ਆਸਟਰੇਲੀਆ ਸਰਵੀਕਲ ਕੈਂਸਰ 'ਖਤਮ ਕਰਨ ਵਾਲਾ ਪਹਿਲਾ ਦੇਸ' ਕਿਵੇਂ ਬਣੇਗਾ

ਤਸਵੀਰ ਸਰੋਤ, Getty Images
ਖੋਜਕਾਰਾਂ ਦਾ ਮੰਨਣਾ ਹੈ ਕਿ ਜੇ ਟੀਕਾਕਰਨ ਅਤੇ ਸਕਰੀਨਿੰਗ ਦੀਆਂ ਦਰਾਂ ਨੂੰ ਕਾਇਮ ਰੱਖਿਆ ਜਾਵੇ ਤਾਂ ਆਸਟਰੇਲੀਆ ਸਰਵੀਕਲ ਕੈਂਸਰ ਨੂੰ ਖਤਮ ਕਰਨ ਵਾਲਾ ਪਹਿਲਾ ਦੇਸ ਬਣ ਜਾਵੇਗਾ।
20 ਸਾਲਾਂ ਦੇ ਅੰਦਰ ਜਨ ਸਿਹਤ ਪ੍ਰਣਾਲੀ ਦੇ ਤੌਰ 'ਤੇ ਇਹ ਬਿਮਾਰੀ ਪੂਰੇ ਦੇਸ ਵਿੱਚੋਂ ਖ਼ਤਮ ਕੀਤੀ ਜਾ ਸਕਦੀ ਹੈ। ਇਸ ਨੂੰ ਦੁਰਲਭ ਕੈਂਸਰ ਮੰਨਿਆ ਜਾਂਦਾ ਹੈ।
ਸਾਲ 2022 ਤੱਕ ਆਸਟਰੇਲੀਆ ਵਿੱਚ ਇਹ ਕੈਂਸਰ 'ਦੁਰਲਭ ਹੋ ਜਾਵੇਗਾ, ਜਦੋਂ ਇੱਕ ਲੱਖ ਲੋਕਾਂ ਪਿੱਛੇ ਛੇ ਮਾਮਲਿਆਂ ਤੱਕ ਹੀ ਸਿਮਟ ਕੇ ਰਹਿ ਜਾਣਗੇ।
ਵਿਗਿਆਨੀ ਇਸ ਵਿਕਾਸ ਲਈ ਕੌਮੀ ਰੋਕਥਾਮ ਦੇ ਪ੍ਰੋਗਰਾਮਾਂ ਨੂੰ ਅਹਿਮੀਅਤ ਦਿੰਦੇ ਹਨ।
ਇਹ ਵੀ ਪੜ੍ਹੋ:
ਸਾਲ 2007 ਵਿੱਚ ਆਸਟਰੇਲੀਆ ਪਹਿਲਾ ਦੇਸ ਬਣਿਆ ਜਿਸ ਨੇ ਕੁੜੀਆਂ ਲਈ 'ਹਿਊਮਨ ਪੈਪੀਲੋਮਾ ਵਾਇਰਸ' (ਐਚਪੀਵੀ) ਟੀਕਾਕਰਨ ਸਕੀਮ ਸ਼ੁਰੂ ਕੀਤੀ। ਫਿਰ ਇਹ ਯੋਜਨਾ ਮੁੰਡਿਆਂ ਲਈ ਵੀ ਸ਼ੁਰੂ ਕਰ ਦਿੱਤੀ ਗਈ ਸੀ।
1991 ਵਿੱਚ ਸ਼ੁਰੂ ਹੋਈ ਯੋਜਨਾ ਕੌਮੀ ਸਕਰੀਨਿੰਗ ਪ੍ਰੋਗਰਾਮ ਬਣ ਗਈ। ਇਹ ਨਵੀਂ ਖੋਜ ਕੈਂਸਰ ਕੌਂਸਲ ਨਿਊ ਸਾਊਥ ਵੇਲਜ਼ (ਐਨਐਸਡਬਲੂ) ਵੱਲੋਂ ਲੈਂਸੇਟ ਪਬਲਿਕ ਹੈਲਥ ਜਰਨਲ ਵਿੱਚ ਬੁੱਧਵਾਰ ਨੂੰ ਛਾਪੀ ਗਈ।
ਖਤਮ ਕਰਨ ਦੀਆਂ ਕੋਸ਼ਿਸ਼ਾਂ
ਸਰਵੀਕਲ ਕੈਂਸਰ ਐਚਪੀਵੀ ਦੇ 'ਉੱਚ-ਪੱਧਰੀ ਖਤਰੇ' ਕਾਰਨ ਹੁੰਦਾ ਹੈ, ਜੋ ਕਿ ਜਿਨਸੀ ਤੌਰ 'ਤੇ ਫੈਲਣ ਵਾਲਾ ਇਨਫੈਕਸ਼ਨ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਚੌਥਾ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਹੈ ਅਤੇ ਵਿਸ਼ਵ ਪੱਧਰ 'ਤੇ ਉੱਚ ਮੌਤ ਦਰ ਹੈ।

ਤਸਵੀਰ ਸਰੋਤ, Science Photo Library
ਆਸਟਰੇਲੀਆ ਵਿੱਚ ਮੌਜੂਦਾ ਸਲਾਨਾ ਸਰਵੀਕਲ ਕੈਂਸਰ ਦੀ ਦਰ 1,00,000 ਲੋਕਾਂ ਵਿੱਚ ਸੱਤ ਕੇਸਾਂ 'ਤੇ ਹੈ, ਜੋ ਕਿ ਆਲਮੀ ਔਸਤਨ ਦਾ ਅੱਧਾ ਹੈ।
ਸਰਵੇਖਣ ਮੁਤਾਬਕ ਸਾਲ 2035 ਤੱਕ ਆਸਟਰੇਲੀਆ ਵਿੱਚ ਇੱਕ ਲੱਖ ਦੇ ਮੁਕਾਬਲੇ ਚਾਰ ਮਾਮਲੇ ਰਹਿ ਜਾਣਗੇ।
ਹਾਲੇ ਤੱਕ ਵਿਸ਼ਵ ਸਿਹਤ ਸੰਗਠਨ ਨੇ ਅਜਿਹਾ ਮਾਣਕ ਤੈਅ ਨਹੀਂ ਕੀਤਾ ਹੈ ਜਦੋਂ ਸਰਵੀਕਲ ਕੈਂਸਰ ਆਮ ਨਾ ਰਹੇ ਤਾਂ ਇਸ ਨੂੰ ਖਤਮ ਸਮਝਿਆ ਜਾਵੇ।
ਕੈਂਸਰ ਕੌਂਸਲ ਐਨਸੀਡਬਲੂ ਦੀ ਡਾ. ਮੇਘਨ ਸਮਿਥ ਨੇ ਬੀਬੀਸੀ ਨੂੰ ਦੱਸਿਆ, "ਖਤਮ ਹੋਣ ਦਾ ਮਾਪਦੰਡ ਕੀ ਹੈ, ਜੇ ਇਸ ਤੋਂ ਪਰੇ ਸੋਚਿਆ ਜਾਵੇ ਤਾਂ ਆਸਟਰੇਲੀਆ ਪਹਿਲਾ ਦੇਸ ਹੋਵੇਗਾ ਜਿੱਥੇ ਸਰਵੀਕਲ ਕੈਂਸਰ ਦੇ ਮਾਮਲੇ ਸਭ ਤੋਂ ਘੱਟ ਹੋਣਗੇ ਅਤੇ ਸਭ ਤੋਂ ਮਜ਼ਬੂਤ ਰੋਕਥਾਮ ਪ੍ਰੋਗਰਾਮ ਹੋਣਗੇ।"
ਪਿਛਲੇ ਸਾਲ ਆਸਟਰੇਲੀਆ ਨੇ ਕੈਂਸਰ ਦੀ ਜਾਂਚ ਲਈ ਕੀਤੇ ਜਾਂਦੇ ਰੂਟੀਨ ਸਕਰੀਨਿੰਗ ਮਾਣਕ- ਪੈਪ ਸਮੀਅਰ ਟੈਸਟ ਦੀ ਥਾਂ ਐਚਪੀਵੀ ਸਰਵੀਕਲ ਕੈਂਸਰ ਨਾਲ ਬਦਲ ਦਿੱਤਾ।
ਖੋਜਕਾਰਾਂ ਦਾ ਮੰਨਣਾ ਹੈ ਕਿ ਨਵੇਂ ਟੈਸਟ ਦਾ ਬਦਲ ਹਰ ਪੰਜ ਸਾਲ ਵਿੱਚ ਕੀਤੇ ਜਾਣ ਨਾਲ ਕੈਂਸਰ ਦੀ ਦਰ ਘੱਟੋ ਘੱਟ 20% ਘਟਾਈ ਜਾ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਸਰਵੀਕਲ ਕੈਂਸਰ ਕਾਰਨ ਹੋਣ ਵਾਲੀਆਂ 10 ਵਿੱਚੋਂ 9 ਮੌਤਾਂ ਘੱਟ ਅਤੇ ਮੱਧ-ਆਮਦਨ ਵਾਲੇ ਦੇਸਾਂ ਵਿੱਚ ਹੁੰਦੀਆਂ ਹਨ।
ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਕੀ ਹੈ?
ਐਚਪੀਵੀ ਇੱਕੋ ਜਿਹੇ ਲੱਛਣ ਵਾਲੇ ਵਾਇਰਸ ਗਰੁੱਪ ਨੂੰ ਕਿਹਾ ਜਾਂਦਾ ਹੈ। 100 ਤੋਂ ਵੱਧ ਐਚਪੀਵੀ ਹਨ। ਬਹੁਤ ਸਾਰੀਆਂ ਔਰਤਾਂ ਐਚਪੀਵੀ ਨਾਲ ਪੀੜਤ ਹੋਣਗੀਆਂ ਪਰ ਬਿਨਾਂ ਕਿਸੇ ਬੁਰੇ ਅਸਰ ਦੇ
ਇਹ ਵੀ ਪੜ੍ਹੋ:
ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਲੱਛਣ ਨਹੀਂ ਹੋਣਗੇ ਅਤੇ ਇਨਫੈਕਸ਼ਨ ਖੁਦ ਹੀ ਠੀਕ ਹੋ ਜਾਏਗਾ ਪਰ ਕਈ ਮਾਮਲਿਆਂ ਵਿੱਚ ਇਨਫੈਕਸ਼ਨ ਕਾਰਨ ਸਰਵੀਕਲ ਕੈਂਸਰ ਹੋ ਸਕਦਾ ਹੈ।
ਕਈ ਐਚਪੀਵੀ ਵੱਧ ਖਤਰੇ ਵਾਲੇ ਹੁੰਦੇ ਹਨ ਕਿਉਂਕਿ ਉਹ ਕਈ ਤਰ੍ਹਾਂ ਦੇ ਕੈਂਸਰ ਨਾਲ ਸਬੰਧਤ ਹੁੰਦੇ ਹਨ।
ਕੁਝ ਘੱਟ ਖਤਰੇ ਵਾਲੇ ਐਚਪੀਵੀ ਕਾਰਨ ਜਿਨਸੀ ਗੰਢਾਂ ਹੋ ਸਕਦੀਆਂ ਹਨ। ਜ਼ਿਆਦਾਤਰ ਸਰਵੀਕਲ ਕੈਂਸਰ (99.7%) ਵੱਧ ਖਤਰੇ ਵਾਲੇ ਐਚਪੀਵੀ ਦੇ ਇਨਫੈਕਸ਼ਨ ਕਾਰਨ ਹੁੰਦੇ ਹਨ।
ਐਚਪੀਵੀ ਟੀਕਾਕਰਨ ਚਾਰ ਤਰ੍ਹਾਂ ਦੇ ਐਚਪੀਵੀ ਤੋਂ ਬਚਾਉਂਦਾ ਹੈ ਜਿਸ ਕਾਰਨ 80 ਫੀਸਦੀ ਸਰਵੀਕਲ ਕੈਂਸਰ ਅਤੇ ਜਿਨਸੀ ਗੰਢਾਂ ਹੁੰਦੀਆਂ ਹਨ।












