#10YearChallenge: ਇੱਕ ਦਹਾਕੇ ਵਿੱਚ ਦੇਸ ਉੱਜੜੇ, ਸਮੁੰਦਰ ਪਲਾਸਟਿਕ ਨਾਲ ਭਰੇ, ਅਤੇ ਵਿਗਿਆਨ ਦੀ ਤਰੱਕੀ

ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ #10YearChallenge ਚੱਲ ਰਿਹਾ ਹੈ ਜਿਸ ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪਿਛਲੇ 10 ਸਾਲਾਂ ਵਿੱਚ ਕਿੰਨਾ ਬਦਲਾਅ ਆਇਆ ਹੈ।

ਇਸ ਹੈਸ਼ਟੈਗ ਦੇ ਸ਼ੁਰੂ ਹੋਣ ਦੇ ਨਾਲ ਹੀ ਲੱਖਾਂ ਲੋਕਾਂ ਨੇ ਇਸ ਨੂੰ ਫੌਲੋ ਕੀਤਾ ਹੈ। ਹਾਲਾਂਕਿ ਕੁਝ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਕਿ ਇਹ ਸਵੈ-ਪ੍ਰਗਾਟਾਵੇ, ਉਮਰ ਬਾਰੇ ਖ਼ਰਾਬ ਵਿਹਾਰ ਅਤੇ ਲਿੰਗ ਅਧਾਰਿਤ ਵਿਤਕਰੇ ਨੂੰ ਉਤਸ਼ਾਹਿਤ ਕਰਦਾ ਹੈ।

ਫਿਰ ਵੀ ਲੋਕ ਇਸ ਵਿੱਚ ਸਿਰਫ਼ ਉਮਰ ਦੇ ਫਰਕ ਨਹੀਂ ਦਿਖਾ ਰਹੇ ਸਗੋਂ ਦੁਨੀਆਂ ਵਿੱਚ ਆਏ ਬਦਾਲਾਵ ਨੂੰ ਵੀ ਉਜਾਗਰ ਕਰ ਰਹੇ ਹਨ।

ਇਹ ਵੀ ਪੜ੍ਹੋ:

ਫੁੱਟਬਾਲ ਖਿਡਾਰੀ ਮੇਸੁਟ ਔਜ਼ਿਲ ਨੇ ਹਵਾ-ਪਾਣੀ ਵਿੱਚ ਆਏ ਬਦਲਾਅ ਬਾਰੇ ਇੱਕ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਸਾਲ 2008 ਦੇ ਬਰਫ਼ ਦੇ ਗਲੇਸ਼ੀਅਰ ਦੀ ਤਸਵੀਰ ਪਾਈ ਅਤੇ ਦੂਸਰੇ ਪਾਸੇ ਸਾਲ 2018 ਦੇ ਨਾਲ ਪਾਣੀ ਦੀ ਤਸਵੀਰ ਜਿਸ ਵਿੱਚ ਗਲੇਸ਼ੀਅਰ ਪਿਘਲ ਚੁੱਕਾ ਹੈ।

ਉਨ੍ਹਾਂ ਲਿਖਿਆ, "ਸਿਰਫ਼ ਇਹੀ ਚੀਜ਼ ਹੈ ਜਿਸ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।"

ਹਾਲਾਂਕਿ ਇਹ ਤਸਵੀਰਾਂ ਪੂਰੀਆਂ ਸਹੀ ਨਹੀਂ ਹਨ। ਗਲੇਸ਼ੀਅਰ ਦੀ ਤਸਵੀਰ ਅੰਟਰਾਕਟਿਕਾ ਵਿੱਚ ਗੇਟਜ਼ ਆਈਸ ਸ਼ੈਲਫ਼ ਦੀ ਹੈ ਜੋ ਸਾਲ 2016 ਖਿੱਚੀ ਗਈ ਸੀ ਨਾ ਕਿ ਸਾਲ 2008 ਵਿੱਚ।

ਫਿਰ ਵੀ ਸਾਡੇ ਪੌਣ-ਪਾਣੀਆਂ ਦਾ ਬਦਲਨਾ ਸਗੋਂ ਸਹੀਂ ਸ਼ਬਦਾਂ ਵਿੱਚ ਕਹੀਏ ਤਾਂ ਨਿੱਘਰਨਾ ਇੱਕ ਵੱਡੀ ਚਿੰਤਾ ਦਾ ਮਸਲਾ ਹੈ, ਜਿਸ ਬਾਰੇ ਧਿਆਨ ਦੇਣ ਤੋਂ ਇਲਾਵਾ ਇਨਸਾਨ ਕੋਲ ਬਚਾਅ ਦਾ ਹੋਰ ਕੋਈ ਰਾਹ ਨਹੀਂ ਹੈ।

ਨਾਸਾ ਦੇ ਮੁਤਾਬਿਕ ਅੰਟਰਾਕਟਿਕਾ ਵਿੱਚ ਹਰ ਸਾਲ 127 ਗੀਗਾਟਨ ਬਰਫ਼ ਖ਼ਤਮ ਹੋ ਰਹੀ ਹੈ। ਉੱਥੇ ਹੀ ਗ੍ਰੀਨਲੈਂਡ ਵਿੱਚ ਬਰਫ਼ ਖ਼ਤਮ ਹੋਣ ਦੀ ਰਫ਼ਤਾਰ 286 ਗੀਗਾਟਨ ਪ੍ਰਤੀ ਸਾਲ ਹੈ।

19ਵੀਂ ਸਦੀ ਤੋਂ ਬਾਅਦ ਧਰਤੀ ਦਾ ਔਸਤ ਤਾਪਮਾਨ 0.9 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ ਅਤੇ ਇਸ ਵਿੱਚ ਇੱਕ ਤਿਹਾਈ ਵਾਧਾ ਪਿਛਲੇ ਇੱਕ ਦਹਾਕੇ ਦੌਰਾਨ ਹੀ ਹੋਇਆ ਹੈ।

ਇਸੇ ਸਮੱਸਿਆ ਨੂੰ ਉਭਾਰਨ ਲਈ ਵਾਤਾਵਰਨ ਬਾਰੇ ਕੰਮ ਕਰਨ ਵਾਲੇ ਕਈ ਸਮੂਹਾਂ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਕੇ ਇਸ ਅਹਿਮ ਮੁੱਦੇ ਵੱਲ ਧਿਆਨ ਦੁਆਇਆ ਹੈ।

ਪਾਕਿਸਤਾਨ ਵਿੱਚ ਜਰਮਨੀ ਦੇ ਸਫ਼ੀਰ ਮਾਰਟਿਨ ਕੋਬਲਰ ਨੇ ਵੀ ਇੱਕ ਲੇਖ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਬਲੂਚਿਸਤਾਨ ਖੇਤਰ ਵਿੱਚ ਆਈ ਵਾਤਾਵਰਣ ਦੀ ਤਬਦੀਲੀ ਬਾਰੇ ਦੱਸਿਆ ਗਿਆ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, "ਪੌਣ-ਪਾਣੀ ਦਾ ਬਦਲਾਅ ਚਿੰਤਾਜਨਕ ਪੱਧਰ 'ਤੇ ਹੈ! ਪੂਰੀ ਦੁਨੀਆ ਵਿੱਚ ਇਸ ਤੋਂ ਪ੍ਰਭਾਵਿਤ ਦੇਸਾਂ ਵਿੱਚ ਪਾਕਿਸਤਾਨ ਦਾ ਅੱਠਵਾਂ ਨੰਬਰ ਹੈ। ਬਲੂਚਿਸਤਾਨ ਵਿੱਚ ਪਾਣੀ ਦੀ ਕਮੀ ਕਾਰਨ ਇਨਸਾਨ ਅਤੇ ਜਾਨਵਰਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ। ਅੱਜ ਤੋਂ 10 ਸਾਲ ਬਾਅਦ ਇਹ ਸੁਧਰ ਸਕਦਾ ਹੈ ਜਾਂ ਖ਼ਰਾਬ ਹੋ ਸਕਦਾ ਹੈ ਇਹ ਸਾਡੇ ਅੱਜ ਦੇ ਕਦਮਾਂ 'ਤੇ ਨਿਰਭਰ ਕਰੇਗਾ।"

ਪਲਾਸਟਿਕ ਪ੍ਰਦੂਸ਼ਣ

ਪਲਾਸਟਿਕ ਤੋਂ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਲੋਕਾਂ ਵਿੱਚ ਕਾਫ਼ੀ ਜਾਗਰੂਕਤਾ ਆਈ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੁੰਦਰ ਵਿੱਚ ਹਰ ਸਾਲ 10 ਟਨ ਪਲਾਸਟਿਕ ਸੁੱਟੀ ਜਾਂਦੀ ਹੈ ਅਤੇ ਇਸ ਕੂੜੇ ਦੇ ਨਿਪਟਾਰੇ ਵਿੱਚ ਆਉਣ ਵਾਲੀ ਪੂਰੀ ਇੱਕ ਸਦੀ ਲੱਗ ਸਕਦੀ ਹੈ।

ਇਸ ਬਾਰੇ ਕੰਮ ਕਰਨ ਵਾਲੇ ਲੋਕ ਅਤੇ ਸੰਗਠਨ ਵੀ ਇਸ ਚੁਣੌਤੀ ਵੱਲ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਉਹ ਸੰਦੇਸ਼ ਦੇ ਰਹੇ ਹਨ ਕਿ ਹੋ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਬਹੁਤ ਬਦਲਾਅ ਆ ਗਿਆ ਹੋਵੇ ਪਰ ਜਿਹੜਾ ਪਲਾਸਟਿਕ ਤੂਸੀਂ ਸੁੱਟਦੇ ਹੋ ਉਹ ਸਾਲਾਂ ਬੱਧੀ ਉਵੇਂ ਹੀ ਰਹਿੰਦਾ ਹੈ।

ਡਬਲਿਊ.ਡਬਲਿਊ.ਐਫ- ਫਿਲੀਪੀਨਜ਼ ਨੇ ਪਲਾਸਟਿਕ ਦੀ ਬੋਤਲ ਨਾਲ ਟਵੀਟ ਕੀਤਾ ਹੈ ਤੇ ਉਨ੍ਹਾਂ ਨੇ ਲਿਖਿਆ ਹੈ,"ਪਲਾਸਟਿਕ ਦੇ ਇੱਕ ਟੁਕੜੇ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਵਿੱਚ ਸੈਂਕੜੇ ਸਾਲ ਲਗ ਜਾਂਦੇ ਹਨ। ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ...ਤੇ ਤੁਸੀਂ ਵੀ ਇਸ ਲਹਿਰ ਦਾ ਹਿੱਸਾ ਬਣ ਸਕਦੇ ਹੋ।"

ਵਿਸ਼ਵੀ ਟਕਰਾਅ

#10YearChallenge ਰਾਹੀਂ ਲੋਕੀਂ ਵਿਸ਼ਵੀ ਟਕਰਾਅ ਅਤੇ ਉਸ ਨਾਲ ਹੋਏ ਭਿਆਨਕ ਵਿਨਾਸ਼ ਨੂੰ ਦਿਖਾ ਰਹੇ ਹਨ।

17 ਦਸੰਬਰ, 2010 ਨੂੰ ਟਿਊਨੇਸ਼ੀਆ ਵਿੱਚ ਮੁਹੰਮਦ ਬੁਆਜੀਜ਼ਿ ਨਾਮ ਦੇ ਇੱਕ ਫੇਰੀ ਵਾਲੇ ਨੇ ਸਥਾਨਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਫਲ-ਸਬਜ਼ੀਆਂ ਦਾ ਠੇਲ੍ਹਾ ਜ਼ਬਤ ਕਰ ਲਿਆ ਗਿਆ ਸੀ।

ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਤਮ-ਦਾਹ ਕਰ ਲਿਆ ਸੀ।

ਇਹ ਘਟਨਾ ਲਗਪਗ 10 ਸਾਲ ਪਹਿਲਾਂ ਕ੍ਰਾਂਤੀ ਦਾ ਕਾਰਨ ਬਣੀ। ਮੱਧ-ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਵਿਰੋਧ ਦੀ ਲਹਿਰ ਉੱਠ ਖੜ੍ਹੀ ਅਤੇ ਇਸ ਖਾਨਾਜੰਗੀ ਵਿੱਚ ਕਈ ਜਾਨਾਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਉੱਜੜ ਗਏ।

ਇਸ ਤਬਾਹੀ ਨੂੰ ਦਿਖਾਉਣ ਲਈ ਸੀਰੀਆ,ਲਿਬੀਆ ਅਤੇ ਇਰਾਕ ਦੀਆਂ ਉਸ ਸਮੇਂ ਦੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ।

ਇੱਕ ਯੂਜ਼ਰ ਮੁਨੀਬਾ ਮਜ਼ਾਰੀ ਨੇ ਟਵੀਟ ਕੀਤਾ ਕੀਤਾ ਹੈ ਜਿਸ ਵਿੱਚ ਸੀਰੀਆ ਦੀਆਂ 2009 ਤੇ 2019 ਦੀਆਂ ਤਸਵੀਰਾਂ ਪਾਈਆਂ ਗਈਆਂ ਹਨ। ਇਸ ਵਿੱਚ ਵਸੇ-ਵਸਾਏ ਸੀਰੀਆ ਤੇ ਉਜੜੇ ਹੋਏ ਸੀਰੀਆ ਦੀ ਤੁਲਨਾ ਕੀਤੀ ਗਈ ਹੈ।

ਇਸੇ ਤਰ੍ਹਾਂ ਨਦਾਵਾ ਡੋਸਰੀ ਨੇ ਯਮਨ ਦੀਆਂ 2009 ਅਤੇ 2019 ਦੀਆਂ ਤਸਵੀਰਾਂ ਪਾਈਆਂ ਹਨ।

ਕੁਝ ਚੰਗੇ ਬਦਲਾਅ

ਲੋਕ ਕੁਝ ਅਜਿਹੀਆਂ ਤਸਵੀਰਾਂ ਵੀ ਪਾ ਰਹੇ ਹਨ ਜਿਨ੍ਹਾਂ ਵਿੱਚ ਹਾਂਪੱਖੀ ਬਦਲਾਅ ਦਿਖਦੇ ਹਨ।

ਵਰਲਡ ਬੈਂਕ ਅਤੇ ਸੰਯੁਕਤ ਰਾਸ਼ਟਰ ਦੇ ਆਂਕੜਿਆਂ ਮੁਤਾਬਕ ਗ਼ਰੀਬੀ ਦਰ ਹੁਣ ਤੱਕ ਦੇ ਸਭ ਤੋਂ ਨਿਚਲੇ ਪੱਧਰ ’ਤੇ ਹੈ। ਬਾਲ ਮੌਤ ਦਰ ਅਤੇ ਨੌਜਵਾਨਾਂ ਵਿੱਚ ਅਨਪੜ੍ਹਤਾ ਦਰ ਦੋਵਾਂ ਵਿੱਚ ਕਮੀ ਆਈ ਹੈ ਅਤੇ ਦੁਨੀਆਂ ਭਰ ਵਿੱਚ ਔਸਤ ਜੀਵਨ ਦਰ ਵਿੱਚ ਵਾਧਾ ਹੋਇਆ ਹੈ।

ਹਾਲਾਂਕਿ, ਇਹ ਪੂਰੀ ਸੱਚਾਈ ਨਹੀਂ ਹੈ। ਜ਼ਿਆਦਾਤਰ ਗਰੀਬੀ ਦਰ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ ਪਰ ਉਪ-ਸਹਾਰਾ ਦੇ ਅਫਰੀਕੀ ਦੇਸਾਂ ਵਿੱਚ ਇਸ ਮਾਮਲੇ ਵਿੱਚ ਹਾਲਾਤ ਹਾਲੇ ਖ਼ਰਾਬ ਹਨ। ਇੱਥੇ ਔਸਤ ਗਰੀਬੀ ਦਰ 41 ਫੀਸਦੀ ਹੈ।

ਇਸੇ ਤਰਾਂ ਕਮਜ਼ੋਰ ਅਤੇ ਵਿਕਾਸਸ਼ੀਲ ਦੇਸਾਂ ਵਿੱਚ ਸਾਖਰਤਾ ਦਰ ਘਟੀ ਹੈ ਅਤੇ ਨੌਜਵਾਨ ਔਰਤਾਂ ਅਨਪੜ੍ਹਤਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਹਾਲ ਹੀ ਵਿੱਚ ਆਏ ਇੱਕ ਆਂਕੜੇ ਮੁਤਾਬਕ 59 ਫੀਸਦੀ ਅਨਪੜ੍ਹ ਨੌਜਵਾਨਾਂ ਵਿੱਚ ਸਾਰੀਆਂ ਮੁਟਿਆਰਾਂ ਹਨ।

ਕੁਝ ਲੋਤਾਂ ਨੇ ਵਾਤਾਵਰਣ ਬਚਾਉਣ ਦੀਆਂ ਕੋਸ਼ਿਸ਼ਾਂ ਵੱਲ ਧਿਆਨ ਖਿੱਚਿਆ ਹੈ। ਇਸ ਵਿੱਚ ਸੋਲਰ ਊਰਜਾ ਦੇ ਵਧਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ।

ਸੋਲਰ ਪਾਵਰ ਯੂਰਪ ਨੇ ਟਵੀਟ ਕੀਤਾ ਹੈ, "ਵਿਸ਼ਵ ਪੱਧਰ ’ਤੇ ਸੋਲਰ ਊਰਜਾ ਦੀ ਸਮਰੱਥਾ 2009 ਦੀ 16 ਗੀਗਾਵਾਟ ਤੋਂ ਵੱਧ ਕੇ ਅੱਜ 500 ਗੀਗਾਵਾਟ ਹੋ ਗਈ ਹੈ। ਇਹ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਬਿਜਲੀ ਉਤਪਾਦਨ ਦਾ ਸੋਮਾ ਹੈ।'

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)