Election 2019: ਐਗਜ਼ਿਟ ਪੋਲਜ਼ ਨੂੰ ਕਿਉਂ ਨਹੀਂ ਮੰਨ ਰਹੀਆਂ ਵਿਰੋਧੀ ਧਿਰਾਂ

ਭਾਰਤ ਵਿਚ ਐਗਜ਼ਿਟ ਪੋਲਜ਼ ਦੇ ਐਨਡੀਏ ਨੂੰ ਬਹੁਮਤ ਮਿਲਣ ਦੇ ਦਾਅਵੇ ਤੋਂ ਬਾਅਦ 'ਕਿਸ ਦੀ ਸਰਕਾਰ ਬਣੇਗੀ,ਕਿਸ ਦੀ ਨਹੀਂ', ਉੱਤੇ ਬਹਿਸ ਕਾਫ਼ੀ ਤਿੱਖੀ ਹੋ ਗਈ ਹੈ।

ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕ ਕਹਿ ਰਹੇ ਹਨ ਕਿ ਐਗਜ਼ਿਟ ਪੋਲਜ਼ ਵਲੋਂ ਦਿਖਾਈਆਂ ਜਾ ਰਹੀਆਂ ਐਨਡੀਏ ਦੀਆਂ ਸੀਟਾਂ ਤੋਂ ਕਿਤੇ ਵੱਧ ਮਿਲਣਗੀਆਂ।

ਕਾਂਗਰਸ ਅਤੇ ਵਿਰੋਧੀ ਧਿਰਾਂ ਨੂੰ ਐਗਜ਼ਿਟ ਪੋਲਜ਼ ਉੱਤੇ ਭਰੋਸਾ ਨਹੀਂ ਹੈ, ਉਹ ਪਿਛਲੇ ਸਮੇਂ ਦੌਰਾਨ ਗ਼ਲਤ ਸਾਬਿਤ ਹੋਏ ਐਗਜ਼ਿਟ ਪੋਲਜ਼ ਦੇ ਹਵਾਲੇ ਦੇ ਰਹੇ ਹਨ।

ਇਹ ਵੀ ਪੜ੍ਹੋ:

ਕਾਂਗਰਸ ਦੇ ਆਗੂ ਸਸ਼ੀ ਥਰੂਰ ਨੇ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਵਿਚ ਸਾਰੇ ਐਗਜ਼ਿਟ ਪੋਲਜ਼ ਦੇ ਧਰੇ-ਧਰਾਏ ਰਹਿ ਜਾਣ ਦੀ ਮਿਸਾਲ ਦੱਸੀ। ਇੱਕ ਟਵੀਟ ਰਾਹੀ ਸ਼ਸ਼ੀ ਥਰੂਰ ਨੇ ਲਿਖਿਆ, ''ਮੇਰਾ ਮੰਨਣਾ ਹੈ ਕਿ ਸਾਰੇ ਐਗਜ਼ਿਟ ਪੋਲਜ਼ ਗ਼ਲਤ ਹਨ। ਆਸਟ੍ਰੇਲੀਆ ਵਿਚ ਪਿਛਲੇ ਹਫ਼ਤੇ ਮੁਲਕ ਦੀਆਂ ਚੋਣਾਂ ਉੱਤੇ ਕੀਤੇ ਗਏ 56 ਵੱਖੋ-ਵੱਖਰੇ ਐਗਜ਼ਿਟ ਪੋਲ ਗ਼ਲਤ ਸਾਬਿਤ ਹੋਏ।''

ਆਸਟ੍ਰੇਲੀਆ ਵਿਚ ਕੀ ਹੋਇਆ

ਆਸਟ੍ਰੇਲੀਆ ਵਿਚ ਵੀ ਅਗਲੇ ਤਿੰਨ ਸਾਲਾਂ ਲਈ ਸਰਕਾਰ ਚੁਣਨ ਲਈ ਆਮ ਚੋਣਾਂ ਹੋਈਆਂ ਹਨ। ਪਿਛਲੇ ਇੱਕ ਸਾਲ ਤੋਂ ਜਿੰਨੇ ਵੀ ਓਪੀਨੀਅਨ ਪੋਲਜ਼ ਅਤੇ ਬੀਤੇ ਸ਼ਨੀਵਾਰ ਨੂੰ ਹੋਏ ਐਗਜ਼ਿਟ ਪੋਲਜ਼ ਨੇ ਵਿਰੋਧੀ ਧਿਰ ਲਿਬਰਲ ਨੈਸ਼ਨਲ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਸੀ।

ਪਰ ਜਦੋਂ ਅਸਲ ਚੋਣ ਨਤੀਜੇ ਆਏ ਤਾਂ ਮੌਜੂਦਾ ਪ੍ਰਧਾਨ ਮੰਤਰੀ ਸਕੌਟ ਮੈਰੀਸਨ ਦੀ ਅਗਵਾਈ ਵਿਚ ਕੰਜ਼ਰਵੇਟਿਵ ਗਠਜੋੜ ਜਿੱਤ ਗਿਆ। ਮੈਰੀਸਨ ਦੀ ਇਸ ਜਿੱਤ ਨੂੰ ਮੀਡੀਆ ਨੂੰ 'ਚਮਤਕਾਰੀ ਜਿੱਤ' ਕਰਾਰ ਦੇ ਰਿਹਾ ਹੈ।

ਇਹ ਵੀ ਪੜ੍ਹੋ-

ਵਿਰੋਧੀ ਧਿਰਾਂ ਦੀਆਂ ਹੋਰ ਦਲੀਲਾਂ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਗਜ਼ਿਟ ਪੋਲਜ਼ ਨੂੰ 'ਗੱਪ' ਤੱਕ ਕਹਿ ਦਿੱਤਾ। ਆਪਣੇ ਟਵੀਟ ਵਿਚ ਮਮਤਾ ਨੇ ਕਿਹਾ ਕਿ ਮੈਂ ਇਸ ਗੱਪਸ਼ੱਪ ਵਿਚ ਭਰੋਸਾ ਨਹੀਂ ਕਰਦੀ। ਇਸ ਗੱਪਸ਼ੱਪ ਰਾਹੀ ਈਵੀਐੱਮ ਮਸ਼ੀਨਾਂ ਨੂੰ ਬਦਲਣ ਤੇ ਗੜਬੜ ਕਰਵਾਉਣ ਦਾ ਗੇਮ ਪਲਾਨ ਹੈ।

ਸੀਨੀਅਰ ਕਾਂਗਰਸ ਆਗੂ ਅਨੰਦ ਸ਼ਰਮਾਂ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ 1999, 2004,2009 ਅਤੇ 2014 ਦੀਆਂ ਮਿਸਾਲਾਂ ਹਨ ਕਿ ਐਗਜ਼ਿਟ ਪੋਲਜ਼ ਗਲਤ ਸਾਬਿਤ ਹਨ। ਅਨੰਦ ਸ਼ਰਮਾਂ ਕਹਿੰਦੇ ਹਨ ਕਿ ਜਿੰਨ੍ਹਾਂ 59 ਸੀਟਾਂ ਉੱਤੇ ਅਜੇ ਵੋਟਾਂ ਪੈ ਵੀ ਰਹੀਆਂ ਸਨ,ਉਨ੍ਹਾਂ ਦਾ ਫ਼ਤਵਾ ਦੇ ਦਿੱਤਾ।

ਉਨ੍ਹਾਂ ਕਿਹਾ ਕਿ 60 ਕਰੋੜ ਲੋਕਾਂ ਦੇ ਮੂਡ ਨੂੰ ਕੁਝ ਹਜ਼ਾਰ ਵੋਟਰਾਂ ਦੇ ਸੈਂਪਲ ਨਾਲ ਮਾਪਣਾ ਵਿਗਿਆਨਕ ਅਧਿਐਨ ਨਹੀਂ ਹੈ।

ਅਨੰਦ ਸ਼ਰਮਾਂ ਨੇ ਕਿਹਾ ਕਿ ਐਗਜ਼ਿਟ ਪੋਲ ਮਨੋਰੰਜਨ ਦੀ ਤਰ੍ਹਾਂ ਹੈ, ਦੋ ਦਿਨ ਚੱਲਣ ਦਿਓ। 23 ਮਈ ਨੂੰ ਜਦੋਂ ਨਤੀਜਾ ਆਏਗਾ ਤਾਂ ਨਤੀਜੇ ਕੁਝ ਹੋ ਹੋਣਗੇ।

ਪਰ ਕਾਂਗਰਸ ਦੇ ਭਾਈਵਾਲ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੁਣ ਟੀਵੀ ਬੰਦ ਕਰਨ ਦਾ ਸਮਾਂ ਆ ਗਿਆ ਹੈ ਕਿਉਂ ਕਿ ਸਾਰੇ ਐਗਜ਼ਿਟ ਪੋਲ ਗ਼ਲਤ ਨਹੀਂ ਹੋ ਸਕਦੇ।

ਕੀ ਕਹਿੰਦੇ ਨੇ ਮਾਹਰ

ਜਾਣੇ-ਪਛਾਣੇ ਚੋਣ ਵਿਸ਼ਲੇਸ਼ਕ ਯੋਗਿੰਦਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਐਗਜ਼ਿਟ ਪੋਲਜ਼ ਦਾ ਸਭ ਤੋਂ ਮੋਟਾ ਸੰਕੇਤ ਹੈ ਕਿ ਬਹੁਮਤ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਹੈ ਅਤੇ ਨਰਿੰਦਰ ਮੋਦੀ ਮੁੜ ਤੋਂ ਸਰਕਾਰ ਬਣਾ ਸਕਦੇ ਹਨ।''

ਯੋਗਿੰਦਰ ਯਾਦਵ ਕਹਿੰਦੇ ਨੇ ਇਸ ਦੇ ਤਿੰਨ ਤਰੀਕੇ ਹੋ ਸਕਦੇ ਨੇ।

ਪਹਿਲਾ: ਬਹੁਮਤ ਐਨਡੀਏ ਨੂੰ ਮਿਲੇ ਭਾਜਪਾ ਨੂੰ ਨਹੀਂ, ਇਸ ਪਿੱਛੇ ਉਨ੍ਹਾਂ ਦੀ ਦਲੀਲ ਹੈ ਕਿ ਜਦੋਂ ਐਗਜ਼ਿਟ ਪੋਲ 280 ਤੋਂ 300 ਦਾ ਅੰਕੜਾ ਦੇ ਰਿਹਾ ਹੈ ਤਾਂ ਇਸ ਦਾ ਅਰਥ ਹੈ ਕਿ ਭਾਜਪਾ ਨੂੰ ਇਕੱਲਿਆਂ ਸਪੱਸ਼ਟ ਬਹੁਤ ਨਹੀਂ ਮਿਲਦਾ, ਬਲਕਿ ਐਨਡੀਏ ਦੀਆਂ ਸੀਟਾਂ ਨਾਲ ਇਹ ਬਹੁਮਤ ਦਾ ਅੰਕੜਾ ਪਾਰ ਕਰਦਾ ਹੈ।

ਦੂਜਾ: ਐਗਜ਼ਿਟ ਪੋਲ ਦਿਸ਼ਾ ਤਾਂ ਠੀਕ ਦੱਸਦੇ ਹਨ ਕਿ ਮੋਟੇ ਤੌਰ ਉੱਤੇ ਕੀ ਹੋ ਸਕਦਾ ਹੈ।ਪਰ ਆਮ ਤੌਰ ਉੱਤੇ ਜਿਹੜੀ ਪਾਰਟੀ ਜਿੱਤ ਰਹੀ ਹੁੰਦੀ ਹੈ, ਉਹ ਸੇਫ਼ ਪਲੇਅ ਲਈ ਉਸਨੂੰ ਥੋੜਾ ਘੱਟ ਦਿਖਾਉਦੇ ਹਨ। ਜਿੰਨਾ ਅੰਕੜਾ ਐਗਜ਼ਿਟ ਪੋਲ ਭਾਜਪਾ ਨੂੰ ਦਿਖਾ ਰਹੇ ਹਨ, ਉਸ ਨਾਲੋਂ ਭਾਜਪਾ ਦੀਆਂ ਸੀਟਾਂ ਵਧ ਵੀ ਸਕਦੀਆਂ ਹਨ। ਮਿਸਾਲ ਦੇ ਤੌਰ ਉੱਤੇ ਜੇਕਰ ਐਗਜ਼ਿਟ ਪੋਲ ਭਾਜਪਾ ਦਾ ਇਕੱਲੀ ਦਾ ਅੰਕੜਾ ਜੇਕਰ 270 ਦਿਖਾਉਂਦੇ ਹਨ ਤਾਂ ਇਹ ਅੰਕੜਾ 290-300 ਵੀ ਪਾਰ ਕਰ ਸਕਦਾ ਹੈ।

ਤੀਜਾ: ਐਗਜ਼ਿਟ ਪੋਲਜ਼ ਦਾ ਇਸ਼ਾਰਾ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ, ਸਿਰਫ਼ ਇਹ ਦੇਖਣਾ ਬਾਕੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਨੂੰ ਸਪੱਸ਼ਟ ਬਹੁਮਤ ਮਿਲਦਾ ਹੈ ਜਾਂ ਨਹੀਂ । ਜੇਕਰ ਸਪੱਸ਼ਟ ਬਹੁਮਤ ਤੋਂ ਭਾਜਪਾ ਦੀਆਂ ਕੁਝ ਸੀਟਾਂ ਘਟ ਵੀ ਜਾਂਦੀਆਂ ਹਨ ਤਾਂ ਵੀ ਕੋਈ ਫ਼ਰਕ ਨਹੀਂ ਪੈਂਦਾ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)