You’re viewing a text-only version of this website that uses less data. View the main version of the website including all images and videos.
ਜਰਮਨੀ 'ਚ ਗੁਰਦੁਆਰੇ 'ਤੇ ਨਿਸ਼ਾਨਾ: ਗੁਰਦੁਆਰੇ ਦੀ ਕੰਧ 'ਤੇ ਲਿਖਿਆ 'ਇੱਥੋਂ ਜਾਓ'
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰਕੇ ਜਰਮਨੀ ਦੇ ਇੱਕ ਗੁਰਦੁਆਰੇ ਦੀ ਕੰਧ 'ਤੇ ਲਿਖੀਆਂ ਗਈਆਂ ਨਸਲੀ ਟਿੱਪਣੀਆਂ ਉੱਤੇ ਦੁੱਖ ਜ਼ਾਹਰ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਆਦਿਤਿਆ ਰਾਜ ਕੌਲ ਦੇ ਇੱਕ ਟਵੀਟ ਨੂੰ ਰੀ-ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੈਪਟਨ ਨੇ ਆਪਣੇ ਟਵੀਟ ਵਿੱਚ ਲਿਖਿਆ,“ਕੋਲੋਗਨੇ, ਜਰਮਨੀ ਵਿੱਚ ਇੱਕ ਗੁਰਦੁਆਰੇ ਨੂੰ ਨੁਕਸਾਨੇ ਜਾਣ ਤੋਂ ਬਹੁਤ ਦੁੱਖ ਪਹੁੰਚਿਆ ਹੈ। ਅਜਿਹੇ ਨਸਲੀ ਹਮਲਿਆਂ ਦੀ ਨਿੰਦਾ ਹੋਣੀ ਚਾਹੀਦੀ ਹੈ ਅਤੇ ਜਰਮਨੀ ਦੀ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਮੇਰੀ ਸਥਾਨਕ ਸਿੱਖਾਂ ਨੂੰ ਅਪੀਲ ਹੈ ਕਿ ਉਹ ਸ਼ਾਂਤ ਰਹਿਣ ਅਤੇ ਅਜਿਹੀਆਂ ਭੜਕਾਊ ਕਾਰਵਾਈਆਂ ਤੋਂ ਭੜਕਾਹਟ ਵਿੱਚ ਨਾ ਆਉਣ।”
ਉਨ੍ਹਾਂ ਨੇ ਆਪਣੀ ਟਵੀਟ ਵਿੱਚ ਜਰਮਨੀ ਦੀ ਰਾਜਧਾਨੀ ਫਰੈਂਕਫਰਟ ਵਿੱਚ ਭਾਰਤ ਦੇ ਮੁੱਖ ਕਾਊਂਸਲੇਟ ਜਨਰਲ ਨੂੰ ਟੈਗ ਵੀ ਕੀਤਾ।
ਇਹ ਵੀ ਪੜ੍ਹੋ:
ਆਦਿਤਿਆ ਰਾਜ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ,"ਕੋਲੋਗਨੇ,ਜਰਮਨੀ ਵਿੱਚ ਗੈਰ-ਸਮਾਜਿਕ ਤੱਤਾਂ ਵੱਲੋਂ ਇੱਕ ਗੁਰਦੁਆਰੇ ਨੂੰ ਨਸਲਵਾਦੀ ਗ੍ਰਾਫਿਟੀ ਨਾਲ ਨੁਕਸਾਨ ਪਹੁੰਚਾਇਆ ਗਿਆ ਹੈ। ਮੁੱਖ ਗੇਟ ’ਤੇ ਲਿਖਿਆ ਗਿਆ ਹੈ "ਜਾਓ।" ਸਥਾਨਕ ਸਿੱਖ ਅਬਾਦੀ ਨੇ ਇਸ ਘਟਨਾ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ।"
ਆਦਿਤਿਆ ਰਾਜ ਸਿੰਘ ਦੇ ਟਵੀਟ ਦੇ ਜਵਾਬ ਵਿੱਚ ਫਰੈਂਕਫਰਟ ਵਿੱਚ ਭਾਰਤ ਦੇ ਮੁੱਖ ਕਾਊਂਸਲੇਟ ਜਨਰਲ ਨੇ ਜਵਾਬ ਵਿੱਚ ਲਿਖਿਆ, “ਅਸੀਂ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹਾਂ। ਇਹ ਮਾਮਲਾ ਜਰਮਨ ਸਰਕਾਰ ਕੋਲ ਉਠਾਇਆ ਗਿਆ ਹੈ, ਉਨ੍ਹਾਂ ਨੇ ਢੁਕਵੀਂ ਕਾਰਵਾਈ ਦਾ ਭਰੋਸਾ ਦਿਵਾਇਆ ਹੈ ਅਤੇ ਗੁਰਦੁਆਰੇ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ।”
ਇਸ ਤੋਂ ਪਹਿਲਾਂ ਸਾਹਮਣੇ ਆਏ ਮਾਮਲੇ
ਗੁਰਦੁਆਰਿਆਂ ਦੀਆਂ ਕੰਧਾਂ 'ਤੇ ਨਸਲਵਾਦੀ ਟਿੱਪਣੀਆਂ ਲਿਖੇ ਜਾਣ ਦਾ ਇਹ ਕੋਈ ਪਹਿਲਾ ਮਸਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਲੌਸ ਏਂਜਲਸ ਦੇ ਹੌਲੀਵੁੱਡ ਸਿੱਖ ਟੈਂਪਲ 'ਤੇ ਸਾਲ 2017 ਦੇ ਸਤੰਬਰ ਮਹੀਨੇ ਵਿੱਚ ਗੁਰਦੁਆਰੇ ਦੇ ਬਾਹਰ ਨਫ਼ਰਤੀ ਨਾਅਰੇ ਲਿਖੇ ਗਏ ਸਨ।
ਜਰਮਨੀ ਵਿੱਚ ਹੀ ਸਾਲ 2016 ਵਿੱਚ 16 ਅਪ੍ਰੈਲ ਨੂੰ ਪੱਛਮੀ ਜਰਮਨੀ ਦੇ ਸ਼ਹਿਰ ਐਸਨ ਦੇ ਗੁਰਦੁਆਰੇ ’ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਜਿਸ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ। ਗੁਰਦੁਆਰੇ ਵਿੱਚ ਵਿਆਹ ਹੋ ਰਿਹਾ ਸੀ ਜਿਸ ਵਿੱਚ ਸ਼ਾਮਲ ਮਹਿਮਾਨ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਏ ਸਨ।
ਸਾਲ 2015 ਦੇ ਅਪ੍ਰੈਲ ਮਹੀਨੇ ਵਿੱਚ ਗਲਾਸਗੋ ਦੇ ਕੇਂਦਰੀ ਗੁਰਦੁਆਰੇ ਦੇ ਬਾਹਰ ਨਸਲਵਾਦੀ ਨਾਅਰੇ ਲਿਖੇ ਗਏ। ਇਹ ਇਸਲਾਮ ਵਿਰੋਧੀ ਨਾਅਰੇ ਗੁਰਦੁਆਰੇ ਦੀ ਕੰਧ 'ਤੇ ਹਰੇ ਰੰਗ ਨਾਲ ਲਿਖੇ ਗਏ ਸਨ।
ਸਾਲ 2014 ਦੇ ਅਕਤੂਬਰ ਮਹੀਨੇ ਵਿੱਚ ਆਸਟਰੇਲੀਆ ਦੇ ਬੈਨੇਟ ਸਪਰਿੰਗਜ਼ ਦੇ ਗੁਰਦੁਆਰੇ ਨੂੰ ਅਜਿਹੇ ਹੀ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ। ਉੱਥੇ ਵੀ 'ਵਾਪਸ ਜਾਓ' ਦੇ ਨਾਅਰੇ ਗੁਰਦੁਆਰੇ ਦੀ ਕੰਧ 'ਤੇ ਲਿਖੇ ਗਏ ਸਨ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ: