ਫੇਸਬੁੱਕ ਨੂੰ ਸਾਲ 2019 'ਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ

    • ਲੇਖਕ, ਡੇਵ ਲੀ
    • ਰੋਲ, ਬੀਬੀਸੀ ਪੱਤਰਕਾਰ

ਸਾਲ 2019 : ਫੇਸਬੁੱਕ ਦੇ ਬੁਰੇ ਵਕਤ ਦੀ ਦਸਤਕ।

ਬੀਤੇ ਸਾਲ ਅਸੀਂ ਫੇਸਬੁੱਕ 'ਤੇ ਕਈ ਇਲਜ਼ਾਮ ਲਗਦੇ ਦੇਖੇ ਹਨ। ਅਸੀਂ ਸੁਣਿਆ ਅਤੇ ਪੜ੍ਹਿਆ ਕਿ ਫੇਸਬੁੱਕ ਆਪਣੇ ਯੂਜਰਜ਼ ਦਾ ਨਿੱਜੀ ਡਾਟਾ ਵੇਚ ਰਿਹਾ ਹੈ।

ਇਸ ਸਬੰਧੀ ਫੇਸਬੁੱਕ ਦੇ ਸੰਥਾਪਕ ਮਾਰਕ ਜ਼ਕਰਬਰਗ ਨੂੰ ਅਮਰੀਕੀ ਸੈਨੇਟ ਦੇ ਸਾਹਮਣੇ ਸੁਆਲ-ਜਵਾਬ ਲਈ ਹਾਜ਼ਰ ਵੀ ਹੋਣਾ ਪਿਆ।

ਫੇਸਬੁੱਕ ਨੇ ਵੀ ਆਪਣੀਆਂ ਗ਼ਲਤੀਆਂ ਮੰਨੀਆਂ ਅਤੇ ਇਨ੍ਹਾਂ ਨੂੰ ਮੁੜ ਨਾ ਦੁਹਰਾਉਣ ਦੇ ਵਾਅਦੇ ਵੀ ਕੀਤੇ। ਹਾਲਾਂਕਿ ਸਾਰੇ ਵਾਅਦਿਆਂ ਦੌਰਾਨ ਲੋਕਾਂ ਦੇ ਮਨ ਵਿੱਚ ਫੇਸਬੁੱਕ ਨੂੰ ਲੈ ਕੇ ਸ਼ੱਕ ਤਾਂ ਘਰ ਕਰ ਹੀ ਗਿਆ ਹੈ।

ਕੁੱਲ ਮਿਲਾ ਕੇ ਕਹੀਏ ਤਾਂ ਸਾਲ 2018 ਦੇ ਨਾਲ ਫੇਸਬੁੱਕ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਚੰਗਾ ਵੇਲਾ ਲੰਘ ਗਿਆ ਹੈ।

ਇਹ ਵੀ ਪੜ੍ਹੋ:

ਹੁਣ ਮੰਨਿਆ ਜਾ ਰਿਹਾ ਹੈ ਕਿ ਸਾਲ 2019 'ਚ ਉਸ ਦੇ ਬੁਰੇ ਵੇਲੇ ਦੀ ਸ਼ੁਰੂਆਤ ਹੋਵੇਗੀ।

ਫੇਸਬੁੱਕ ਨੂੰ ਹੋ ਸਕਦਾ ਹੈ ਜੁਰਮਾਨਾ

ਮੰਨਿਆ ਜਾ ਰਿਹਾ ਹੈ ਕਿ ਅਗਲੇ 12 ਮਹੀਨਿਆਂ 'ਚ ਫੇਸਬੁੱਕ 'ਤੇ ਸਖ਼ਤ ਜੁਰਮਾਨੇ ਲੱਗ ਸਕਦੇ ਹਨ।

ਆਇਰਲੈਂਡ ਦੀ ਡਾਟਾ ਸੇਵਾ ਪ੍ਰੋਟੈਕਸ਼ਨ ਕਮੇਟੀ ਨੇ ਦਸੰਬਰ 'ਚ ਐਲਾਨ ਕੀਤਾ ਸੀ ਕਿ ਉਹ ਫੇਸਬੁੱਕ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਨ ਵਾਲੀ ਹੈ।

ਇਸ ਤੋਂ ਇਲਾਵਾ ਕਈ ਦੇਸਾਂ ਨੇ ਮੰਨਿਆ ਹੈ ਕਿ ਫੇਸਬੁੱਕ 'ਤੇ ਉਨ੍ਹਾਂ ਦੇ ਨਾਗਰਿਕਾਂ ਦਾ ਨਿੱਜੀ ਡਾਟਾ ਸੁਰੱਖਿਅਤ ਨਹੀਂ ਹੈ। ਫੇਸਬੁੱਕ ਲਈ ਇਸ ਦੇ ਗੰਭੀਰ ਸਿੱਟੇ ਹੋ ਸਕਦੇ ਹਨ।

ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪ੍ਰਾਈਵੇਸੀ ਪ੍ਰੈਕਟੀਸ਼ਨਰ (ਆਈਏਪੀਪੀ) ਦੇ ਨਿਦੇਸ਼ਕ ਕੈਟ ਕੋਲੈਰੀ ਨੇ ਕਿਹਾ ਹੈ, "ਸਾਡਾ ਮੁੱਖ ਉਦੇਸ਼ ਇਹ ਹੈ ਕਿ ਇਸ ਤਰ੍ਹਾਂ ਦੀਆਂ ਗੜਬੜੀਆਂ ਨੂੰ ਰੋਕਣ ਲਈ ਸਹੀ ਤਰੀਕੇ ਅਪਣਾਏ ਜਾਣ ਅਤੇ ਜੇਕਰ ਇੰਨਾ ਕਾਫੀ ਨਹੀਂ ਹੋਇਆ ਤਾਂ ਅਸੀਂ ਪ੍ਰਸ਼ਾਸਨ ਦੇ ਪੱਧਰ 'ਤੇ ਜਾਂਚ ਕਰਾਂਗੇ।"

ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਕਮੇਟੀ ਦਾ ਫ਼ੈਸਲਾ ਫੇਸਬੁੱਕ ਨੂੰ ਕਾਫੀ ਮਹਿੰਗਾ ਪੈ ਸਕਦਾ ਹੈ।

ਯੂਰਪੀ ਸੰਘ ਦੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗਿਊਲੇਸ਼ਨ (ਜੀਡੀਪੀਆਰ) ਨੇ ਇਸ ਸਬੰਧ 'ਚ ਕਿਹਾ ਹੈ ਕਿ ਜੇਕਰ ਕੰਪਨੀ ਦੀ ਗ਼ਲਤੀ ਸਾਬਿਤ ਹੁੰਦੀ ਹੈ ਤਾਂ ਉਸ ਦੀ ਗਲੋਬਲ ਕਮਾਈ ਦਾ 4 ਫੀਸਦ ਹਿੱਸਾ ਜੁਰਮਾਨੇ ਵਜੋਂ ਵਸੂਲਿਆ ਜਾ ਸਕਦਾ ਹੈ।

ਇਸ ਲਿਹਾਜ਼ ਨਾਲ ਦੇਖੀਏ ਤਾਂ ਫੇਸਬੁੱਕ ਜੁਰਮਾਨੇ ਦੀ ਰਕਮ 150 ਕਰੋੜ ਅਮਰੀਕੀ ਡਾਲਰ ਤੋਂ ਵੱਧ ਹੋ ਸਕਦੀ ਹੈ।

ਮੁਸ਼ਕਿਲਾਂ ਹੋਰ ਵੀ ਹਨ...

ਫੇਸਬੁੱਕ ਲਈ ਮੁਸ਼ਕਿਲਾਂ ਇੱਥੇ ਹੀ ਖ਼ਤਮ ਨਹੀਂ ਹੋਣ ਵਾਲੀਆਂ। ਆਇਰਲੈਂਡ 'ਚ ਜਾਂਚ ਤੋਂ ਇਲਾਵਾ ਅਮਰੀਕਾ ਦੀ ਫੈਡਰਲ ਟਰੇਡ ਕਮੇਟੀ (ਐਫਸੀਟੀ) ਵੀ ਸਾਲ 2011 'ਚ ਹੋਏ ਸਮਝੌਤੇ ਦੇ ਆਧਾਰ 'ਤੇ ਫੇਸਬੁੱਕ 'ਤੇ ਇੱਕ ਜਾਂਚ ਕਰ ਰਹੀ ਹੈ।

ਇਸ ਸਮਝੌਤੇ ਦੇ ਤਹਿਤ ਫੇਸਬੁੱਕ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਿਸੇ ਦਾ ਵੀ ਨਿੱਜੀ ਡਾਟਾ ਪ੍ਰਾਪਤ ਕਰਨ ਜਾਂ ਉਸ ਨੂੰ ਕਿਸੇ ਹੋਰ ਦੇ ਕੋਲ ਸਾਂਝਾ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਰਜ਼ਾਮੰਦੀ ਜ਼ਰੂਰ ਲਵੇਗਾ।

ਫੇਸਬੁੱਕ ਨੇ ਕਈ ਮੌਕਿਆਂ 'ਤੇ ਕਿਹਾ ਹੈ ਕਿ ਉਸ ਨੇ ਸਮਝੌਤੇ ਦਾ ਉਲੰਘਣ ਨਹੀਂ ਕੀਤਾ। ਇਸ ਦੇ ਬਾਵਜੂਦ ਐਫਸੀਟੀ ਇਸ ਮਾਮਲੇ 'ਤੇ ਹੋਰ ਵਧੇਰੇ ਜਾਂਚ ਕਰਨਾ ਚਾਹੁੰਦੀ ਹੈ।

ਜੇਕਰ ਇਸ ਕਮੇਟੀ ਨੇ ਆਪਣੀ ਜਾਂਚ 'ਚ ਦੇਖਿਆ ਹੈ ਕਿ ਫੇਸਬੁੱਕ ਨੇ ਸਮਝੌਤੇ ਦਾ ਉਲੰਘਣ ਕੀਤਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਜੁਰਮਾਨਾ ਹੋ ਸਕਦਾ ਹੈ।

ਸਮਝੌਤੇ ਮੁਤਾਬਕ ਅਜਿਹਾ ਹੋਣ 'ਤੇ ਜਿੰਨੇ ਦਿਨਾਂ ਤੱਕ ਉਲੰਘਣ ਹੋਇਆ ਫੇਸਬੁੱਕ ਨੂੰ ਉਸ ਦੇ ਹਿਸਾਬ ਨਾਲ ਪ੍ਰਤੀਦਿਨ 40 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ।

ਇੰਨਾਂ ਹੀ ਨਹੀਂ ਇਹ ਜੁਰਮਾਨਾ ਹਰੇਕ ਯੂਜਰਜ਼ ਦੇ ਨਾਲ ਵਧਦਾ ਜਾਵੇਗਾ। ਸਿਰਫ਼ ਅਮਰੀਕਾ ਦੀ ਹੀ ਗੱਲ ਕੀਤੀ ਜਾਵੇ ਤਾਂ ਫੇਸਬੁੱਕ 'ਤੇ 5 ਕਰੋੜ ਯੂਜਰਜ਼ ਹਨ। ਇਸ ਹਿਸਾਬ ਨਾਲ ਫੇਸਬੁੱਕ 'ਤੇ 300 ਕਰੋੜ ਅਮਰੀਕੀ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਘੱਟ ਹੀ ਹਨ ਕਿਉਂਕਿ ਐਫਸੀਟੀ ਦਾ ਮਕਸਦ ਕਿਸੇ ਅਮਰੀਕੀ ਕੰਪਨੀ ਨੂੰ ਤਬਾਹ ਕਰਨਾ ਨਹੀਂ ਹੈ। ਉਹ ਸਿਰਫ਼ ਉਸ ਕੰਪਨੀ ਦੇ ਗ਼ਲਤ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ।

ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੱਕ ਇੰਟਰਵਿਊ 'ਚ ਐਫਸੀਟੀ ਦੇ ਨਿਦੇਸ਼ਕ ਡੈਵਿਡ ਵਲਾਦੇਕ ਨੇ ਕਿਹਾ ਸੀ ਫੇਸਬੁੱਕ 'ਤੇ ਜੁਰਮਾਨੇ ਦੀ ਰਕਮ 1 ਅਰਬ ਡਾਲਰ ਤੱਕ ਜਾ ਸਕਦੀ ਹੈ।

ਫੇਸਬੁੱਕ ਦੀ ਵੰ ਹੋਣ ਦੀ ਸੰਭਾਵਨਾ

ਕਈ ਦੇਸ ਇਸ ਗੱਲ ਨਾਲ ਸਹਿਮਤ ਹਨ ਕਿ ਫੇਸਬੁੱਕ ਇੱਕ ਬਹੁਤ ਵੱਡੀ ਕੰਪਨੀ ਹੈ ਜਿਸ ਦੇ ਕੋਲ ਸੋਸ਼ਲ ਮੀਡੀਆ ਦੀ ਅਸੀਮ ਤਾਕਤ ਹੈ।

ਵੈਸੇ ਮਾਰਕ ਜ਼ਕਰਬਰਗ ਨੇ ਅਮਰੀਕੀ ਸੈਨੇਟ 'ਚ ਕਿਹਾ ਸੀ ਕਿ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੇ ਵਿਰੋਧੀ ਹਨ ਪਰ ਉਨ੍ਹਾਂ ਨੇ ਉਨ੍ਹਾਂ ਵਿਰੋਧੀਆਂ ਦੇ ਨਾਮ ਨਹੀਂ ਲਏ ਸਨ।

ਮੋਟੇ ਤੌਰ 'ਤੇ ਦੇਖੀਏ ਤਾਂ ਸੋਸ਼ਲ ਮੀਡੀਆ 'ਚ ਫੇਸਬੁੱਕ ਦੇ ਸਾਹਮਣੇ ਕੋਈ ਦੂਜੀ ਕੰਪਨੀ ਖੜੀ ਨਜ਼ਰ ਨਹੀਂ ਆਉਂਦੀ। ਫੇਸਬੁੱਕ ਨੇ ਵੱਟਸਐਪ ਅਤੇ ਇੰਸਟਾਗਰਾਮ ਨੂੰ ਆਪਣੇ ਮਲਕੀਅਤ 'ਚ ਲੈ ਲਿਆ ਹੈ ਅਤੇ ਜੇਕਰ ਕੋਈ ਦੂਜੀ ਕੰਪਨੀ ਸੋਸ਼ਲ ਮੀਡੀਆ ਦੀ ਦੁਨੀਆਂ 'ਚ ਉਠਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਤਾਂ ਫੇਸਬੁੱਕ ਉਹ ਵੀ ਖਰੀਦ ਲੈਂਦਾ ਹੈ।

ਨਿਊ ਸਟੇਟਸਮੈਨ ਪੱਤਰਿਕਾ ਮੁਤਾਬਕ ਆਪਣੀ ਕੰਪਨੀ ਨੂੰ ਵੱਖ-ਵੱਖ ਭਾਗਾਂ 'ਚ ਵੰਡਣ ਦੀ ਤਿਆਰੀ ਕਰ ਸਕਦਾ ਹੈ।

ਮੁੱਖ ਤੌਰ 'ਤੇ ਫੇਸਬੁੱਕ ਨੂੰ ਉਨ੍ਹਾਂ ਦੇ ਮਾਹਿਰਾਂ ਦੀ ਨਿਗਰਾਨੀ 'ਚ ਇਨ੍ਹਾਂ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

  • ਫੇਸਬੁੱਕ -ਮੁੱਖ ਸੋਸ਼ਲ ਮੀਡੀਆ ਪਲੇਟਫਾਰਮ
  • ਵੱਟਸਐਪ
  • ਇੰਸਟਾਗਰਾਮ
  • ਫੇਸਬੁੱਕ ਮੈਸੇਂਜਰ

ਫੇਸਬੁੱਕ 'ਤੇ ਕੁਝ ਪਾਬੰਦੀਆਂ ਲੱਗ ਜਾਣਗੀਆਂ

ਅਮਰੀਕੀ ਸੀਨੈਟ 'ਚ ਮਾਰਕ ਜ਼ਕਰਬਰਗ ਦੀ ਸੁਣਵਾਈ ਦੌਰਨ ਸੀਨੇਟਰ ਜੌਨ ਕੈਨੇਡੀ ਨੇ ਜ਼ਕਰਬਰਗ ਨੂੰ ਕਿਹਾ ਸੀ ਕਿ ਉਹ ਫੇਸਬੁੱਕ 'ਤੇ ਪਾਬੰਦੀਆਂ ਲਗਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਜੇਕਰ ਇਸ ਤਰ੍ਹਾਂ ਦੀਆਂ ਗੜਬੜੀ ਸਾਹਮਣੇ ਆਉਂਦੀਆਂ ਹਨ ਤਾਂ ਉਹ ਅਜਿਹਾ ਕਰਨ ਲਈ ਮਜ਼ਬੂਰ ਹੋਣਗੇ।

ਅਮਰੀਕਾ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਫੇਸਬੁੱਕ ਲਈ ਕੁਝ ਨੇਮ ਤੈਅ ਕੀਤਾ ਜਾਣੇ ਚਾਹੀਦੇ ਹਨ।

ਉੱਥੇ ਹੀ ਫੇਸਬੁੱਕ ਨੇ ਵੀ ਕਈ ਮੌਕਿਆਂ 'ਤੇ ਕਿਹਾ ਹੈ ਕਿ ਉਹ ਆਪਣੇ ਲਈ ਨੇਮ ਤੈਅ ਕਰਨ ਲਈ ਤਿਆਰ ਹੈ ਬਸ ਉਹ ਸਾਰੇ ਨੇਮ ਸਹੀ ਦਿਸ਼ਾ 'ਚ ਬਣਾਏ ਗਏ ਹੋਣ ਅਤੇ ਇਸ ਨਾਲ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਨੂੰ ਆਪਸ 'ਚ ਗੱਲਬਾਤ ਕਰਨ 'ਚ ਕੋਈ ਸਮੱਸਿਆ ਪੈਦਾ ਨਾ ਹੋਵੇ।

ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਫੇਸਬੁੱਕ 'ਤੇ ਕੁਝ ਨੇਮ ਜਾਂ ਪਾਬੰਦੀਆਂ ਜ਼ਰੂਰ ਲੱਗ ਸਕਦੀਆਂ ਹਨ।

ਉਹ ਪਾਬੰਦੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਇਸ ਬਾਰੇ ਡੈਮੋਟਰੈਟਿਕ ਸੰਸਦ ਮੈਂਬਰ ਮਾਰਕ ਵਾਰਨਰ ਕਹਿੰਦੇ ਹਨ ਕਿ ਫੇਸਬੁੱਕ ਨੂੰ ਡਾਟਾ ਪੋਰਟੇਬਿਲਿਟੀ ਸ਼ੁਰੂ ਕਰਨੀ ਚਾਹੀਦੀ ਹੈ, ਇਸ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਯੂਜਰਜ਼ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਇੱਕ ਸੇਵਾ ਦੀ ਥਾਂ 'ਤੇ ਦੂਜੀ ਸੇਵਾ ਵਿੱਚ ਜਾ ਸਕਦਾ ਹੋਵੇ।

ਇਸ ਤੋਂ ਇਲਾਵਾ ਫੇਸਬੁੱਕ ਤੋਂ ਇਹ ਜਾਣਕਾਰੀ ਵੀ ਮੰਗੀ ਜਾ ਸਕਦੀ ਹੈ ਕਿ ਉਹ ਆਪਣੇ ਯੂਜਰਜ਼ ਦਾ ਡਾਟਾ ਕਿੱਥੇ ਅਤੇ ਕਿਸ ਨਾਲ ਸਾਂਝਾ ਕਰ ਰਿਹਾ ਹੈ।

ਇਸ ਤਰ੍ਹਾਂ ਦੇ ਨੇਮ ਸਿਰਫ਼ ਫੇਸਬੁੱਕ ਲਈ ਹੀ ਨਹੀਂ, ਉਨ੍ਹਾਂ ਸਾਰੇ ਪਲੇਟਫਾਰਮਾਂ 'ਤੇ ਲਾਗੂ ਹੋ ਸਕਦੇ ਹਨ ਜੋ ਲੋਕਾਂ ਦਾ ਨਿੱਜੀ ਡਾਟਾ ਰੱਖਦੇ ਹਨ। ਇਸ ਵਿੱਚ ਗੂਗਲ ਵੀ ਆਉਂਦਾ ਹੈ।

ਲੋਕ ਫੇਸਬੁੱਕ ਬੰਦ ਕਰ ਸਕਦੇ ਹਨ

ਫੇਸਬੁੱਕ ਦੁਨੀਆਂ ਭਰ 'ਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਪਰ ਜਿਨ੍ਹਾਂ ਦੇਸਾਂ 'ਚ ਉਸ ਨਾਲ ਜੁੜੀਆਂ ਗੜਬੜੀਆਂ ਸਾਹਮਣੇ ਆਈਆਂ ਹਨ ਅਤੇ ਉੱਥੇ ਹੀ ਇਸ ਦੇ ਸੀਮਤ ਹੋਣ ਦਾ ਖ਼ਤਰਾ ਹੈ।

ਜੇਕਰ ਗੱਲ ਅਮਰੀਕਾ ਦੀ ਹੀ ਕੀਤੀ ਜਾਵੇ ਤਾਂ ਇੱਥੇ ਪਿਛਲੀਆਂ ਤਿਮਾਹੀਆਂ ਤੋਂ ਫੈਸਬੁੱਕ ਯੂਜਰਜ਼ ਦੀ ਗਿਣਤੀ ਨਹੀਂ ਵਧੀ ਹੈ। ਉੱਥੇ ਹੀ ਯੂਰਪ ਵਿੱਚ ਤਾਂ ਇਸ ਦੀ ਗਿਣਤੀ 'ਚ ਗਿਰਾਵਟ ਆਈ ਹੈ।

ਸੁਆਲ ਇਹ ਉੱਠਦਾ ਹੈ ਕਿ ਕੀ ਇੱਕ ਅੰਕੜੇ ਹੋਰ ਖ਼ਰਾਬ ਹੋ ਸਕਦੇ ਹਨ? ਦੁਨੀਆਂ ਭਰ 'ਚ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਉਹ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਰਹੇ ਹਨ, ਇੰਨਾ ਹੀ ਨਹੀਂ ਇਹ ਲੋਕ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਵੀ ਅਜਿਹਾ ਕਰਨ ਕਹਿ ਰਹੇ ਹਨ।

ਪਿਛਲੇ ਸਾਲ ਫੇਸਬੁੱਕ 'ਚ ਡਾਟਾ ਚੋਰੀ ਸੰਬੰਧੀ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਕੈਮਬ੍ਰਿਜ ਯੂਨੀਵਰਸਿਟੀ ਨੇ ਅਪ੍ਰੈਲ 'ਚ ਕਰੀਬ 1000 ਫੇਸਬੁੱਕ ਯੂਜਰਜ਼ ਦੇ ਨਾਲ ਇੱਕ ਸਰਵੇ ਕੀਤਾ ਸੀ।

ਇਸ ਸਰਵੇ 'ਚ 31 ਫੀਸਦ ਲੋਕਾਂ ਨੇ ਕਿਹਾ ਸੀ ਕਿ ਉਹ ਆਉਣ ਵਾਲੇ ਸਮੇਂ 'ਚ ਫੇਸਬੁੱਕ ਦਾ ਇਸਤੇਮਾਲ ਘੱਟ ਕਰ ਦੇਣਗੇ।

ਦੇਖਦੇ ਹਾਂ! ਅੱਗੇ ਕੀ ਹੁੰਦਾ ਹੈ...

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)