ਆਸਟਰੇਲੀਆ ਦੇ ਸਰਕਾਰੀ ਬ੍ਰਾਡਕਾਸਟਰ ਦੇ ਦਫ਼ਤਰ 'ਤੇ ਛਾਪੇ ਮਗਰੋਂ ਵਿਵਾਦ

ਆਸਟਰੇਲੀਆ ਦੇ ਸਰਕਾਰੀ ਬ੍ਰਾਡਕਾਸਟਰ ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਉੱਪਰ ਪੁਲਿਸ ਦੇ ਛਾਪੇ ਖ਼ਿਲਾਫ ਬ੍ਰਾਡਕਾਸਟਰ ਹੱਕਾਂ ਦੇ ਵਕਾਲਤੀ ਇਕੱਠੇ ਹੋ ਗਏ ਹਨ।

ਅਧਿਕਾਰੀ ਤਲਾਸ਼ੀ ਦੇ ਵਰੰਟ ਲੈ ਕੇ ਏਬੀਸੀ ਦੇ ਸਿਡਨੀ ਸਥਿਤ ਮੁੱਖ ਦਫ਼ਤਰ ਪਹੁੰਚੇ। ਇਨ੍ਹਾਂ ਵਰੰਟਾਂ ਉੱਪਰ ਦੋ ਰਿਪੋਰਟਰਾਂ ਅਤੇ ਇੱਕ ਖ਼ਬਰ ਨਿਰਦੇਸ਼ਕ ਦੇ ਨਾਮ ਸਨ।

ਪੁਲਿਸ ਨੇ ਮੰਗਲਵਾਰ ਨੂੰ ਨਿਊਜ਼ ਕਾਰਪੋਰੇਸ਼ਨ ਦੀ ਇੱਕ ਰਿਪੋਰਟਰ ਅਨਿਕਾ ਸਮੇਥਰਸਟ ਦੇ ਘਰ ਦੀ ਤਲਾਸ਼ੀ ਲਈ ਸੀ।

ਬੀਬੀਸੀ ਨੇ ਆਪਣੇ ਇੱਕ ਟਵੀਟ ਵਿੱਚ ਇਸ ਘਟਨਾ ਨੂੰ ਬਹੁਤ ਜ਼ਿਆਦਾ ਵਿਚਲਿਤ ਕਰਨ ਵਾਲੀ ਦੱਸਿਆ।

ਬਾਕੀ ਯੂਨੀਅਨਾਂ ਤੇ ਹੱਕਾਂ ਦੇ ਵਕਾਲਤੀਆਂ ਸਮੇਤ ਦੇਸ਼ ਦੀ ਪੱਤਰਕਾਰਾਂ ਦੀ ਯੂਨੀਅਨ ਨੇ ਕਿਹਾ ਹੈ ਕਿ ਇਨ੍ਹਾਂ ਛਾਪਿਆਂ ਨੂੰ "ਆਸਟਰੇਲੀਆਈ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ" ਦੱਸਿਆ ਹੈ ਅਤੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।

ਏਬੀਸੀ ਦੇ ਪ੍ਰਬੰਧਕੀ ਨਿਰਦੇਸ਼ਕ ਡੇਵਿਡ ਐਂਡਰਸਨ ਨੇ ਕਿਹਾ ਕਿ ਪੁਲਿਸ ਦਾ ਛਾਪਾ ਪ੍ਰੈੱਸ ਦੀ ਆਜ਼ਾਦੀ ਬਾਰੇ ਗੰਭੀਰ ਸ਼ੰਕੇ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਏਬੀਸੀ ਆਪਣੇ ਪੱਤਰਕਾਰਾਂ ਦੇ ਨਾਲ ਖੜ੍ਹਾ ਹੈ, ਆਪਣੇ ਸਰੋਤਾਂ ਦੀ ਰਾਖੀ ਕਰੇਗਾ ਤੇ ਕੌਮੀ ਸੁਰੱਖਿਆ ਅਤੇ ਖ਼ੂਫੀਆ ਸਮਲਿਆਂ ਬਾਰੇ ਬਿਨਾਂ ਕਿਸੇ ਡਰ ਜਾਂ ਲਾਭ ਦੇ ਲੋਕ ਹਿੱਤ ਵਿੱਚ ਰਿਪੋਰਟਿੰਗ ਕਰਦਾ ਰਹੇਗਾ।"

ਨਿਊਜ਼ ਨਿਰਦੇਸ਼ਕ ਗੇਵੇਨ ਮੋਰਿਸ ਨੇ ਉਨ੍ਹਾਂ ਪੱਤਰਕਾਰਾਂ ਲਈ ਟਵੀਟ ਕੀਤਾ ਜਿਨ੍ਹਾਂ ਦੇ ਨਾਮ ਤਲਾਸ਼ੀ ਦੇ ਵਰੰਟਾਂ ਵਿੱਚ ਸਨ। ਗੇਵੇਨ ਦਾ ਨਾਮ ਵੀ ਉਨ੍ਹਾਂ ਵਰੰਟਾਂ ਵਿੱਚ ਸ਼ਾਮਲ ਸੀ।

ਗ੍ਰਹਿ ਮੰਤਰੀ ਤੋਂ ਇਨ੍ਹਾਂ ਬਾਰੇ ਸਫ਼ਾਈ ਦੀ ਮੰਗ

ਵਿਰੋਧੀ ਧਿਰ ਨੇ ਗ੍ਰਹਿ ਮੰਤਰੀ ਪੀਟਰ ਡਟਨ ਤੋਂ ਇਨ੍ਹਾਂ ਛਾਪਿਆਂ ਬਾਰੇ ਸਫ਼ਾਈ ਦੀ ਮੰਗ ਕੀਤੀ ਹੈ।

ਦੂਸਰੇ ਪਾਸੇ ਡਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛਾਪੇ ਪੂਰੇ ਹੋ ਜਾਣ ਤੋਂ ਬਾਅਦ ਇਨ੍ਹਾਂ ਬਾਰੇ ਦੱਸਿਆ ਗਿਆ।

ਆਸਟਰੇਲੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ, "ਸਾਡੇ ਕੋਲ ਉਸ ਆਜ਼ਾਦੀ ਦੀ ਰਾਖੀ ਲਈ ਸਪਸ਼ਟ ਕਨੂੰਨ ਹਨ ਅਤੇ ਸਾਡੇ ਕੋਲ ਆਸਟਰੇਲੀਆ ਦੀ ਸੁਰੱਖਿਆ ਦੀ ਰਾਖੀ ਲਈ ਵੀ ਸਪਸ਼ਟ ਕਨੂੰਨ ਹਨ।"

ਤਲਾਸ਼ੀ ਦਾ ਕਾਰਨ

ਇਹ ਮਾਮਲੇ ਆਸਟਰੇਲੀਆ ਦੀਆਂ ਫੌਜਾਂ ਦੇ ਅਫ਼ਗਾਨਿਸਤਾਨ ਵਿੱਚ ਕਥਿਤ ਮਾੜੇ ਵਤੀਰੇ ਨਾਲ ਜੁੜੀਆਂ ਰਿਪੋਰਟਾਂ ਨਾਲ ਜੁੜਿਆ ਹੈ।

ਏਬੀਸੀ ਮੁਤਾਬਕ ਇਹ ਤਲਾਸ਼ੀ 2017 ਵਿੱਚ ਕੀਤੀ ਗਈ ਦਿ ਅਫਗਾਨਿਸਤਾਨ ਫਾਈਲਜ਼ ਨਾਮ ਦੇ ਪੜਤਾਲੀਆ ਲੜੀਵਾਰ ਬਾਰੇ ਸੀ।

ਇਸ ਲੜੀਵਾਰ ਵਿੱਚ "ਆਸਟਰੇਲੀਆ ਦੀਆਂ ਫੌਜਾਂ ਵੱਲੋਂ ਅਫਗਾਨਿਸਤਾਨ ਵਿੱਚ ਗੈਰ-ਕਨੂੰਨੀ ਕਤਲਾਂ ਦੇ ਇਲਜ਼ਾਮਾਂ ਨੂੰ ਉਜਾਗਰ" ਕੀਤਾ ਗਿਆ ਸੀ।

ਏਬੀਸੀ ਮੁਤਾਬਕ ਉਹ ਲੜੀਵਾਰ ਉਸ ਕੋਲ ਲੀਕ ਰਾਹੀਂ ਪਹੁੰਚੇ "ਹਜ਼ਾਰਾਂ ਗੁਪਤ ਦਸਤਾਵੇਜ਼ਾ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਸੀ।"

ਆਸਟਰੇਲੀਆ ਦੀ ਫੈਡਰਲ ਪੁਲਿਸ ਮੁਤਾਬਕ ਇਹ ਵਰੰਟ ਕਲਾਸੀਫਾਈਡ ਸਮੱਗਰੀ ਨਸ਼ਰ ਕਰਨ ਬਾਰੇ ਸਨ ਤੇ 11 ਜੁਲਾਈ 2017 ਨੂੰ ਫੌਜਾਂ ਦੇ ਮੁਖੀ ਤੇ ਤਤਕਾਲੀ ਰੱਖਿਆ ਮੰਤਰੀ ਦੀਆਂ ਹਦਾਇਤਾਂ 'ਤੇ ਕੀਤੀਆਂ ਗਈਆਂ ਸਨ।

ਪੁਲਿਸ ਨੇ ਆਪਣੀ ਕਾਰਵਾਈ ਦਾ ਬਚਾਅ ਕੀਤਾ ਹੈ ਤੇ ਕਿਹਾ ਹੈ "ਉਹ ਸਾਰੀ ਕਾਰਵਾਈ ਦੌਰਾਨ ਸੁਤੰਤਰ ਤੇ ਨਿਸ਼ਪਕਸ਼ ਰਹੇ ਸਨ।"

ਇਸ ਛਾਪੇ ਦਾ ਟਵਿੱਟਰ 'ਤੇ ਲਾਈਵ ਕਰਨ ਵਾਲੇ ਏਬੀਸੀ ਪੱਤਰਕਾਰ ਜੌਹਨ ਲਾਇਓਨਜ਼ ਮੁਤਾਬਕ ਛਾਪੇ ਦੌਰਾਨ ਪੁਲਿਸ ਨੇ ਏਬੀਸੀ ਦੇ ਸਿਸਟਮ ਵਿੱਚ ਮੌਜੂਦ 9,214 ਦਸਤਾਵੇਜ਼ਾਂ ਨੂੰ ਇੱਕ- ਇੱਕ ਕਰਕੇ ਦੇਖਿਆ ਜਿਨ੍ਹਾਂ ਵਿੱਚ "ਹਜ਼ਾਰਾਂ ਅੰਦਰੂਨੀ ਈਮੇਲਾਂ ਵੀ ਸ਼ਾਮਲ ਸਨ।"

ਦੇਸ਼ ਵਿੱਚ ਸੱਜੇ-ਪੱਖੀ ਸਰਕਾਰ ਬਣਨ ਤੋਂ ਦੋ ਹਫ਼ਤਿਆਂ ਬਾਅਦ ਇਹ ਦੋ ਛਾਪੇ ਮਾਰੇ ਗਏ। ਹੈਰਾਨੀਜਨਕ ਚੋਣ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਮੁੜ ਪ੍ਰਧਾਨ ਮੰਤਰੀ ਬਣ ਗਏ ਸਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)