You’re viewing a text-only version of this website that uses less data. View the main version of the website including all images and videos.
ਇਰਾਨ 'ਚ ਮਿਲਟਰੀ ਪਰੇਡ 'ਤੇ ਅੰਨ੍ਹੇਵਾਹ ਗੋਲੀਬਾਰੀ, ਘੱਟੋ-ਘੱਟ 20 ਲੋਕਾਂ ਦੀ ਮੌਤ
ਇਰਾਨ ਦੇ ਅਹਵਾਜ਼ ਸ਼ਹਿਰ ਵਿਚ ਮਿਲਟਰੀ ਪਰੇਡ ਦੌਰਾਨ ਇੱਕ ਅਣ-ਪਛਾਤੇ ਵਿਅਕਤੀ ਵੱਲੋ ਕੀਤੀ ਗਈ ਫਾਇਰਿੰਗ ਵਿਚ ਘੱਟੋ-ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਲੋਕ ਜ਼ਖਮੀ ਹੋਏ ਹਨ।
ਇਰਾਨ ਨੇ ਇਲਜ਼ਾਮ ਲਾਇਆ ਹੈ ਕਿ ਇਸ ਹਮਲੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।
ਸਟੇਟ ਮੀਡੀਆ ਰਿਪੋਰਟਾਂ ਮੁਤਾਬਕ ਦੋ ਹਮਲਾਵਰਾਂ ਨੇ ਸਟੇਜ ਦੇ ਪਿਛਲੇ ਪਾਸਿਓਂ ਪਰੇਡ ਉੱਤੇ ਫਾਇਰਿੰਗ ਕੀਤੀ ਅਤੇ ਲਗਾਤਾਰ 10 ਮਿੰਟ ਤੱਕ ਫਾਇਰਿੰਗ ਹੁੰਦੀ ਰਹੀ।
ਸਰਕਾਰੀ ਮੀਡੀਆ ਹਮਲਾਵਰ ਨੂੰ 'ਤਕਫੀਰੀ ਦਹਿਸ਼ਤਗਰਦ' ਕਰਾਰ ਦੇ ਰਿਹਾ ਹੈ। ਇਸ ਗਰੁੱਪ ਨੂੰ ਕੱਟੜਵਾਦੀ ਸੂੰਨੀ ਗਰੁੱਪ ਸਮਝਿਆ ਜਾਂਦਾ ਹੈ।
ਜਿਸ ਪਰੇਡ ਉੱਤੇ ਹਮਲਾ ਕੀਤਾ ਗਿਆ, ਉਹ ਇਰਾਨ-ਇਰਾਕ ਜੰਗ ਦੀ 38ਵੀਂ ਵਰ੍ਹੇਗੰਢ ਮੌਕੇ ਕਰਵਾਈ ਜਾ ਰਹੀ ਸੀ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ;
ਫਾਰਸ ਖ਼ਬਰ ਏਜੰਸੀ ਮੁਤਾਬਕ ਇਹ ਵਾਰਦਾਤ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਹੋਈ ਹੈ। ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਪਹਿਲਾਂ ਆਮ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਤੇ ਬਾਅਦ ਵਿਚ ਮੰਚ ਉੱਤੇ ਬੈਠੇ ਫ਼ੌਜੀ ਅਫ਼ਸਰਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਸਥਾਨਕ ਡਿਪਟੀ ਗਵਰਨਰ ਅਲੀ ਹੁਸੈਨ ਹੋਸਨੀਜਾਧ ਨੇ ਦੱਸਿਆ, ''ਸੁਰੱਖਿਆ ਮੁਲਾਜ਼ਮਾਂ ਨੇ ਦੋ ਹਮਲਾਵਰਾਂ ਨੂੰ ਮੌਕੇ ਉੱਤੇ ਹੀ ਮਾਰ ਦਿੱਤਾ ਗਿਆ ਅਤੇ ਦੋ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਗਿਆ ਕਿ ਹਮਲੇ ਵਿਚ 9 ਫੌ਼ਜੀ ਜਵਾਨ ਮਾਰੇ ਗਏ ਹਨ ਅਤੇ ਜਖ਼ਮੀਆਂ ਨੂੰ ਕਈ ਬੱਚੇ ਵੀ ਸ਼ਾਮਲ ਹਨ।''
ਇਰਨਾ ਨਾਮੀ ਨਿਊਜ਼ ਏਜੰਸੀ ਮੁਤਾਬਕ, ''ਪਰੇਡ ਦੇਖਣ ਆਏ ਦਰਸ਼ਕਾਂ ਵਿੱਚੋਂ ਸ਼ਿਕਾਰ ਹੋਣ ਵਾਲਿਆਂ ਵਿੱਚ ਕਈ ਔਰਤਾਂ ਅਤੇ ਬੱਚੇ ਵੀ ਹਨ।''
ਹਮਲੇ ਦੀ ਹੁਣ ਤੱਕ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ ਹੈ।