You’re viewing a text-only version of this website that uses less data. View the main version of the website including all images and videos.
ਈਰਾਨ, ਅਮਰੀਕਾ ਤੇ ਸਾਊਦੀ ਅਰਬ ਇੱਕ ਦੂਜੇ ਨੂੰ ਬਰਦਾਸ਼ਤ ਕਿਉਂ ਨਹੀਂ ਕਰਦੇ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕਹਿ ਚੁੱਕੇ ਹਨ ਕਿ ਅਮਰੀਕਾ ਨੂੰ ਸਭ ਤੋਂ ਵੱਡਾ ਖ਼ਤਰਾ ਈਰਾਨ ਤੋਂ ਹੈ।
ਸਾਲ 2003 ਵਿੱਚ ਅਮਰੀਕਾ ਨੇ ਇਰਾਕ ਉੱਪਰ ਵੀ ਅਜਿਹੇ ਤਰਕ ਦੇ ਕੇ ਹਮਲਾ ਕੀਤਾ ਸੀ, ਜੋ ਗਲਤ ਸਾਬਤ ਹੋਏ ਤੇ ਮਗਰੋਂ ਅਮਰੀਕਾ ਹਾਸਿਲੇ-ਜੰਗ ਤੋਂ ਖ਼ੁਸ਼ ਵੀ ਨਹੀਂ ਹੋਇਆ।
ਅਜਿਹੇ ਵਿੱਚ ਅਮਰੀਕਾ ਉਹੀ ਗਲਤੀ ਈਰਾਨ ਨਾਲ ਦੁਹਰਾਏਗਾ? ਮਾਹਰਾਂ ਦਾ ਮੰਨਣਾ ਹੈ ਕਿ ਨਹੀਂ, ਇਸ ਵਾਰ ਉਹ ਇਰਾਕ ਤੋਂ ਸਿੱਖੇ ਸਬਕਾਂ ਦੀ ਵਰਤੋਂ ਕਰੇਗਾ।
ਇਹ ਵੀ ਪੜ੍ਹੋ:
1979 ਤੋਂ ਹੀ ਅਮਰੀਕਾ ਦਾ ਈਰਾਨ ਲਈ ਰਵੱਈਆ ਨਾਂਹ ਪੱਖੀ ਰਿਹਾ ਹੈ। ਇਸ ਲਿਹਾਜ਼ ਨਾਲ ਟਰੰਪ ਤੇ ਉਨ੍ਹਾਂ ਦੇ ਸਲਾਹਕਾਰਾਂ ਲਈ ਈਰਾਨ ਖ਼ਿਲਾਫ਼ ਤੱਥ ਪੇਸ਼ ਕਰਨੇ ਕੋਈ ਟੇਢੀ ਖੀਰ ਨਹੀਂ ਹੋਵੇਗੀ।
ਉਸ ਦੇ ਵਿਦੇਸ਼ ਮੰਤਰੀ ਕਹਿ ਚੁੱਕੇ ਹਨ ਕਿ ਪੱਛਮੀ ਏਸ਼ੀਆ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਈਰਾਨ ਹੈ। ਇਸ ਸਮੇਂ ਈਰਾਨ ਨਹੀਂ ਸਗੋਂ ਅਮਰੀਕਾ ਦਾ ਸਹਿਯੋਗੀ ਸਾਊਦੀ ਅਰਬ ਜ਼ਿਆਦਾ ਹਮਲਾਵਰ ਹੈ।
ਗਹੁ ਨਾਲ ਦੇਖੀਏ ਤਾਂ ਪੱਛਮੀ ਏਸ਼ੀਆ (ਜਿਸ ਨੂੰ ਪੱਛਮ ਵਾਲੇ ਮਿਡਲ ਈਸਟ ਕਹਿੰਦੇ ਹਨ) ਵਿੱਚ ਸਾਊਦੀ ਅਰਬ ਦੀ ਭੂਮਿਕਾ ਈਰਾਨ ਨਾਲੋਂ ਵਧੇਰੇ ਸ਼ੱਕੀ ਲਗਦੀ ਹੈ। ਸਭ ਤੋਂ ਪਹਿਲਾਂ ਤਾਂ ਇਨ੍ਹਾਂ ਦਾ ਫੌਜੀ ਖ਼ਰਚਾ ਹੀ ਦੇਖ ਲਿਆ ਜਾਵੇ।
ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਮੁਤਾਬਕ 2017 ਵਿੱਚ ਸਾਊਦੀ ਅਰਬ ਨੇ ਈਰਾਨ ਦੇ ਮੁਕਾਬਲੇ ਆਪਣੀਆਂ ਫੌਜਾਂ ਉੱਪਰ ਚਾਰ ਗੁਣਾ ਵੇਧੇਰੇ ਖ਼ਰਚ ਕੀਤਾ।
ਸਟਾਕਹੋਮ ਇੰਟਰਨੈਸ਼ਨਲ ਇੰਸਟੀਚਿਊਟ ਮੁਤਾਬਕ 1989 ਤੋਂ ਲੈ ਕੇ ਈਰਾਨ ਨੇ ਕਦੇ ਵੀ ਆਪਣੀ ਜੀਡੀਪੀ ਦੇ 3.3 ਫੀਸਦੀ ਤੋਂ ਜ਼ਿਆਦਾ ਖ਼ਰਚ ਫੌਜ ਤੇ ਨਹੀਂ ਕੀਤਾ ਜਦਕਿ ਸਾਊਦੀ ਅਰਬ ਦਾ ਇਹ ਖ਼ਰਚਾ ਹਮੇਸ਼ਾ ਹੀ 7 ਫੀਸਦੀ ਤੋਂ ਵਧੇਰੇ ਰਿਹਾ ਹੈ।
ਸਾਊਦੀ ਅਰਬ ਦੇ ਹਥਿਆਰ ਵੀ ਈਰਾਨ ਨਾਲੋਂ ਵਧੀਆ ਹਨ। ਸਟਰੈਟਿਜਿਕ ਐਂਡ ਇੰਟਰਨੈਸ਼ਨਲ ਸਟਡੀਜ਼ ਦੀ ਸਾਲ 2015 ਦੀ ਇੱਕ ਰਿਪੋਰਟ ਅਨੁਸਾਰ ਸਾਊਦੀ ਅਰਬ ਅਤੇ ਖਾੜੀ ਵਿਚਲੇ ਉਸਦੇ ਸਹਿਯੋਗੀ ਦੁਨੀਆਂ ਦੇ ਬਿਹਤਰੀਨ ਹਥਿਆਰ ਇਕੱਠੇ ਕਰ ਰਹੇ ਹਨ। ਇਸ ਦੇ ਉਲਟ ਈਰਾਨ ਆਪਣੇ ਪੁਰਾਣੇ ਹਥਿਆਰਾਂ ਨਾਲ ਹੀ ਬੁੱਤਾ ਸਾਰ ਰਿਹਾ ਹੈ।
ਈਰਾਨ ਕੋਲ ਜ਼ਿਆਦਾਤਰ ਹਥਿਆਰ ਪ੍ਰਣਾਲੀਆਂ ਸ਼ਾਹ ਦੇ ਜ਼ਮਾਨੇ ਦੀਆਂ ਹਨ। ਜੋ ਹਥਿਆਰ ਬਾਹਰੋਂ ਮੰਗਾਏ ਗਏ ਹਨ, ਉਹ ਵੀ 1960 ਤੇ 1980 ਦੇ ਦਹਾਕਿਆਂ ਵਾਲੀ ਤਕਨੀਕ ਦੇ ਹਨ।
ਈਰਾਨ ਦੇ ਹਥਿਆਰਾਂ ਦੀ ਤੁਲਨਾ ਜੇ ਇਜ਼ਰਾਈਲ ਨਾਲ ਕੀਤੀ ਜਾਵੇ ਤਾਂ ਪੱਛਮੀ ਏਸ਼ੀਆ ਵਿੱਚ ਉਸ ਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ।
ਅਜਿਹੇ ਸੂਰਤੇ ਹਾਲ ਵਿੱਚ ਈਰਾਨ ਨੂੰ ਖਿੱਤੇ ਲਈ ਖ਼ਤਰਾ ਦੱਸਣ ਵਾਲਾ ਤਰਕ ਬਹੁਤਾ ਸੱਚਾ ਨਹੀਂ ਲਗਦਾ।
ਦੂਸਰੀ ਗੱਲ ਈਰਾਨ ਦੇ ਖ਼ਿਲਾਫ ਇਹ ਪ੍ਰਚਾਰੀ ਜਾ ਰਹੀ ਹੈ ਕਿ ਉਸ ਨੇ ਸੀਰੀਆ ਵਿੱਚ ਕਰੜੀ ਦਖ਼ਲਅੰਦਾਜ਼ੀ ਕੀਤੀ ਹੈ ਜਦਕਿ ਮਾਹਰਾਂ ਦਾ ਮੰਨਣਾ ਹੈ ਕਿ ਉਸ ਨਾਲੋਂ ਜ਼ਿਆਦਾ ਤਾਂ ਸਾਊਦੀ ਅਰਬ ਨੇ ਦਖ਼ਲ ਦਿੱਤਾ ਹੈ।
ਸੀਰੀਆ ਵਿੱਚ ਈਰਾਨ ਦੀ ਭੂਮਿਕਾ ਸਮਝਣ ਲਈ ਇਰਾਕ ਦੀ ਲੜਾਈ ਸਮਝਣੀ ਪਵੇਗੀ। 1980 ਵਿੱਚ ਸਦਾਮ ਹੁਸੈਨ ਨੇ ਈਰਾਨ ਤੇ ਹਮਲਾ ਕੀਤਾ, 20ਵੀਂ ਸਦੀ ਦੇ ਇਸ ਸਭ ਤੋਂ ਖੂਨੀ ਸੰਘਰਸ਼ ਵਿੱਚ 10 ਲੱਖ ਈਰਾਨੀ ਮਾਰੇ ਗਏ।
ਇਰਾਕ ਨੇ ਇਸ ਜੰਗ ਵਿੱਚ ਰਸਾਇਣਕ ਹਥਿਆਰ ਵੀ ਵਰਤੇ ਸਨ। ਅਰਬ ਦੇ ਬਾਕੀ ਦੇਸ਼ਾਂ ਸਮੇਤ ਅਮਰੀਕਾ ਨੇ ਵੀ ਇਸ ਜੰਗ ਵਿੱਚ ਇਰਾਕ ਦਾ ਸਾਥ ਦਿੱਤਾ ਸੀ।
ਉਸ ਤੋਂ ਬਾਅਦ ਹਰ ਮੁਸ਼ਕਲ ਸਮੇਂ ਸੀਰੀਆ ਨੇ ਈਰਾਨ ਦਾ ਸਾਥ ਦਿੱਤਾ। ਖ਼ੈਰ ਸਾਲ 2011 ਵਿੱਚ ਬਸ਼ਰ ਅਲ ਅਸਦ ਦੀ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
ਈਰਾਨ ਨੂੰ ਡਰ ਪੈਦਾ ਹੋ ਗਿਆ ਕਿ ਜੇ ਸੀਰੀਆ ਵਿੱਚ ਅਮਰੀਕਾ ਪੱਖੀ ਸਰਕਾਰ ਬਣੀ ਤਾਂ ਇਸ ਦਾ ਅਸਰ ਉਸ ਉੱਪਰ ਵੀ ਪੈਣਾ ਲਾਜ਼ਮੀ ਹੈ। ਨਤੀਜੇ ਵਜੋਂ ਈਰਨ ਦੀ ਇੱਕ ਸ਼ੀਆ ਦੇਸ਼ ਵਾਲੀ ਪਹਿਚਾਣ ਖ਼ਤਮ ਹੋ ਸਕਦੀ ਹੈ।
ਇਹ ਵੀ ਪੜ੍ਹੋ:
ਈਰਾਨ ਨੇ ਸੀਰੀਆ ਵਿੱਚ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਸਹਿਯੋਗ ਦਿੱਤਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਊਦੀ ਅਰਬ ਨੇ ਬਹਿਰੀਨ ਦੇ ਸ਼ੀਆ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ ਆਪਣੀ ਫੌਜ ਭੇਜੀ ਸੀ।
ਈਰਾਨ ਦੀ ਮਨਸ਼ਾ ਸੀਰੀਆ ਵਿੱਚ ਤਖ਼ਤਾ ਪਲਟਣ ਦੀ ਨਹੀਂ ਸੀ ਸਗੋਂ ਸਾਊਦੀ ਅਰਬ ਤੇ ਉਸਦੇ ਖਾੜੀ ਦੇ ਯਾਰਾਂ ਨੇ ਅਸਦ ਵਿਰੋਧੀ ਤਾਕਤਾਂ ਦੀ ਹਮਾਇਤ ਕੀਤੀ। ਇਨ੍ਹਾਂ ਤਾਕਤਾਂ ਦਾ ਸੰਬੰਧ ਸਥਾਨਕ ਅਲਕਾਇਦਾ ਨਾਲ ਵੀ ਸੀ।
ਤੀਸਰਾ ਇਲਜ਼ਾਮ ਈਰਾਨ ਉੱਪਰ ਯਮਨ ਨੂੰ ਅਸਥਿਰ ਕਰਨ ਦਾ ਲਾਇਆ ਜਾ ਰਿਹਾ ਹੈ। ਈਰਾਨ ਉੱਥੇ ਹੂਥੀ ਵਿਦਰੋਹੀਆਂ ਦੀ ਮਦਦ ਕਰ ਰਿਹਾ ਹੈ ਅਤੇ ਪੱਛਮੀ ਯਮਨ ਵਿੱਚ ਉਸ ਦਾ ਦਬਦਬਾ ਵੀ ਹੈ। ਹਾਲਾਂਕਿ ਉੱਥੇ ਈਰਾਨ ਦੀ ਦਖ਼ਲਅੰਦਾਜ਼ੀ ਗੈਰ-ਵਾਜਬ ਨਹੀਂ ਹੈ।
ਸੀਰੀਆ ਵਿੱਚ ਸਾਊਦੀ ਅਰਬ ਚਾਹੁੰਦਾ ਹੈ ਕਿ ਉਹ ਈਰਾਨ ਹਮਾਇਤੀ ਸਰਕਾਰ ਨੂੰ ਬਾਹਰ ਕਰ ਦੇਵੇ। ਯਮਨ ਵਿੱਚ ਹੂਥੀਆਂ ਨੇ ਸਾਊਦੀ ਹਮਾਇਤੀ ਸਰਕਾਰ ਨੂੰ ਉਖਾੜ ਦਿੱਤਾ ਸੀ।
ਈਰਾਨ ਨੂੰ ਮਨਸੂਰ ਦਾ ਸਰਕਾਰ ਤੋਂ ਬਾਹਰ ਜਾਣਾ ਰਾਸ ਆ ਗਿਆ ਸੀ। ਈਰਾਨ ਯਮਨ ਨੂੰ ਸਾਊਦੀ ਦੇ ਵਿਅਤਨਾਮ ਵਜੋਂ ਦੇਖਦਾ ਹੈ। ਉੱਥੇ ਸਾਊਦੀ ਅਰਬ ਬੰਬ ਸੁੱਟ ਰਿਹਾ ਹੈ ਜਿਸ ਕਾਰਨ ਯਮਨ ਅਜੋਕੀ ਦੁਨੀਆਂ ਦੇ ਸਭ ਤੋਂ ਵੱਡੇ ਮਾਨਵੀ ਸੰਕਟ ਨਾਲ ਜੂਝ ਰਿਹਾ ਹੈ।
ਈਰਾਨ ਉੱਪਰ ਅਮਰੀਕਾ ਦਾ ਆਖ਼ਰੀ ਇਲਜ਼ਾਮ ਇਹ ਹੈ ਕਿ ਉਹ ਸਰਕਾਰੀ ਸ਼ਹਿ ਹਾਸਲ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਦਾ ਕਾਰਨ ਸਾਫ਼ ਹੈ ਕਿ ਈਰਾਨ ਤੋਂ ਹਿਜ਼ਬੁਲ, ਫਲਸਤੀਨੀ ਇਸਲਾਮਿਕ ਜਿਹਾਦ ਤੇ ਹਮਾਸ ਨੂੰ ਮਦਦ ਮਿਲਦੀ ਹੈ।
ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਤਾਂ ਅਮਰੀਕਾ ਦੇ ਸਹਿਯੋਗੀ ਕਤਰ ਅਤੇ ਤੁਰਕੀ ਤੋਂ ਵੀ ਮਦਦ ਮਿਲਦੀ ਹੈ। ਕਿਹਾ ਜਾਂਦਾ ਹੈ ਕਿ 1983 ਵਿੱਚ ਬੇਰੂਤ ਵਿਚਲੇ ਅਮਰੀਕੀ ਦੂਤਾਵਾਸ ਉੱਪਰ ਜੋ ਹਮਲਾ ਹੋਇਆ ਸੀ ਉਸ ਵਿੱਚ ਵਿੱਚ ਹਿਜ਼ਬੁਲ ਦਾ ਹੱਥ ਸੀ।
ਫਿਰ ਵੀ ਮਾਹਰਾਂ ਦੀ ਰਾਇ ਹੈ ਕਿ ਆਈਐੱਸਆਈਐੱਸ ਸੁੰਨੀ ਜਿਹਾਦੀ ਸਮੂਹਾਂ ਨੇ ਅਮਰੀਕੀ ਨਾਗਰਿਕਾਂ ਦੇ ਕਤਲ ਕਿਤੇ ਜ਼ਿਆਦਾ ਕੀਤੀਆਂ ਹਨ। ਜਿਨ੍ਹਾਂ ਨੂੰ ਈਰਾਨ ਤੋਂ ਕਿਤੇ ਜ਼ਿਆਦਾ ਮਦਦ ਸਾਊਦੀ ਅਰਬ ਵਰਗੇ ਸੁੰਨੀ ਦੇਸ਼ਾਂ ਤੋਂ ਮਿਲਦੀ ਹੈ।
2016 ਵਿੱਚ ਵਾਪਰੇ 9/11 ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਹਮਲਾਵਰਾਂ ਦੇ ਤਾਰ ਸਾਊਦੀ ਅਰਬ ਨਾਲ ਜੁੜੇ ਹੋਏ ਸਨ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਇਸੇ ਸਾਲ ਯਮਨ ਵਿੱਚ ਸਾਊਦੀ ਅਰਬ ਨੇ ਅਲ ਕਾਇਦਾ ਨੂੰ ਅਮਰੀਕੀ ਹਥਿਆਰ ਮੁਹਈਆ ਕਰਵਾਏ ਹਨ।
1953 ਵਿੱਚ ਅਮਰੀਕਾ ਅਤੇ ਬਰਤਾਨੀਆ ਨੇ ਈਰਾਨ ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਮੋਹੰਮਦ ਮੋਸਾਦੇਗ ਨੂੰ ਹਟਾ ਕੇ ਪਹਿਲਵੀ ਨੂੰ ਸੱਤਾ ਸੌਂਪ ਦਿੱਤੀ ਗਈ ਸੀ। ਉਨ੍ਹਾਂ ਨੇ ਹੀ ਈਰਾਨ ਦੇ ਤੇਲ ਉਦਯੋਗ ਦਾ ਕੌਮੀਕਰਨ ਕੀਤਾ। ਉਹ ਚਾਹੁੰਦੇ ਸਨ ਕਿ ਸ਼ਾਹ ਦੀ ਸ਼ਕਤੀ ਘੱਟੇ।
ਕਿਸੇ ਵਿਦੇਸ਼ੀ ਆਗੂ ਨੂੰ ਸ਼ਾਂਤੀ ਦੌਰਾਨ ਹੀ ਗੱਦੀਓਂ ਲਾਹੁਣ ਦਾ ਕੰਮ ਅਮਰੀਕਾ ਨੇ ਸਭ ਤੋਂ ਪਹਿਲੀ ਵਾਰ ਈਰਾਨ ਵਿੱਚ ਕੀਤਾ ਸੀ। ਉਸ ਤੋਂ ਬਾਅਦ ਤਾਂ ਜਿਵੇਂ ਵਿਦੇਸ਼ੀ ਸਰਕਾਰਾਂ ਨੂੰ ਪਲਟਣਾ ਅਮਰੀਕੀ ਵਿਦੇਸ਼ ਨੀਤੀ ਦਾ ਹਿੱਸਾ ਬਣ ਗਿਆ।
1953 ਵਿੱਚ ਜਿਸ ਤਰ੍ਹਾਂ ਅਮਰੀਕਾ ਨੇ ਈਰਾਨ ਵਿੱਚ ਤਖ਼ਤਾ ਪਲਟ ਕੀਤਾ ਉਸੇ ਦਾ ਨਤੀਜਾ 1989 ਦੀ ਕ੍ਰਾਂਤੀ ਦੇ ਰੂਪ ਵਿੱਚ ਨਿਕਲਿਆ। ਇਨ੍ਹਾਂ ਚਾਲੀ ਸਾਲਾਂ ਦੌਰਾਨ ਪੱਛਮ ਤੇ ਈਰਾਨ ਦੀ ਕੁੜੱਤਣ ਘੱਟ ਨਹੀਂ ਹੋਈ।
ਹੁਣ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕਹਿ ਰਹੇ ਹਨ ਕਿ ਜੇ ਈਰਾਨ ਨੇ ਜੰਗ ਕੀਤੀ ਤਾਂ ਉਹ ਮਿਟ ਜਾਵੇਗਾ। ਜਦਕਿ ਅਮਰੀਕਾ ਨੂੰ ਵੀ ਜੰਗ ਦੇ ਖ਼ਤਰਿਆਂ ਦਾ ਪਤਾ ਹੈ ਕਿਉਂਕਿ ਉਹ ਇਹ ਕੰਮ 2003 ਵਿੱਚ ਸਦਾਮ ਹੁਸੈਨ ਨੂੰ ਗੱਦੀਓਂ ਲਾਹੁਣ ਲਈ ਅਜਿਹਾ ਕਰ ਚੁੱਕਿਆ ਹੈ।
ਇਸਲਾਮਿਕ ਕ੍ਰਾਂਤੀ ਦੇ 40 ਸਾਲਾਂ ਬਾਅਦ ਈਰਾਨ ਨੇ ਕਈ ਸੰਕਟ ਦੇਖੇ ਹਨ ਪਰ ਇਸ ਵਾਰ ਦਾ ਖ਼ਤਰਾ ਕਾਫ਼ੀ ਗੰਭੀਰ ਹੈ। ਕਈ ਮਾਹਰਾਂ ਦਾ ਮੰਨਣਾ ਹੈ ਕਿ ਈਰਾਨ ਜੇ ਝੁਕਿਆ ਤਾਂ ਵੀ ਹਾਰੇਗਾ ਜੇ ਲੜਿਆ ਜਿੱਤਣ ਫੇਰ ਵੀ ਨਹੀਂ ਲੱਗਿਆ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ