 ਸਾਲ ਦੀ ਸੀ ਅਤੇ ਹੁਣ 30। ਉਹ ਰਾਜਧਾਨੀ ਬਾਕੂ ਵਿੱਚ ਰਹਿੰਦੀ ਹੈ ਤੇ ਤਲਾਕਸ਼ੁਦਾ ਹੈ।
ਕਿਹੜੇ ਦੇਸਾਂ 'ਚ ਰਵਾਇਤ
ਗੁਆਂਢੀ ਦੇਸ਼ ਅਰਮੀਨੀਆ ਵਿੱਚ ਵੀ ਅਜਿਹੀ ਹੀ ਰਵਾਇਤ ਹੈ। ਜੌਰਜੀਆ ਅਤੇ ਉੱਤਰੀ ਕਾਰਕੱਸ ਵਿੱਚ ਕਈ ਰੂਸੀ ਗਣਰਾਜਾਂ ਵਿੱਚ ਵੀ ਇਸ ਰਵਾਇਤ ਦੀ ਪਾਲਣਾ ਕੀਤੀ ਜਾਂਦੀ ਹੈ।
ਅਰਮੀਨੀਆ ਵਿੱਚ ਇਹ ਰਵਾਇਤ ਥੋੜ੍ਹੀ ਵੱਖਰੀ ਹੈ। ਉੱਥੇ ਦਰਵਾਜ਼ੇ ਦੇ ਪਿੱਛੇ ਕੋਈ ਚਸ਼ਮਦੀਦ ਨਹੀਂ ਖੜ੍ਹਾ ਹੁੰਦਾ।
ਉੱਥੇ ਇਸ ਰਵਾਇਤ ਨੂੰ ‘ਲਾਲ ਸੇਬ’ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਚਾਦਰ ਉੱਤੇ ਖੂਨ ਦਾ ਨਿਸ਼ਾਨ ਹੋਣਾ।
ਮਨੁੱਖੀ ਅਧਿਕਾਰ ਕਾਰਕੁਨ ਨੀਨਾ ਕਾਰਾਪੇਸ਼ਿਅੰਸ ਮੁਤਾਬਕ, “ਰਾਜਧਾਨੀ ਤੋਂ ਜਿਵੇਂ-ਜਿਵੇਂ ਦੂਰ ਜਾਵਾਂਗੇ, ਇਹ ਰਵਾਇਤ ਭੱਦੀ ਹੁੰਦੀ ਚਲੀ ਜਾਂਦੀ ਹੈ। ਕੁਝ ਥਾਵਾਂ 'ਤੇ ਤਾਂ ਇਹ ਅੰਧ-ਵਿਸ਼ਵਾਸ਼ ਦਾ ਰੂਪ ਲੈ ਲੈਂਦੀ ਹੈ।”
ਉਨ੍ਹਾਂ ਦੱਸਿਆ ਕਿ ਕਦੇ-ਕਦੇ ਤਾਂ ਸਾਰੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਸੱਦ ਕੇ ਦਿਖਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਧੀ ‘ਪਵਿੱਤਰ’ ਹੈ।
"ਇਸ ਤਰ੍ਹਾਂ ਦੇ ਅਪਮਾਨਜਨਕ ਰੀਤੀ-ਰਿਵਾਜ਼ ਵਿੱਚ ਪੂਰਾ ਪਿੰਡ ਸ਼ਰੀਕ ਹੁੰਦਾ ਹੈ।"

ਇਹ ਵੀ ਪੜ੍ਹੋ:
ਪੇਂਡੂ ਇਲਾਕਿਆਂ ਵਿੱਚ ਤਾਂ ਕੁੜੀ ਦੇ 18 ਸਾਲ ਦੀ ਹੁੰਦਿਆਂ ਹੀ ਵਿਆਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਕੁੜੀਆਂ ਕੋਲ ਨਾ ਕੋਈ ਹੁਨਰ ਹੁੰਦਾ ਹੈ ਤੇ ਨਾ ਰੁਜ਼ਗਾਰ।
ਜੇ ਕੁੜੀ ‘ਸੇਬ ਪਰੀਖਿਆ’ ਪਾਸ ਨਹੀਂ ਕਰਦੀ ਤਾਂ ਮਾਂ-ਬਾਪ ਉਸ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ।
ਗੋਰਿਨਾ ਦੇ ਦੱਸਣ ਮੁਤਾਬਕ ਕੁਝ ਔਰਤਾਂ ਆਪਣੇ-ਆਪ ਨੂੰ ਢਾਲ਼ ਲੈਂਦੀਆਂ ਹਨ ਜਦਕਿ ਕਈ ਇਸ ਸਦਮੇ ਨੂੰ ਸਹਿੰਦੀਆਂ ਰਹਿੰਦੀਆਂ ਹਨ।
"ਇੱਕ ਵਾਰ ਤਾਂ ਇੱਕ ਜੋੜੇ ਦੇ ਵਿਆਹ ਦੀ ਰਾਤ ਨੂੰ ਚਾਦਰ ਤੇ ਖੂਨ ਦਾ ਨਿਸ਼ਾਨ ਨਹੀਂ ਮਿਲਿਆ।
ਇਸ ਲਈ ਅੱਧੀ ਰਾਤ ਨੂੰ ਲਾੜੇ ਦਾ ਪਰਿਵਾਰ ਕੁੜੀ ਨੂੰ ਡਾਕਟਰ ਦੇ ਲੈ ਗਿਆ, ਇਹ ਜਾਂਚ ਕਰਵਾਉਣ ਲਈ ਕਿ ਕੁੜੀ ਕੁਆਰੀ ਹੈ ਜਾਂ ਨਹੀਂ।"
ਐਲਮੀਰਾ ਦੇ ਮਾਮਲੇ ਵਿੱਚ ਵਿਆਹ ਦੇ ਛੇ ਮਹੀਨਿਆਂ ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। "ਅੱਧੇ ਸਾਲ ਤੱਕ ਅਸੀਂ ਪਹਿਲੀ ਰਾਤ ਬਾਰੇ ਕਦੇ ਗੱਲ ਨਹੀਂ ਕੀਤੀ।"
ਐਲਮੀਰਾ ਇਸ ਸਦਮੇਂ ਵਿੱਚੋਂ ਕਦੇ ਨਿਕਲ ਹੀ ਨਹੀਂ ਸਕੀ, ਇਸੇ ਕਾਰਨ ਉਸ ਨੇ ਮੁੜ ਵਿਆਹ ਨਹੀਂ ਕਰਵਾਇਆ।
"ਮੈਂ ਮੁੜ ਵਿਆਹ ਲਈ ਤਿਆਰ ਸੀ ਪਰ ਪਿਛਲਾ ਤਜਰਬਾ ਮੈਨੂੰ ਰੋਕ ਰਿਹਾ ਸੀ।
ਜੇ ਅੱਜ ਮੈਨੂੰ ਉਸ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਮੈਂ ਆਪਣੇ ਪਤੀ ਤੇ ਉਨ੍ਹਾਂ ਔਰਤਾਂ ਨਾਲ ਬਿਲਕੁਲ ਵੱਖਰਾ ਵਿਹਾਰ ਕਰਾਂਗੀ।"
ਐਲਮੀਰਾ ਤੇ ਅਜ਼ਰਬਾਇਜਾਨ ਦੇ ਮਾਹਰ ਮੰਨਦੇ ਹਨ ਕਿ ਇਹ ਰੀਤ ਹੁਣ ਹੌਲੀ-ਹੌਲੀ ਖ਼ਤਮ ਹੋ ਰਹੀ ਹੈ।
ਥਾਮਸਾ ਇਸਮਾਈਲ ਨੇ ਕਿਹਾ, “ਮੈਂ ਅਜਿਹੇ ਪਰਿਵਾਰਾਂ ਨੂੰ ਵੀ ਜਾਣਦੀ ਹਾਂ, ਜਿਨ੍ਹਾਂ ਨੇ ਇਸ ਰੀਤ ਵਿੱਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਹੈ।"
ਤਸਵੀਰਾਂ: ਮੈਗਰਾਮ ਜ਼ੇਨਾਲੋਵ
ਇਹ ਵੀਡੀਓ ਵੀ ਦੇਖੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












