ਸੁਡਾਨ ਦੀ ਕ੍ਰਾਂਤੀ ਤੋਂ ਪਹਿਲਾਂ ਅਤੇ ਬਾਅਦ ਦੀ ਤਸਵੀਰ, ਇੱਕ ਭਾਰਤੀ ਦੀ ਨਜ਼ਰ ਤੋਂ

    • ਲੇਖਕ, ਜਾਨਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਦੋ ਦਿਨਾਂ ਵਿੱਚ ਦੋ ਕ੍ਰਾਂਤੀਆਂ। ਹਾਲ ਹੀ ਵਿੱਚ ਸੁਡਾਨ ਵਿੱਚ ਇਹ ਹੀ ਹੋਇਆ ਹੈ। ਦੱਖਣੀ ਅਫ਼ਰੀਕਾ ਵਿੱਚ ਅਰਬ ਦੇ ਇਸ ਦੇਸ ਵਿੱਚ ਹਾਲੇ ਵੀ ਅਨਿਸ਼ਚਿਤਤਾ ਬਰਕਰਾਰ ਹੈ। ਇਸ ਵਿਚਾਲੇ ਬੀਬੀਸੀ ਨੇ ਸੁਡਾਨ ਦੀ ਰਾਜਧਾਨੀ ਖਾਰਤੁਮ ਵਿੱਚ ਰਹਿੰਦੇ ਭਾਰਤੀ ਮੂਲ ਦੇ ਸੰਤੋਸ਼ ਜੋਸ਼ੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਦੇਖਿਆ। ਮੈਂ ਲੋਕਾਂ ਦੀਆਂ ਔਕੜਾਂ ਦੇਖੀਆਂ ਹਨ। ਮੈਂ ਉਨ੍ਹਾਂ ਨੂੰ ਕਦੇ ਵੀ ਇੰਨਾ ਖੁਸ਼ ਨਹੀਂ ਦੇਖਿਆ।"

ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਲਈ ਸੁਡਾਨ ਦਾ ਘਟਨਾਕ੍ਰਮ ਜ਼ਰੂਰੀ ਕਿਉਂ ਹੈ।

ਸੁਡਾਨ ਨੇ ਦਸੰਬਰ 2018 ਵਿੱਚ ਵਿਰੋਧ ਦੀਆਂ ਤਸਵੀਰਾਂ ਦੇਖੀਆਂ ਅਤੇ ਨਤੀਜੇ ਵਜੋਂ 11 ਅਪ੍ਰੈਲ 2019 ਨੂੰ ਫੌਜ ਵੱਲੋਂ ਤਖ਼ਤਾਪਲਟ ਹੋ ਗਿਆ। ਰਾਸ਼ਟਰਪਤੀ ਓਮਰ ਅਲ ਬਸ਼ੀਰ ਨੂੰ ਤਿੰਨ ਦਹਾਕਿਆਂ ਦੇ ਲੰਬੇ ਸ਼ਾਸ਼ਨ ਤੋਂ ਬਾਅਦ ਗੱਦੀ ਤੋਂ ਲਾਹ ਦਿੱਤਾ ਗਿਆ।

ਇਹ ਵੀ ਪੜ੍ਹੋ:

ਫੌਜ ਨੇ ਦਾਅਵਾ ਕੀਤਾ ਕਿ ਉਹ ਚੋਣਾਂ ਤੋਂ ਬਾਅਦ ਸੱਤਾ ਵਿੱਚ ਦੋ ਸਾਲ ਰਹਿਣਗੇ। ਪਰ ਪ੍ਰਦਰਸ਼ਨਕਾਰੀਆਂ ਨੇ ਲੋਕਤੰਤਰ ਦੀ ਮੰਗ ਕੀਤੀ ਅਤੇ 24 ਘੰਟਿਆਂ ਦੇ ਅੰਦਰ ਹੀ ਤਖ਼ਤਾਪਲਟ ਦੇ ਆਗੂ ਅਵਦ ਇਬਨ ਔਫ਼ ਨੂੰ ਅਹੁਦਾ ਛੱਡਣਾ ਪਿਆ।

ਭਾਰਤੀ ਨਜ਼ਰਾਂ ਤੋਂ ਸੁਡਾਨ ਦੀ ਤਸਵੀਰ

ਇਸ ਹਲਚਲ ਵਿਚਾਲੇ ਸੁਡਾਨ ਵਿੱਚ ਵੱਸਦੇ ਭਾਰਤੀ ਜਲਦੀ ਸ਼ਾਂਤੀ ਦੀ ਕੋਸ਼ਿਸ਼ ਕਰ ਰਹੇ ਹਨ। ਸੁਡਾਨ ਦੇ ਪੁਰਾਤਨ ਕਾਲ ਤੋਂ ਹੀ ਭਾਰਤ ਨਾਲ ਮਜ਼ਬੂਤ ਇਤਿਹਾਸਕ, ਕੂਟਨੀਤਿਕ ਅਤੇ ਵਿੱਤੀ ਸਬੰਧ ਰਹੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਸੁਡਾਨ ਵਿੱਚ ਤਕਰੀਬਨ 1500 ਭਾਰਤੀ ਦਹਾਕਿਆਂ ਤੋਂ ਰਹਿ ਰਹੇ ਹਨ। ਇਸ ਤੋਂ ਇਲਾਵਾ ਕਈ ਭਾਰਤੀ ਕੰਪਨੀਆਂ ਨੇ ਸੁਡਾਨ ਵਿੱਚ ਨਿਵੇਸ਼ ਕੀਤਾ ਹੈ ਅਤੇ ਕਈ ਭਾਰਤੀ ਨੌਕਰੀ ਕਰਨ ਲਈ ਉੱਥੇ ਜਾਂਦੇ ਹਨ।

ਸੰਤੋਸ਼ ਜੋਸ਼ੀ ਵੀ ਉਨ੍ਹਾਂ ਵਿੱਚੋਂ ਇੱਕ ਹਨ। ਉਹ ਮੁੰਬਈ ਨੇੜੇ ਥਾਨੇ ਦੇ ਰਹਿਣ ਵਾਲੇ ਹਨ ਅਤੇ ਸੁਡਾਨ ਵਿੱਚ ਸਾਲ 2016 ਵਿੱਚ ਆਏ ਸਨ।

ਇੱਕ ਦਹਾਕਾ ਪੱਛਮੀ ਅਫ਼ਰੀਕਾ ਵਿੱਚ ਰਹਿਣ ਤੋਂ ਬਾਅਦ ਉਹ ਇੱਕ ਕੰਪਨੀ ਦੇ ਹੀ ਕੰਮ ਲਈ ਸੁਡਾਨ ਗਏ ਸਨ।

ਸੰਤੋਸ਼ ਨੇ ਦੱਸਿਆ ਕਿ ਇਸ ਕ੍ਰਾਂਤੀ ਤੋਂ ਪਹਿਲਾਂ ਜ਼ਿੰਦਗੀ ਕਿਵੇਂ ਦੀ ਸੀ ਅਤੇ ਉਹ ਕਿਵੇਂ ਦੀ ਜ਼ਿੰਦਗੀ ਚਾਹੁੰਦੇ ਹਨ।

ਦੋਸਤੀ ਵਾਲਾ ਦੇਸ

"ਜਦੋਂ ਮੈਂ ਸੁਡਾਨ ਆਇਆ, ਮੇਰਾ ਤਜ਼ੁਰਬਾ ਬਹੁਤ ਚੰਗਾ ਸੀ। ਨਵੰਬਰ ਵਿੱਚ ਮੌਸਮ ਬਹੁਤ ਵਧੀਆ ਸੀ। ਸਭ ਕੁਝ ਆਮ ਵਾਂਗ ਸੀ। ਲੋਕ ਬਹੁਤ ਮਦਦਗਾਰ ਅਤੇ ਗਰਮਜੋਸ਼ੀ ਵਾਲ ਸਨ। ਉਨ੍ਹਾਂ ਨੇ ਮੈਨੂੰ ਕਾਫ਼ੀ ਆਰਾਮ ਦਾ ਅਹਿਸਾਸ ਕਰਵਾਇਆ।"

ਇਹ ਕਾਫੀ ਚੁਣੌਤੀ ਭਰਿਆ ਸੀ ਕਿਉਂਕਿ ਸੰਤੋਸ਼ ਨੂੰ ਅਰਬੀ ਭਾਸ਼ਾ ਦੀ ਵਧੇਰੇ ਜਾਣਕਾਰੀ ਨਹੀਂ ਹੈ ਜੋ ਕਿ ਸੁਡਾਨ ਦੀ ਪਹਿਲੀ ਭਾਸ਼ਾ ਹੈ।

"ਪਰ ਮੇਰੇ ਸਹਿਯੋਗੀਆਂ ਨੇ ਮੈਨੂੰ ਗੱਲਬਾਤ ਕਰਨ ਵਿੱਚ ਕਾਫ਼ੀ ਮਦਦ ਕੀਤੀ। ਮੈਂ ਸੁਡਾਨ ਦੀ ਸੱਭਿਅਤਾ ਤੋਂ ਕਾਫ਼ੀ ਪ੍ਰਭਾਵਿਤ ਸੀ।"

ਪਰ ਵੱਖੋ-ਵੱਖਰੇ ਲੋਕਾਂ ਲਈ ਜ਼ਿੰਦਗੀ ਵੱਖਰੀ ਹੈ।

"ਦੇਸ ਤੋਂ ਬਾਹਰ ਰਹਿ ਰਹੇ ਸਾਡੇ ਵਰਗੇ ਲੋਕਾਂ ਲਈ ਸੁਰੱਖਿਆ ਜਾਂ ਬਿਜਲੀ ਦੇ ਕੱਟ ਵੱਡੇ ਮੁੱਦੇ ਨਹੀਂ ਸਨ। ਸਾਨੂੰ ਜ਼ਿਆਦਾ ਔਕੜਾਂ ਨਹੀਂ ਝੱਲਣੀਆਂ ਪੈਂਦੀਆਂ। ਪਰ ਮੈਂ ਦੇਖਿਆ ਸੀ ਕਿ ਲੋਕ ਇੱਥੇ ਸਰਕਾਰਾਂ ਨਾਲ ਕਿਹੋ ਜਿਹੇ ਮੁੱਦੇ ਝੱਲ ਰਹੇ ਸਨ।"

ਵਿਦ੍ਰੋਹ ਤੋਂ ਪਹਿਲਾਂ ਜ਼ਿੰਦਗੀ

ਦੇਸ 1989 ਤੋਂ ਓਮਰ ਅਲ ਬਸ਼ੀਰ ਦੇ ਸਖ਼ਤ ਰਾਜ ਅਧੀਨ ਸੀ ਅਤੇ ਹਾਲ ਹੀ ਵਿੱਚ ਹੋਏ ਸੰਘਰਸ਼ ਨੇ ਲੋਕਾਂ ਨੂੰ ਗਰੀਬੀ ਕੰਢੇ ਲੈ ਆਉਂਦਾ ਸੀ। ਸਾਲ 2011 ਵਿੱਚ ਦੱਖਣੀ ਸੁਡਾਨ ਤੋਂ ਵੱਖ ਹੋ ਜਾਣ ਤੋਂ ਬਾਅਦ ਸੁਡਾਨ ਕਾਫ਼ੀ ਤੇਲ ਸਰੋਤਾਂ ਤੋਂ ਵਾਂਝਾ ਹੋ ਗਿਆ।

ਸੰਤੋਸ਼ ਜੋਸ਼ੀ ਨੇ ਦੱਸਿਆ ਕਿ ਲੋਕਾਂ ਵਿੱਚ ਕਿੰਨੀ ਨਿਰਾਸ਼ਾ ਹੈ।

"ਲੋਕਾਂ ਵਿੱਚ ਘੱਟ ਵਿਕਾਸ, ਵਿੱਤੀ ਨੀਤੀਆਂ ਖਿਲਾਫ਼ ਨਿਰਾਸ਼ਾ ਸੀ ਅਤੇ ਸਿਹਤ, ਸਿੱਖਿਆ ਖੇਤਰਾਂ ਵਿੱਚ ਲਾਪਰਵਾਹੀ, ਭ੍ਰਿਸ਼ਟਾਚਾਰ, ਸਿਆਸੀ ਸਮੱਸਿਆਵਾਂ ਅਤੇ ਰੁਕਾਵਟਾਂ ਬਾਰੇ ਨਾਰਾਜ਼ਗੀ ਸੀ।"

ਸਾਲ 2017 ਵਿੱਚ ਅਮਰੀਕਾ ਨੇ ਦੋ ਦਹਾਕਿਆਂ ਬਾਅਦ ਸੁਡਾਨ ਵਿੱਚ ਵਿੱਤੀ ਪਾਬੰਦੀਆਂ ਹਟਾ ਲਈਆਂ ਅਤੇ ਉਸ ਤੋਂ ਉਮੀਦ ਜਗੀ। ਪਰ ਇਹ ਲੰਮੇ ਸਮੇਂ ਤੱਕ ਨਹੀਂ ਚੱਲਿਆ।

"ਉਹਨਾਂ ਨੇ ਸੋਚਿਆ ਕਿ ਇਹ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਵਿੱਤੀ ਸੰਕਟ ਦਾ ਅੰਤ ਕਰੇਗਾ ਪਰ ਇਸ ਦੀ ਬਜਾਏ ਮਹਿੰਗਾਈ ਦੇ ਵਧਣ ਕਾਰਨ ਆਰਥਚਾਰਾ ਡਿੱਗਦਾ ਗਿਆ।

ਤਨਖਾਹਾਂ ਵਿੱਚ ਵਾਧਾ ਨਹੀਂ ਹੋਇਆ ਅਤੇ ਲੋਕਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਉਦੋਂ ਲੋਕਾਂ ਨੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਮੂਲ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਸਨ।"

ਬ੍ਰੈੱਡ ਲਈ ਪਦਰਸ਼ਨ

ਸੰਤੋਸ਼ ਦਾ ਕਹਿਣਾ ਹੈ ਕਿ ਬਰੈੱਡ ਦੀ ਵੱਧਦੀ ਕੀਮਤ ਕਾਰਨ ਲੋਕ ਵਿਦ੍ਰੋਹ 'ਤੇ ਉਤਰ ਆਏ।

"ਬ੍ਰੈੱਡ ਅਤੇ ਬੀਨਸ ਸੁਡਾਨ ਦਾ ਅਹਿਮ ਭੋਜਨ ਹੈ ਅਤੇ ਬ੍ਰੈੱਡ ਦੀ ਵੱਧਦੀ ਕੀਮਤ ਕਾਰਨ ਲੋਕ ਪਰੇਸ਼ਾਨ ਸਨ। ਇਸ ਕਾਰਨ ਤਣਾਅ ਅਤੇ ਗੁੱਸਾ ਵੱਧਦਾ ਗਿਆ। ਅਸੀਂ ਲੋਕਾਂ ਵਿੱਚ ਬੇਚੈਨੀ ਦੇਖੀ ਜੋ ਭੋਜਨ ਵੀ ਨਹੀਂ ਖਰੀਦ ਪਾ ਰਹੇ ਸਨ।"

ਇਹ ਵੀ ਪੜ੍ਹੋ:

"ਫਿਰ ਸਾਡੇ ਕੋਲ ਬਾਲਣ ਦੀ ਘਾਟ ਹੋ ਗਈ ਅਤੇ ਉਸ ਤੋਂ ਬਾਅਦ ਨਕਦੀ ਸੰਕਟ ਵੀ ਖੜ੍ਹਾ ਹੋ ਗਿਆ। ਇੱਥੇ ਆਉਣ ਤੋਂ ਬਾਅਦ ਮੁਦਰਾ ਦੀ ਕੀਮਤ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ।"

"ਮੇਰੇ ਇੱਥੇ ਆਉਣ ਤੋਂ ਇੱਕ ਸਾਲ ਪਹਿਲਾਂ ਇੱਕ ਅਮਰੀਕੀ ਡਾਲਰ ਦੀ ਕੀਮ 9-10 ਸੁਡਾਨੀਜ਼ ਪਾਉਂਡ ਸੀ। ਜਦੋਂ ਮੈਂ ਆਇਆ ਸੀ ਤਾਂ ਉਦੋਂ ਤੱਕ ਇਹ 18 ਪਾਊਂਡ ਸੀ। ਪਰ ਮੌਜੂਦਾ ਸਮੇਂ ਵਿੱਚ ਇਹ ਡਿੱਗ ਕੇ 70 ਪਾਊਂਡ ਹੋ ਗਿਆ ਹੈ।"

ਈਂਧਣ ਅਤੇ ਹੋਰ ਵਸਤਾਂ ਖਾਰਤੁਮ ਵਿੱਚ ਤਾਂ ਮਿਲ ਰਹੀਆਂ ਹਨ ਪਰ ਹਾਲਾਤ ਹੋਰਨਾਂ ਸ਼ਹਿਰਾਂ ਵਿੱਚ ਮਾੜੇ ਸਨ।

"19-20 ਦਸਬੰਰ ਨੂੰ ਅਤਬਾਰਾ ਨਾਮ ਦੀ ਇੱਕ ਥਾਂ ਉੱਤੇ ਬ੍ਰੈੱਡ ਦੀ ਕੀਮਤ ਵੱਧਣ ਖਿਲਾਫ਼ ਪ੍ਰਦਰਸ਼ਨ ਸ਼ੁਰੂ ਹੋਇਆ। ਉਸ ਤੋਂ ਬਾਅਦ ਉਹ ਵਿਰੋਧ ਖਾਰਤੁਮ ਪਹੁੰਚ ਗਿਆ। ਅਸੀਂ ਲੋਕਾਂ ਵਿੱਚ ਵੱਡਾ ਤਣਾਅ ਦੇਖਿਆ।"

ਇਨ੍ਹਾਂ ਮੁਜ਼ਾਹਰਿਆਂ ਦੀ ਅਗਵਾਈ ਨੌਜਵਾਨ ਕਾਰਕੁਨਾਂ ਦਾ ਇੱਕ ਗਰੁੱਪ ਕਰ ਰਿਹਾ ਹੈ ਜਿਸ ਨੂੰ ਐਸਪੀਏ ਕਿਹਾ ਜਾਂਦਾ ਹੈ- ਸੁਡਾਨ ਪ੍ਰੋਫੈਸ਼ਨਲ ਐਕਟਿਵਿਸਟਸ। ਇਹ ਗਰੁੱਪ ਡਾਕਟਰਾਂ, ਵਕੀਲਾਂ, ਇੰਜੀਨੀਅਰਾਂ ਅਤੇ ਅਧਿਆਪਕਾਂ ਦਾ ਸਮੂਹ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਹਨ।

"ਉਨ੍ਹਾਂ ਨੇ ਆਪਣਾ ਭਵਿੱਖ ਖ਼ਤਰੇ ਵਿੱਚ ਦੇਖਿਆ। ਉਨ੍ਹਾਂ ਨੇ ਮੁਜ਼ਾਹਰਿਆਂ ਦੀ ਅਗਵਾਈ ਕੀਤੀ ਅਤੇ ਰੈਲੀਆਂ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ। ਜਦੋਂ ਵੀ ਉਹ ਪ੍ਰਦਰਸ਼ਨ ਦਾ ਸੱਦਾ ਦਿੰਦੇ, ਕਾਮਯਾਬ ਹੋ ਜਾਂਦੇ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਮਾਰਚ ਕਰਦੇ।"

6 ਅਪ੍ਰੈਲ ਨੂੰ ਬੇਹੱਦ ਵੱਡਾ ਪ੍ਰਦਰਸ਼ਨ ਸੀ।

"6 ਅਪ੍ਰੈਲ ਸੁਡਾਨ ਦੇ ਇਤਿਹਾਸ ਵਿੱਚ ਅਹਿਮ ਤਰੀਕ ਹੈ ਕਿਉਂਕਿ ਉਸ ਦਿਨ ਸਾਲ 1985 ਵਿੱਚ ਤਖ਼ਤਾਪਲਟ ਹੋਇਆ ਸੀ। ਇਸ ਸਾਲ 6 ਅਪ੍ਰੈਲ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸਰਕਾਰ ਖਿਲਾਫ਼ ਪ੍ਰਦਰਸ਼ਨ ਲਈ ਇਕੱਠੇ ਹੋਏ। ਫਿਰ ਇਹ ਵਿਦ੍ਰੋਹ ਵਿੱਚ ਤਬਦੀਲ ਹੋ ਗਿਆ।"

ਔਰਤਾਂ ਨੇ ਕੀਤੀ ਅਗਵਾਈ

ਵਿਰੋਧ ਪ੍ਰਦਰਸ਼ਨਾਂ ਅਤੇ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਲੀਆਂ ਅਤੇ ਰੈਲੀਆਂ ਵਿੱਚ ਨਾਅਰੇਬਾਜ਼ੀ ਕਰਨ ਵਾਲੀਆਂ ਔਰਤਾਂ ਨੇ ਦੁਨੀਆਂ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ। ਇਨ੍ਹਾਂ ਵਿੱਚ ਤਕਰੀਬਨ 70% ਪ੍ਰਦਰਸ਼ਨਕਾਰੀ ਔਰਤਾਂ ਹਨ।

ਇਹ ਸੂਡਾਨ ਲਈ ਨਵੀਂ ਗੱਲ ਨਹੀਂ ਹੈ ਜਿੱਥੇ ਪਹਿਲਾਂ ਵੀ ਤਾਨਾਸ਼ਾਹੀਆਂ ਖਿਲਾਫ਼ ਪ੍ਰਦਰਸ਼ਨਾਂ ਵਿੱਚ ਔਰਤਾਂ ਨੇ ਅਗਵਾਈ ਕੀਤੀ। ਹਾਲਾਂਕਿ ਹਾਲੇ ਵੀ ਔਰਤਾਂ ਇੱਥੇ ਬਰਾਬਰੀ ਲਈ ਲੜ ਰਹੀਆਂ ਹਨ। ਉਹ ਆਪਣੀ ਆਵਾਜ਼ ਚੁੱਕ ਰਹੀਆਂ ਹਨ ਅਤੇ ਇਸ ਕਾਰਨ ਸਭ ਪ੍ਰਭਾਵਿਤ ਹੋਏ ਹਨ।

"ਹੋਰਨਾਂ ਇਸਲਾਮਿਕ ਦੇਸਾਂ ਨਾਲੋਂ ਸੁਡਾਨ ਵਧੇਰੇ ਆਜ਼ਾਦ ਅਤੇ ਖੁੱਲ੍ਹੇ ਖਿਆਲਾਂ ਵਾਲਾ ਹੈ। ਇੱਥੇ ਔਰਤਾਂ ਦਫ਼ਤਰਾਂ ਵਿੱਚ ਕੰਮ ਕਰਦੀਆਂ ਹਨ ਅਤੇ ਸਮਾਜ ਦੇ ਹਰ ਪਹਿਲੂ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਹੈ। ਉਹ ਸੰਸਦ ਵਿੱਚ ਵੀ ਹਨ। ਹਰ ਕੋਈ ਆਜ਼ਾਦੀ ਅਤੇ ਨਿਆਂ ਚਾਹੁੰਦਾ ਹੈ, ਖਾਸ ਕਰਕੇ ਔਰਤਾਂ।"

ਜਲਦੀ ਹੀ ਉਨ੍ਹਾਂ ਦੀ ਮੁਹਿੰਮ ਕਾਮਯਾਬ ਹੋ ਗਈ।

ਕ੍ਰਾਂਤੀ ਤੋਂ ਅਗਲੇ ਦਿਨ

"ਮੈਂ ਲੋਕਾਂ ਨੂੰ ਜ਼ਿਉਂਦੇ ਦੇਖਿਆ ਸੀ। ਲੋਕ ਜਾਪ ਕਰ ਰਹੇ ਸਨ, ਉਹ ਖੁਸ਼ ਸਨ। ਮੈਂ ਇਸ ਦੇਸ ਦੇ ਲੋਕਾਂ ਨੂੰ ਪਹਿਲਾਂ ਕਦੇ ਇੰਨਾ ਖੁਸ਼ ਨਹੀਂ ਦੇਖਿਆ।"

"ਮੈਂ ਦੋ ਸਾਲਾਂ ਤੋਂ ਸੁਡਾਨ ਵਿੱਚ ਰਹਿ ਰਿਹਾ ਹਾਂ ਅਤੇ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ ਹਨ। ਇਸ ਲਈ ਜਦੋਂ ਮੈਂ ਇਹ ਵਾਪਰਦਾ ਦੇਖਿਆ, ਮੈਨੂੰ ਕਿਤੇ ਨਾ ਕਿਤੇ ਕਾਫੀ ਖੁਸ਼ ਸੀ ਅਤੇ ਉਮੀਦ ਵੀ ਸੀ। ਫੌਜ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਜਸ਼ਨ ਸ਼ੁਰੂ ਹੋ ਗਿਆ ਸੀ।

ਅਤੇ ਜਦੋਂ ਐਲਾਨ ਹੋਇਆ ਉਹ ਖੁਸ਼ ਨਹੀਂ ਸੀ।

"ਉਨ੍ਹਾਂ ਨੂੰ ਸਪਸ਼ਟ ਸੀ ਕਿ ਉਹ ਫਿਰ ਤੋਂ ਫੌਜੀ ਰਾਜ ਨਹੀਂ ਚਾਹੁੰਦੇ ਸੀ ਅਤੇ ਨਾਗਰਿਕ ਲੋਕਤੰਤਰ ਦੀ ਮੰਗ ਕੀਤੀ ਜਿਵੇਂ ਕਿ ਭਾਰਤ ਵਿੱਚ ਹੈ। ਇਸ ਲਈ ਉਨ੍ਹਾਂ ਪ੍ਰਦਰਸ਼ਨ ਜਾਰੀ ਰੱਖਿਆ।"

ਲੋਕਾਂ ਦੇ ਦਬਾਅ ਕਾਰਨ ਤਖ਼ਤਾਪਲਟ ਕਰਨ ਵਾਲੇ ਆਗੂ ਅਵਦ ਇਬਨ ਔਫ਼ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਹਾਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਹੈ ਕਿ ਇਹ ਕ੍ਰਾਂਤੀ ਕਿਸ ਦਿਸ਼ਾ ਵੱਲ ਜਾ ਰਹੀ ਹੈ।

ਅਨਿਸ਼ਚਿਤਤਾ ਬਰਕਰਾਰ

ਕੁਝ ਦੇਰ ਲਈ ਸੁਡਾਨ ਦੇ ਹਵਾਈ ਅੱਡੇ ਅਤੇ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ। ਸੰਤੋਸ਼ ਦਫ਼ਤਰ ਨਹੀਂ ਜਾ ਰਿਹਾ ਹੈ ਕਿਉਂਕਿ ਸਾਰੇ ਕਾਰਪੋਰੇਟ ਅਦਾਰੇ ਬੰਦ ਹਨ। ਪਰ ਉਹ ਅਜੇ ਹਾਲਾਤ ਬਾਰੇ ਬਹੁਤਾ ਫਿਕਰਮੰਦ ਨਹੀਂ ਹੈ।

"ਪ੍ਰਦਰਸ਼ਨਕਾਰੀ ਅਹਿੰਸਕ ਵਿਰੋਧ ਪ੍ਰਦਰਸ਼ਨ ਦੇ ਪੱਖ ਵਿੱਚ ਹਨ। ਭਾਰਤੀ ਦੂਤਘਰ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਸਾਨੂੰ ਹੋਰ ਸਾਵਧਾਨ ਅਤੇ ਘਰ ਵਿੱਚ ਰਹਿਣ ਲਈ ਕਿਹਾ ਹੈ। ਸਾਡਾ ਚਾਰ ਭਾਰਤੀਆਂ ਦਾ ਇੱਕ ਸਮੂਹ ਹੈ ਅਤੇ ਅਸੀਂ ਇੱਥੇ ਇੱਕ ਪ੍ਰਮੁੱਖ ਖੇਤਰ ਵਿੱਚ ਰਹਿ ਰਹੇ ਹਾਂ। ਕੰਪਨੀ ਨੇ ਸਾਨੂੰ ਕਾਫ਼ੀ ਸਹਿਯੋਗ ਦਿੱਤਾ ਹੈ।"

ਕੁਝ ਸਮੱਸਿਆਵਾਂ ਅਜੇ ਵੀ ਜਾਰੀ ਹਨ।

"ਹਾਲੇ ਵੀ ਸੁਡਾਨ ਵਿਚ ਨਕਦੀ ਦੀ ਘਾਟ ਹੈ। ਪਿਛਲੇ ਤਿੰਨ ਹਫਤਿਆਂ ਤੋਂ ਬਹੁਤ ਸਾਰੇ ਏਟੀਐਮ ਅਤੇ ਬੈਂਕਾਂ ਵਿੱਚ ਬਿਲਕੁਲ ਵੀ ਨਕਦੀ ਨਹੀਂ ਹੈ। ਲੋਕਾਂ ਨੂੰ ਬੈਂਕਾਂ ਅਤੇ ਏਟੀਐਮ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਸੀ। ਨਕਦੀ ਕਢਵਾਉਣ ਦੀ ਲਿਮਿਟ ਤੈਅ ਕਰ ਦਿੱਤੀ ਗਈ ਹੈ, ਭਾਵੇਂ ਤੁਹਾਡੇ ਖਾਤੇ ਵਿੱਚ ਪੈਸੇ ਹਨ ਫਿਰ ਵੀ ਤੁਸੀਂ ਵਾਧੂ ਪੈਸੇ ਨਹੀਂ ਕਢਵਾ ਸਕਦੇ।"

ਇਹ ਵੀ ਪੜ੍ਹੋ:-

ਪਿਛਲੇ ਤਿੰਨ ਮਹੀਨਿਆਂ ਤੋਂ ਇਸ ਕ੍ਰਾਂਤੀ ਕਾਰਨ ਕਈ ਮੌਤਾਂ ਵੀ ਹੋਈਆਂ ਹਨ। ਸੰਤੋਸ਼ ਨੂੰ ਲਗਦਾ ਹੈ ਕਿ ਦੇਸ ਲਈ ਇਹ ਬਹੁਤ ਵੱਡੀ ਚੁਣੌਤੀ ਹੈ।

"ਉਨ੍ਹਾਂ ਕੋਲ ਸਹੀ ਲੀਡਰਸ਼ਿਪ ਵੀ ਨਹੀਂ ਹੈ-ਕੋਈ ਇੱਕ ਆਗੂ ਨਹੀਂ ਹੈ ਜੋ ਉਨ੍ਹਾਂ ਨੂੰ ਨਿਰਦੇਸ਼ ਦੇ ਸਕੇ। ਸਰੋਤਾਂ ਦੀ ਘਾਟ ਹੈ। ਅਰਥਚਾਰਾ ਮਾੜੀ ਹਾਲਤ ਵਿੱਚ ਹੈ।"

"ਭ੍ਰਿਸ਼ਟਾਚਾਰ ਉੱਤੇ ਨਕੇਲ ਕੱਸਣੀ ਪਏਗੀ। ਜੋ ਵੀ ਕੋਈ ਇੱਥੋਂ ਅਗਵਾਈ ਕਰੇਗਾ ਉਹ ਚਮਤਕਾਰ ਨਹੀਂ ਕਰ ਸਕਦਾ। ਉਨ੍ਹਾਂ ਨੂੰ ਜ਼ੀਰੋ ਤੋਂ ਦੇਸ ਸੁਰਜੀਤ ਕਰਨਾ ਪਏਗਾ। ਸੁਡਾਨ ਨੂੰ ਕਈ ਔਕੜਾਂ ਝੱਲਣੀਆਂ ਪੈਣਗੀਆਂ। ਸਫ਼ਰ ਕਾਫ਼ੀ ਲੰਬਾ ਹੋਣ ਵਾਲਾ ਹੈ..."

ਇਹ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)