‘ਪਾਕਿਸਤਾਨ ’ਚ ਹਿੰਦੂ ਅਗਵਾ ਹੋਣ ਦੇ ਡਰ ਕਾਰਨ ਕੁੜੀਆਂ ਨੂੰ ਸਕੂਲ ਵੀ ਨਹੀਂ ਭੇਜਦੇ’

    • ਲੇਖਕ, ਮੋਨਾਅ ਰਾਣਾ
    • ਰੋਲ, ਪਾਕਿਸਤਾਨ ਤੋਂ ਬੀਬੀਸੀ ਪੰਜਾਬੀ ਲਈ

“ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਧਰਮ ਨੂੰ ਜ਼ਬਰਦਸਤੀ ਬਦਲਵਾਉਣਾ ਬਹੁਤ ਵੱਡਾ ਜੁਰਮ ਹੈ ਤੇ ਜ਼ਿਆਦਤੀ ਹੈ।”

ਇਹ ਵਿਚਾਰ ਲਾਹੌਰ ਵਿੱਚ ਕੀਤੇ ਗਏ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਪ੍ਰਗਟ ਕੀਤੇ।

ਸਿੰਧ ਦੀਆਂ ਦੋ ਨਾਬਾਲਗ਼ ਹਿੰਦੂ ਕੁੜੀਆਂ ਅਤੇ ਉਨ੍ਹਾਂ ਦੇ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ ਜਿਸ ਮਗਰੋਂ ਪਾਕਿਸਤਾਨ ਦੇ ਸਮਾਜਿਕ ਕਾਰਕੁਨ ਇਸ ਖ਼ਿਲਾਫ ਅਵਾਜ਼ ਉਠਾ ਰਹੇ ਹਨ।

ਪੰਜਾਬ ਅਸੈਂਬਲੀ ਦੇ ਸਾਹਮਣੇ ਕੀਤੇ ਗਏ ਇਸ ਰੋਸ ਮੁਜ਼ਾਹਰੇ ਵਿੱਚ ਨਾਬਾਲਗ਼ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ, ਉਨ੍ਹਾਂ ਨੂੰ ਮੁਸਲਮਾਨ ਬਣਾ ਕੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਨ ਦੇ ਖ਼ਿਲਾਫ ਅਵਾਜ਼ ਉਠਾਈ ਗਈ।

ਇਹ ਵੀ ਪੜ੍ਹੋ:

ਪ੍ਰਦਰਸ਼ਨਕਾਰੀਆਂ ਲੋਕਾਂ ਦਾ ਕਹਿਣਾ ਸੀ ਕਿ ਹਿੰਦੂ ਕੁੜੀਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਹਿੰਦੂਆਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ।

ਇਸ ਮੁਜ਼ਾਹਰੇ ਵਿੱਚ 100 ਤੋਂ ਵਧੇਰੇ ਲੋਕ ਇਕੱਠੇ ਹੋਏ ਅਤੇ ਇਸ ਜ਼ੁਲਮ ਖ਼ਿਲਾਫ ਆਪਣੀ ਅਵਾਜ਼ ਬੁਲੰਦ ਕੀਤੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਜ਼ਬਰਦਸਤੀ ਧਰਮ ਬਦਲੀ ਨੂੰ ਨਾਮਨਜ਼ੂਰ ਕਰਨ ਵਾਲੇ ਅਤੇ ਹਿੰਦੂ ਕੁੜੀਆਂ ਦੇ ਜ਼ਬਰਦਸਤੀ ਵਿਆਹ ਦੇ ਖਿਲਾਫ ਨਾਅਰੇ ਲਿਖੇ ਹੋਏ ਸਨ।

ਇਨ੍ਹਾਂ ਨਾਅਰਿਆਂ ਵਿੱਚ ਜ਼ਬਰਦਸਤੀ ਧਰਮ ਬਦਲਣ ਖ਼ਿਲਾਫ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ।

ਪੀਸ ਐਂਡ ਸੈਕੁਲਰ ਸਟੱਡੀਜ਼ ਸੰਗਠਨ ਵੱਲੋਂ ਪਹੁੰਚੀ ਦੀਪ ਸਈਦਾ ਦਾ ਕਹਿਣਾ ਸੀ, “ਮੁਜ਼ਾਹਰੇ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਹਿੰਦੂ-ਸਿੱਖ ਅਤੇ ਇਸਾਈ ਧਰਮ ਨਾਲ ਸਬੰਧਿਤ ਸਨ।”

“ਜਦ ਕਿ ਮੁਸਲਮਾਨ ਬਹੁਤ ਘੱਟ ਸਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿਉਂਕਿ ਉਹ ਚਾਹੁੰਦੇ ਸਨ ਕਿ ਮੁਜ਼ਾਹਰੇ ਵਿੱਚ ਮੁਸਲਮਾਨ ਵੀ ਹਿੱਸਾ ਲੈਣ ਅਤੇ ਸਾਡੇ ਸਮਾਜ ਵਿੱਚ ਹੋਣ ਵਾਲੇ ਇਸ ਧੱਕੇ ਖ਼ਿਲਾਫ ਉਹ ਵੀ ਅਵਾਜ਼ ਬਣਨ।”

ਦੀਪ ਸਈਦਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਵੀ ਹਿੰਦੂ ਕੁੜੀਆਂ ਨੂੰ ਮੁਸਲਮਾਨ ਬਣਾਏ ਜਾਣ ਖ਼ਿਲਾਫ ਮੁਜ਼ਾਹਰਾ ਕੀਤਾ ਸੀ ਪਰ ਉਸ ਨਾਲ ਕੋਈ ਫਰਕ ਨਹੀਂ ਪਿਆ।

ਉਨ੍ਹਾਂ ਕਿਹਾ, “ਸਗੋਂ ਹੁਣ ਇਸ ਜ਼ੁਲਮ ਵਿੱਚ ਵਾਧਾ ਹੋਇਆ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ।”

ਉਨ੍ਹਾਂ ਕਿਹਾ ਕਿ ਰੀਨਾ ਤੇ ਰਵੀਨਾ ਦਾ ਮਾਮਲਾ ਇਸ ਦੀ ਇੱਕ ਉਚੇਚੀ ਮਿਸਾਲ ਹੈ।

ਦੀਪ ਸਈਦਾ ਨੇ ਮੁਜ਼ਾਹਰੇ ਵਿੱਚ ਕਿਹਾ, “ਪਾਕਿਸਤਾਨ ਦੀ ਹਕੂਮਤ ਸੁੱਤੀ ਪਈ ਹੈ। ਉਸ ਨੂੰ ਜਾਗਣਾ ਚਾਹੀਦਾ ਹੈ ਤੇ ਇਸ ਜ਼ੁਲਮ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਨਾਲ ਪਾਕਿਸਤਾਨ ਦਾ ਨਾਮ ਸਾਰੀ ਦੁਨੀਆਂ ਵਿੱਚ ਬਦਨਾਮ ਹੋ ਰਿਹਾ ਹੈ।”

ਹਿੰਦੂ ਸੁਧਾਰ ਸਭਾ ਦੇ ਮੁਖੀ ਅਮਰਨਾਥ ਰੰਧਾਵਾ ਨੇ ਕਿਹਾ ਕਿ ਜ਼ਿਆਦਾਤਰ ਹਿੰਦੂ ਕੁੜੀਆਂ ਦੀ ਉਮਰ 10 ਤੋਂ 17 ਸਾਲ ਦੇ ਵਿਚਕਾਰ ਹੁੰਦੀ ਹੈ।

ਅਮਰਨਾਥ ਰੰਧਾਵਾ ਦਾ ਕਹਿਣਾ ਸੀ, “ਸਿੰਧ ਵਿੱਚ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਕੰਮ ਬਹੁਤ ਵਧ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ।”

ਉਨ੍ਹਾਂ ਨੇ ਅਸੈਂਬਲੀ ਵਿੱਚ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ’ਤੇ ਇਲਜ਼ਾਮ ਲਗਾਇਆ ਕਿ “ਉਹ ਸਾਰੇ ਨਖਿੱਧ ਹਨ ਅਤੇ ਆਪਣੇ ਲੋਕਾਂ ਲਈ ਕੁਝ ਨਹੀਂ ਕਰਦੇ।”

ਅਮਰਨਾਥ ਦਾ ਕਹਿਣਾ ਸੀ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਹਿੰਦੂ ਭਾਈਚਾਰੇ ਵਿੱਚ ਖ਼ੌਫ ਫੈਲ ਚੁੱਕਿਆ ਹੈ ਤੇ ਹਿੰਦੂ ਆਪਣੀਆਂ ਕੁੜੀਆਂ ਨੂੰ ਸਕੂਲ ਭੇਜਣ ਤੋਂ ਵੀ ਡਰਦੇ ਹਨ ਕਿ ਕਿਤੇ ਅਗਵਾ ਨਾ ਹੋ ਜਾਵੇ।

ਇਹ ਵੀ ਪੜ੍ਹੋ:

ਮੁਜ਼ਾਹਰਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਸਿੰਧ ਵਿੱਚ ਹੋਣ ਵਾਲੇ ਇਨ੍ਹਾਂ ਜ਼ੁਲਮਾਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਨਾਬਾਲਗਾਂ ਦੇ ਵਿਆਹ ਬਾਰੇ ਮੌਜੂਦਾ ਕਾਨੂੰਨ ਨੂੰ ਮੁਕੰਮਲ ਤੌਰ 'ਤੇ ਲਾਗੂ ਕੀਤਾ ਜਾਵੇ।

ਉਨ੍ਹਾਂ ਨੇ ਮਤਾ ਪਾਸ ਕੀਤਾ ਕਿ ਅਸੈਂਬਲੀ ਵਿੱਚ ਜ਼ਬਰਨ ਧਰਮ ਬਦਲੀ ਖ਼ਿਲਾਫ ਕਾਨੂੰਨ ਨੂੰ ਫੌਰੀ ਤੌਰ 'ਤੇ ਮਨਜ਼ੂਰ ਕੀਤਾ ਜਾਵੇ ਤੇ ਅਜਿਹਾ ਕੰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਮੁਜ਼ਾਹਰੇ ਵਿੱਚ ਸ਼ਾਮਲ ਇੱਕ ਕਾਰਕੁਨ ਚਮਨ ਲਾਲ ਦਾ ਕਹਿਣਾ ਸੀ ਕਿ ਉਹ ਕਈ ਸਾਲਾਂ ਤੋਂ ਹਿੰਦੂ ਭਾਈਚਾਰੇ ਉੱਪਰ ਹੋ ਰਹੇ ਇਨ੍ਹਾਂ ਜ਼ੁਲਮਾਂ 'ਤੇ ਰਿਸਰਚ ਕਰ ਰਹੇ ਹਨ।

ਉਨ੍ਹਾਂ ਕਿਹਾ,“ਜੇ ਇਹ ਧੱਕਾ ਬੰਦ ਨਾ ਕੀਤਾ ਗਿਆ ਤਾਂ ਹਿੰਦੂ ਇੱਕ ਵਾਰ ਫਿਰ ਪਾਕਿਸਤਾਨ ਛੱਡ ਕੇ ਭਾਰਤ ਜਾਣਾ ਸ਼ੁਰੂ ਕਰ ਦੇਣਗੇ।“

ਉਨ੍ਹਾਂ ਯਾਦ ਦਿਵਾਇਆ ਕਿ, ਸੰਨ 2012 ਵਿੱਚ ਜਦੋਂ ਰਿੰਕਲ ਕੁਮਾਰੀ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ ਤਾਂ ਕਈ ਹਿੰਦੂ ਖ਼ਾਨਦਾਨ ਇੱਥੋਂ ਪਰਵਾਸ ਕਰਨ ਲਈ ਮਜਬੂਰ ਹੋ ਗਏ ਸਨ।

ਮੁਜ਼ਾਹਰੇ ਵਿੱਚ ਸ਼ਾਮਲ ਵੱਖੋ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਜ਼ੋਰ ਦਿੱਤਾ ਕਿ ਜੇ ਇਸ ਜ਼ੁਲਮ ਅਤੇ ਧੱਕੇ ਨੂੰ ਨਾ ਰੋਕਿਆ ਗਿਆ ਤਾਂ ਉਹ ਮੁਲਕ ਭਰ ਵਿੱਚ ਵਿਰੋਧ ਪ੍ਰਧਰਸ਼ਨ ਕਰਨਗੇ ਤਾਂ ਜੋ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ 'ਤੇ ਮਜਬੂਰ ਹੋ ਜਾਵੇ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)