ਵਲਾਦੀਮੀਰ ਪੁਤਿਨ ਇਸ ਲਈ ਕਦੇ ਪਾਕਿਸਤਾਨ ਨਹੀਂ ਗਏ

ਤਸਵੀਰ ਸਰੋਤ, EPA
ਵਲਾਦੀਮੀਰ ਪੁਤਿਨ ਪਿਛਲੇ 18 ਸਾਲਾਂ ਤੋਂ ਰੂਸ ਦੇ ਰਾਸ਼ਟਰਪਤੀ ਹਨ। ਇਸ ਅਰਸੇ ਦੌਰਾਨ ਉਹ ਕਈ ਵਾਰ ਭਾਰਤ ਆਏ ਪਰ ਉਨ੍ਹਾਂ ਨੇ ਕਦੇ ਗੁਆਂਢੀ ਪਾਕਿਸਤਾਨ ਉਤਾਰਾ ਨਹੀਂ ਕੀਤਾ।
ਕੋਈ ਵੀ ਅਮਰੀਕੀ ਰਾਸ਼ਟਰਪਤੀ ਭਾਰਤ ਆਵੇ ਉਹ ਪਾਕਿਸਤਾਨ ਜ਼ਰੂਰ ਜਾਂਦਾ ਹੈ। ਪੁਤਿਨ ਨੇ ਕਦੇ ਅਜਿਹਾ ਨਹੀਂ ਕੀਤਾ ਦੱਖਣੀ ਏਸ਼ੀਆ ਵਿੱਚ ਉਹ ਸਿਰਫ਼ ਭਾਰਤ ਹੀ ਆਉਂਦੇ ਹਨ।
ਗੱਲ ਸਿਰਫ ਪੁਤਿਨ ਦੀ ਨਹੀਂ ਸਗੋਂ ਕੋਈ ਵੀ ਰੂਸੀ ਰਾਸ਼ਟਰਪਤੀ ਕਦੇ ਵੀ ਪਾਕਿਸਤਾਨ ਨਹੀਂ ਗਿਆ। ਜਦੋਂ ਰੂਸ ਸੋਵੀਅਤ ਸੰਘ ਦਾ ਹਿੱਸਾ ਸੀ ਉਸ ਸਮੇਂ ਵੀ ਕੋਈ ਰੂਸੀ ਰਾਸ਼ਟਰਪਤੀ ਪਾਕਿਸਤਾਨ ਨਹੀਂ ਗਿਆ। ਸੋਵੀਅਤ ਸੰਘ ਦੇ ਟੁੱਟਣ ਦੇ 16 ਸਾਲ ਬਾਅਦ 11 ਅਪ੍ਰੈਲ, 2007 ਨੂੰ ਰਾਸ਼ਟਰਪਤੀ ਮਿਖਾਇਲ ਫ੍ਰਾਦਕੋਵ ਪਹਿਲੀ ਵਾਰ ਪਾਕਿਸਤਾਨ ਗਏ ਸਨ।
ਇਹ ਵੀ ਪੜ੍ਹੋ:
ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਦੱਖਣ ਏਸ਼ੀਆਈ ਖਿੱਤੇ ਵਿੱਚ ਪੁਤਿਨ ਸਿਰਫ਼ ਭਾਰਤ ਹੀ ਆਉਂਦੇ ਹਨ ਪਰ ਆਖਰ ਅਜਿਹਾ ਕਿਉਂ ਹੈ।
ਪੁਤਿਨ ਦੀ ਵਰਤਮਾਨ ਭਾਰਤ ਫੇਰੀ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੌਰੇ 'ਤੇ ਆਏ ਅਤੇ ਦੋਹਾਂ ਦੇਸਾਂ ਵਿੱਚ ਕਈ ਸਮਝੌਤੇ ਹੋਏ। ਉਨ੍ਹਾਂ ਦੀ ਇਸ ਫੇਰੀ ਵਿੱਚ ਸਾਢੇ ਪੰਜ ਅਰਬ ਡਾਲਰ ਦੇ ਪੰਜ ਐਸ-400 ਟ੍ਰਿਮਫ਼ ਏਅਰ ਸੁਰੱਖਿਆ ਪ੍ਰਣਾਲੀਆਂ ਦੀ ਖਰੀਦ ਦੇ ਸਮਝੌਤੇ ਉਪਰ ਵੀ ਦਸਤਖ਼ਤ ਕੀਤੇ।
ਭਾਰਤ ਨੇ ਅਮਰੀਕੀ ਪਾਬੰਦੀਆਂ ਦੀ ਸੰਭਾਵਨਾ ਨੂੰ ਕਿਨਾਰੇ 'ਤੇ ਰੱਖ ਕੇ ਰੂਸ ਨਾਲ ਇਸ ਰੱਖਿਆ ਸਮਝੌਤੇ ਉੱਪਰ ਅੱਗੇ ਵਧਣ ਦਾ ਫੈਸਲਾ ਲਿਆ ਹੈ। ਭਾਰਤ ਅਤੇ ਰੂਸ ਦੇ ਦੁਵੱਲੇ ਸਬੰਧਾਂ ਦਾ ਇੱਕ ਅਮੀਰ ਇਤਿਹਾਸ ਹੈ।

ਤਸਵੀਰ ਸਰੋਤ, AFP
ਦੂਜੀ ਆਲਮੀ ਜੰਗ ਤੋਂ ਬਾਅਦ ਜਦੋਂ ਦੁਨੀਆਂ ਦੋ ਧੜਿਆਂ ਵਿੱਚ ਵੰਡੀ ਗਈ ਤਾਂ ਨੇ ਇਸ ਧੜੇਬੰਦੀ ਤੋਂ ਬਾਹਰ ਰਹਿੰਦੀਆਂ ਗੁੱਟ-ਨਿਰਲੇਪ ਲਹਿਰ ਅਪਣਾਈ। ਫੇਰ ਵੀ ਭਾਰਤ ਦੇ ਪਹਿਲੇ ਅਤੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਰੂਸ ਅਤੇ ਸਮਾਜਵਾਦ ਵੱਲ ਝੁਕਾਅ ਸੀ।
ਇਸੇ ਦੌਰਾਨ ਪਾਕਿਸਤਾਨ ਨੇ ਅਮਰੀਕੀ ਅਗਵਾਈ ਵਾਲੇ ਧੜੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਭਾਰਤ ਅਤੇ ਰੂਸ ਦੀ ਇਤਿਹਾਸਕ ਸਾਂਝ ਇੱਥੋਂ ਹੀ ਸ਼ੁਰੂ ਹੋਈ ਜੋ ਹਾਲੇ ਤੱਕ ਬਾਦਸਤੂਰ ਜਾਰੀ ਹੈ।
ਤਿੰਨ ਅਕਤੂਬਰ 2012 ਨੂੰ ਇਸਲਾਮਾਬਾਦ ਵਿੱਚ ਚਾਰ ਦੇਸਾਂ- ਅਫ਼ਗਾਨਿਸਤਾਨ,ਪਾਕਿਸਤਾਨ, ਰੂਸ ਅਤੇ ਤਜ਼ਾਕਿਸਤਾਨ ਦਾ ਸਿਖਰ ਸੰਮੇਲਨ ਸੀ। ਪੁਤਿਨ ਨੇ ਇਸ ਵਿੱਚ ਸ਼ਿਰਕਤ ਕਰਨ ਪਾਕਿਸਤਾਨ ਆਉਣਾ ਸੀ।
ਪਾਕਿਸਤਾਨ ਨੂੰ ਉਮੀਦ ਸੀ ਕਿ ਪੁਤਿਨ ਇੱਕ ਦਿਨ ਪਹਿਲਾਂ ਆਉਣਗੇ ਅਤੇ ਇਸੇ ਬਹਾਨੇ ਦੁਵੱਲੀ ਗੱਲਬਾਤ ਵੀ ਹੋ ਜਾਵੇਗੀ।
ਪੁਤਿਨ ਦੀ ਇਸ ਫੇਰੀ ਬਾਰੇ ਪਾਕਿਸਤਾਨੀ ਮੀਡੀਆ ਵਿੱਚ ਹਾਏ-ਦੁਹਾਈ ਪੈ ਰਹੀ ਸੀ। ਇਸ ਨੂੰ ਇਤਿਹਾਸਕ ਅਤੇ ਬੇਹੱਦ ਖ਼ਾਸ ਦੱਸਿਆ ਜਾ ਰਿਹਾ ਸੀ।
ਇਸੇ ਸੰਮੇਲਨ ਤੋਂ ਕੁਝ ਦਿਨ ਪਹਿਲਾਂ ਹੀ ਪੁਤਿਨ ਨੇ ਆਪਣੇ ਪਾਕਿਸਤਾਨੀ ਹਮ ਰੁਤਬਾ- ਆਸਿਫ ਅਲੀ ਜ਼ਰਦਾਰੀ ਨੂੰ ਚਿੱਠੀ ਰਾਹੀਂ ਦੱਸਿਆ ਕਿ ਉਹ ਨਹੀਂ ਆ ਰਹੇ।
ਪਾਕਿਸਤਾਨ ਨੂੰ ਪੂਰਾ ਸਮਾਗਮ ਹੀ ਟਾਲਣਾ ਪਿਆ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੇ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਹਾਮੀ ਜ਼ਰੂਰ ਭਰੀ ਸੀ ਪਰ ਇਹ ਕਦੇ ਨਹੀਂ ਸੀ ਕਿਹਾ ਕਿ ਰੂਸੀ ਵਫ਼ਦ ਦੀ ਅਗਵਾਈ ਰਾਸ਼ਟਰਪਤੀ ਪੁਤਿਨ ਕਰਨਗੇ।

ਤਸਵੀਰ ਸਰੋਤ, Getty Images
ਰੂਸ ਮੁਤਾਬਕ ਪੁਤਿਨ ਦੇ ਪਾਕਿਸਤਾਨ ਨਾ ਜਾਣ ਦੀ ਕੋਈ ਠੋਸ ਵਜ੍ਹਾ ਨਹੀਂ ਹੈ। 17 ਮਾਰਚ 2016 ਨੂੰ ਪਾਕਿਸਤਾਨ ਵਿੱਚ ਰੂਸ ਦੇ ਤਤਕਾਲੀ ਸਫੀਰ ਅਲਕਸੋਈ ਦੇਦੋਵ ਨੇ ਇੰਸਟੀਚਿਊਟ ਆਫ਼ ਸਟਰੈਟਿਜਿਕ ਸਟਡੀਜ਼ ਇਸਲਾਮਾਬਾਦ ਵਿੱਚ ਪਾਕ-ਰੂਸ ਸੰਬੰਧਾਂ ਬਾਰੇ ਟਿੱਪਣੀ ਕੀਤੀ ਸੀ।
ਉਨ੍ਹਾਂ ਕਿਹਾ ਸੀ, "ਸਮੱਸਿਆ ਇਹ ਹੈ ਕਿ ਫੇਰੀ ਮਹਿਜ਼ ਇੱਕ ਰਸਮ ਨਹੀਂ ਹੋਣੀ ਚਾਹੀਦੀ। ਇਸ ਦੀ ਕੋਈ ਠੋਸ ਵਜ੍ਹਾ ਹੋਣੀ ਚਾਹੀਦੀ ਹੈ। ਜੇ ਕੋਈ ਵਜ੍ਹਾ ਹੋਈ ਤਾਂ ਫੇਰੀ ਵੀ ਜ਼ਰੂਰ ਹੋਵੇਗੀ ਜਿਸ ਲਈ ਤਿਆਰੀ ਅਤੇ ਸਮਝੌਤੇ ਹੋਣੇ ਜ਼ਰੂਰੀ ਹਨ।"
ਆਖਰਕਾਰ ਪੁਤਿਨ ਪਾਕਿਸਤਾਨ ਜਾਂਦੇ ਕਿਉਂ ਨਹੀਂ?
ਸਾਲ 2012 ਵਿੱਚ ਪੂਤਿਨ ਦੀ ਪਾਕਿਸਤਾਨੀ ਫੇਰੀ ਰੱਦ ਹੋਣ ਮਗਰੋਂ ਉੱਥੋਂ ਦੇ ਮੀਡੀਆ ਵਿੱਚ ਕਈ ਅਟਕਲਾਂ ਲਾਈਆਂ ਗਈਆਂ ਅਤੇ ਭਾਰਤ ਨੂੰ ਵੀ ਇਸ ਫੇਰੀ ਦੇ ਰੱਦ ਹੋਣ ਦਾ ਇੱਕ ਕਾਰਨ ਦੱਸਿਆ ਗਿਆ।
ਪਾਕਿਸਤਾਨੀ ਮੀਡੀਆ ਵਿੱਚ ਕਈ ਰਿਪੋਰਟਾਂ ਛਪੀਆਂ ਕਿ ਰੂਸ ਅਤੇ ਭਾਰਤ ਵਿੱਚਕਾਰ ਖਰਬਾਂ ਡਾਲਰ ਦੇ ਫੌਜੀ ਸਮਝੌਤੇ ਹਨ, ਜਿਸ ਕਰਕੇ ਭਾਰਤ ਨੇ ਪੂਤਿਨ ਨੂੰ ਪਾਕਿਸਤਾਨ ਨਾ ਜਾਣ ਲਈ ਜ਼ੋਰ ਪਾਇਆ ਹੋਵੇਗਾ।

ਤਸਵੀਰ ਸਰੋਤ, AFP
ਸਵਾਲ ਇਹ ਵੀ ਉੱਠੇ ਸਨ ਕਿ ਜੇ ਰੂਸ ਪੁਤਿਨ ਦੀ ਸਹਿਮਤੀ ਤੋਂ ਬਿਨਾਂ ਇਸ ਸੰਮੇਲਨ ਦਾ ਪ੍ਰਬੰਧ ਹੀ ਕਿਉਂ ਕੀਤਾ ਗਿਆ ਸੀ। ਸਾਫ਼ ਹੈ ਕਿ ਪਾਕਿਸਤਾਨ ਨੂੰ ਇਸ ਕਾਰਨ ਕਿਰਕਰੀ ਸਹਿਣੀ ਪਈ।
ਪਾਕਿਸਤਾਨ ਨਾਲ ਰੂਸ ਫੌਜੀ ਰਿਸ਼ਤੇ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ ਪਰ ਪਾਕਿਸਤਾਨ ਦੀ ਕੀਮਤ 'ਤੇ ਭਾਰਤ ਨੂੰ ਗੁਆਉਣਾ ਨਹੀਂ ਚਾਹੁੰਦਾ। ਭਾਰਤ ਆਪਣੀਆਂ ਕੁੱਲ ਸੁਰੱਖਿਆ ਜ਼ਰੂਰਤਾਂ ਦਾ 70 ਫੀਸਦ ਰੂਸ ਤੋਂ ਖ਼ਰੀਦ ਕਰਦਾ ਹੈ।
ਮਿਲਟਰੀ ਬੈਲੰਸ ਬਲਾਗ ਦੇ ਸੰਪਾਦਕ ਅਤੇ ਰੱਖਿਆ ਵਿਸ਼ਲੇਸ਼ਕ ਜੇਮਜ਼ ਹੈਕੇਟ ਦਾ ਕਹਿਣਾ ਹੈ, "ਰੂਸ ਨੇ ਭਾਰਤ ਦੇ ਵਰਤਮਾਨ ਅਤੇ ਭਵਿੱਖ ਦੀ ਰੱਖਿਆ ਮਸ਼ੀਨਰੀ ਵਿੱਚ ਖਾਸੀ ਪੂੰਜੀ ਲਾਈ ਹੋਈ ਹੈ। ਭਾਰਤ ਰੂਸ ਲਈ ਇੱਕ ਸੰਭਾਵਾਨਾ ਭਰਪੂਰ ਖੇਤਰ ਹੈ।''
"ਇਸੇ ਕਰਕੇ ਉਹ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦੇ ਰਿਸ਼ਤਿਆ ਨੂੰ ਲੈ ਕੇ ਹੁਸ਼ਿਆਰ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਭਾਰਤ ਨੇ ਰੂਸ ਕੋਲ ਪਾਕਿਸਤਾਨ ਨੂੰ ਹਥਿਆਰ ਨਾ ਦੇਣ ਦੀ ਸ਼ਰਤ ਵੀ ਰੱਖੀ ਹੋਈ ਹੈ।"
ਰੂਸ ਨਾਲ ਪਾਕਿਸਤਾਨ ਦੇ ਰਿਸ਼ਤੇ ਠੰਢੀ ਜੰਗ ਦੇ ਸਮੇਂ ਤੋਂ ਹੀ ਖ਼ਰਾਬ ਹਨ। ਜਦੋਂ ਦੁਨੀਆਂ ਦੋ ਧੜਿਆਂ ਵਿੱਚ ਵੰਡੀ ਹੋਈ ਸੀ ਤਾਂ ਪਾਕਿਸਤਾਨ ਅਮਰੀਕਾ ਟੈਂਟ ਵਿੱਚ ਸੀ। ਅਫ਼ਗਾਨਿਸਤਾਨ ਬਾਰੇ ਪਾਕਿਸਤਾਨ ਅਤੇ ਰੂਸ ਦੇ ਸੰਬੰਧ ਇਤਿਹਾਸਕ ਤੌਰ 'ਤੇ ਖ਼ਰਾਬ ਰਹੇ ਹਨ।
ਇਹ ਵੀ ਪੜ੍ਹੋ:
ਕਿਹਾ ਜਾਂਦਾ ਹੈ ਕਿ 1971 ਵਿੱਚ ਸੋਵੀਅਤ ਸੰਘ ਨੇ ਮੁਕਤੀ ਵਾਹਿਨੀ ਲਈ ਹਥਿਆਰਾਂ ਦੀ ਪੂਰਤੀ ਕੀਤੀ ਸੀ ਅਤੇ ਉਸ ਨੂੰ ਸਿਖਲਾਈ ਵੀ ਦਿੱਤੀ ਸੀ। ਮੁਕਤੀ ਵਾਹਿਨੀ ਬੰਗਲਾਦੇਸ ਨੂੰ ਪਾਕਿਸਤਾਨ ਤੋਂ ਵੱਖ ਕਰਨ ਦੀ ਲਹਿਰ ਚਲਾ ਰਹੀ ਸੀ। ਇਸ ਲੜਾਈ ਵਿੱਚ ਰੂਸ ਨੇ ਭਾਰਤ ਦਾ ਸਾਥ ਦਿੱਤਾ ਅਤੇ ਬੰਗਲਾਦੇਸ ਦੇ ਜਨਮ ਵਿੱਚ ਭੂਮਿਕਾ ਵੀ ਨਿਭਾਈ।
ਦੂਸਰੇ ਪਾਸੇ ਪਾਕਿਸਤਾਨ 1979-1989 ਵਿੱਚ ਅਫ਼ਗਾਨਿਸਤਾਨ ਵਿੱਚ ਜਿਹਾਦੀਆਂ ਨੂੰ ਸਹਾਇਤਾ ਦਿੰਦਾ ਰਿਹਾ। ਜਿਸ ਵਿੱਚ ਹਥਿਆਰ ਅਤੇ ਸਿਖਲਾਈ ਦੇਣਾ ਸ਼ਾਮਲ ਸੀ। ਸਪਸ਼ਟ ਹੈ ਕਿ ਰੂਸ ਨੂੰ ਅਫ਼ਗਾਨਿਸਤਾਨ ਚੋਂ ਬੇਦਖਲ ਕਰਨ ਵਿੱਚ ਪਾਕਿਸਤਾਨ ਦੀ ਭੂਮਿਕਾ ਰਹੀ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਅਤੇ ਰੂਸ ਵਿਚਾਲੇ ਆਰਥਿਕ ਸੰਬੰਧ ਵੀ ਕਮਜ਼ੋਰ ਹਨ। ਸਾਲ 2015 ਵਿੱਚ ਦੋਹਾਂ ਦੇਸਾਂ ਵਿਚਕਾਰ 39.5 ਕਰੋੜ ਡਾਲਰ ਦਾ ਵਪਾਰ ਸੀ ਜੋ ਸਾਲ 2014 ਵਿਚਲੇ 45.5 ਕਰੋੜ ਤੋਂ 13 ਫੀਸਦੀ ਘੱਟ ਹੈ। ਕਈ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਪਾਕਿਸਤਾਨ ਕੋਲ ਆਰਥਿਕ ਹੈਸੀਅਤ ਨਹੀਂ ਹੈ ਕਿ ਰੂਸ ਨਾਲ ਸੰਬੰਧ ਨਿਭਾ ਸਕੇ।
ਰਿਸ਼ਤਿਆਂ ਵਿੱਚ ਸੁਧਾਰ ਵੀ ਹੋਇਆ
ਇਸੇ ਸਾਲ 6 ਅਪ੍ਰੈਲ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ੁਰਮ ਦਸਤਗੀਰ ਖ਼ਾਨ ਨੇ ਰੂਸ ਦੇ ਸਰਕਾਰੀ ਮੀਡੀਆ ਸਪੂਤਨਿਕ ਨੂੰ ਕਿਹਾ ਕਿ ਪਾਕਿਸਤਾਨੀ ਫੌਜ ਰੂਸ ਤੋਂ ਐਸਯੂ-35 ਲੜਾਕੂ ਜਹਾਜ਼ ਅਤੇ ਟੀ-90 ਟੈਂਕ ਖ਼ਰੀਦੇਗਾ।
ਖ਼ਾਨ ਦਾ ਇਹ ਐਲਾਨ ਪਾਕਿਸਤਾਨ ਦੇ ਪਹਿਲੇ ਰੁੱਖ ਤੋਂ ਬਿਲਕੁਲ ਵੱਖਰੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਐਸਯੂ-35 ਲੜਾਕੂ ਜਹਾਜ਼ ਖ਼ਰੀਦਣ ਤੋਂ ਮਨ੍ਹਾ ਕਰ ਦਿੱਤਾ ਸੀ। ਸਪਸ਼ਟ ਹੈ ਕਿ, ਇਸ ਐਲਾਨ ਦਾ ਸੰਬੰਧ ਪਾਕਿਸਕਸਤਾਨ ਅਤੇ ਰੂਸ ਦੇ ਨਿੱਘੇ ਹੁੰਦੇ ਜਾ ਰਹੇ ਰਿਸ਼ਤਿਆਂ ਨਾਲ ਹੈ।
ਰੂਸ ਅਤੇ ਭਾਰਤ ਦੀ ਦੋਸਤੀ ਅਤੇ ਇਤਿਹਾਸਕ ਭਰੋਸੇ ਕਰਕੇ ਰੂਸ ਦੇ ਪਾਕਿਸਤਾਨ ਨਾਲ ਵਧੀਆ ਰਿਸ਼ਤਿਆਂ ਬਾਰੇ ਗੰਭੀਰਤਾ ਨਾਲ ਨਹੀਂ ਸੀ ਸੋਚਿਆ ਜਾ ਸਕਦਾ। ਇਹ ਜ਼ਰੂਰ ਹੈ ਕਿ ਇਨ੍ਹਾਂ ਸੁਧਰਦੇ ਰਿਸ਼ਤਿਆਂ ਨਾਲ ਦੱਖਣ ਏਸ਼ੀਆਈ ਖਿੱਤੇ ਦਾ ਭੂ-ਸਿਆਸੀ ਵਾਤਾਵਰਨ ਨਵੀਂ ਮੁਹਾਰ ਲੈ ਰਿਹਾ ਹੈ।

ਤਸਵੀਰ ਸਰੋਤ, Getty Images
ਰੂਸ ਅਤੇ ਪਾਕਿਸਤਾਨ ਦੇ ਨਿੱਘੇ ਰਿਸ਼ਤਿਆਂ ਦਾ ਸੰਬੰਧ ਦੋਹਾਂ ਮੁਲਕਾਂ ਦੇ ਵਿਆਪਕ ਅਤੇ ਸਾਂਝੇ ਹਿੱਤਾਂ ਤੋਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸੰਬੰਧਾਂ ਦੇ ਹੋਰ ਨਿੱਘੇ ਹੋਣ ਦੀ ਸੰਭਾਵਨਾ ਹੈ।
ਰੂਸ ਅਤੇ ਪਾਕਿਸਤਾਨ ਦੀ ਦੋਸਤੀ ਵਿੱਚ ਪਕਿਆਈ ਅਤੇ ਭਵਿੱਖ ਨੂੰ ਦੋਹਾਂ ਦੇਸਾਂ ਦੀ ਸਾਂਝੀ ਇੱਛਾ ਵਿੱਚ ਦੇਖਣ ਦੀ ਗੱਲ ਕਹੀ ਜਾ ਰਹੀ ਹੈ। ਦੋਵੇਂ ਦੇਸ ਚਾਹੁੰਦੇ ਹਨ ਕਿ ਦੱਖਣੀ ਏਸ਼ੀਆ ਵਿੱਚ ਅਮਰੀਕਾ ਦਾ ਅਸਰ ਘਟੇ ਅਤੇ ਅਫ਼ਗਾਨਿਸਤਾਨ ਵਿੱਚ ਜੰਗ ਦਾ ਹੱਲ ਲੱਭਣ ਲਈ ਸਾਂਝੀ ਰਣਨੀਤੀ ਬਣਾ ਕੇ ਕੰਮ ਕੀਤਾ ਜਾਵੇ।
ਰੂਸ ਹੁਣ ਪਾਕਿਸਤਾਨ ਨਾਲ ਫੌਜੀ ਮਸ਼ਕਾਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੈ ਅਤੇ ਇਸ ਦੇ ਇਲਾਵਾ ਉਸ ਨੇ ਪਾਕਿਸਤਾਨ ਦਾ ਦੁਨੀਆਂ ਭਰ ਦੇ ਕਈ ਸੰਗਠਨਾਂ ਵਿੱਚ ਬਚਾਅ ਕੀਤਾ ਹੈ। ਰੂਸ ਅਤੇ ਪਾਕਿਸਤਾਨ ਦੇ ਗਹਿਰਾਉਂਦੇ ਰਿਸ਼ਤੇ ਅਮਰੀਕੀ ਨੀਤੀ ਘਾੜਿਆਂ ਲਈ ਨਵੀਂ ਚੁਣੌਤੀ ਤੋਂ ਘੱਟ ਨਹੀਂ ਹਨ।
ਰੂਸ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਬਰਫ਼ ਸਾਲ 2007 ਵਿੱਚ ਪਿਘਲਣੀ ਸ਼ੁਰੂ ਹੋਈ ਜਦੋਂ ਰੂਸੀ ਪ੍ਰਧਾਨ ਮੰਤਰੀ ਮਿਖਾਇਲ ਫ੍ਰਾਦਕੋਵ ਪਾਕਿਸਤਾਨ ਫੇਰੀ ਤੇ ਗਏ। ਸਾਲ 2011 ਵਿੱਚ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਬੇਭਰੋਸਗੀ ਇਸ ਹੱਦ ਤੱਕ ਵਧੀ ਕਿ ਦੋਹਾਂ ਦੀ ਯਾਰੀ ਜਿਵੇਂ ਖੇਰੂ-ਖੇਰੂ ਜਿਹੀ ਹੋ ਗਈ।
ਸਾਲ 2011 ਵਿੱਚ ਹੀ ਅਮਰੀਕਾ ਨੇ ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ। ਇਸੇ ਦੌਰਾਨ ਰੂਸ ਅਤੇ ਪਾਕਿਸਤਾਨ ਨੇੜੇ ਆਏ ਸਨ। ਦੋਹਾਂ ਦੇਸਾਂ ਵਿੱਚ ਅਮਰੀਕਾ ਵਿਰੋਧੀ ਭਾਵਨਾ ਜ਼ਬਰਦਸਤ ਸੀ ਅਤੇ ਦੋਹਾਂ ਦੇ ਫਾਸਲੇ ਘਟਾਉਣ ਵਿੱਚ ਇਸ ਭਾਵਨਾ ਨੇ ਵੀ ਵੱਡੀ ਭੂਮਿਕਾ ਨਿਭਾਈ।
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












